Headlines

ਤ੍ਰੈ ਮਾਸਿਕ ਪੱਤ੍ਰਿਕਾ ਪਰਵਾਸ ਦਾ 38ਵਾਂ ਅੰਕ ਲੋਕ ਅਰਪਨ

ਲੁਧਿਆਣਾਃ 16 ਜੁਲਾਈ-ਪਰਵਾਸੀ ਸਾਹਿਤ ਅਧਿਐਨ ਕੇਂਦਰ ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਲੁਧਿਆਣਾ ਵੱਲੋਂ ਤ੍ਰੈ ਮਾਸਿਕ ਪੱਤ੍ਰਿਕਾ ਪਰਵਾਸ ਦਾ 38ਵਾਂ ਅੰਕ ਲੋਕ ਅਰਪਨ ਕੀਤਾ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਪ੍ਰੋ. ਗੁਰਭਜਨ ਸਿੰਘ ਗਿੱਲ ਚੇਅਰਮੈਨ ਪੰਜਾਬੀ ਲੋਕ ਵਿਰਾਸਤ ਅਕਾਦਮੀ ਲੁਧਿਆਣਾ ਨੇ ਕੀਤੀ।
ਡਾ. ਸ. ਪ. ਸਿੰਘ ਪ੍ਰਧਾਨ ਗੁਜਰਾਂਵਾਲਾ ਖ਼ਾਲਸਾ ਐਜੂਕੇਸ਼ਨਲ ਕੌਂਸਲ ਤੇ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਲੋਂ ਇਸ ਮੌਕੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਇਹ ਅੰਕ ਸ਼ੇਰ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਪੋਤਰੀ ਤੇ ਮਹਾਰਾਜਾ ਦਲੀਪ ਸਿੰਘ ਦੀ ਧੀ ਸੋਫੀਆ ਦਲੀਪ ਸਿੰਘ ਨੂੰ ਸਮਰਪਿਤ ਹੈ। ਇਸ ਨਾਰੀ ਵਿਸ਼ੇਸ਼ ਅੰਕ ਵਿਚ ਵੱਖ ਵੱਖ ਮੁਲਕਾਂ ਦੀਆਂ ਪੰਜਾਬੀ ਕਵਿੱਤਰੀਆਂ ਦੀਆਂ ਕਵਿਤਾਵਾਂ ਸ਼ਾਮਿਲ ਕੀਤੀਆਂ ਗਈਆਂ ਹਨ ਅਤੇ ਇਸ ਸਮੁੱਚੀ ਕਵਿਤਾ ਨੂੰ ਡਾ. ਸੰਦੀਪ ਸਿੰਘ ਮੁਖੀ ਪੰਜਾਬੀ ਵਿਭਾਗ ਅਕਾਲ ਯੂਨੀਵਰਸਿਟੀ ਤਲਵੰਡੀ ਸਾਬੋ ਨੇ ਆਲੋਚਨਾਤਮਕ ਦ੍ਰਿਸ਼ਟੀ ਤੋਂ ਪਰਖਿਆ ਹੈ।
ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਇਸ ਮੌਕੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਨੇ ਗੁਜਰਾਂਵਾਲਾ ਦੀ ਧਰਤੀ ਦੀ ਪੋਤਰੀ ਸੋਫੀਆ ਦਲੀਪ ਸਿੰਘ ਨੂੰ ਇਹ ਅੰਕ ਸਮਰਪਿਤ ਕੀਤਾ ਹੈ। ਸੋਫੀਆ ਦਾ ਜਨਮ ਭਾਵੇਂ ਇੰਗਲੈਂਡ ਦੀ ਧਰਤੀ ਤੇ ਹੋਇਆ ਅਤੇ ਉਸ ਨੂੰ ਆਪਣੇ ਦਾਦੀ ਦਾਦੇ ਦਾ ਪਿਆਰ ਭਾਵੇਂ ਨਹੀਂ ਮਿਲਿਆ ਪਰ ਉਸ ਦੇ ਅੰਦਰ ਆਪਣੀ ਪੜਦਾਦੀ ਰਾਜ ਕੌਰ ਦਾ ਦਰਦ ਮੌਜੂਦ ਸੀ ਜਿਸ ਨੂੰ ਅਣਚਾਹੀ ਔਲਾਦ ਹੋਣ ਕਰਕੇ ਜ਼ਮੀਨ ਵਿਚ ਦੱਬ ਦਿੱਤਾ ਗਿਆ ਸੀ। ਉਸ ਅੰਦਰ ਆਪਣੇ ਪੁਰਖਿਆ ਦੀ ਨਾਬਰੀ ਤੇ ਨੇਕ ਦਿਲੀ ਹਮੇਸ਼ਾ ਜ਼ਿੰਦਾ ਰਹੀ। ਇਸੇ ਕਰਕੇ ਹੀ ਉਸ ਨੇ ਵਿਸ਼ਵ ਭਰ ਦੀਆਂ ਔਰਤਾਂ ਦੇ ਹੱਕਾਂ ਲਈ ਜਦੋ ਜਹਿਦ ਕੀਤੀ।
ਪ੍ਰੋ. ਗਿੱਲ ਨੇ ਕਿਹਾ ਕਿ ਸੋਫੀਆ ਦੇ ਜਨਮ ਦਿਨ ਨੂੰ ਔਰਤ ਸਸ਼ਕਤੀਕਰਨ ਦਿਵਸ ਵਜੋਂ ਸਮਰਪਿਤ ਕਰਨਾ ਚਾਹੀਦਾ ਹੈ। ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋ. ਰਵਿੰਦਰ ਭੱਠਲ ਨੇ ਪਰਵਾਸੀ ਸਾਹਿੱਤ ਅਧਿਐਨ ਕੇਂਦਰ ਦੇ ਯਤਨਾ ਦੀ ਸ਼ਲਾਘਾ ਕੀਤੀ।
ਇਸ ਮੌਕੇ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਾਬਕਾ ਜਰਰਲ ਸਕੱਤਰ ਡਾ. ਗੁਰਇਕਬਾਲ ਸਿੰਘ ਨੇ ਪਰਵਾਸੀ ਪੰਜਾਬੀ ਨਾਰੀ ਕਵਿਤਾ ਸੰਬੰਧੀ ਆਪਣੇ ਵਿਚਾਰ ਪੇਸ਼ ਕੀਤੇ। ਪੰਜਾਬੀ ਦੇ ਨਾਮਵਰ ਸ਼ਾਇਰ ਤ੍ਰੈਲੋਚਨ ਲੋਚੀ ਨੇ ‘ਜ਼ਾਲਮ ਕਹਿਣ ਬਲਾਵਾਂ ਹੁੰਦੀਆਂ, ਕੁੜੀਆਂ ਤਾਂ ਕਵਿਤਾਵਾਂ ਹੁੰਦੀਆਂ’ ਗ਼ਜ਼ਲ ਤਰਨੁੰਮ ਵਿਚ ਪੇਸ਼ ਕੀਤੀ। ਪੰਜਾਬੀ ਵਿਭਾਗ ਦੇ ਮੁਖੀ ਪ੍ਰੋ. ਸ਼ਰਨਜੀਤ ਕੌਰ ਨੇ ਕਿਹਾ ਕਿ ਉਹ ਉਨ੍ਹਾਂ ਸਭ ਕਵਿੱਤਰੀਆਂ ਤੇ ਲੇਖਕਾਂ ਦਾ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹਨ ਜਿਨ੍ਹਾਂ ਨੇ ਸਮੇਂ ਤੇ ਆਪਣੀਆਂ ਰਚਨਾਵਾਂ ਭੇਜ ਕੇ ਕ੍ਰਿਤਾਰਥ ਕੀਤਾ ਹੈ। ਕਾਲਜ ਦੇ ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਨੇ ਰਸਮੀ ਤੌਰ ’ਤੇ ਸਭ ਦਾ ਧੰਨਵਾਦ ਕਰਦੇ ਹੋਏ ਪੰਜਾਬੀ ਵਿਭਾਗ ਅਤੇ ਪਰਵਾਸੀ ਸਾਹਿਤ ਅਧਿਐਨ ਕੇਂਦਰ ਨੂੰ ਇਸ ਅੰਕ ਦੇ ਲੋਕ ਅਰਪਨ ਦੀ ਵਧਾਈ ਦਿੱਤੀ।
ਇਸ ਮੌਕੇ ਸ. ਹਰਸ਼ਰਨ ਸਿੰਘ ਨਰੂਲਾ ਆਨਰੇਰੀ ਜਨਰਲ ਸਕੱਤਰ, ਗੁਜਰਾਂਵਾਲਾ ਖ਼ਾਲਸਾ ਐਜੂਕੇਸ਼ਨਲ ਕੌਂਸਲ ਤੇ ਕੌਂਸਲ ਦੇ ਮੈਂਬਰ ਸ. ਸੰਦੀਪ ਸਿੰਘ ਨਰੂਲਾ, ਪ੍ਰੋ. ਮਨਜੀਤ ਸਿੰਘ ਛਾਬੜਾ, ਡਾਇਰੈਕਟਰ ਜੀ.ਜੀ.ਜੀ.ਐਨ.ਆਈ.ਐਮ.ਟੀ, ਡਾ. ਦਲੀਪ ਸਿੰਘ, ਅੰਗਰੇਜ਼ੀ ਵਿਭਾਗ ਦੇ ਮੁਖੀ ਡਾ. ਸੁਸ਼ਮਿੰਦਰਜੀਤ ਕੌਰ,  ਡਾ. ਹਰਗੁਣਜੋਤ ਕੌਰ,  ਡਾ. ਗੁਰਪ੍ਰੀਤ ਸਿੰਘ, ਡਾ. ਭੁਪਿੰਦਰਜੀਤ ਕੌਰ, ਡਾ. ਮਨਦੀਪ ਕੌਰ ਰੰਧਾਵਾ ਅਤੇ ਪਰਵਾਸ ਮੈਗਜ਼ੀਨ ਦੇ ਤਕਨੀਕੀ ਸਹਿ ਸੰਪਾਦਕ ਰਾਜਿੰਦਰ ਸਿੰਘ ਸੰਧੂ ਵੀ ਹਾਜ਼ਰ ਰਹੇ। ਪ੍ਰੋਗਰਾਮ ਦਾ ਸੰਚਾਲਨ ਡਾ. ਤੇਜਿੰਦਰ ਕੌਰ ਕੋਆਰਡੀਨੇਟਰ ਪਰਵਾਸੀ ਸਾਹਿਤ ਅਧਿਐਨ ਕੇਂਦਰ ਵਲੋਂ ਕੀਤਾ ਗਿਆ।