ਡਾ. ਗੁਰਵਿੰਦਰ ਸਿੰਘ——
ਮਨੁੱਖੀ ਹੱਕਾਂ ਅਤੇ ਸਿੱਖੀ ਸਿਧਾਂਤਾਂ ਦੇ ਪਹਿਰੇਦਾਰ ਪੱਤਰਕਾਰ ਸ. ਜਸਪਾਲ ਸਿੰਘ ਹੇਰਾਂ, 67 ਸਾਲ ਦੀ ਉਮਰ ਵਿੱਚ ਚੜਾਈ ਕਰ ਗਏ ਹਨ। ਉਹਨਾਂ ਦਾ ਬੇਵਕਤ ਵਿਛੋੜਾ ਪੰਜਾਬੀ ਪੱਤਰਕਾਰੀ ਅਤੇ ਪੰਥਕ ਹਲਕਿਆਂ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ। ਪੰਜਾਬ ਤੋਂ ਰਿਸ਼ਪਦੀਪ ਸਿੰਘ ਸਪੁੱਤਰ ਸਰਦਾਰ ਜਸਪਾਲ ਸਿੰਘ ਹੇਰਾਂ ਨੇ ਦੱਸਿਆ ਕਿ ਉਹਨਾਂ ਦੇ ਪਿਤਾ ਜੀ ਨੇ ਪੰਜਾਬ ਦੇ ਸਮੇਂ ਅਨੁਸਾਰ 18 ਜੁਲਾਈ ਦਿਨ ਵੀਰਵਾਰ (ਕੈਨੇਡਾ ਦੀ 17 ਜੁਲਾਈ ਬੁੱਧਵਾਰ ਦੀ ਰਾਤ) ਨੂੰ ਸਵੇਰੇ 11 ਵਜੇ ਦੇ ਕਰੀਬ ਆਖਰੀ ਸਵਾਸ ਲਏ। ‘ਪਹਿਰੇਦਾਰ’ ਅਖਬਾਰ ਦੇ ਬਾਨੀ ਅਤੇ ਸੰਪਾਦਕ ਜਸਪਾਲ ਸਿੰਘ ਹੇਰਾਂ ਦਿਮਾਗ ਦੇ ਪਿਛਲੇ ਹਿੱਸੇ ਦੇ ਨੁਕਸਾਨ ਅਤੇ ਲਿਵਰ ਦੇ 70 ਫੀਸਦੀ ਤੋਂ ਵੱਧ ਖਰਾਬ ਹੋਣ ਸਮੇਤ, ਗੰਭੀਰ ਸਰੀਰਕ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਸਨ। ਉਹ ਪਿਛਲੇ ਕੁਝ ਹਫਤਿਆਂ ਤੋਂ ਜ਼ੇਰੇ ਇਲਾਜ ਸਨ ਅਤੇ ਮੈਕਸ ਹਸਪਤਾਲ ਮੋਹਾਲੀ ਵਿਖੇ ਸਨ। ਪੰਥ ਦਾ ਦਰਦ ਲਿਖਣ ਵਾਲੀ ਕਲਮ ਦੇ ਮਾਲਕ ਸ. ਜਸਪਾਲ ਸਿੰਘ ਹੇਰਾਂ ਮੋਹਾਲੀ ਹਸਪਤਾਲ ਵਿੱਚ ਦਾਖਲ ਕਰਵਾਏ ਸਨ। ਸ. ਹੇਰਾਂ ਦੀ ਹਾਲਤ ਬਹੁਤ ਹੀ ਨਾਜ਼ੁਕ ਬਣੀ ਹੋਈ ਸੀ। ਦਰਅਸਲ ਸੰਨ 2020 ਵਿੱਚ ਸ. ਜਸਪਾਲ ਸਿੰਘ ਹੇਰਾਂ ਦੀ ਬਾਈਪਾਸ ਸਰਜਰੀ ਤੋਂ ਮਗਰੋਂ ਉਹਨਾਂ ਦੀ ਸਿਹਤ ਸਮੇਂ-ਸਮੇਂ ਵਿਗੜਦੀ ਰਹੀ। ਜਸਪਾਲ ਸਿੰਘ ਹੇਰਾਂ ਦੇ ਤੰਦਰੁਸਤ ਨਾ ਹੋਣ ਕਾਰਨ ਅਦਾਰਾ ਪਹਿਰੇਦਾਰ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਪਰ ਹਰ ਚੁਣੌਤੀ ਦੇ ਬਾਵਜੂਦ ਉਹਨਾਂ ਨੇ ਅਖਬਾਰ ‘ਪਹਿਰੇਦਾਰ’ ਨੂੰ ਹਕੂਮਤ ਦੀ ਅਧੀਨਗੀ ਤੋਂ ਤੋਂ ਬਚਾ ਕੇ ਚੜਦੀ ਕਲਾ ਵਿੱਚ ਰੱਖਿਆ। ਪਿਛਲੇ ਕੁਝ ਵਰਿਆਂ ਤੋਂ ਇਸ ਦਾ ਕੰਮ-ਕਾਜ ਉਹਨਾਂ ਦੇ ਸਪੁੱਤਰ ਰੀਸ਼ਵਦੀਪ ਸਿੰਘ ਦੇਖ ਰਹੇ ਹਨ। ਸ. ਜਸਪਾਲ ਸਿੰਘ ਆਪਣੇ ਪਿੱਛੇ ਆਪਣੇ ਇਕਲੌਤੇ ਸਪੁੱਤਰ ਅਤੇ ਧਰਮ ਪਤਨੀ ਸਮੇਤ, ਲੱਖਾਂ ਪਾਠਕਾਂ ਨੂੰ ਵਿਛੋੜਾ ਦੇ ਗਏ ਹਨ। ਉਹਨਾਂ ਲਈ ਪੰਥ ਦਰਦੀਆਂ ਅਤੇ ਪਹਿਰੇਦਾਰ ਨਾਲ ਪਿਆਰ ਰੱਖਣ ਵਾਲੇ ਸਨੇਹੀਆਂ ਨੇ, ਤਨੋਂ ਮਨੋਂ ਧਨੋਂ ਸਹਿਯੋਗ ਦਿੱਤਾ ਅਤੇ ਤੰਦਰੁਸਤੀ ਲਈ ਅਰਦਾਸਾਂ ਕੀਤੀਆਂ, ਪਰ ਹਾਲਤ ਜ਼ਿਆਦਾ ਨਾਜ਼ੁਕ ਹੋਣ ਕਾਰਨ ਉਹ ਠੀਕ ਨਾ ਹੋ ਸਕੇ। ਸ. ਜਸਪਾਲ ਸਿੰਘ ਹੇਰਾਂ ਦਾ ਸਸਕਾਰ 19 ਜੁਲਾਈ, ਸ਼ੁਕਰਵਾਰ ਨੂੰ ਸਵੇਰੇ 11 ਵਜੇ ਜਗਰਾਓਂ, ਜ਼ਿਲਾ ਲੁਧਿਆਣਾ ਵਿਖੇ ਕੀਤਾ ਜਾਵੇਗਾ।
ਸਿੱਖ ਪੰਥ ਦਾ ਦਰਦ ਜਸਪਾਲ ਸਿੰਘ ਹੇਰਾਂ ਦੇ ਰੋਮ-ਰੋਮ ਵਿੱਚ ਵਸਿਆ ਹੋਇਆ ਸੀ। ਸੰਨ 2000 ‘ਚ ‘ਪਹਿਰੇਦਾਰ’ ਅਖਬਾਰ ਦੀ ਸ਼ੁਰੂਆਤ ਹੀ ਸ. ਜਸਪਾਲ ਸਿੰਘ ਹੇਰਾਂ ਨੇ ਇਸ ਕਰਕੇ ਕੀਤੀ ਸੀ ਕਿ ਇਹ ”ਅਖਬਾਰ ਨਹੀਂ, ਮਿਸ਼ਨ” ਹੈ। ਸਿੱਖੀ ਸਿਧਾਂਤਾਂ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਨ ਫਲਸਫੇ ਨੂੰ ਸੰਸਾਰ ਭਰ ਵਿੱਚ ਪ੍ਰਸਾਰਨ ਅਤੇ ਮਨੁੱਖੀ ਅਧਿਕਾਰਾਂ ਤੇ ਪਹਿਰਾ ਦੇਣ ਲਈ, ਉਹਨਾਂ ਇਹ ਅਖਬਾਰ ਸ਼ੁਰੂ ਕੀਤਾ। ਇਸ ਦੌਰਾਨ ‘ਅਖੌਤੀ ਪੰਥਕ’ ਬਾਦਲ ਸਰਕਾਰ ਤੇ ਸਿੱਖਾਂ ਦਾ ਦੁਸ਼ਮਣ ਕਾਂਗਰਸ ਸਰਕਾਰ ਉਹਨਾਂ ‘ਤੇ ਤਸ਼ੱਦਦ ਕਰਦੀਆਂ ਰਹੀਆਂ, ਪਰ ‘ਪਹਿਰੇਦਾਰ’ ਅਖਬਾਰ ਨੇ ਕਦੇ ਵੀ ਸਿੱਖੀ ਸਿਧਾਂਤਾਂ ਦੇ ਮਸਲੇ ਤੇ ਸਮਝੌਤਾ ਨਹੀਂ ਕੀਤਾ। ਹੇਰਾਂ ਸਾਹਿਬ ਦਾ ਕਹਿਣਾ ਸੀ ਕਿ ‘ਪਹਿਰੇਦਾਰ’ ਅਖਬਾਰ ਨਾ ਵਿਕਿਆ ਅਤੇ ਨਾ ਹੀ ਝੁਕਿਆ। ਸੰਨ 2015 ਵਿੱਚ ਬੰਦੀ ਸਿੰਘਾਂ ਦੀ ਰਿਹਾਈ ਲਈ ਭਾਈ ਸੂਰਤ ਸਿੰਘ ਦੇ ਭੁੱਖ ਹੜਤਾਲ ਦੇ ਮਾਮਲੇ ਵਿੱਚ ਜਸਪਾਲ ਸਿੰਘ ਹੇਰਾਂ ਨੂੰ ਬਾਦਲ ਸਰਕਾਰ ਵੱਲੋਂ ਗ੍ਰਿਫਤਾਰ ਕੀਤਾ ਗਿਆ।
ਸਥਾਪਤੀ ਨਾਲ ਟੱਕਰ ਲੈਣ ਵਾਲੇ, ਮਨੁੱਖੀ ਹੱਕਾਂ ਦੇ ਰਾਖੇ ਅਤੇ ਸਿੱਖੀ ਸਿਧਾਂਤਾਂ ਤੇ ਪਹਿਰਾ ਦੇਣ ਵਾਲੇ ‘ਪਹਿਰੇਦਾਰ’ ਅਖਬਾਰ ਦੇ ਬਾਨੀ ਸੰਪਾਦਕ ਜਸਪਾਲ ਸਿੰਘ ਹੇਰਾਂ ਦਾ ਵਿਛੋੜਾ ਸਿੱਖ ਪੰਥ ਸਮੇਤ ਮਨੁੱਖੀ ਹੱਕਾਂ ਨੂੰ ਸਮਰਪਿਤ ਜਥੇਬੰਦੀਆਂ ਲਈ ਅਸਹਿ ਹੈ। ਸਭ ਤੋਂ ਵੱਡੀ ਲੋੜ ਪਹਿਰੇਦਾਰ ਅਖਬਾਰ ਨੂੰ ਸੰਭਾਲਣ ਅਤੇ ਸਹਿਯੋਗ ਦੇਣ ਦੀ ਹੈ, ਤਾਂ ਕਿ ਇਹ ਮਸ਼ਾਲ ਸਦਾ ਜਗਦੀ ਰਹੇ।