ਸੁਖਬੀਰ ਬਾਦਲ ਦੇ ਸੱਦੇ ’ਤੇ ਸੈਂਕੜੇ ਆਗੂ ਤੇ ਕਾਰਕੁਨ ਮੁੱਖ ਦਫ਼ਤਰ ਪੁੱਜੇ; ਬਾਗ਼ੀਆਂ ਲਈ ਦਫ਼ਤਰ ਵਿੱਚ ਕੋਈ ਥਾਂ ਨਹੀਂ: ਚੀਮਾ
ਚੰਡੀਗੜ੍ਹ, 15 ਜੁਲਾਈ (ਚਰਨਜੀਤ ਭੁੱਲਰ)-ਸ਼੍ਰੋਮਣੀ ਅਕਾਲੀ ਦਲ ਨੂੰ ਹੁਣ ਪਾਰਟੀ ਦੇ ਮੁੱਖ ਦਫ਼ਤਰ ’ਤੇ ਬਾਗ਼ੀ ਖੇਮੇ ਦੇ ਕਾਬਜ਼ ਹੋਣ ਦਾ ਡਰ ਸਤਾਉਣ ਲੱਗਾ ਹੈ। ਅਜਿਹੀ ਹਲਚਲ ਅੱਜ ਪਾਰਟੀ ਅੰਦਰ ਉਦੋਂ ਦੇਖਣ ਨੂੰ ਮਿਲੀ ਜਦੋਂ ਭਿਣਕ ਪਈ ਕਿ ਪਾਰਟੀ ਦਾ ਬਾਗ਼ੀ ਖੇਮਾ ਅਕਾਲੀ ਦਲ ਦੇ ਮੁੱਖ ਦਫ਼ਤਰ ਵਿੱਚ ਮੀਟਿੰਗ ਕਰਨ ਦੀ ਤਿਆਰੀ ਖਿੱਚ ਰਿਹਾ ਹੈ। ਹਾਲਾਂਕਿ, ਪਾਰਟੀ ਦੇ ਬਾਗ਼ੀ ਖੇਮੇ ਵੱਲੋਂ ਅਧਿਕਾਰਤ ਤੌਰ ’ਤੇ ਅੱਜ ਅਜਿਹਾ ਕੋਈ ਪ੍ਰੋਗਰਾਮ ਨਹੀਂ ਦਿੱਤਾ ਗਿਆ ਸੀ, ਬਲਕਿ ਬਾਗ਼ੀ ਲੀਡਰਸ਼ਿਪ ਤਰਫ਼ੋਂ ਦਫ਼ਤਰ ਤੋਂ ਬਾਹਰ ਮੀਡੀਆ ਨਾਲ ਗੱਲਬਾਤ ਕਰਨ ਦਾ ਪ੍ਰੋਗਰਾਮ ਜਾਰੀ ਕੀਤਾ ਗਿਆ ਸੀ।
ਸੂਤਰਾਂ ਅਨੁਸਾਰ ਜਿਉਂ ਹੀ ਬਾਗ਼ੀ ਖੇਮੇ ਦੀ ਮੁੱਖ ਦਫ਼ਤਰ ਪੁੱਜਣ ਦੀ ਚਰਚਾ ਛਿੜੀ ਤਾਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਸੱਦੇ ’ਤੇ ਸੈਂਕੜੇ ਅਕਾਲੀ ਆਗੂ ਅਤੇ ਵਰਕਰ ਪਾਰਟੀ ਦੇ ਮੁੱਖ ਦਫ਼ਤਰ ਪੁੱਜ ਗਏ। ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਨੇ ਅੱਜ ਮੁੱਖ ਦਫ਼ਤਰ ਵਿੱਚ ਮੀਟਿੰਗ ਕੀਤੀ। ਸੀਨੀਅਰ ਪਾਰਟੀ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਮੀਟਿੰਗਾਂ ਮਗਰੋਂ ਕਿਹਾ ਕਿ ਜਿਹੜੇ ਆਗੂਆਂ ਨੇ ਪਾਰਟੀ ਦੇ ਖ਼ਿਲਾਫ਼ ਪ੍ਰੋਗਰਾਮ ਸ਼ੁਰੂ ਕੀਤੇ ਹਨ, ਉਨ੍ਹਾਂ ਲਈ ਪਾਰਟੀ ਦੇ ਮੁੱਖ ਦਫ਼ਤਰ ਵਿਚ ਕੋਈ ਥਾਂ ਨਹੀਂ ਹੈ ਅਤੇ ਪਾਰਟੀ ਵਰਕਰ ਅਜਿਹੇ ਤੱਤ ਬਰਦਾਸ਼ਤ ਨਹੀਂ ਕਰਨਗੇ। ਚੀਮਾ ਨੇ ਕਿਹਾ ਕਿ ਪਾਰਟੀ ਦਾ ਮੁੱਖ ਦਫ਼ਤਰ ਹਰੇਕ ਵਾਸਤੇ ਹੈ। ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਪਾਰਟੀ ਦੇ ਹਰੇਕ ਵਿੰਗ ਤੇ ਆਗੂਆਂ ਨਾਲ ਮੀਟਿੰਗਾਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਜਿਹੜੇ ਆਗੂ ਆਪਣੇ ਆਪ ਨੂੰ ਅਕਾਲੀ ਦਲ ਦੇ ਬਾਗ਼ੀ ਕਹਾਉਂਦੇ ਹਨ, ਉਨ੍ਹਾਂ ਨੇ ਖੁੱਲ੍ਹਾ ਸੱਦਾ ਦੇਣ ਦੇ ਬਾਵਜੂਦ ਇਨ੍ਹਾਂ ਮੀਟਿੰਗਾਂ ਵਿਚ ਭਾਗ ਨਹੀਂ ਲਿਆ। ਉਨ੍ਹਾਂ ਕਿਹਾ ਕਿ ਹੁਣ ਇਨ੍ਹਾਂ ਆਗੂਆਂ ਨੇ ਆਪਣੀ ਪਾਰਟੀ ਖ਼ਿਲਾਫ਼ ਮੁਹਿੰਮ ਸ਼ੁਰੂ ਕਰ ਦਿੱਤੀ ਹੈ ਤੇ ਅਜਿਹੇ ਆਗੂਆਂ ਲਈ ਪਾਰਟੀ ਮੁੱਖ ਦਫ਼ਤਰ ’ਚ ਕੋਈ ਥਾਂ ਨਹੀਂ ਹੈ। ਚੀਮਾ ਨੇ ਕਿਹਾ ਕਿ ਸੁਖਬੀਰ ਬਾਦਲ ਲੋਕਤੰਤਰੀ ਪ੍ਰਕਿਰਿਆ ਤਹਿਤ ਚੁਣੇ ਪ੍ਰਧਾਨ ਹਨ। ਉਨ੍ਹਾਂ ਦੇ ਨਿਰਦੇਸ਼ਾਂ ਮੁਤਾਬਕ ਪਾਰਟੀ ਦਫ਼ਤਰ ਚਲਾਇਆ ਜਾਂਦਾ ਹੈ ਤੇ ਬਾਗ਼ੀ ਖੇਮਾ ਪ੍ਰਧਾਨ ਦੀ ਲੀਡਰਸ਼ਿਪ ਨੂੰ ਚੁਣੌਤੀ ਦੇ ਕੇ ਪਾਰਟੀ ਦਫ਼ਤਰ ’ਚ ਮੀਟਿੰਗ ਨਹੀਂ ਕਰ ਸਕਦੇ। ਅੱਜ ਦੀ ਮੀਟਿੰਗ ਵਿਚ ਬਲਵਿੰਦਰ ਸਿੰਘ ਭੂੰਦੜ, ਮਹੇਸ਼ਇੰਦਰ ਸਿੰਘ ਗਰੇਵਾਲ, ਡਾ. ਦਲਜੀਤ ਸਿੰਘ ਚੀਮਾ, ਹੀਰਾ ਸਿੰਘ ਗਾਬੜੀਆ, ਐੱਨ ਕੇ ਸ਼ਰਮਾ ਨੇ ਸ਼ਮੂਲੀਅਤ ਕੀਤੀ।
ਮੁੱਖ ਦਫਤਰ ਵਿੱਚ ਜਾਣ ਦਾ ਕੋਈ ਪ੍ਰੋਗਰਾਮ ਨਹੀਂ ਸੀ: ਵਡਾਲਾ
ਬਾਗ਼ੀ ਖੇਮੇ ਦੇ ਸੀਨੀਅਰ ਆਗੂ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ ਪਾਰਟੀ ਦਾ ਮੁੱਖ ਦਫ਼ਤਰ ਸਭ ਦਾ ਸਾਂਝਾ ਹੈ ਪਰ ਉਨ੍ਹਾਂ ਦਾ ਮੁੱਖ ਦਫ਼ਤਰ ਵਿਚ ਜਾਣ ਦਾ ਅੱਜ ਕੋਈ ਪ੍ਰੋਗਰਾਮ ਨਹੀਂ ਸੀ। ਉਨ੍ਹਾਂ ਕਿਹਾ ਕਿ ਉਹ ਮੁੱਖ ਦਫ਼ਤਰ ਵਿਚ ਧੱਕੇ ਨਾਲ ਨਹੀਂ ਜਾਣਗੇ ਬਲਕਿ ਉਹ ਤਾਂ ਪਹਿਲਾਂ ਲੋਕਾਂ ਵਿਚ ਜਾਣਗੇ। ਲੋਕਾਂ ਦੀ ਪ੍ਰਵਾਨਗੀ ਹਾਸਲ ਕੀਤੀ ਜਾਵੇਗੀ।