Headlines

ਸਿੰਗਾਪੁਰ ਵਿਖੇ ਭਾਈ ਮਹਾਰਾਜ ਸਿੰਘ ਦਾ 168ਵਾਂ ਸ਼ਹੀਦੀ ਦਿਵਸ ਤੇ ਗੁ: ਸਾਹਿਬ ਦੀ 100ਵੀਂ ਵਰ੍ਹੇਗੰਡ ਮਨਾਈ  

ਬਾਬਾ ਬੁੱਢਾ ਵੰਸ਼ਜ ਪ੍ਰੋ: ਬਾਬਾ ਰੰਧਾਵਾ ਨੇ ਭਰੀ ਹਾਜ਼ਰੀ-

ਸਿੰਗਾਪੁਰ ( ਪ੍ਰੋ ਨਿਰਮਲ ਸਿੰਘ ਰੰਧਾਵਾ)-  ਸੱਤ ਸਮੁੰਦਰੋਂ ਪਾਰ ਸਿੰਗਾਪੁਰ ਵਿਖੇ ਸਥਿੱਤ ਭਾਈ ਮਹਾਰਾਜ ਸਿੰਘ ਜੀ ਦਾ 168 ਸਾਲਾ ਸ਼ਹੀਦੀ ਦਿਵਸ ਅਤੇ ਗੁ: ਸਾਹਿਬ ਸਿਲਟ ਰੋਡ ਦੀ 100ਵੀਂ ਵਰੇਗੰਢ ਸੈਂਟਰਲ ਸਿੱਖ ਗੁ: ਬੋਰਡ ਅਤੇ ਗੁ: ਕਮੇਟੀ ਸਿਲਟ ਰੋਡ ਵਲੋਂ ਬਹੁਤ ਹੀ ਸ਼ਰਧਾ ਅਤੇ ਭਾਵਨਾ ਨਾਲ ਮਨਾਈ ਗਈ । ਇਨ੍ਹਾਂ ਦੋ ਮਹਾਨ ਇਤਿਹਾਸਕ ਦਿਹਾੜਿਆਂ ਨੂੰ ਮਨਾਉਣ ਲਈ ਪ੍ਰਬੰਧਕਾਂ ਵਲੋਂ ਸ਼ਾਨਦਾਰ ਸਮਾਗਮ ਉਲੀਕੇ ਗਏ ਸਨ । ਗੁ: ਸਾਹਿਬ ਸਿਲਟ ਰੋਡ ਦੇ 100 ਸਾਲਾ ਸਥਾਪਨਾ ਦਿਵਸ ਦੇ ਪ੍ਰੋਗਰਾਮਾਂ ਦੀ ਪਹਿਲੀ ਕੜੀ ਦੀ ਸ਼ੁਰੂਆਤ 15 ਜੂਨ 2024 ਈ: ਨੂੰ  ‘ਸਿੱਲਟ ਰੋਡ ਸਿੱਖ ਟੈਪਲ-100 ਰੋਸ਼ਨੀਆਂ ਦੀ ਜਗਮਗ’ ਸਮਾਗਮ ਨਾਲ ਸੁਰੂ ਹੋਈ ਸੀ, ਜਿਸ ਦਾ ਉਦਘਾਟਨ ਸਿੰਗਾਪੁਰ ਸਰਕਾਰ ਦੀ ਮੰਤਰੀ ਇੰਦ੍ਰਾਨੀ ਰਾਜਾਹ ਦੁਆਰਾ ਕੀਤਾ ਗਿਆ ਸੀ । ਮਿਤੀ 3 ਜੁਲਾਈ ਤੋਂ 7 ਜੁਲਾਈ ਤੱਕ ਪ੍ਰਸਿਧ ਕੀਰਤਨੀ ਜਥੇ ਭਾਈ ਹਰਜਿੰਦਰ ਸਿੰਘ ਸ੍ਰੀ ਨਗਰ ਵਾਲਿਆਂ ਨੇ ਗੁਰਬਾਣੀ ਦਾ ਮਨੋਹਰ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ।ਮਿਤੀ 5 ਜੁਲਾਈ ਨੂੰ ਭਾਈ ਮਹਾਰਾਜ ਸਿੰਘ ਦੀ 168ਵੀਂ ਬਰਸੀ ਹਿੱਤ ਆਪ ਜੀ ਦੇ ਯਾਦਗਾਰੀ ਅਸਥਾਨ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡ ਪਾਠ ਰੱਖਿਆ ਗਿਆ ਜਿਸ ਦਾ ਭੋਗ 7 ਜੁਲਾਈ ਨੂੰ ਪਾਇਆ ਗਿਆ । ਸੰਗਤਾਂ ਵਲੋਂ 100 ਸਾਲਾ ਦੇ ਸੰਬੰਧ ਵਿੱਚ ਕੀਤੇ ਗਏ 100 ਸੁਖਮਨੀ ਸਾਹਿਬ ਦੇ ਪਾਠਾਂ ਦੀ ਅਰਦਾਸ ਵੀ ਕੀਤੀ ਗਈ । ਮਿਤੀ 6 ਜੁਲਾਈ ਨੂੰ ਗੁ: ਸਿੱਲਟ ਰੋਡ ਦੀ 100ਵੀਂ ਵਰ੍ਹੇਗੰਢ ਦੀ ਖੁਸ਼ੀ ਵਿੱਚ ਗੁ: ਸਾਹਿਬ ਦੇ ਦਰਬਾਰ ਹਾਲ ਵਿੱਚ ‘100 ਸ਼ਬਦਾਂ ਦੀ ਪਾਠਮਾਲਾ’ ਲੜੀ ਹਿਤ ਸਵੇਰ ਤੋਂ ਸ਼ਾਮ ਤਕ ਵੱਖ ਵੱਖ ਰਾਗੀ ਜਥਿਆਂ ਅਤੇ ਸੰਗਤਾਂ ਨੇ 100 ਸਬਦਾਂ ਦਾ ਕੀਰਤਨ ਕੀਤਾ । ਇਨ੍ਹਾਂ ਇਤਿਹਾਸਕ ਮਨਾਏ ਜਾ ਰਹੇ ਪ੍ਰੋਗਰਾਮਾਂ ਨੂੰ ਚਾਰ ਚੰਨ ਲਾਉਣ ਲਈ 6 ਜੁਲਾਈ ਨੂੰ ਦੁਪਿਹਰ ਬਾਅਦ ਸਿੰਗਾਪੁਰ ਦੇ ਰਾਸ਼ਟਰਪਤੀ ਥਰਮਨ ਸ਼ਨਮੁਗਰਤਨਮ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ । ਰਾਸ਼ਟਰਪਤੀ ਦੇ ਨਾਲ ਮਨਿਸਟਰ ਬੀਬੀ ਇੰਦਰਾਨੀ ਰਾਜਾਹ, ਸਿੰਗਾਪੁਰ ਸਰਕਾਰ ਦੇ ਵਿਰੋਧੀ ਧਿਰ ਦੇ ਐਮ.ਪੀ ਸਰਦਾਰ ਪ੍ਰੀਤਮ ਸਿੰਘ, ਸਾਬਕਾ ਐਮਪੀ ਇੰਦਰਜੀਤ ਸਿੰਘ, ਪ੍ਰਿੰਸੀਪਲ ਦਿਲਬਾਗ ਸਿੰਘ, ਕਿਰਪਾਲ ਸਿੰਘ ਮੱਲੀ, ਗੁਰਚਰਨ ਸਿੰਘ ਕਸੇਲ,  ਬਲਜੀਤ ਸਿੰਘ ਦਕੋਹਾ, ਹਰਬੰਸ ਸਿੰਘ ਘੋਲੀਆ, ਜੱਜ ਦੀਦਾਰ ਸਿੰਘ ਗਿੱਲ, ਬਲਬੀਰ ਸਿੰਘ ਮਾਂਗਟ ਜੀ, ਕੈਪਟਨ ਜਸਪ੍ਰੀਤ ਸਿੰਘ ਛਾਬੜਾ ਅਤੇ ਗੁ: ਸਾਹਿਬ ਸਿਲਟ ਰੋਡ ਦੀ ਸਮੁੱਚੀ ਟੀਮ, ਠੁਕਰਾਲ ਪਰਿਵਾਰ ਦੇ ਮੈਂਬਰ, ਪੰਜਾਬੀ ਐਜੂਕੇਸ਼ਨ ਦੇ ਸਾਬਕਾ ਚੈਅਰਮੈਨ ਭਜਨ ਸਿੰਘ ਸੂਰੋਪੱਡਾ, ਦਲਜੀਤ ਸਿੰਘ ਰੰਧਾਵਾ (ਡੀਜੇ ਬਿਲਡਰਜ਼), ਸੰਤੋਖ ਸਿੰਘ ਪਾਲਡੀ, ਬੀਬੀ ਮਨਜੀਤ ਕੌਰ (ਪੂਰਨਮਾਸੀ), ਬੀਬੀ ਜਗੀਰ ਕੌਰ ਬ੍ਰਹਮਪੁਰਾ, ਮਾਤਾ ਪ੍ਰੀਤਮ ਕੌਰ ਮਰਾਹਣਾ, ਰਿਟਾ: ਐਸਪੀ ਹਰਭਜਨ ਸਿੰਘ ਠਰੂ, ਰਿਟਾ: ਕਰਨਲ ਦਲਜੀਤ ਸਿੰਘ ਰੰਧਾਵਾ, ਬਾਬਾ ਬੁੱਢਾ ਵੰਸ਼ਜ ਪ੍ਰੋ: ਬਾਬਾ ਨਿਰਮਲ ਸਿੰਘ ਰੰਧਾਵਾ ਗੁਰੂ ਕੀ ਵਡਾਲੀ-ਛੇਹਰਟਾ, ਭਾਈ ਬ੍ਰਹਮ ਸਿੰਘ ਸਿੰਗਾਪੁਰ ਅਤੇ ਸਿੰਗਾਪੁਰ ਸਰਕਾਰ ‘ਚ ਰਹੇ ਕਈ ਹੋਰ ਕਰਨਲ, ਕੈਪਟਨ, ਲੈਫਟੀਨੈਂਟ ਕਰਨਲ ਆਦਿ ਅਤੇ ਸੰਗਤਾਂ ਨੂੰ ਪ੍ਰਬੰਧਕਾਂ ਵਲੋਂ ਗੁ: ਸਾਹਿਬ ਦੇ 100 ਸਾਲਾ ਦੇ ਇਤਿਹਾਸ ‘ਤੇ ਡਾਕੂਮੈਂਟਰੀ ਫਿਲਮ ਸਿੱਖ ਸੈਂਟਰ ਵਿੱਚ ਬਣੇ ਐਡਟੋਰੀਅਮ ਵਿੱਚ ਦਿਖਾਈ ਗਈ । ਪ੍ਰੋਗਰਾਮ ਦੇ ਸੰਚਾਲਕ ਭਾਈ ਸਿਮਰਨਜੀਤ ਸਿੰਘ ਪਾਲਡੀ, ਗੁ: ਬੋਰਡ ਦੇ ਚੇਅਰਮੈਨ ਗੁਰਦੀਪ ਸਿੰਘ ਉਸਮਾ, ਗੁ: ਸਾਹਿਬ ਸਿਲਟ ਰੋਡ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਰੰਧਾਵਾ ਨੇ ਰਾਸ਼ਟਰਪਤੀ ਦਾ ਨਿੱਘਾ ਸਵਾਗਤ ਕੀਤਾ । ਸਿੰਗਾਪੁਰ ਅਤੇ ਹੋਰ ਮੁਲਕਾਂ ਤੋਂ ਪਹੁੰਚੀਆਂ ਨਾਮਵਰ ਹਸਤੀਆਂ ਨੂੰ ਸੰਬੋਧਨ ਕਰਦਿਆਂ ਸਿੱਖ ਸਮਾਜ ਵਲੋਂ ਸਿੰਗਾਪੁਰ ਲਈ ਪਾਏ ਵੱਡਮੁੱਲੇ ਯੋਗਦਾਨ ਦਾ ਵਿਸ਼ੇਸ਼ ਤੌਰ ਤੇ ਜਿਕਰ ਕੀਤਾ ਗਿਆ । ਬੀਬੀ ਦਲਜੀਤ ਕੌਰ ਰੰਧਾਵਾ ਦੀ ਨਿਗਰਾਨੀ ਹੇਠ ਗੁ: ਸਾਹਿਬ ਵਿਖੇ ਇਕ ਦਿਨ ਸੰਗਤਾਂ ਦੇ ਫਰੀ ਟੈਸਟ ਕੀਤੇ ਗਏ । ਸਮਾਗਮਾਂ ਦੌਰਾਨ ਗੁਰੂ ਕੇ ਲੰਗਰ ਅਟੁੱਟ ਵਰਤਦੇ ਰਹੇ ।