Headlines

ਉਘੀ ਕਵਿਤਰੀ ਤੇ ਰੰਗਮੰਚ ਕਲਾਕਾਰ ਪਰਮਿੰਦਰ ਸਵੈਚ ਦਾ ਕਾਵਿ ਸੰਗ੍ਰਹਿ ਲੋਕ ਅਰਪਿਤ

ਸਰੀ-ਬੀਤੇ ਐਤਵਾਰ ਨੂੰ “ਸਰੋਕਾਰਾਂ ਦੀ ਆਵਾਜ਼” ਅਦਾਰੇ ਵਲੋਂ ਪਰਮਿੰਦਰ ਕੌਰ ਸਵੈਚ ਦੇ ਕਾਵਿ-ਸੰਗ੍ਰਿਹ “ਜ਼ਰਦ ਰੰਗਾਂ ਦਾ ਮੌਸਮ” ਦਾ ਲੋਕ ਅਰਪਣ ਅਤੇ ਉਸ ਉੱਤੇ  ਵਿਚਾਰ ਚਰਚਾ ਕਰਵਾਈ ਗਈ। ਪੱਤਰਕਾਰ ਤੇ ਰੇਡੀਓ ਹੋਸਟ ਨਵਜੋਤ ਢਿੱਲੋਂ ਵਲੋਂ ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਸਭ ਤੋਂ ਪਹਿਲਾਂ ਸਰੀ ਦੇ ਵਿਅੰਗਕਾਰ ਲੇਖਕ ਤੇ ਬਹੁਤ ਹੀ ਵਧੀਆ ਇਨਸਾਨ ਗੁਰਮੇਲ ਬਦੇਸ਼ਾ ਜੋ ਦੋ ਦਿਨ ਪਹਿਲਾਂ ਹੀ ਇਸ ਦੁਨੀਆਂ ਨੂੰ ਸਦੀਵੀ ਵਿਛੋੜਾ ਦੇ ਗਏ ਹਨ, ਨੂੰ ਸ਼ਰਧਾਂਜ਼ਲੀ ਦਿੱਤੀ ਗਈ। ਇਸ ਤੋਂ ਬਾਅਦ ਪ੍ਰਧਾਨਗੀ ਮੰਡਲ ਵਿੱਚ ਉਘੇੇ ਵਿਦਵਾਨ ਡਾ ਸਾਧੂ ਸਿੰਘ, ਡਾ. ਰਘਬੀਰ ਸਿੰਘ ‘ਸਿਰਜਣਾ’, ਰੰਗਮੰਚ ਦੇ ਸ਼ਾਹਕਾਰ ਡਾ. ਸਾਹਿਬ ਸਿੰਘ, ਐਡਮਿੰਟਨ ਤੋਂ ਪਹੁੰਚੀ ਕਵਿੱਤਰੀ ਬਖ਼ਸ਼ ਸੰਘਾ ਅਤੇ ਲੇਖਿਕਾ ਪਰਮਿੰਦਰ ਸਵੈਚ ਨੂੰ ਆਦਰ ਮਾਣ ਨਾਲ ਮੰਚ ‘ਤੇ ਸ਼ਸ਼ੋਭਿਤ ਹੋਣ ਲਈ ਸੱਦਾ ਦਿੱਤਾ ਗਿਆ। ਨਵਜੋਤ ਨੇ ਸੰਖੇਪ ਵਿੱਚ ਲੇਖਿਕਾ ਦੇ ਸਮੁੱਚੇ ਇਨਕਲਾਬੀ ਜੀਵਨ, ਪਰਿਵਾਰ, ਕਿਰਤਾਂ ਤੇ ਕਮਿਊਨਿਟੀ ਲਈ ਕੀਤੇ ਜਾ ਰਹੇ ਕੰਮਾਂ ਬਾਰੇ ਚਾਨਣਾ ਪਾਇਆ। ਪਰਮਿੰਦਰ ਸਵੈਚ ਦੀ ਬੇਟੀ ਅਨਮੋਲ ਸਵੈਚ ਨੇ ਸਾਰਿਆਂ ਨੂੰ ਜੀ ਆਇਆਂ ਕਿਹਾ ਤੇ ਆਪਣੇ ਪਰਿਵਾਰਕ ਅਨੁਭਵ ਵਿੱਚੋਂ ਆਪਣੇ ਵਿਚਾਰ ਸਾਂਝੇ ਕੀਤੇ। ਸਿਧਵਾਂ ਕਾਲਜ ਦੀ ਸਾਬਕਾ ਲੈਕਚਰਾਰ ਪ੍ਰੋ ਹਰਿੰਦਰ ਕੌਰ ਸੋਹੀ ਨੇ ਕਿਹਾ ਕਿ ਪਰਮਿੰਦਰ ਦੀ ਖੁੱਲ੍ਹੀ ਕਵਿਤਾ ਵਿੱਚ ਮਾਲਵਾ ਖੇਤਰ ਦੀ ਪੇਂਡੂ ਸ਼ਬਦਾਵਲੀ ਹੈ ਜਿਸ ਵਿੱਚ ਇਨਕਲਾਬੀ ਵੇਗ, ਜੋਸ਼, ਭਾਵਕਤਾ, ਵਿਰੋਧ, ਗੁੱਸਾ, ਸੰਘਰਸ਼, ਬਗਾਵਤ ਤੇ ਜਿੱਤ ਵੱਲ ਵਧਦੇ ਕਦਮਾਂ ਤੇ ਵਧੀਆ ਸਮਾਜ ਦੀ ਸਿਰਜਣਾ ਵੱਲ ਇੱਕ ਭਾਵਪੂਰਤ ਸੁਨੇਹਾ ਹੈ। ਡਾ. ਸਾਧੂ ਬਿਨਿੰਗ ਨੇ ਆਪਣੀ ਉਦਾਹਰਣ ਦਿੰਦੇ ਹੋਏ ਕਿਹਾ ਕਿ ਪਰਮਿੰਦਰ ਦੀ ਕਵਿਤਾ ਵੀ ਇਸ ਸਮੇਂ ਦੇ ਸਮਾਜ ਦਾ ਸ਼ੀਸ਼ਾ ਹੈ ਜਿਸ ਵਿੱਚੋਂ ਅੱਜ ਦੀ ਝਲਕ ਪੈਂਦੀ ਹੈ ਤੇ ਪੈਂਦੀ ਰਹੇਗੀ ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਇਤਿਹਾਸਕ ਸੱਚ ਬਣੇਗੀ। ਉੱਘੀ ਲੇਖਿਕਾ ਸੁਰਜੀਤ ਕਲਸੀ ਨੇ ‘ਸਵੈ ਦੀ ਸ਼ਨਾਖ਼ਤ’, ਚਲਦੀ ਫਿਰਦੀ ਲਾਸ਼, ਜੜ੍ਹਾਂ ਆਦਿ ਕਵਿਤਾਵਾਂ ਦਾ ਜ਼ਿਕਰ ਕਰਦਿਆਂ ਸਾਡੀ ਦੋਹਰੀ ਮਾਨਸਿਕਤਾ ਅਤੇ ਫੋਸਟਰ ਹੋਮਾਂ ਵਿੱਚ ਰੁਲ਼ਦੇ ਮੂਲ ਨਿਵਾਸੀਆਂ ਦੇ ਬੱਚਿਆਂ ਦੀ ਪਾਈ ਬਾਤ ਨੂੰ ਆਪਣੇ ਸ਼ਬਦਾਂ ਵਿੱਚ ਬਿਆਨ ਕੀਤਾ ਤੇ ਲੇਖਿਕਾ ਦੇ ਸੰਘਰਸ਼ ਨੂੰ ਸਲੂਟ ਵੀ ਕੀਤਾ। ਕਵੀ ਅਮਰੀਕ ਪਲਾਹੀ ਨੇ ‘ਖ਼ਤਰਾ’ ਨਾਂ ਦੀ ਛੋਟੀ ਜਿਹੀ ਕਵਿਤਾ ਪੜ੍ਹੀ ਤੇ ਉਸ ਵਿੱਚ ਦੁਨੀਆਂ ਨੂੰ ਕਲਾਵੇ ਵਿੱਚ ਲੈ ਕੇ ਪੂੰਜੀਵਾਦ ਨੂੰ ਪਏ ਖ਼ਤਰਿਆਂ ਦੇ ਆਭਾਸ ਬਾਰੇ ਲੋਕਾਂ ਨੂੰ ਚੇਤੰਨ ਕਰਨ ਦੀ ਸਮੁੱਚੀ ਕਿਤਾਬ ਕਿਹਾ। ਕਵੀ ਅੰਮ੍ਰਿਤ ਦੀਵਾਨਾ ਨੇ ਕਿਹਾ ਕਿ ਪਰਮਿੰਦਰ ਦੀ ਕਵਿਤਾ ਸਮਾਜ ਨੂੰ ਬਦਲਣ ਦੀ ਜ਼ੁਰਅਤ ਰੱਖਦੀ ਹੈ ਜਿਸ ਵਿੱਚ ਬਗਾਵਤੀ ਸੁਰ ਹੈ, ਇਹ ਨਿੱਜ ਨਾਲ ਜੁੜੀ ਮੇਹਣੇ ਤੇਹਣਿਆਂ ਦੀ ਕਵਿਤਾ ਨਹੀਂ ਸਗੋਂ ਮਨੁੱਖਤਾ ਦੀ ਬਾਤ ਪਾਉਂਦੀ ਕਵਿਤਾ ਹੈ।
ਇਨਕਲਾਬੀ ਸੁਰ ਦੀ ਕਵਿੱਤਰੀ ਜਸਵੀਰ ਮੰਗੂਵਾਲ ਨੇ ਕਿਹਾ ਕਿ ਇਹ ਕਵਿਤਾ ਦੁਨੀਆਂ ਭਰ ਦੇ ਨਿਮਾਣਿਆਂ, ਨਿਤਾਣਿਆਂ, ਨਿਓਟਿਆਂ ਤੇ ਹਾਸ਼ੀਆ ਗ੍ਰਸਿਤ ਲੋਕਾਂ ਦੀ ਹੂਕ ਦੀ ਕਵਿਤਾ ਹੈ ਜੋ ਰੰਗਾਂ, ਧਰਮਾਂ, ਨਸਲਾਂ, ਜਾਤਾਂ ਤੇ ਲੰਿਗਾਂ ਤੋਂ ਉੱਪਰ ਉੱਠ ਕੇ ਮਨੁੱਖਤਾ ਦੀ ਬੇਹਤਰੀ ਲਈ ਸੰਘਰਸ਼ ਤੇ ਔਰਤ ਨੂੰ ਬਰਾਬਰ ਦਾ ਦਰਜ਼ਾ ਦੁਆਉਣ ਦੀ ਜੱਦੋ ਜਹਿਦ ਦੀ ਕਵਿਤਾ ਹੈ। ਉੱਘੀ ਲੇਖਿਕਾ ਡਾ.ਗੁਰਮਿੰਦਰ ਸਿੱਧੂ ਨੇ ਕਿਹਾ ਕਿ “ਜ਼ਰਦ ਰੰਗਾਂ ਦੇ ਮੌਸਮ ਵਿੱਚੋਂ ਗੁਜ਼ਰਦਿਆਂ ਕਈ ਵਾਰ ਮੇਰੇ ਅੰਦਰ ਝਰਨਾਹਟ ਛਿੜੀ, ਜਿਸਮ ਨੂੰ ਕੰਬਣੀ ਆਈ, ਅੱਖਾਂ ਵਿੱਚ ਅੱਥਰੂ ਲਰਜ਼ੇ ਤੇ ਮੁੱਠੀਆਂ ਭੀਚੀਆਂ ਗਈਆਂ” ਇਹ ਵੱਡ ਅਕਾਰੀ ਕੈਨਵਸ ਦੇ ਦੁੱਖਾਂ ਦਰਦਾਂ, ਗੁੱਸੇ, ਜੋਸ਼ ਤੇ ਵੰਗਾਰ ਦੀ ਕਵਿਤਾ ਹੈ। ਉੱਘੇ ਕਵੀ ਤੇ ਗ਼ਜ਼ਲਗੋ ਕਵਿੰਦਰ ਚਾਂਦ ਨੇ ਕਿਹਾ ਕਿ ਸਮੁੱਚੀ ਕਿਤਾਬ ਪਾਠਕ ਨੂੰ ਸੋਚਣ ਲਈ ਮਜ਼ਬੂਰ ਕਰਦੀ ਹੈ ਤੇ ਸਮੱਸਿਆਵਾਂ ਪ੍ਰਤੀ ਚੇਤਨ ਕਰਦੀ ਹੈ ਤੇ ਸੰਘਰਸ਼ਾਂ ਵੱਲ ਨੂੰ ਰੁੱਖ ਕਰਦੀ ਹੈ। ਰੰਗਮੰਚ ਦੇ ਉੱਘੇ ਰੰਗਕਰਮੀ, ਨਿਰਦੇਸ਼ਕ, ਰੇਡਿਓ ਤੇ ਟੀ. ਵੀ. ਹੋਸਟ ਡਾ. ਜਸਕਰਨ ਨੇ ਕੁੱਝ ਕਵਿਤਾਵਾਂ ਜ਼ਰਦ ਰੰਗ ਓਟ ਆਸਰਾ, ਮੈਂ ਤੇ ਮੇਰੀ ਕਵਿਤਾ, ਡਰ, ਜੜ੍ਹਾਂ ਆਦਿ ਦਾ ਜ਼ਿਕਰ ਕਰਦਿਆਂ ਕਿਹਾ ਕਿ ਲੇਖਿਕਾ ਨੇ ਉੱਚੀ ਸੁਰ ਵਿੱਚ ਗੱਲ ਕਰਕੇ ਆਪਣਾ ਸਮਾਜ ਪ੍ਰਤੀ ਫਰਜ਼ ਪੂਰਾ ਕੀਤਾ ਹ ੈਕਿ ਆਲ਼ੈ ਦੁਆਲ਼ੇ ਕੀ ਹੋ ਰਿਹਾ ਹੈ ਉਹਨਾਂ ਜ਼ੋਰ ਦਿੰਦਿਆਂ ਕਿਹਾ ਕਿ ਇਹ ਸੁਰ ਸਭ ਲੋਕਾਂ, ਬੁੱਧੀਜੀਵੀਆਂ, ਦਾਨਿਸ਼ਮੰਦਾਂ ਨੂੰ ਹੋਰ ਉੱਚੀ ਚੁੱਕਣੀ ਚਾਹੀਦੀ ਹੈ ਤਾਂ ਹੀ ਜ਼ਹਿਰੀਲੀਆਂ ਡਰੱਗਾਂ, ਗੈਂਗਵਾਰ, ਡਰ, ਭੈਅ ਤੇ ਹੋ ਰਹੇ ਅਨਿਆਂਇ ਵਰਗੀਆਂ ਅਲਾਮਤਾਂ ਤੋਂ ਛੁਟਕਾਰਾ ਪਾ ਸਕਦੇ ਹਾਂ ਤੇ ਹੇਠਲੀਆਂ ਉਤਲੀਆਂ ਸਰਕਾਰਾਂ ਦੀ ਚੱਲ ਰਹੀ ਕੁੱਕੜ ਖੇਡ ਬਾਰੇ ਲੋਕ ਜਾਣੂ ਹੋ ਸਕਣ। ਕਵਿੱਤਰੀ ਤੇ ਕਹਾਣੀਕਾਰਾ ਜਸਬੀਰ ਮਾਨ ਨੇ ਕਿਹਾ ਕਿ ਪਰਮਿੰਦਰ ਜਿਵੇਂ ਦੀ ਅਸਲ ਵਿੱਚ ਕਾਰਜ਼ਸ਼ੀਲ ਔਰਤ ਹੈ, ਉਸੇ ਤਰ੍ਹਾਂ ਦੀ ਉਹਦੀ ਕਹਾਣੀ, ਕਵਿਤਾ, ਵਾਰਤਕ ਤੇ ਨਾਟਕ ਹੈ। ਉਹ ਆਪਣੀਆਂ ਲਿਖਤਾਂ ਜਿਹੀ ਹੀ ਬਾਹਰੋਂ ਅੰਦਰੋਂ ਇੱਕੋ ਜਿਹੀ ਜ਼ਿੰਦਗੀ ਜਿਊਂਦੀ ਹੈ।
ਉੱਘੇ ਵਿਦਵਾਨ ਡਾ. ਰਘਬੀਰ ਸਿੰਘ ਨੇ ਕਿਹਾ ਕਿ ਮੈਂ ਯਕੀਨ ਕਰਦਾ ਸੀ ਕਿ ਪਰਮਿੰਦਰ ਆਪਣੀ ਖੱਬੇਪੱਖੀ ਵਿਚਾਰਧਾਰਕ ਸੋਚ ਕਰਕੇ ਵਧੀਆ, ਵਾਰਤਕ, ਕਹਾਣੀ ਤੇ ਨਾਟਕ ਤਾਂ ਲਿਖ ਸਕਦੀ ਹੈ ਪਰ ਕਵਿਤਾ ਬਾਰੇ ਇਸ ਕਿਤਾਬ ਨੇ ਸ਼ੱਕ ਦੂਰ ਕਰ ਦਿੱਤਾ ਕਿ ਉਸ ਨੇ ਕਵਿਤਾ ਵੀ ਵਧੀਆ ਕਹਿਣ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਤਿੰਨ ਕਵਿਤਾਵਾਂ ਸਵੈ ਦੀ ਸ਼ਨਾਖ਼ਤ, ਦੋਸਤੀ ਦੇ ਨਾਂ ਤੇ ਕਿੰਨੀ ਕੁ ਔਰਤ ਨੂੰ ਸੰਖੇਪ ਵਿੱਚ ਇਹਨਾਂ ਵਿੱਚ ਵਰਤੇ ਜਾਣ ਵਾਲੇ ਪ੍ਰਤੀਕਾਂ, ਬਿੴਬਾਂ, ਤਸ਼ਬੀਹਾਂ ਬਾਰੇ ਦੱਸਿਆ। ਕਵਿਤਾ ਸਵੈ ਦੀ ਸ਼ਨਾਖ਼ਤ ਦੀ ਕਹਾਣੀ ਨਾਟਕੀ ਰੂਪ ਵਿੱਚ ਚਲਦੀ ਹੈ ਜੋ ਸਭ ਨੂੰ ਪ੍ਰਭਾਵਤ ਕਰਦੀ ਹੈ। ਕਵਿੱਤਰੀ ਬਖ਼ਸ਼ ਸੰਘਾ ਨੇ ਕਿਹਾ ਕਿ ਪਰਮਿੰਦਰ ਨੇ ਆਪਣੀਆਂ ਲਿਖਤਾਂ ਵਿੱਚ ਆਪਣੀ ਵਿਚਾਰਧਾਰਕ ਸੋਚ ਨੂੰ ਬਰਕਰਾਰ ਰੱਖਦੇ ਹੋਏ ਸਮਾਜ ਪ੍ਰਤੀ ਨਜ਼ਰੀਏ ਤੇ ਅਤੇ ਖਿਆਲਾਂ ਨੂੰ ਲੋਕਾਂ ਦੀ ਸਾਦੀ ਤੇ ਪੇਂਡੂ ਬੋਲੀ ਵਿੱਚ ਉਹਨਾਂ ਦੀ ਬਾਂਹ ਫੜ੍ਹਨ ਦੀ ਕੋਸ਼ਿਸ਼ ਕੀਤੀ ਹੈ। ਰੰਗਕਰਮੀ ਡਾ. ਸਾਹਿਬ ਸਿੰਘ ਨੇ ਇਸ ਕਿਤਾਬ ਨੂੰ ਇਤਿਹਾਸਕ ਦਸਤਾਵੇਜ਼ ਕਿਹਾ। ‘ਦੋਸਤੀ ਦੇ ਨਾਂ’ ਕਵਿਤਾ ਨੂੰ ਉਨ੍ਹਾਂ ਨੇ ਸਭ ਚੰਗੀਆਂ ਦੋਸਤੀਆਂ ਦੇ ਕਿਰਦਾਰਾਂ ਨੂੰ ਅਸਲ ਦੋਸਤੀ ਦੇ ਅਜਿਹੇ ਗੁਣਾਂ ਵਿੱਚ ਹੋਣਾ ਚਾਹੀਦਾ ਹੈ, ਕਿਹਾ। ਡਾ. ਸਾਧੂ ਸਿੰਘ ਨੇ ਕਿਹਾ, “ਆਮ ਬੰਦਾ ਰੋਟੀ ਰੋਜ਼ੀ ਦੀ ਲੜਾਈ ਵਿੱਚ ਉਲਝ ਕੇ ਰਹਿ ਜਾਂਦਾ ਹੈ। ਸੱਚੀ ਗੱਲ ਚਿਹ ਹ ੈਕਿ ਦੁਨੀਆਂ ਵਿੱਚ ਬਿਹਤਰ ਇਨਸਾਨ ਉਹੀ ਹੁੰਦੇ ਹਨ ਜਿਹੜੇ ਅਨਿਆਂਇ ਦੇ ਖਿਲਾਫ਼ ਬੋਲਦੇ ਹਨ ਪਰਮਿੰਦਰ ਸਵੈਚ ਉਹਨਾਂ ਬਹੁਤ ਥੋੜ੍ਹੇ ਗਿਣਤੀ ਵਾਲੇ ਬੰਦਿਆਂ ਵਿੱਚੋ ਂਇੱਕ ਹੈ। ਇਹਨਾਂ ਦੀਆਂ ਨਜ਼ਮਾਂ ਵੀ ਸਮਾਜਿਕ, ਰਾਜਨੀਤਕ ਨਾ ਬਰਾਬਰੀ ਦੇ ਖਿਲਾਫ਼ ਅਵਾਜ਼ ਉੱਚੀ ਕਰਦੀਆਂ ਹਨ।” ਉਹਨਾਂ ਨੇ ਕਿਤਾਬ ਦੀਆਂ ਕੁੱਝ ਗਲਤੀਆਂ ਬਾਰੇ ਵੀ ਜਾਣੂ ਕਰਵਾਇਆ ਅਤੇ ਨਸੀਹਤ ਵੀ ਕੀਤੀ ਕਿ ਅੱਗੇ ਤੋਂ ਅਜਿਹੀਆਂ ਗੱਲਾਂ ਦਾ ਧਿਆਨ ਰੱਖਿਆ ਜਾਵੇ। ਸਿਆਟਲ ਤੋਂ ਪਹੁੰਚੇ ਕਵੀ ਬਲਿਹਾਰ ਲੇਹਲ ਨੇ ਪਰਮਿੰਦਰ ਸਵੈਚ ਨੂੰ ਪੁਸਤਕ ਲੋਕ ਅਰਪਣ ‘ਤੇ ਵਧਾਈਆਂ ਦਿੱਤੀਆਂ।
ਇਹਨਾਂ ਤੋਂ ਇਲਾਵਾ ਇਸ ਪ੍ਰੋਗਰਾਮ ਵਿੱਚ ਉਚੇਚੇ ਤੌਰ ਤੇ ਵਿੱਨੀਪੈੱਗ ਤੋਂ ਡਾ. ਜਸਵਿੰਦਰ ਸਿੰਘ, ਨਾਵਲਕਾਰ ਜਰਨੈਲ ਸੇਖਾ, ਲੇਖਕ ਮੋਹਣ ਗਿੱਲ, ਪੱਤਰਕਾਰ ਡਾ. ਪਿਥੀਪਾਲ ਸੋਹੀ, ਡਾ. ਬਲਦੇਵ ਖਹਿਰਾ, ਸੁਖਵੰਤ ਹੁੰਦਲ, ਅਜਮੇਰ ਰੋਡੇ, ਸਾਬਕਾ ਲੈਕਚਰਾਰ ਹਰਿੰਦਰਜੀਤ ਸਿੰਘ, ਲੇਖਕ ਅਮਰਜੀਤ ਚਾਹਲ, ਕ੍ਰਿਸ਼ਨ ਭਨੋਟ, ਰਾਜਵੰਤ ਰਾਜ, ਪ੍ਰੀਤ ਮਨਪ੍ਰੀਤ, ਹਰਦਮ ਮਾਨ, ਨਿਰਮਲ ਕਿੰਗਰਾ, ਦਵਿੰਦਰ ਬਚਰਾ, ਪ੍ਰੀਤ ਅਟਵਾਲ ਪੂਨੀ, ਬਲਵੀਰ ਢਿੱਲੋਂ, ਬਿੰਦੂ ਮਠਾੜੂ, ਰੰਗਕਰਮੀ ਨਰਿੰਦਰ ਮੰਗੂਵਾਲ ਤੇ ਕੇ. ਪੀ. ਸਿੰਘ, ਨਾਵਲਕਾਰ ਹਰਕੀਰਤ ਚਾਹਲ, ਸਤਵੰਤ ਪੰਧੇਰ, ਦੇਸ਼ ਪਰਦੇਸ ਅਖ਼ਬਾਰ ਦੇ ਸੰਪਾਦਕ ਸੁਖਵਿੰਦਰ ਸਿੰਘ ਚੋਹਲਾ, ਮੱਖਣ ਗਿੱਲ, ਇੰਦਰਜੀਤ ਧਾਲੀਵਾਲ, ਡਾ. ਸ਼ਾਨੀ ਸਿੱਧੂ. ਡਿਫੈਂਸ ਕਮੇਟੀ ਦੇ ਪ੍ਰਧਾਨ ਇਕਬਾਲ ਪੁਰੇਵਾਲ, ਸੰਤੋਖ ਢੇਸੀ, ਸੁਰਿੰਦਰ ਮੰਗੂਵਾਲ, ਕੁਲਵੀਰ ਮੰਗੂਵਾਲ ਤੇ ਆਰਤੀ ਮੰਗੂਵਾਲ ਦਾ ਸਾਰਾ ਪਰਿਵਾਰ, ਸ਼ਹਿਨਾਜ਼ ਦੀਦੀ ਤੇ ਉਹਨਾਂ ਦੀਆਂ ਸਾਥਣਾਂ, ਪਰਿਵਾਰਕ ਦੋਸਤ, ਰਿਸ਼ਤੇਦਾਰ ਆਦਿ ਪਹੁੰਚੇ ਸਨ। ਇਸ ਪ੍ਰੋਗਰਾਮ ਦੀ ਖਾਸ ਗੱਲ ਕਿ 20-25 ਨੌਜਵਾਨ ਵੀ ਪਹੁੰਚੇ ਹੋਏ ਸਨ।ਅੰਤ ਵਿੱਚ ਪਰਮਿੰਦਰ ਸਵੈਚ ਨੇ ਪ੍ਰਧਾਨਗੀ ਮੰਡਲ ਤੇ ਕਿਤਾਬ ਦੀ ਪਰੂਫ਼ ਰੀਡਿੰਗ, ਛਪਵਾਉਣ ਤੇ ਸਮਾਗਮ ਵਿੱਚ ਹਾਜ਼ਰ ਲੋਕਾਂ ਦਾ ਧੰਨਵਾਦ ਕੀਤਾ।