ਬੀਤੀ 13 ਜੁਲਾਈ ਨੂੰ ਪੈਨਸਿਲਵੇਨੀਆ ਦੇ ਸ਼ਹਿਰ ਬਟਲਰ ਵਿਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਉਪਰ ਕਾਤਲਾਨਾ ਹਮਲੇ ਨੇ ਅਮਰੀਕਾ ਸਮੇਤ ਪੂਰੀ ਦੁਨੀਆ ਨੁੂੰ ਚੌਕਾ ਦਿੱਤਾ ਹੈ। ਭਾਵੇਂਕਿ ਇਸ ਹਮਲੇ ਦਾ ਦੋਸ਼ੀ 20 ਸਾਲਾ ਮੈਥਿਊ ਕਰੁਕਸ ਸੁਰੱਖਿਆ ਦਸਤਿਆਂ ਦੀ ਕਾਰਵਾਈ ਦੌਰਾਨ ਮਾਰਿਆ ਗਿਆ ਪਰ ਟਰੰਪ ਉਪਰ ਹਮਲੇ ਦੇ ਕਾਰਣ ਅਤੇ ਇਸ ਪਿੱਛੇ ਕਿਸੇ ਸਾਜਿਸ਼ ਬਾਰੇ ਖੁਫੀਆ ਏਜੰਸੀਆਂ ਚੁੱਪ ਹਨ। ਕਿਹਾ ਜਾ ਰਿਹਾ ਹੈ ਕਿ ਇਸ ਸਬੰਧੀ ਜਾਂਚ ਚੱਲ ਰਹੀ ਹੈ। ਸੂਚਨਾ ਹੈ ਕਿ ਇਸ ਹਮਲੇ ਤੋਂ ਪਹਿਲਾਂ ਹਮਲਾਵਰ ਨੌਜਵਾਨ ਦੇ ਪਿਤਾ ਨੇ ਪੁਲਿਸ ਨੂੰ ਫੋਨ ਕਰਕੇ ਕੋਈ ਜਾਣਕਾਰੀ ਦਿੱਤੀ ਸੀ। ਨੌਜਵਾਨ ਵਲੋਂ ਟਰੰਪ ਉਪਰ ਜਿਸ ਸੈਮੀ-ਆਟੋਮੈਟਿਕ ਗੰਨ ਨਾਲ ਗੋਲੀ ਚਲਾਈ ਗਈ, ਉਹ ਉਸਦੇ ਪਿਤਾ ਵਲੋਂ ਹੀ ਸਾਲ 2013 ਵਿਚ ਖਰੀਦੀ ਗਈ ਸੀ। ਉਸਨੇ ਇਸ ਗੰਨ ਦੇ ਨਾਲ ਨਿਸ਼ਾਨਾ ਸਾਧਣ ਲਈ ਰੇਂਜ ਫਾਈਂਡਰ ਵੀ ਪ੍ਰਾਪਤ ਕੀਤਾ ਸੀ। ਇਕ 20 ਸਾਲਾ ਨੌਜਵਾਨ ਵਲੋਂ ਸਾਬਕਾ ਰਾਸ਼ਟਰਪਤੀ ਉਪਰ ਗੋਲੀ ਚਲਾਉਣ ਦੀ ਹਿੰਸਕ ਕਾਰਵਾਈ ਦੇ ਪਿੱਛੇ ਕਿਸੇ ਵਿਰੋਧੀ ਧਿਰ ਜਾਂ ਕਿਸੇ ਬਾਹਰੀ ਮੁਲਕ ਦੀ ਕੋਈ ਸਾਜਿਸ਼ ਹੈ ਜਾਂ ਨਹੀ ਪਰ ਇਹ ਜ਼ਰੂਰ ਹੈ ਕਿ ਅਮਰੀਕਾ ਵਿਚ ਵਿਰੋਧੀ ਪਾਰਟੀ ਵਲੋਂ ਟਰੰਪ ਖਿਲਾਫ ਜੋ ਨਫਰਤੀ ਪ੍ਰਚਾਰ ਸ਼ੁਰੂ ਕੀਤਾ ਗਿਆ, ਉਸਦਾ ਪ੍ਰਭਾਵ ਨੌਜਵਾਨਾਂ ਦੇ ਮਨਾਂ ਉਪਰ ਗਹਿਰਾ ਹੈ।
ਦੁਨੀਆਂ ਭਰ ਦੇ ਰਾਜਸੀ ਆਗੂਆਂ ਨੇ ਰਾਸ਼ਟਰਪਤੀ ਡੋਨਲਡ ਟਰੰਪ ’ਤੇ ਕਾਤਲਾਨਾ ਹਮਲੇ ਦੀ ਕਰੜੀ ਆਲੋਚਨਾ ਕੀਤੀ ਹੈ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਪ੍ਰਤੀਕਿਰਿਆ ਦਿੱਤੀ ਕਿ ਇਹ ਬਿਮਾਰ ਮਾਨਸਿਕਤਾ ਦੀ ਨਿਸ਼ਾਨੀ ਹੈ, ਇਸ ਤਰ੍ਹਾਂ ਦੀ ਹਿੰਸਾ ਲਈ ਕੋਈ ਥਾਂ ਨਹੀਂ ਹੈ। ਟਰੰਪ ਦੇ ਵਿਰੋਧੀਆਂ ਨੇ ਫੌਰੀ ਹਮਲੇ ਨੂੰ ਨਿੰਦਿਆ ਅਤੇ ਰਾਸ਼ਟਰ ਨੂੰ ਇਕਜੁੱਟਤਾ ਦਾ ਸੱਦਾ ਦਿੱਤਾ ਹੈ। ਇਕ ਚੋਣ ਰੈਲੀ ਵਿੱਚ ਵਾਪਰੀ ਗੋਲੀਬਾਰੀ ਦੀ ਇਹ ਘਟਨਾ ਪਹਿਲਾਂ ਤੋਂ ਹੀ ਤਿੱਖੇ, ਅਮਰੀਕੀ ਰਾਸ਼ਟਰਪਤੀ ਚੋਣਾਂ (2024) ਦੇ ਪ੍ਰਚਾਰ ਨੂੰ ਨਫਰਤੀ ਮਾਹੌਲ ਵੱਲ ਲੈ ਗਈ ਹੈ। ਟਰੰਪ ਇਸ ਘਟਨਾ ਵਿੱਚ ਵਾਲ-ਵਾਲ ਬਚੇ ਹਨ। ਮੰਚ ’ਤੇ ਭਾਸ਼ਣ ਦੌਰਾਨ ਗੋਲੀ ਉਹਨਾਂ ਦੇ ਸੱਜ ਕੰਨ ਨੂੰ ਚੀਰਦੀ ਲੰਘ ਗਈ। ਗੋਲੀਬਾਰੀ ਤੋਂ ਬਾਅਦ ਟਰੰਪ ਵੱਲੋਂ ਮੁੱਠੀ ਬੰਦ ਕਰ ਕੇ ਹਵਾ ’ਚ ਚੁੱਕੀ ਬਾਂਹ ਦੀ ਤਸਵੀਰ ਰਾਸ਼ਟਰਪਤੀ ਚੋਣ ਪ੍ਰਚਾਰ ਮੁਹਿੰਮ ਦਾ ਫ਼ੈਸਲਾਕੁਨ ਮੋੜ ਸਾਬਿਤ ਹੋ ਸਕਦੀ ਹੈ। ਟਰੰਪ ਲੋਕਾਂ ’ਚ ਆਪਣੇ ਆਪਨੂੰ ਇਕ ਮਜ਼ਬੂਤ ਤੇ ਧੜੱਲੇਦਾਰ ਆਗੂ ਵਜੋਂ ਪੇਸ਼ ਕਰਦੇ ਹਨ ਤੇ ਹਮਲੇ ਉਪਰੰਤ ਉਹਨਾਂ ਦਾ ਇਹ ਪ੍ਰਤੀਕਰਮ ਉਹਨਾਂ ਦੇ ਸਮਰਥਕਾਂ ਨੂੰ ਪ੍ਰਭਾਵਿਤ ਕਰਨ ਦੇ ਨਾਲ ਉਹਨਾਂ ਵਿਚ ਜੋਸ਼ ਭਰਨ ਵਾਲਾ ਹੈ।
ਟਰੰਪ ਆਪਣੇ ਪਿਛਲੇ ਕਾਰਜਕਾਲ ਦੌਰਾਨ ਕਾਫੀ ਵਿਵਾਦਿਤ ਰਹੇ ਹਨ। ਉਹਨਾਂ ਖਿਲਾਫ ਕੇਸ ਵੀ ਚੱਲ ਰਹੇ ਹਨ। ਉਹ ਪਿਛਲੀਆਂ ਚੋਣਾਂ ਸਮੇਂ ਵੋਟਾਂ ਵਿਚ ਧੋੋਖਾਧੜੀ ਹੋਣ ਦੇ ਦੋਸ਼ ਸ਼ਰੇਆਮ ਲਗਾਉਂਦੇ ਰਹੇ ਹਨ। ਉਹਨਾਂ ਦੇ ਸਮਰਥਕਾਂ ਵਲੋਂ ਕੈਪੀਟਲ ਹਿੱਲ ਉਪਰ ਹਮਲਾ ਇਕ ਵੱਡੀ ਇਤਿਹਾਸਕ ਤੇ ਸ਼ਰਮਨਾਕ ਘਟਨਾ ਸੀ। ਇਕ ਵੇਸਵਾ ਵਲੋਂ ਲਗਾਏ ਦੋਸ਼ਾਂ ਉਪਰੰਤ ਉਸਦੀ ਜੁਬਾਨ ਬੰਦੀ ਲਈ ਦਿੱਤੀ ਗਈ ਰਿਸ਼ਵਤ ਮਾਮਲੇ ਵਿਚ ਉਹ ਘਿਰੇ ਹੋਏ ਹਨ। ਇਸਦੇ ਬਾਵਜੂਦ ਉਹ ਧੜੱਲੇ ਨਾਲ ਐਲਾਨ ਕਰਦੇ ਆਏ ਹਨ ਕਿ ਉਹ 2024 ਦੀਆਂ ਰਾਸ਼ਟਪਤੀ ਚੋਣਾਂ ਵਿਚ ਮੁੜ ਉਮੀਦਵਾਰ ਬਣ ਰਹੇ ਹਨ। ਉਹਨਾਂ ਦਾ ਇਹ ਦਾਅਵਾ ਸ਼ੱਕੀ ਸੀ ਪਰ ਹੁਣ ਉਪਰ ਹੋਏ ਹਮਲੇ ਦੇ 48 ਘੰਟਿਆਂ ਦੇ ਅੰਦਰ ਹੀ ਰਿਪਬਲਿਕਨ ਪਾਰਟੀ ਨੇ ਉਹਨਾਂ ਨੂੰ ਉਮੀਦਵਾਰ ਐਲਾਨ ਦਿੱਤਾ ਹੈ। ਬੀੇਤੇ ਦਿਨੀਂ ਉਹ ਮਿਲਵਾਕੀ ਵਿਚ ਰੀਪਬਲਿਕਨ ਪਾਰਟੀ ਦੀ ਕਨਵੈਨਸ਼ਨ ਦੌਰਾਨ ਕੰਨ ਉਪਰ ਪੱਟੀ ਬੰਨੀ ਮੰਚ ਉਪਰ ਹਾਜ਼ਰ ਆਏ। ਉਹਨਾਂ ਦੇ ਹਜ਼ਾਰਾਂ ਸਮਰਥਕ ਵੀ ਕੰਨ ਉਪਰ ਪੱਟੀ ਬੰਨਕੇ ਉਹਨਾਂ ਨਾਲ ਹਮਦਰਦੀ ਜ਼ਾਹਰ ਕਰਦਿਆਂ ਕਨਵੈਨਸ਼ਨ ਵਿਚ ਹਾਜ਼ਰ ਸਨ। ਸਮਝਿਆ ਜਾਂਦਾ ਹੈ ਕਿ ਰਪਬਲਿਕਨ ਪਾਰਟੀ ਉਹਨਾਂ ਉਪਰ ਕਾਤਲਾਨਾ ਹਮਲੇ ਨੂੰ ਲੈਕੇ ਲੋਕਾਂ ਵਲੋਂ ਮਿਲੀ ਹਮਦਰਦੀ ਨੂੰ ਕੈਸ਼ ਕਰਵਾਉਣ ਦੇ ਯਤਨ ਵਿਚ ਹੈ। ਉਹਨਾਂ ਉਪਰ ਹਮਲੇ ਦੀ ਨਿੰਦਾ ਦੇ ਬਾਵਜੂਦ ਕੁਝ ਲੋਕ ਇਸ ਘਟਨਾ ਨੂੰ ਇਕ ਸਿਆਸੀ ਸ਼ਰਾਰਤ ਵੀ ਕਰਾਰ ਦੇ ਰਹੇ ਹਨ। ਯੂ ਬੀ ਸੀ ਦੀ ਇਕ ਪ੍ਰੋਫੈਸਰ ਵਲੋਂ ਹਮਲੇ ਉਪਰ ਖੁਸ਼ੀ ਪ੍ਰਗਟ ਕਰਨਾ ਤੇ ਫਿਰ ਪੋਸਟ ਨੂੰ ਹਟਾ ਦੇਣਾ , ਉਤਰੀ ਅਮਰੀਕਾ ਦੇ ਵਿਦਿਅਕ ਅਦਾਰਿਆਂ ਵਿਚ ਵੀ ਇਕ ਬਹਿਸ ਦਾ ਵਿਸ਼ਾ ਬਣ ਗਿਆ ਹੈ। ਸ਼ਾਇਦ ਇਹ ਬਹਿਸ ਵੀ ਰਾਸ਼ਟਰਪਤੀ ਚੋਣ ਦੌਰਾਨ ਰਿਪਬਲਿਕਨ ਮੁਹਿੰਮ ਦਾ ਹਿੱਸਾ ਬਣ ਸਕਦੀ ਹੈ। ਟਰੰਪ ਉਪਰ ਕਾਤਲਾਨਾ ਹਮਲੇ ਨੂੰ ਭਾਵੇਂਕਿ ਅਮਰੀਕੀ ਜਮਹੂਰੀਅਤ ਵਿਚ ਵੱਡੀ ਘਟਨਾ ਵਜੋਂ ਵੇਖਿਆ ਜਾਂਦਾ ਹੈ ਪਰ ਸੱਚਾਈ ਇਹ ਵੀ ਹੈ ਕਿ ਅਮਰੀਕਾ ਵਿਚ ਕਿਸੇ ਵੱਡੇ ਆਗੂ ਉਪਰ ਕਾਤਲਾਨਾ ਹਮਲੇ ਦੀ ਇਹ ਘਟਨਾ ਕੋਈ ਨਵੀ ਨਹੀ। ਇਤਿਹਾਸ ਵਿਚ ਲਗਪਗ ਅਮਰੀਕਾ ਦੇ ਦਰਜਨ ਦੇ ਕਰੀਬ, ਰਾਸ਼ਟਰਪਤੀ, ਸਾਬਕਾ ਰਾਸ਼ਟਰਪਤੀ ਜਾਂ ਵੱਡੇ ਆਗੂ ਅਜਿਹੇ ਹਿੰਸਕਾ ਹਮਲਿਆਂ ਦਾ ਸ਼ਿਕਾਰ ਹੋ ਚੁੱਕੇ ਹਨ।
ਟਰੰਪ ਉਪਰ ਕਾਤਲਾਨਾ ਹਮਲੇ ਕਾਰਣ ਰਿਪਬਲਿਕਨ ਦੇ ਹੱਕ ਵਿਚ ਹਮਦਰਦੀ ਲਹਿਰ ਨੇ ਉਹਨਾਂ ਦੇ ਵਿਰੋਧੀਆਂ ਅਤੇ ਰਾਸ਼ਟਰਪਤੀ ਬਾਇਡਨ ਧੜੇ ਲਈ ਹਾਲਾਤ ਮੁਸ਼ਕਲ ਭਰੇ ਬਣਾ ਦਿਤੇ ਹਨ। ਰਾਸ਼ਟਰਪਤੀ ਬਾਇਡਨ ਵੱਲੋਂ ਟਰੰਪ ਨਾਲ ਕੀਤੀ ਬਹਿਸ ’ਚ ਮਾੜੀ ਕਾਰਗੁਜ਼ਾਰੀ ਤੇ ਮਗਰੋਂ ਲੜੀਵਾਰ ਕੀਤੀਆਂ ਇੱਕ ਤੋਂ ਬਾਅਦ ਇੱਕ ਗ਼ਲਤੀਆਂ ਨੇ ਡੈਮੋਕਰੈਟਿਕ ਪਾਰਟੀ ਦਾ ਪਹਿਲਾਂ ਹੀ ਕਾਫੀ ਨੁਕਸਾਨ ਕੀਤਾ ਹੈ । ਵੱਡੀ ਉਮਰ ਅਤੇ ਭੁਲਣ ਦੀ ਬੀਮਾਰੀ ਤੋਂ ਪੀੜਤ ਬਾਇਡਨ ਵੱਲੋਂ ਕਿਸੇ ਨੌਜਵਾਨ ਉਮੀਦਵਾਰ ਲਈ ਥਾਂ ਖਾਲੀ ਨਾ ਕਰਨਾ ਤੋ ਇਨਕਾਰੀ ਹੋਣਾ, ਉਸਦੇ ਲਾਲਚੀ ਤੇ ਬੇਵਕੂਫ ਹੋਣ ਦਾ ਪ੍ਰਭਾਵ ਪਾ ਰਿਹਾ ਹੈ। ਚੋਣ ਮੁਹਿੰਮ ਦੌਰਾਨ ਟਰੰਪ ਨੂੰ ਮਹਿਜ਼ ਉਸ ਦੇ ਪਿਛਲੇ ਰਿਕਾਰਡ ਤੇ ਵਿਹਾਰ ਲਈ ਨਿਸ਼ਾਨਾ ਬਣਾ ਕੇ ਵੋਟਾਂ ਮੰਗਣਾ ਡੈਮੋਕਰੇਟ ਲਈ ਲਾਹੇਵੰਦ ਨਹੀ ਹੋ ਸਕਦਾ । ਕਾਤਲਾਨਾ ਹਮਲੇ ’ਚੋਂ ਬਚ ਕੇ ਨਿਕਲੇ ਸਾਬਕਾ ਰਾਸ਼ਟਰਪਤੀ ਲਈ ਲੋਕਾਂ ਦੀ ਹਮਦਰਦੀ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਬਲਿਕ ਇਸ ਉਪਰੰਤ ਰੀਪਬਲਿਕਨ ਪਾਰਟੀ ਨੇ ਪ੍ਰਚਾਰ ਲਈ ਜੋ ਰਾਹ ਚੁਣਿਆ ਹੈ, ਉਹ ਵੀ ਮੁਲਕ ਵਿਚ ਹਿੰਸਾ ਤੇ ਨਫਰਤ ਨੂੰ ਵਧਾਉਣ ਵਾਲਾ ਹੈ। ਦੁਨੀਆ ਦੀ ਇਕ ਮਹਾਂਸ਼ਕਤੀ ਵਜੋਂ ਜਾਣੇ ਜਾਂਦੇ ਮੁਲਕ, ਜੋ ਆਪਣੇ ਜਮਹੂਰੀ ਢਾਂਚੇ ਉਪਰ ਮਾਣ ਕਰਦਿਆਂ ਦੁਨੀਆ ਦੇ ਮੁਲਕਾਂ ਨੂੰ ਜਹੂਰੀਅਤ ਦਾ ਪਾਠ ਪੜਾਉਂਦਾ ਨਹੀ ਥੱਕਦਾ, ਦੇ ਸਿਆਸੀ ਹਾਲਾਤ ਖੁਦ ਤੀਸਰੀ ਦੁਨੀਆ ਵਰਗੇ ਬਣੇ ਹੋਏ ਹਨ। ਮੁਲਕ ਦੀ ਸੱਤਾ ਉਪਰ ਕਾਬਜ਼ ਹੋਣ ਲਈ 80-80 ਸਾਲ ਦੇ ਬੁੱਢਿਆਂ ਦੀ ਝਗੜਦੀ ਹਾਉਂਮੈ ਵੀ ਸਭ ਦੇ ਸਾਹਮਣੇ ਹੈ। ਅਮਰੀਕਾ ਦੇ ਲੋਕ ਅਤੇ ਨੌਜਵਾਨ ਪੀੜੀ ਇਹਨਾਂ ਬੁੱਢੇ ਸਿਆਸਦਾਨਾਂ ਅੱਗੇ ਇਤਨੀ ਬੇਬੱਸ ਕਿਉਂ ਹੈ-ਇਹ ਵੀ ਮੁਲਕ ਦੇ ਜਮਹੂਰੀ ਢਾਂਚੇ ਉਪਰ ਵੱਡਾ ਸਵਾਲ ਹੈ।