ਸ਼ਰਨਾਰਥੀ ਦਾਅਵੇ ਕਨੂੰਨੀ ਦਾਇਰੇ ਵਿਚ ਹੀ ਜਾਇਜ਼-
ਸਰੀ ( ਸੰਦੀਪ ਧੰਜੂ)-ਫੈਡਰਲ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖਲੇ ਤੇ ਲਗਾਏ ਕੈਪ ਨੂੰ ਦਰੁਸਤ ਫੈਸਲਾ ਕਰਾਰ ਦਿੰਦਿਆ ਕਿਹਾ ਹੈ ਕਿ ਸਾਨੂੰ ਇੱਕ ਅਜਿਹਾ ਸਿਸਟਮ ਬਣਾਉਣਾ ਹੋਵੇਗਾ ਜੋ ਵਧੇਰੇ ਗੁਣਵੱਤਾ ਅਧਾਰਿਤ ਹੋਵੇ। ਉਹਨਾ ਕਿਹਾ ਕਿ ਇਮੀਗ੍ਰੇਸ਼ਨ ਦੇ ਮੁੱਦੇ ਤੇ ਸਾਨੂੰ ਇਹ ਸੁਨਿਸ਼ਚਿਤ ਕਰਨਾ ਹੋਵੇਗਾ ਕਿ ਸਾਡੇ ਕੋਲ ਦੇਸ਼ ਵਿੱਚ ਆਉਣ ਵਾਲੇ ਲੋਕਾਂ ਦੀ ਵਧੇਰੇ ਵਿਭਿੰਨਤਾ, ਵਧੇਰੇ ਯੋਗ, ਵਧੇਰੇ ਪ੍ਰਤਿਭਾਸ਼ਾਲੀ ਵਾਲੇ ਲੋਕ ਹਨ ਜੋ ਇਹ ਜਾਣਦੇ ਹਨ ਕਿ ਉਹ ਕੀ ਪ੍ਰਾਪਤ ਕਰ ਰਹੇ ਹਨ ਕਿਉਂਕ ਕੈਨੇਡਾ ਰਹਿਣ ਲਈ ਕੋਈ ਸਸਤੀ ਜਗ੍ਹਾ ਨਹੀਂ ਹੈ।
ਉਹਨਾਂ ਹੋਰ ਕਿਹਾ ਕਿ ਸਾਨੂੰ ਇੱਥੇ ਆਉਣ ਵਾਲੇ ਲੋਕਾਂ ਦੀ ਗਿਣਤੀ , ਉਹਨਾਂ ਦੀ ਰਿਹਾਇਸ਼ , ਸਿਹਤ ਸਹੂਲਤਾਂ , ਸਿੱਖਿਆ ਅਤੇ ਇਸ ਦੇਸ਼ ਦੀਆਂ ਬੁਨਿਆਦੀ ਢਾਂਚੇ ਦੀਆਂ ਲੋੜਾਂ ‘ਤੇ ਪ੍ਰਭਾਵ ਨੂੰ ਵੇਖਣ ਦੀ ਜ਼ਰੂਰਤ ਹੈ।
ਇਥੇ ਪੱਤਰਕਾਰਾਂ ਨਾਲ ਇਕ ਗੱਲਬਾਤ ਦੌਰਾਨ ਇਮੀਗ੍ਰੇਸ਼ਨ ਮੰਤਰੀ ਨੇ ਮੁਲਕ ਵਿਚ ਸ਼ਰਨਾਰਥੀ ਕੇਸਾਂ ਦੀ ਵਧ ਰਹੀ ਗਿਣਤੀ ਦੇ ਮੁੱਦੇ ਬਾਰੇ ਕਿਹਾ ਕਿ ਸ਼ਰਨਾਰਥੀਆਂ ਦੇ ਦਾਅਵੇ ਜਾਇਜ਼ ਹੋਣੇ ਚਾਹੀਦੇ ਹਨ ਪਰ ਇਹ ਕੈਨੇਡਾ ਵਿੱਚ ਰਹਿਣ ਦਾ ਇੱਕ ਤਰੀਕਾ ਨਹੀਂ ਹੋ ਸਕਦਾ। ਉਹਨਾਂ ਹੋਰ ਕਿਹਾ ਕਿ ਜੇ ਤੁਹਾਡੇ ਵਰਕ ਪਰਮਿਟ ਦੀ ਮਿਆਦ ਪੁੱਗ ਰਹੀ ਹੈ, ਤਾਂ ਤੁਸੀਂ ਜਾਂ ਤਾਂ ਪੀ ਆਰ ਲਈ ਅਰਜ਼ੀ ਦੇਣ ਦੇ ਯੋਗ ਹੋ ਜਾਂ ਤੁਹਾਡੇ ਇਥੇ ਰਹਿਣ ਦਾ ਕੋਈ ਹੋਰ ਵਿਕਲਪ ਹੈ। ਪਰ ਇਹ ਜ਼ਰੂਰੀ ਹੈ ਕਿ ਇਮੀਗ੍ਰੇਸ਼ਨ ਸ਼ਰਤਾਂ ਪੂਰੀਆਂ ਕਰਕੇ ਹੀ ਇਥੇ ਰਿਹਾ ਜਾ ਸਕਦਾ ਹੈ। ਇਥੇ ਰਹਿਣ ਦੇ ਚਾਹਵਾਨ ਹਰ ਵਿਅਕਤੀ ਨੂੰ ਇਹ ਅਧਿਕਾਰੀ ਹੈ, ਉਹ ਸ਼ਰਤਾਂ ਤਹਿਤ ਆਪਣਾ ਦਾਅਵਾ ਪੇਸ਼ ਕਰ ਸਕਦਾ ਹੈ।
ਉਸ ਦੀਆਂ ਟਿੱਪਣੀਆਂ ਮੀਡੀਆ ਵਿੱਚ ਇੱਕ ਤਾਜ਼ਾ ਰਿਪੋਰਟ ਦੇ ਪ੍ਰਕਾਸ਼ ਵਿੱਚ ਆਈਆਂ ਹਨ ਕਿ ਨਵੀਂ ਦਿੱਲੀ ਤੋਂ ਇੱਕ ਫਲਾਈਟ ਰਾਹੀਂ ਮਾਂਟਰੀਅਲ ਪਹੁੰਚਣ ਵਾਲੇ ਸੈਲਾਨੀਆਂ ਨੂੰ ਸ਼ਰਨਾਰਥੀ ਦਾਅਵਿਆਂ ਲਈ ਅਰਜ਼ੀ ਦੇਣ ਲਈ ਕਿਹਾ ਗਿਆ ਸੀ। ਉਹਨਾਂ ਪੱਤਰਕਾਰਾਂ ਵਲੋਂ ਇਮੀਗ੍ਰੇਸ਼ਨ ਨਾਲ ਸਬੰਧਿਤ ਪੁੱਛੇ ਗਏ ਹੋਰ ਸਵਾਲਾਂ ਦੇ ਜਵਾਬ ਵੀ ਦਿੱਤੇ।
ਇਸ ਮੌਕੇ ਸਰੀ-ਨਿਊਟਨ ਤੋਂ ਲਿਬਰਲ ਮੈਂਬਰ ਪਾਰਲੀਮੈਂਟ ਸੁੱਖ ਧਾਲੀਵਾਲ, ਜੋ ਕਿ ਇਮੀਗ੍ਰੇਸ਼ਨ ਬਾਰੇ ਫੈਡਰਲ ਕਮੇਟੀ ਦੇ ਮੈਂਬਰ ਵੀ ਹਨ, ਵੀ ਉਹਨਾਂ ਨਾਲ ਹਾਜ਼ਰ ਸਨ।