Headlines

28ਵਾਂ ਗਦਰੀ ਬਾਬਿਆਂ ਦਾ ਮੇਲਾ 4 ਅਗਸਤ ਨੂੰ ਸਰੀ ਦੇ ਹਾਲੈਂਡ ਪਾਰਕ ਵਿਚ

ਸਰੀ-( ਹਰਦਮ ਮਾਨ, ਮਹੇਸ਼ਇੰਦਰ ਸਿੰਘ ਮਾਂਗਟ ,  ਮਲਕੀਤ ਸਿੰਘ ) -28ਵਾਂ ‘ ਗਦਰੀ ਬਾਬਿਆਂ ਦਾ ਮੇਲਾ ‘ ਇਸ ਵਾਰ ਸਰੀ ਦੇ  ਹਾਲੈਂਡ ਪਾਰਕ ਵਿੱਚ ਗਦਰੀ ਯੋਧਿਆਂ ਦੀ ਵਿਰਾਸਤ ਨੂੰ ਸੰਭਾਲੀ ਰੱਖਣ ਦੇ ਯਤਨਾਂ ਤਹਿਤ  ਕਰਵਾਇਆ ਜਾ ਰਿਹਾ ਹੈ ।  ਪ੍ਰੋਃ ਮੋਹਨ ਸਿੰਘ ਮੈਮੋਰੀਅਲ ਫ਼ਾਊਂਡੇਸ਼ਨ ਦੇ ਪ੍ਰਧਾਨ ਸਾਹਿਬ ਸਿੰਘ ਥਿੰਦ ਨੇ ਸ਼ਹਿਰ ਦੇ ਪਤਵੰਤੇ ਸੱਜਣਾਂ ਦੀ ਹਾਜ਼ਰੀ ਵਿੱਚ ਮੇਲੇ ਦਾ ਪੋਸਟਰ ਰਲੀਜ ਕਰਨ ਮੌਕੇ ਦੱਸਿਆ ਕਿ ਇਹ ਮੇਲਾ 4 ਅਗਸਤ ਨੂੰ ਸਰੀ ਦੇ ਹਾਲੈਂਡ ਪਾਰਕ ਵਿੱਚ ਕਰਵਾਇਆ ਜਾਏਗਾ । ਇਸ ਵਾਰ ਦਾ ‘ਮੇਲਾ ਗਦਰੀ ਬਾਬਿਆਂ ਦਾ’ ਕੈਨੇਡਾ ਵਿੱਚ ਭਾਰਤੀਆਂ ਨੂੰ ਵੋਟ ਦਾ ਹੱਕ ਦਿਵਾਉਣ ਲਈ ਸੰਘਰਸ਼ ਕਰਨ ਵਾਲੀਆਂ ਚਾਰ ਪ੍ਰਮੁੱਖ ਸਖ਼ਸ਼ੀਅਤਾਂ ਨੂੰ ਸਮਰਪਿਤ ਹੋਵੇਗਾ।
ਸਾਹਿਬ ਸਿੰਘ ਥਿੰਦ ਨੇ ਦੱਸਿਆ ਕਿ ਮੇਲੇ ਵਿੱਚ ਇਸ ਵਾਰ ਵੀ ਭਾਰੀ ਇਕੱਠ ਜੁੜਨ ਦੀ ਸੰਭਾਵਨਾ ਹੈ। ਮੇਲੇ ਵਿੱਚ ਗਦਰੀ ਬਾਬਿਆਂ ਨੂੰ ਚੇਤੇ ਕਰਨ ਦੇ ਨਾਲ-ਨਾਲ ਮਿਆਰੀ ਸੱਭਿਆਚਾਰਕ ਪ੍ਰੋਗਰਾਮ ਹੋਵੇਗਾ ਅਤੇ ਪੰਜਾਬੀ ਗਾਇਕੀ ਦਾ ਖੁੱਲ੍ਹਾ ਅਖਾੜਾ ਵੀ ਲੱਗੇਗਾ, ਜਿੱਥੇ ਚੋਟੀ ਦੇ ਕਲਾਕਾਰ ਆਪਣੇ ਫ਼ਨ ਦਾ ਮੁਜ਼ਾਹਰਾ ਕਰਨਗੇ। ਮੇਲੇ ਵਿੱਚ ਚੇਤਨਾ ਪ੍ਰਕਾਸ਼ਨ ਵੱਲੋਂ ਕਿਤਾਬਾਂ ਦੀ ਪ੍ਰਦਰਸ਼ਨੀ ਸਮੇਤ ਵੱਖ-ਵੱਖ ਸਟਾਲ ਵੀ ਲਗਾਏ ਜਾਣਗੇ।
ਹਾਲੈਂਡ ਪਾਰਕ ਵਿਖੇ ਮੇਲੇ ਦਾ ਪੋਸਟਰ ਜਾਰੀ ਕਰਨ ਵਾਲਿਆਂ ਵਿਚ ਸੱਭਿਆਚਾਰਕ ਕਮੇਟੀ ਦੇ  ਮੈਬਰ ਜਗਰੂਪ ਸਿੰਘ ਖੇੜਾ, ਕਿਰਨਪਾਲ ਗਰੇਵਾਲ, ਆਮਨਾ ਥਿੰਦ, ਸੁਖਦੇਵ ਸਿੰਘ ਸ਼ਾਹੀ, ਉਘੇ ਕਲਾਕਾਰ ਸੁਖਵਿੰਦਰ ਸੁੱਖੀ, ਜਗਵਿੰਦਰ ਸਰਾਂ, ਲੇਖਕ ਡਾ. ਸਾਧੂ ਬਿਨਿੰਗ, ਸੁਖਵੰਤ ਹੁੰਦਲ, ਇਤਿਹਾਸਕਾਰ ਸੋਹਨ ਸਿੰਘ ਪੂਨੀ, ਸ਼ਹਿਰ ਦੇ ਪਤਵੰਤੇ ਵਕੀਲ ਕੁਲਬੀਰ ਸਿੰਘ ਬੈਨੀਵਾਲ,ਹਰਮੀਤ ਸਿੰਘ ਖੁੱਡੀਆਂ, ਚੇਅਰਮੈਨ ਅਜਮੇਰ ਸਿੰਘ ਭਾਗਪੁਰ, ਬਲਵੀਰ ਬੈਂਸ ਅਤੇ ਜਗਦੀਪ ਗਿੱਲ ਆਦਿ ਸ਼ਾਮਿਲ ਸਨ।