ਵੱਖ-ਵੱਖ ਦੇਸ਼ਾਂ ਦੇ ਹੋਰ ਕਲਾਕਾਰ ਵੀ ਆਪਣੇ ਕਲਚਰ ਦੇ ਗੀਤਾਂ ਦੀ ਕਰਨਗੇ ਪੇਸ਼ਕਾਰੀ-
ਵੈਨਕੂਵਰ, 16 ਜੁਲਾਈ (ਮਲਕੀਤ ਸਿੰਘ)-ਤਕਰੀਬਨ ਤਿੰਨ ਦਹਾਕੇ ਪਹਿਲਾਂ ਗੁੜ ਨਾਲੋਂ ਇਸ਼ਕ ਮਿੱਠਾ ਤੇ ‘ਤੂਤਕ ਤੂਤਕ, ਤੂਤਕ ਤੂਤੀਆਂ………. ਨਾਲ ਗਾਇਕੀ ਖੇਤਰ ’ਚ ਨਿੱਤਰੇ ਸਦਾਬਹਾਰ ਅਤੇ ਪ੍ਰਸਿੱਧ ਪੰਜਾਬੀ ਗਾਇਕ ਗੋਲਡਨ ਸਟਾਰ ਮਲਕੀਤ ਸਿੰਘ 21 ਜੁਲਾਈ ਦਿਨ ਸ਼ਨੀਵਾਰ ਨੂੰ ਪੰਜਾਬੀਆਂ ਦੀ ਸੰਘਣੀ ਵੱਸੋਂ ਵਾਲੇ ਕੈਨੇਡਾ ਦੇ ਸਰੀ ਸ਼ਹਿਰ ’ਚ ਗੀਤਾਂ ਦੀ ਛਹਿਬਰ ਲਗਾ ਕੇ ਪੰਜਾਬੀਆਂ ਸਮੇਤ ਬਾਕੀ ਕਮਿਊਨਿਟੀ ਦੇ ਲੋਕਾਂ ਦਾ ਮਨੋਰੰਜਨ ਕਰਨਗੇ। ਇਸ ਪੱਤਰਕਾਰ ਨਾਲ ਫ਼ੋਨ ’ਤੇ ਗੱਲਬਾਤ ਦੌਰਾਨ ਗੋਲਡਨ ਸਟਾਰ ਮਲਕੀਤ ਸਿੰਘ ਨੇ ਉਕਤ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸਰੀ ਸਿਟੀ ਦੇ ਸਹਿਯੋਗ ਨਾਲ ਸਰੀ ਸਥਿਤ ਹਾਲੈਂਡ ਪਾਰਕ ’ਚ ਸ਼ਾਮੀਂ 8 ਵਜੇ ਤੋਂ ਦੇਰ ਰਾਤ ਤੀਕ ਆਯੋਜਿਤ ਕੀਤੇ ਜਾਣ ਵਾਲੇ ਇਸ ‘ਸਰੀ ਫ਼ਿਊਜ਼ਨ ਫੈਸਟੀਵਲ’ ’ਚ ਉਨ੍ਹਾਂ ਤੋਂ ਇਲਾਵਾ ਵੱਖ-ਵੱਖ ਦੇਸ਼ਾਂ ਦੇ ਕਲਾਕਾਰ ਅਤੇ ਗਾਇਕ ਆਪਣਾ ਪ੍ਰੋਗਰਾਮ ਪੇਸ਼ ਕਰਕੇ ਆਪੋ-ਆਪਣੇ ਦੇਸ਼ ਦੇ ਕਲਚਰ ਦੀ ਪੇਸ਼ਕਾਰੀ ਕਰਨਗੇ। ਪੰਜਾਬੀ ਭਾਈਚਾਰੇ ’ਚ ਇਸ ਮੇਲੇ ’ਚ ਸ਼ਾਮਿਲ ਹੋਣ ਸਬੰਧੀ ਕਾਫ਼ੀ ਉਤਸ਼ਾਹ ਵੇਖਿਆ ਜਾ ਰਿਹਾ ਹੈ।