Headlines

ਇੰਟਰਨੈਸ਼ਨਲ ਸਟੂਡੈਂਟਸ ਯੂਨੀਅਨ ਵਲੋਂ ਸਿਟੀ ਹਾਲ ਸਰੀ ਵਿਚ ਸ਼ਾਨਦਾਰ ਐਵਾਰਡ ਵੰਡ ਸਮਾਰੋਹ

ਸਰੀ ( ਹਰਦਮ ਮਾਨ, ਦੇ ਪ੍ਰ ਬਿ)- ਬੀਤੇ ਐਤਵਾਰ ਇੰਟਰਨੈਸ਼ਨਲ ਸਟੂਡੈਂਟ ਯੂਨੀਅਨ ਵਲੋਂ ਇੰਟਰ ਕਾਲਜ ਸਪੋਰਟਸ ਮੀਟ 2024 ਦੇ ਜੇਤੂ ਖਿਡਾਰੀਆਂ ਤੇ ਟੀਮਾਂ ਨੂੰ ਸਨਮਾਨਿਤ ਕਰਨ ਲਈ ਇਕ ਵਿਸ਼ੇਸ਼ ਐਵਾਰਡ ਵੰਡ ਸਮਾਰੋਹ ਸਰੀ ਸਿਟੀ ਹਾਲ ਵਿਖੇ ਆਯੋਜਿਤ ਕੀਤਾ ਗਿਆ। ਇਸ ਮੌਕੇ ਸਰੀ ਮੇਅਰ ਬਰੈਂਡਾ ਲੌਕ, ਬੀਸੀ ਟਰੇਡ ਮਨਿਸਟਰ ਜਗਰੂਪ ਸਿੰਘ ਬਰਾੜ, ਪਿਕਸ ਦੇ ਸੀਈਓ ਸਤਬੀਰ ਸਿੰਘ ਚੀਮਾ, ਮੀਡੀਆ ਡਾਇਰੈਕਟਰ ਪ੍ਰਭਜੋਤ ਕਾਹਲੋਂ, ਬਾਈਲਾਅ ਆਫੀਸਰ ਗੈਰੀ ਸਿੰਘ, ਬੀ ਸੀ ਯੁਨਾਈਟਡ ਦੇ ਮੀਡੀਆ ਡਾਇਰੈਕਟਰ ਨੈਵ ਚਾਹਲ,  ਐਡਵੋਕੇਟ ਨਈਆ ਗਿੱਲ, ਦੇਸ ਪ੍ਰਦੇਸ਼ ਟਾਈਮਜ ਦੇ ਮੁੱਖ ਸੰਪਾਦਕ ਸੁਖਵਿੰਦਰ ਸਿੰਘ ਚੋਹਲਾ, ਬੀ ਸੀ ਕੰਸਰਵੇਟਿਵ ਉਮੀਦਵਾਰ ਤੇਗਜੋਤ ਬੱਲ, ਜੋਡੀ ਤੂਰ, ਮਨਦੀਪ ਧਾਲੀਵਾਲ, ਬੀ ਸੀ ਯੁਨਾਈਟਡ ਦੇ ਅੰਮ੍ਰਿਤਪਾਲ ਸਿੰਘ ਢੋਟ, ਰੇਡੀਓ ਹੋਸਟ ਹਰਜੀਤ ਸਿੰਘ ਗਿੱਲ,ਕਮਿਊਨਿਟੀ ਐਂਡ ਮੀਡੀਆ ਰਿਲੇਸ਼ਨ ਦੇ ਡਾਇਰੈਕਟਰ ਹਾਰੁਨ ਗ਼ੱਫ਼ਾਰ, ਉਘੇ ਕਵੀ ਤੇ ਪੱਤਰਕਾਰ ਹਰਦਮ ਸਿੰਘ ਮਾਨ ਤੇ ਹੋਰ ਕਈ ਸ਼ਖਸੀਅਤਾਂ ਨੇ ਸ਼ਮੂਲੀਅਤ ਕੀਤੀ ਤੇ ਕੌਮਾਂਤਰੀ ਸਟੂਡੈਂਟਸ ਵਲੋਂ ਸਿੱਖਿਆ ਤੇ ਪੜਾਈ ਦੇ ਖੇਤਰ ਵਿਚ ਬੁਲੰਦੀਆਂ ਲਈ ਸ਼ੁਭ ਕਾਮਨਾਵਾਂ ਦਿੰਦਿਆਂ ਸਫਲ ਸਪੋਰਟਸ ਈਵੈਂਟ ਕਰਵਾਉਣ ਲਈ ਵਧਾਈਆਂ ਦਿੱਤੀਆਂ। ਇਨ੍ਹਾਂ ਆਗੂਆਂ ਨੇ ਇੰਟਰਨੈਸ਼ਨਲ ਸਟੂਡੈਂਟ ਯੂਨੀਅਨ ਦੇ ਇਸ ਜਸ਼ਨ ਦੀ ਭਰਪੂਰ ਪ੍ਰਸੰਸਾ ਕਰਦਿਆਂ ਕਿਹਾ ਕਿ ਖੇਡਾਂ ਸਾਡੀ ਜ਼ਿੰਦਗੀ ਵਿਚ ਬੜਾ ਅਹਿਮ ਰੋਲ ਅਦਾ ਕਰਦੀਆਂ ਹਨ। ਖੇਡਾਂ ਸਾਨੂੰ ਸਫਲ ਹੋਣ ਦਾ ਰਾਹ ਦਰਸਾਉਂਦੀਆਂ ਹਨ। ਇਕ ਚੰਗਾ ਖਿਡਾਰੀ ਜ਼ਿੰਦਗੀ ਦੇ ਹਰ ਖੇਤਰ ਵਿਚ ਕਾਮਯਾਬੀ ਹਾਸਲ ਕਰ ਸਕਦਾ ਹੈ। ਬੁਲਾਰਿਆਂ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਕਿਹਾ ਕਿ ਤੁਸੀਂ ਦੁਨੀਆਂ ਦੇ ਇਕ ਬਿਹਤਰ ਦੇਸ਼ ਵਿਚ ਆਏ ਹੋ। ਇਹ ਦੇਸ਼ ਆਪਣੇ ਸਿਸਟਮ ਤੇ ਈਮਾਨਦਾਰੀ ਨਾਲ ਸਫਲ ਹੋਣ ਲਈ ਤੁਹਾਨੂੰ ਅਨੇਕਾਂ ਮੌਕੇ ਪ੍ਰਦਾਨ ਕਰਦਾ ਹੈ।ਇਸ ਮੌਕੇ ਆਈ ਐਸ ਯੂ ਦੇ ਪ੍ਰਧਾਨ ਜਸ਼ਨਦੀਪ ਸਿੰਘ ਸੰਧੂ ਤੇ ਸਹਿਯੋਗੀ ਜੋਗਰਾਜ ਸਿੰਘ ਕਾਹਲੋਂ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ।

ਇਸ ਮੌਕੇ ਸਪੋਰਟਸ ਮੀਟ ਵਿਚ ਜੇਤੂ ਰਹੇ ਖਿਡਾਰੀਆਂ ਅਤੇ ਵੱਖ ਵੱਖ ਟੀਮਾਂ ਜਿਹਨਾਂ ਵਿਚ ਕ੍ਰਿਕਟ, ਫੁੱਟਬਾਲ, ਰੱਸਾਕਸ਼ੀ ਤੇ ਹੋਰ ਅਥਲੈਟਿਕਸ ਗੇਮਾਂ ਸ਼ਾਮਿਲ ਹਨ, ਨੂੰ ਮੈਡਲਾਂ ਤੇ ਤੋਹਫਿਆਂ ਨਾਲ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ‘ਕਵਾਂਟਲਿਨ ਪੌਲੀਟੈਕਨਿਕ ਯੂਨੀਵਰਸਿਟੀ’ ਨੂੰ ਓਵਰਆਲ ਟਰਾਫੀ ਪ੍ਰਦਾਨ ਕੀਤੀ ਗਈ। ਇਸ ਯੂਨੀਵਰਸਿਟੀ ਦੇ ਖਿਡਾਰੀਆਂ ਨੇ ਇਹਨਾਂ ਖੇਡਾਂ ਵਿੱਚ 11 ਗੋਲਡ ਮੈਡਲ, 13 ਸਿਲਵਰ ਮੈਡਲ ਅਤੇ 9 ਕਾਂਸੀ ਦੇ ਮੈਡਲ ਪ੍ਰਾਪਤ ਕੀਤੇ। ਓਵਰਆਲ ਟਰਾਫੀ ਦੇ ਦੂਜੇ ਸਥਾਨ ‘ਤੇ ਰਹੇ ‘ਐਕਸਲ ਕੈਰੀਅਰ ਕਾਲਜ’ ਦੇ ਖਿਡਾਰੀਆਂ ਨੇ ਇਹਨਾਂ ਖੇਡਾਂ ਵਿੱਚ ਸੋਨੇ ਦੇ 7, ਚਾਂਦੀ ਦੇ 2 ਅਤੇ ਕਾਂਸੀ ਦੇ 2 ਤਮਗੇ ਹਾਸਲ ਕੀਤੇ। ਤੀਜੇ ਸਥਾਨ ‘ਤੇ ਜੇਤੂ ਰਹੇ ‘ਵੈਸਟਰਨ ਕਮਿਊਨਿਟੀ ਕਾਲਜ’ ਦੇ ਖਿਡਾਰੀਆਂ ਨੇ ਇਹਨਾਂ ਖੇਡਾਂ ਵਿੱਚ 8 ਗੋਲਡ ਮੈਡਲ ਅਤੇ ਇੱਕ ਸਿਲਵਰ ਮੈਡਲ ਜਿੱਤਿਆ।

ਇੰਟਰਨੈਸ਼ਨਲ ਸਟੂਡੈਂਟਸ ਯੂਨੀਅਨ ਦੇ ਪ੍ਰਧਾਨ ਜਸ਼ਨਪ੍ਰੀਤ ਸਿੰਘ ਨੇ ਦੱਸਿਆ ਕਿ ਇੰਟਰ-ਕਾਲਜ ਸਪੋਰਟਸ ਮੀਟ 2024 ਵਿੱਚ 15 ਕਾਲਜਾਂ ਦੇ ਕੁੱਲ 847 ਖਿਡਾਰੀਆਂ ਨੇ ਹਿੱਸਾ ਲਿਆ ਸੀ। 12 ਵੱਖ-ਵੱਖ ਖੇਡ ਮੁਕਾਬਲਿਆਂ ਵਿੱਚ 104 ਖਿਡਾਰੀ ਜੇਤੂ ਰਹੇ ਸਨ।

ਇਸ ਮੌਕੇ ਸਟੂਡੈਂਟਸ ਦੀ ਭੰਗੜਾ ਟੀਮ ਨੇ ਸ਼ਾਨਦਾਰ ਭੰਗੜੇ ਦੀ ਪੇਸ਼ਕਾਰੀ ਕੀਤੀ। ਉਘੇ ਹਾਸਰਸ ਕਲਾਕਾਰ ਹਰਮੀਤ ਕੋਹਲੀ ਨੇ ਮੰਚ ਉਪਰ ਆਪਣਾ ਇਕ ਰੰਗ ਬੰਨਿਆਂ। ਕੈਬਰੇ ਡਾਂਸ ਦੀ ਆਈਟਮ ਨੇ ਸਭਿਆਚਾਰਕ ਵਟਾਂਦਰੇ ਦਾ ਅਨੁਭਵ ਸਾਂਝਾ ਕੀਤਾ। ਮੰਚ ਸੰਚਾਲਨ ਦੀ ਜਿੰਮੇਵਾਰੀ ਸਟੂਡੈਂਸ ਲੜਕੀਆਂ ਵਲੋਂ ਬਹੁਤ ਹੀ ਖੂਬਸੂਰਤ ਤੇ ਦਮਦਾਰ ਢੰਗ ਨਾਲ ਕੀਤਾ ਗਿਆ। ਆਈ ਐਸ ਯੂ ਵਲੋਂ ਸ਼ਾਨਦਾਰ ਡਿਨਰ ਦਿੱਤਾ ਗਿਆ ਜਿਸਦਾ ਆਏ ਮਹਿਮਾਨਾਂ ਤੇ ਵਿਦਿਆਰਥੀਆਂ ਨੇ ਮਿਲਕੇ ਆਨੰਦ ਮਾਣਿਆ। ਜਿ਼ਕਰਯੋਗ ਹੈ ਕਿ ਸਿਟੀ ਹਾਲ ਵਿਚ ਕੌਮਾਂਤਰੀ ਸਟੂਡੈਂਟਸ ਵਲੋਂ ਕਰਵਾਇਆ ਗਿਆ ਇਹ ਪਹਿਲਾ ਸਮਾਗਮ ਸੀ ਜੋ ਉਹਨਾਂ ਦੀਆਂ ਪ੍ਰਾਪਤੀਆਂ ਅਤੇ ਸ਼ਾਨਦਾਰ ਭਵਿੱਖ ਦਾ ਗਵਾਹ ਬਣਦਾ ਹੋਇਆ ਅਭੁਲ ਯਾਦਾਂ ਵਿਚ ਸ਼ਾਮਿਲ ਹੋ ਗਿਆ।