ਮੇਅਰ ਬਰੈਂਡਾ ਲੌਕ, ਐਮ ਪੀ ਸੁਖ ਧਾਲੀਵਾਲ, ਐਮ ਪੀ ਰਣਦੀਪ ਸਰਾਏ ਤੇ ਹੋਰ ਸ਼ਖਸੀਅਤਾਂ ਨੇ ਉਦਘਾਟਨੀ ਸਮਾਰੋਹ ਵਿਚ ਹਾਜ਼ਰੀ ਭਰੀ-
ਸਰੀ: (ਮਹੇਸ਼ਇੰਦਰ ਸਿੰਘ ਮਾਂਗਟ, ਮੰਡੇਰ )- ਦੁਨੀਆ ਭਰ ਵਿੱਚ ਆਪਣੀ ਪਹਿਚਾਣ ਬਣਾ ਚੁੱਕਿਆ ਕੈਨੇਡਾ ਕੱਪ ਕੌਮਾਂਤਰੀ ਫੀਲਡ ਹਾਕੀ ਟੂਰਨਾਮੈਂਟ ਇਸ ਵਾਰ 18 ਜੁਲਾਈ ਤੋਂ 21 ਜੁਲਾਈ ਤੱਕ ਸਰੀ ਦੇ ਟੈਮਾਨਵਿਸ ਪਾਰਕ ਵਿੱਚ ਕਰਵਾਇਆ ਜਾ ਰਿਹਾ ਹੈ।ਬੀ ਐਮ ਗਰੁੱਪ ਅਤੇ ਐਨੀਟਾਈਮ ਫਿੱਟਨੈਸ ਨੇ ਕੈਨੇਡਾ ਕੱਪ ਦੇ ਟਾਈਟਲ ਸਪਾਂਸਰ ਬਣਨ ਦਾ ਮਾਣ ਹਾਸਲ ਕੀਤਾ ਹੈ। ਅੱਜ ਇਥੇ ਟੈਮਾਨਵਿਸ ਪਾਰਕ ਵਿਖੇ ਟੂਰਨਾਮੈਂਟ ਦਾ ਉਦਘਾਟਨ ਭਾਰੀ ਸ਼ਾਨੋ ਸ਼ੌਕਤ ਨਾਲ ਕੀਤਾ ਗਿਆ। ਇਸ ਮੌਕੇ ਸਰੀ ਮੇਅਰ ਬਰੈਂਡਾ ਲੌਕ, ਸਰੀ ਨਿਊਟਨ ਤੋਂ ਲਿਬਰਲ ਐਮ ਪੀ ਸੁਖ ਧਾਲੀਵਾਲ, ਸਰੀ ਸੈਂਟਰ ਤੋਂ ਐਮ ਪੀ ਰਣਦੀਪ ਸਿੰਘ ਸਰਾਏ, ਕੌਂਸਲ ਹੈਰੀ ਬੈਂਸ, ਕੌਂਸਲਰ ਪ੍ਰਦੀਪ ਕੂਨਰ ਤੇ ਹੋਰ ਕਈ ਸ਼ਖਸੀਅਤਾਂ ਹਾਜ਼ਰ ਸਨ। ਵਿਸ਼ੇਸ਼ ਮਹਿਮਾਨਾਂ ਨੇ ਹਾਕੀ ਟੀਮਾਂ ਦੇ ਖਿਡਾਰੀਆਂ ਨਾਲ ਜਾਣ ਪਛਾਣ ਕੀਤੀ ਤੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ।
ਟੂਰਨਾਮੈਂਟ ਬਾਰੇ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਪ੍ਰਧਾਨ ਜਸਪ੍ਰੀਤ ਸਿੰਘ ਮਾਂਗਟ ਅਤੇ ਬੁਲਾਰੇ ਊਧਮ ਸਿੰਘ ਹੁੰਦਲ ਨੇ ਦੱਸਿਆ ਕਿ ਹਰ ਸਾਲ ਦੀ ਤਰਾਂ ਇਸ ਵਾਰ ਵੀ ਸਭ ਦੀਆਂ ਨਜ਼ਰਾਂ ਪ੍ਰੀਮਅਰ ਡਿਵੀਜ਼ਨ ਤੇ ਹੋਣਗੀਆਂ ਜਿਸ ਵਿੱਚ ਭਾਗ ਲੈਣ ਲਈ ਸਿਰਕੱਢ ਕਲੱਬਾਂ ਨੇ ਹਾਮੀ ਭਰੀ ਹੈ।ਇਸ ਵਰਗ ਵਿੱਚ ਮੇਜ਼ਬਾਨ ਵੈਸਟ ਕੋਸਟ ਤੋਂ ਇਲਾਵਾ ਯੂਬਾ ਬ੍ਰਦਰਜ਼,ਇੰਡੀਅਨ ਜਿੰਮਖਾਨਾ ਇੰਗਲੈਂਡ,ਤਸਵਰ ਇਲੈਵਨ,ਵਿੰਨੀਪੈਗ ਰੋਵਰਜ਼,ਫੀਨਿਕਸ ਫੀਲਡ ਹਾਕੀ ਕਲੱਬ,ਗੋਬਿੰਦ ਸਰਵਰ,ਇੰਡੀਆ ਕਲੱਬ ਸਰੀ,ਯੂਨਾਈਟਿਡ ਕਲੱਬ ਸਰੀ ਦਸਮੇਸ਼ ਕਲੱਬ ਦੀਆਂ ਟੀਮਾਂ ਭਾਗ ਲੈ ਰਹੀਆਂ ਹਨ।
ਸੋਸ਼ਲ ਵਰਗ ਵੀ ਹਮੇਸ਼ਾ ਵਾਂਗ ਖਿੱਚ ਦਾ ਕੇਂਦਰ ਰਿਹਾ ਹੈ।ਇਸ ਵਿੱਚ 16 ਟੀਮਾਂ ਭਾਗ ਲੈ ਰਹੀਆਂ ਹਨ।ਕੁੜੀਆਂ ਨੂੰ ਖੇਡਣ ਦੇ ਬਰਾਬਰ ਦੇ ਮੌਕੇ ਦੇਣ ਲਈ ਵੈਸਟ ਕੋਸਟ ਨੇ ਹਮੇਸ਼ਾ ਨਵੇਂ ਉਪਰਾਲੇ ਕੀਤੇ ਹਨ।ਇਹਨਾਂ ਕੋਸ਼ਿਸ਼ਾਂ ਨੂੰ ਇਸ ਵਾਰੀ ਵੱਡਾ ਹੁੰਗਾਰਾ ਮਿਲਿਆ ਹੈ।ਇਸ ਵਾਰੀ ਕੁੜੀਆਂ ਦੀਆਂ 8 ਟੀਮਾਂ ਭਾਗ ਲੈ ਰਹੀਆਂ ਹਨ।ਨਵੀਂ ਪਨੀਰੀ ਨੂੰ ਬਰਾਬਰ ਦਾ ਮੌਕਾ ਦੇਣ ਲਈ ਅੰਡਰ-16 ਵਿੱਚ 4 ਟੀਮਾਂ ਅਤੇ ਅੰਡਰ-12 ਵਿੱਚ 7 ਟੀਮਾਂ ਨੂੰ ਖੇਡਣ ਦਾ ਮੌਕਾ ਮਿਲੇਗਾ।
ਟੂਰਨਾਮੈਂਟ ਦੇ ਉਦਘਾਟਨ ਮੌਕੇ ਜਸਪ੍ਰੀਤ ਸਿੰਘ ਮਾਂਗਟ ਦੀ ਅਗਵਾਈ ਵਿੱਚ ਮੀਟਿੰਗ ਹੋਈ ਜਿਸ ਵਿੱਚ ਊਧਮ ਸਿੰਘ ਹੁੰਦਲ,ਤਰਨਜੀਤ ਸਿੰਘ ਹੇਅਰ,ਨਵੀ ਦਿਓਲ, ਹਰਵਿੰਦਰ ਸਰਾਂ,ਸੁਖਵਿੰਦਰ ਕੁਲਾਰ, ਸੁਖ ਗਿੱਲ,ਮਲਕੀਤ ਸਿੰਘ ਪਾਹਲ, ਸਤਵੰਤ ਸਿੰਘ ਅਟਵਾਲ,ਚਮਕੌਰ ਸਿੰਘ ਗਿੱਲ,ਗਗਨਦੀਪ ਤੁੰਗ,ਇਸਤਿੰਦਰ ਥਿੰਦ,ਗਗਨ ਥਿੰਦ,ਪ੍ਰੀਤ ਢੱਟ,ਰਾਣਾ ਕੁਲਾਰ, ਹਰਵਿੰਦਰ ਬੱਬੂ, ਬਲਰਾਜ ਸਿੰਘ ਹੁੰਦਲ, ਬੱਬਲ ਬੈਂਸ ਅਤੇ ਹਰਜਿੰਦਰ ਬੈਂਸ ਹਾਜ਼ਰ ਸਨ।