Headlines

33ਵੀਆਂ ਉਲੰਪਿਕ ਖੇਡਾਂ ਪੈਰਿਸ-2024

ਸੰਤੋਖ ਸਿੰਘ ਮੰਡੇਰ-ਸਰੀ, ਕੈਨੇਡਾ-
‘ਉਲੰਪਿਕ ਗੇਮਜ’ ਸੰਸਾਰ ਪੱਧਰ ਉਪੱਰ ਹਰ ਚਾਰ ਸਾਲ ਬਾਅਦ ਦੁਨਿਆ ਦੇ ਪੰਜ ਮਹਾਂਦੀਪਾਂ ਦੇ ਕਿਸੇ ਨਾਮੀ ਦੇਸ਼ ਦੇ ਚੁਣੇ ਹੋਏ ਮਹਾਂਨਗਰ ਵਿਚ ਲੱਗਣ ਵਾਲਾ ਮਰਦਾਂ ਤੇ ਔਰਤਾਂ ਦਾ ਅਧੁਨਿਕ ਖੇਡ ਮੇਲਾ-ਸਮਰ ਉਲੰਪਿਕ ਗੇਮਜ ਹਨ| ਸਾਲ 2024 ਗਰਮ ਰੁੱਤ ਦੀਆਂ, 33ਵੀਆਂ ਉਲੰਪਕਿ ਗੇਮਜ 26 ਜੁਲਾਈ ਤੋ 11 ਅਗਸਤ 2024 ਤਕ 16 ਦਿਨਾਂ ਲਈ ਯੂਰਪ ਮਹਾਂਦੀਪ ਦੇ ਦੇਸ਼ ਫਰਾਂਸ ਦੀ ਰਾਜਧਾਨੀ ਪੈਰਿਸ ਵਿਖੇ ਹੋ ਰਹੀਆਂ ਹਨ, ਜਿਨ੍ਹਾਂ ਨੂੰ ‘ਪੈਰਿਸ-2024’ ਦਾ ਛੋਟਾ ਨਾਮ ਦਿਤਾ ਗਿਆ ਹੈ|| ਇਨ੍ਹਾਂ ਉਲੰਪਿਕ ਖੇਡਾਂ ਦਾ ਉਦਘਾਟਨ ਪੈਰਿਸ ਦੇ ‘ਜਾਰਡਿਨਜ ਡੂ ਟਰਾਕੇਡਰੋ’ ਯਾਨੀ ਟਰਾਕੇਡਰੋ ਦੇ ਸ਼ਾਹੀ ਮਹਿਲਾਂ ਵਾਲੇ ਬਾਗਾਂ ਦੇ ਖੁੱਲੇ ਮੈਦਾਨਾਂ ਵਿਚ ‘ਦਰਿਆ ਸੇਨ’ ਦੇ ਕੰਢੇ, ਦਿਨ ਸੁਕਰਵਾਰ 26 ਜੁਲਾਈ 2024 ਨੂੰ ਸ਼ਾਮ ਦੇ ਸੱਤ ਵਜੇ ਫਰਾਂਸ ਦੇ ਪ੍ਰਧਾਨ ਮੰਤਰੀ ਈਮੈਨੂਲ ਮੈਕਰੋਨ ਵਲੋ ਕੀਤਾ ਜਾਵੇਗਾ| ਦਰਿਆ ਸੇਨ ਫਰਾਂਸ ਦੇ ਦੋ ਦਰਿਆਵਾਂ ‘ਮਾਰਲੇ’ ਤੇ ‘ੳਸੀ’ ਦਰਿਆਵਾਂ ਦਾ ‘ਛਾਈਲੌਟ’ ਪਿੰਡ ਦੀ ਥੇਹ ਕੋਲ ਮੇਲ ਹੈ ਜਿਸ ਦਾ ਨਾਮ ਪੁਰਾਤਨ ਯੁੱਗ ਦੀ ਦੇਵੀ ਮਾਤਾ ‘ਸੀਕੂਆਨਾ’ ਤੋ ਪਿਆ ਹੈ| ਸਾਰਾ ਪੈਰਿਸ ਸ਼ਹਿਰ ਸੇਨ ਦਰਿਆ ਦੇ ਕੰਢਿਆਂ ਉਪੱਰ ਵਸਿਆ ਹੋਈਆ ਹੈ| ਫਰਾਂਸ ਦੇ ਬਾਦਸ਼ਾਹਾਂ ਦੇ ਮਹਿਲ ਇਸੇ ਜਗਾ ਉੱਚੀ ਥੇਹ ਉਪੱਰ ‘ਪੈਲਸ ਡੀ ਛਾਈਲੌਟ’ ਦੇ ਨਾਂ ਨਾਲ ਜਾਣੇ ਜਾਂਦੇ ਹਨ| ਯੂਰਪ ਵਿਚ ਸਰਬੀਆ (ਯੂਗੋਸਲਾਵੀਆ) ਦੇ ਦੋ ਦਰਿਆਵਾਂ ‘ਡੱਨੀਊਬ’ ਤੇ ‘ਸਾਵਾ’ ਦੇ ਮੇਲ ਵਾਲੀ ਉਚੀ ਥੇਹ ਉਪੱਰ ਰੋਮਨ ਬਾਦਸ਼ਾਹਾਂ ਦਾ ਸ਼ਾਹੀ ਕਿਲਾ ਤੇ ਬੈਲਗਰੇਡ ਸ਼ਹਿਰ ਵੀ ਪੈਰਿਸ ਵਾਂਗ ਹੀ ਹੈ| ਪੁਰਾਣੇ ਸਮਿਆਂ ਵਿਚ ਆਵਾਜਾਈ ਦਾ ਸਾਧਨ ਦਰਿਆ ਹੀ ਹੰੁਦੇ ਸਨ| ‘ਜਿਸ ਕੀ ਲਾਠੀ, ਉਸ ਕੀ ਭੈਸ’ ਜੋ ਬਾਦਸ਼ਾਹ ਜੋਰਾਵਰ ਹੁੰਦਾ ਉਹ ਹੀ ਰਾਜ ਕਰਦਾ| ਕੋਈ ਵੀਜਾ ਤੇ ਨਾ ਹੀ ਪਾਸਪੋਰਟ ਹੁੰਦਾ ਸੀ| ਪੁਰਾਤਨ ਪੰਜਾਬ ਵਿਚ ਲਾਹੌਰ ਸ਼ਹਿਰ ਵਿਚ ਦਰਿਆ ਰਾਵੀ ਦੇ ਵਹਿਣ ਵਾਲੇ ਪੁਰਾਤਨ ਮੋੜ ਦੇ ਥੇਹ ਉਪੱਰ ‘ਮੁੱਗਲਾਂ ਦਾ ਲਾਹੌਰ ਕਿਲਾ’ ਤੇ ਫਿਰ 1800 ਈਸਵੀ ਸੰਨ ਵਿਚ ਸਿੱਖ ਦੌਰ ਅੰਦਰ ‘ਲਾਹੌਰ ਸਿੱਖ ਦਰਬਾਰ’ ਦੇ ‘ਸ਼ਾਹੀ ਕਿਲੇ’ ਵਾਂਗ, ਪੈਰਿਸ ਦੇ ਇਨ੍ਹਾਂ ਸ਼ਾਹੀ ਮਹਿਲਾਂ ਦਾ ਨਾਮ ਸਮੇ ਦੀ ਤੋਰ ਨਾਲ ‘ਪੈਲਸ ਡੂ ਟਰਾਕੇਡਰੋ’ ਹੋ ਗਿਆ| ਫਰਾਂਸ ਦੀ ਭਾਸ਼ਾ ਵਿਚ ਬਾਗ ਨੂੰ ‘ਜਾਰਡਿਨਜ’ ਤੇ ‘ਟਰਾਕੇਡਰੋ’ ਪਾਣੀ ਅੰਦਰ ਛੋਟੀ ਖੁੱਸ਼ਕ ਜਗਾ ਨੂੰ ਕਿਹਾ ਜਾਦਾਂ ਹੈ| ਲਾਹੌਰ ਦੇ ਸ਼ਾਹੀ ‘ਸ਼ਾਲਾਮਾਰ ਬਾਗ’ ਵਰਗੀ ਖੁੱਲੀ ਸਾਫ ਸੁੱਥਰੀ ਜਗਾਂ ਵਰਗਾ, ਪੈਰਿਸ ਵਿਚ ‘ਸੇਨ ਦਰਿਆ’ ਦੇ ਕੰਢਿਆਂ ਉਪੱਰ ਸ਼ਾਨਦਾਰ ਬਾਗਾਂ ਵਾਲਾ ਉੱਚਾ ਥੇਹ ‘ਜਾਰਡਿਨਜ ਡੂ ਟਰਾਕੇਡਰੋ’ ਦਾ ਖੁੱਲਾ ਮੈਦਾਨ ਸੰਨ 1937 ਵਿਚ ਫਰਾਂਸ ਦੀ ਰਾਜਧਾਨੀ ਪੈਰਿਸ ਵਿਚ ‘ਵਰਲਡਜ ਫੇਅਰ’ ਮੇਲੇ ਲਈ ‘ਈਫੈਲ ਟਾਵਰ’ ਦੇ ਨਜਦੀਕ 93930 ਸੈਕਵੇਅਰ ਮੀਟਰ ਜਾਂ ਸਵਾ ਤੇਈ ਏਕੜ ਵਿਚ ਤਿਆਰ ਕੀਤਾ ਗਿਆ ਸੀ| ਇਸ ਖੁੱਲੇ ਮੈਦਾਨ ਵਿਚ ਹੁੱਣ ਸਾਰਾ ਸਾਲ ਪੈਰਿਸ ਸ਼ਹਿਰ ਦੇ ਸਥਾਨਿਕ ਲੋਕ ਮੇਲੇ, ਫਾਈਰ ਵਰਕ-ਆਤਿਸ਼ਬਾਜੀ, ਫਰਾਂਸ ਦਾ ਇਤਿਹਾਸਕ ਬਾਸਟਿਲ ਦਿਨ-ਹਰ ਸਾਲ 14 ਜੁਲਾਈ, ਸਲਾਨਾ ਕਰਿਸਮਿਸ ਮਾਰਕੀਟ ਮੇਲਾ ਆਦਿ ਲਗਦੇ ਰਹਿੰਦੇ ਹਨ|
ਪੈਰਿਸ-2024 ਉਲੰਪਿਕ ਗੇਮਜ ਦਾ ਉਦਘਾਟਨ ਸਮਾਰੋਹ 26 ਜੁਲਾਈ, ਦੇਖਣ ਦੀ ਟਿਕਟ 3000 ਡਾਲਰ ਦੀ ਪੈਦੀ ਹੈ ਜੇਕਰ ਇਸ ਨਾਲ ਹੋਟਲ ਲੈਣਾ ਹੈ ਤਾਂ ਇਹ 5 ਤੋ 6 ਹਜਾਰ ਡਾਲਰ ਦੀ ਹੋ ਜਾਂਦੀ ਹੈ| ਪੈਰਿਸ 2024 ਉਲੰਪਿਕ ਗੇਮਜ ਕਰਵਾਉਣ ਦਾ ਖਰਚਾ 9 ਬਿਲੀਅਨ ਯੂਰੋ ਦੇ ਕਰੀਬ ਹੋਵੇਗਾ| ਉਲੰਪਿਕ ਗੇਮਜ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੈ ਕਿ ਕਿਸੇ ਵੀ ਉਲੰਪਿਕ ਗੇਮਜ ਦਾ ਉਦਘਾਟਨ ਸਮਾਰੋਹ ਨਵੇ ਢੰਗ ਨਾਲ ਦਰਿਆ ਸੇਨ ਦੇ ਪਾਣੀ ਵਿਚ 6 ਕਿਲੋਮੀਟਰ ਲੰਮੀਆਂ, ਕਿਸ਼ਤੀਆਂ ਰਾਹੀ ‘ਪਰੇਡ ਆਫ ਨੇਸ਼ਨਜ’ ਦੇ ਨਾਮ ਨਾਲ ਖੇਡ ਸਟੇਡੀਅਮ ਤੋ ਬਾਹਰ, ਇਕ ‘ਮਿੰਨੀ ਸਟੇਡੀਅਮ’ ਵਿਚ ਹੋ ਰਿਹਾ ਹੈ| ਇਸ 6 ਕਿਲੋਮੀਟਰ ਲੰਮੇ ਸੇਨ ਦਰਿਆ ਦੇ ਕਿਸ਼ਤੀਆਂ ਦੇ ਕਾਫਲੇ ਵਿਚ ਵੱਖੋ ਵੱਖ ਦੇਸ਼ਾਂ ਦੇ ਕੌਮੀ ਸਭਿਆਚਾਰਕ ਪ੍ਰੋਗਰਾਮਾਂ ਦੀਆਂ ਮਨਮੋਹਕ ਝੱਲਕੀਆਂ ਤੇ ਪੈਰਿਸ ਸ਼ਹਿਰ ਦੇ ਭਾਂਤ ਭਾਂਤ ਤੇ ਰੰਗਦਾਰ ਦ੍ਰਿਸ਼, ਸਾਰੇ ਸ਼ਹਿਰ ਵਿਚ ਦਿਉ ਕੱਦ 80 ਵੱਡੀਆਂ ਟੀ ਵੀ ਸਕਰੀਨਾਂ ਉਪੱਰ ਦੁੱਨਿਆ ਭਰ ਤੋ ਆਏ ਖੇਡ ਦਰਸ਼ਕਾਂ ਲਈ ਪੇਸ਼ ਕੀਤੇ ਜਾਣਗੇ, ਜਿਨ੍ਹਾਂ ਨੂੰ ਪ੍ਰਸਿਧ ਈਵੈਟ ਪ੍ਰਬੰਧਕ ‘ਥੌਮਸ ਜੌਲੀ’ ਡਾਈਰੈਕਟ ਕਰਨਗੇ| ਪੈਰਿਸ ਉਲੰਪਿਕ ਗੇਮਜ 2024 ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ‘ਟੋਨੀ ਇਸਟੈਨਗਸਟ’ ਦਾ ਕਹਿਣਾ ਹੈ ਕਿ ‘ਪੈਰਿਸ-2024’, ਛੇ ਲੱਖ ਖੇਡ ਦਰਸ਼ਕਾਂ ਦੀ ਖਿਚ ਦਾ ਕੇਦਰ ਹੋਵੇਗੀ ਜਿਸ ਨਾਲ ਇਹ ਲੋਕਾਂ ਦੀ ‘ਉਲੰਪਿਕ ਗੇਮਜ’ ਅੱਖਵਾਉਣ ਦਾ ਹੱਕਦਾਰ ਬਣ ਜਾਵੇਗੀ|
ਉਲੰਪਿਕ ਗੇਮਜ ਵਿਚ ਦੁਨਿਆ ਦੇ ਪੰਜ ਮਹਾਂ ਦੀਪਾਂ ਯੂਰਪ, ਏਸ਼ੀਆ, ਅਫ਼ਰੀਕਾ, ਅਮਰੀਕਾ ਤੇ ਆਸਟਰੇਲੀਆ ਦੇ 206 ਦੇਸ਼ਾਂ ਦੀਆਂ, ਮੈਬਰ ਨੈਸ਼ਨਲ ਸੰਸਥਾਵਾਂ ਦੇ ‘ਐਮਚਿਊਰ’ ਖਿਡਾਰੀ, ਖੇਡ ਪ੍ਰਬੰਧਕ ਤੇ ਖੇਡ ਅਧਿਕਾਰੀ ਭਾਗ ਲੈ ਰਹੇ ਹਨ| ਉਲੰਪਿਕ ਖੇਡਾਂ ਵਿਚ ਜਿਤੱਣ ਵਾਲੇ ਐਥਲੀਟ ਤੇ ਖਿਡਾਰੀ ਦੇਸ਼ ਦੇ ਹੀਰੋ ਬਣ ਜਾਂਦੇ ਹਨ ਅਤੇ ਉਨ੍ਹਾਂ ਦੀਆਂ ਝੋਲੀਆਂ ਲੱਖਾਂ ਕਰੋੜਾਂ ਦੇ ਮਾਇਆ ਰੂਪੀ ਪ੍ਰਸ਼ਾਦ ਨਾਲ ਭਰ ਜਾਂਦੀਆਂ ਹਨ| ਉਲੰਪਿਕ ਗੇਮਜ ਵਿਚ ਫੋਟੋਗਰਾਫੀ, ਅਖਬਾਰਾਂ ਦੀ ਪੱਤਰਕਾਰੀ ਤੇ ਰੇਡਿਉ ਟੀ ਵੀ ਲਈ ਅਧਿਕਾਰ ਪ੍ਰਾਪਤ ਕਰਨੇ ਮੱਕੇ ਮਦੀਨੇ ਦੇ ਹੱਜ ਬਰਾਬਰ ਹਨ| ਰੂਸ (ਰਸ਼ੀਆ) ਤੇ ਬੈਲਾਰੂਸ ਦੋ ਦੇਸ਼ਾਂ ਦੇ ਅੱਥਲੀਟਾਂ, ਖਿਡਾਰੀਆਂ ਅਤੇ ਨੈਸ਼ਨਲ ਉਲੰਪਿਕ ਕਮੇਟੀ (ਐਨ ੳ ਸੀ) ਨੂੰ ‘ਪੈਰਿਸ 2024’ ਵਿਚ ਭਾਗ ਨਾ ਲੈਣ ਲਈ ਬੈਨ ਕੀਤਾ ਗਿਆ ਹੈ| ਉਲੰਪਿਕ ਗੇਮਜ ਦਾ ਰੰਗਦਾਰ ਪ੍ਰਭਾਵੀ ਼ਿਨਸ਼ਾਨ, ਪੰਜ ਰੰਗ ਬਰੰਗੇ ਆਪਸ ਵਿਚ ਮਿਲਦੇ ਗੋਲ ਚੱਕਰ ਹਨ ਜਿਨ੍ਹਾਂ ਵਿਚ ਪਹਿਲਾ ਨੀਲਾ ਰੰਗ ਯੂਰਪ ਮਹਾਂਦੀਪ, ਕਾਲਾ ਵਿਚਕਾਰਲਾ ਰੰਗ ਅੱਫਰੀਕਾ ਮਹਾਂਦੀਪ, ਤੀਜਾ ਲਾਲ ਰੰਗ ਅਮਰੀਕਾ ਮਹਾਂਦੀਪ, ਚੌਥਾ ਪੀਲਾ ਰੰਗ ਏਸ਼ੀਆ ਮਹਾਂਦੀਪ ਅਤੇ ਪੰਜਵਾ ਹਰਾ ਰੰਗ ਆਸਟਰੇਲੀਆ ਮਹਾਂਦੀਪ ਦੇ ਹਨ| ਉਲੰਪਿਕ ਗੇਮਜ ਦਾ ਮੰਤਵ ਸੀਟਿਅਸ, ਅੱਲਟਿਅਸ ਤੇ ਫੋਰਟਿਅਸ ਹੈ ਜਿਸ ਦਾ ਮੱਤਲਬ ਤੇਜ, ਉੱਚਾ ਤੇ ਤਾਕਤਵਰ ਹੈ| 2024 ਦੀਆਂ ਉਲੰਪਿਕ ਗੇਮਜ ਕਰਵਾਉਣ ਲਈ ਫਰਾਂਸ ਦੀ ਰਾਜਧਾਨੀ ਪੈਰਿਸ ਦੇ ਬਰਾਬਰ ਜਰਮਨ ਦੇ ਸ਼ਹਿਰ ਹੈਮਬਰਗ, ਅਮਰੀਕਾ ਦਾ ਸ਼ਹਿਰ ਬੋਸਟਨ, ਹੰਗਰੀ ਦੀ ਰਾਜਧਾਨੀ ਬੁਡਾਪੈਸਟ, ਇਟਲੀ ਦੀ ਰਾਜਧਾਨੀ ਰੋਮ ਤੇ ਅਮਰੀਕਾ ਦੇ ਸੂਬੇ ਕੈਲੇਫੋਰਨੀਆ ਦਾ ਮਹਾਂਨਗਰ ਐਲ ਏ-ਲੌਸ ਏਜਲਜ ਵੀ ਦਾਅਵੇਦਾਰ ਸਨ| ਸੰਸਾਰ ਭਰ ਵਿਚ ਪੈਰਿਸ 2024 ਉਲੰਪਿਕ ਗੇਮਜ ਪ੍ਰਸਾਰਨ ਕਰਨ ਦਾ ਬੀੜਾ ਅਮਰੀਕਾ ਦੇ ‘ਬਾਰਨਰ ਬ੍ਰਦਰਜ ਕੰਪਨੀ’ ਨੇ ਲਿਆ ਹੈ ਜੋ ਕੈਲੇਫੋਰਨੀਆ ਦੇ ਸੂਬੇ ਐਲ ਏ ਦੇ ਨਜਦੀਕ ‘ਬਰਬੈਕ’ ਏਅਰਪੋਰਟ ਦੇ ਖੇਤਰ ਵਿਖੇ ਸਥਿਤ ਹੈ| ਵਾਰਨਰ ਬਰਦਰਜ ਦੇ ਪੈਰਿਸ ਵਿਖੇ ਹੋਟਲ ਰਫੈਲ ਵਿਚ ਆਰਜੀ ਸਟੂਡਿਊ ਤੋ ਅਤੇ ਫਰਾਂਸ ਟੀ ਵੀ ਨਾਲ ਅੰਗਰੇਜੀ, ਫਰਾਂਸੀਸੀ, ਸਪੈਨਿਸ਼, ਨੌਰਡਿਕ ਆਦਿ ਭਾਸ਼ਾਵਾਂ ਵਿਚ ਸੰਸਾਰ ਭਰ ਲਈ ਖੇਡ ਪ੍ਰਸਾਰਣ ਹੋਣਗੇ|
ਪਹਿਲੀਆਂ ਮੌਡਰਨ ਉਲੰਪਿਕ ਗੇਮਜ ਨੂੰ ਆਰੰਭ ਕਰਨ ਦਾ ਵਿਚਾਰ ਸੰਨ 1894 ਵਿਚ, ਫਰਾਂਸ ਦੇ ਇਕ ਜਵਾਨ ‘ਬਾਰੇਨ ਪੀਰੇ ਕੌਰਬਟਨ’ ਦੇ ਦਿਮਾਗ ਵਿਚ ਆਇਆ ਜੋ ਯੂਨਾਨ ਦੀ ਰਾਜਧਾਨੀ ‘ਏਥਨਜ’ ਦੇ ‘ਪਾਨਾਥਾਨਿਕ ਸਟੇਡੀਅਮ’ ਵਿਚ ਹੋਇਆ ਸਨ| ਇਹ ਸਟੇਡੀਅਮ ਸਾਰੇ ਦਾ ਸਾਰਾ ਅੰਡਾਕਾਰ ਸ਼ਕਲ ਵਿਚ ‘ਏਥਨਜ’ ਵਿਖੇ ਚਿਟੇ ਦੁੱਧ ਵਰਗੇ ਪੱਥਰ-ਸੰਗਮਰਮਰ ਨਾਲ ਤਿਆਰ ਕੀਤਾ ਗਿਆ ਸੀ| ਯੂਨਾਨ ਦੀ ਸਰ ਜਮੀਨ ਵਾਲੇ ‘ਉਲੰਪੀਆ ਪਹਾੜਾਂ’ ਵਾਲੇ ਖੇਤਰ ਦੇ ਉਲੰਪੀਆ ਪਿੰਡ ਵਿਖੇ ਇਸਾਈ ਧਰਮ ਦੇ ਦੇਵੀ ਦੇਵਤਿਆਂ ਦੇ ਪਿਤਾਮਾ ‘ਜੀਜਸ’ ਦੀ ਯਾਦ ਵਾਲਾ, ਸੰਨ 776 ਬੀ ਸੀ ਦਾ ਇਕ ਪੇਡੂ ਧਾਰਮਿਕ ਮੇਲਾ, ਜੋ ਹਰ ਚਾਰ ਸਾਲ ਬਾਅਦ ਲਗਦਾ ਸੀ, ਪੁਰਾਤਨ ਉਲੰਪਿਕ ਗੇਮਜ ਦਾ ਜਨਮ ਅਸਥਾਨ ਮੰਨਿਆ ਜਾਦਾਂ ਹੈ| ਆਧੁਨਿਕ ਉਲੰਪਿਕ ਖੇਡਾਂ ਦਾ ਆਰੰਭ ਵੀ ਯੂਨਾਨ ਦੇ ਇਸ ਉਲੰਪੀਆ ਪਿੰਡ ਵਾਲੇ ਖੰਡਰਾਂ ਵਿਚੋ ਹੋਇਆ ਜੋ ਯੂਨਾਨ ਦੀ ਰਾਜਧਾਨੀ ਏਥਨਜ ਤੋ ਦੱਖਣ ਵਲ 300 ਕਿਲੋ ਮੀਟਰ ਦੀ ਦੂਰੀ ਉਪੱਰ, ਏ-7 ਹਾਈਵੇ ਰਾਹੀ 3-30 ਘੰਟੇ ਦੇ ਸਫਰ ਨਾਲ ਸਥਿਤ ਹਨ| ਉਲੰਪੀਆ ਵਿਖੇ ਯੂਨਾਨ ਦੀ ਧਰਤੀ ਦੇ ਦੋ ਦਰਿਆ ਅਲਫੀਔਸ ਤੇ ਕਲਾਡੀਔਸ, ਸਿਰਫ 16 ਕਿਲੋਮੀਟਰ ਦੀ ਦੂਰੀ ਨਾਲ ਲੌਨੀਅਨ ਨਾਮ ਦੇ ਸਮੁੰਦਰ ਵਿਚ ਮਿਲਦੇ ਹਨ| ‘ਉਲੰਪੀਆ ਦੇ ਖੰਡਰ’ ਸੰਸਾਰ ਦੇ 07 ਮਹਾਨ ਅਯੂਬਿਆਂ ਵਿਚ ਵੀ ਸ਼ਾਮਲ ਹਨ|
ਸੰਨ 2017 ਦੇ 13 ਸਤੰਬਰ ਵਾਲੇ ਦਿਨ ਦੱਖਣੀ ਅਮਰੀਕਾ ਦੇ ਪੀਰੂ ਦੇਸ਼ ਦੀ ਰਾਜਧਾਨੀ ਲੀਮਾ ਵਿਖੇ 131ਵੇ ਅੰਤ੍ਰਰਾਸ਼ਟਰੀ ਉਲੰਪਿਕ ਕਮੇਟੀ ਦੇ ਸ਼ੈਸਨ ਦੌਰਾਨ ਇਹ ਪੱਕਾ ਤਹਿ ਹੋ ਗਿਆ ਸੀ ਕਿ ਫਰਾਂਸ-ਪੈਰਿਸ, ਅਮਰੀਕਾ-ਲੌਸ ਏਜਲਜ (ਐਲ ਏ) ਤੇ ਆਸਟਰੇਲੀਆ-ਬਰਿਸਬੇਨ ਵਿਖੇ ‘ਪੈਰਿਸ 2024’ ਤੇ ‘ਐਲ ਏ 2028’ ਤੇ ‘ਬਰਿਸਬੇਨ 2032’ ਉਲੰਪਿਕ ਗੇਮਜ ਹੋਣਗੀਆਂ| ਪੈਰਿਸ ਉਲੰਪਿਕ ਗੇਮਜ ਦੇ ਇਤਿਹਾਸ ਵਿਚ ਦੂਜਾ ਸ਼ਹਿਰ ਬਣ ਗਿਆ ਹੈ ਜਿਸ ਨੇ ਉਲੰਪਿਕ ਗੇਮਜ ਤਿੰਨ ਵਾਰ, ਸਾਲ 1900, 1924 ਤੇ 2024 ਵਿਚ ‘ਉਲੰਪਿਕ ਖੇਡਾਂ’ ਕਰਵਾਈਆ ਹਨ| ਇਸ ਤੋ ਪਹਿਲਾਂ ਲੰਡਨ ਨੇ ਸੰਨ 1908, 1948 ਤੇ 2012 ਵਿਚ ਉਲੰਪਿਕ ਗੇਮਜ ਤਿੰਨ ਵਾਰ ਕਰਵਾਈਆਂ ਹਨ| ਚੀਨ ਦੀ ਰਾਜਧਾਨੀ ਤੇ ਏਸ਼ੀਆ ਦਾ ਮਹਾਨ ਸ਼ਹਿਰ ਬੀਜਿੰਗ 2022 ਦੀਆਂ ਉਲੰਪਿਕ ਗਰਮ ਤੇ ਸਰਦ ਰੁੱਤ ਦੀਆਂ ਖੇਡਾਂ ਕਰਵਾਉਣ ਵਾਲਾ ਪਹਿਲਾ ਸ਼ਹਿਰ ਹੈ| ਦੋ ਵਾਰ ਉਲੰਪਿਕ ਗੇਮਜ ਕਰਵਾਉਣ ਵਾਲੇ ਸ਼ਹਿਰ ਏਥਨਜ-ਯੂਨਾਨ, ਟੋਕੀਉ-ਜਾਪਾਨ, ਬੀਜਿੰਗ-ਚੀਨ ਹਨ| ਪੰਜ ਦੇਸ਼ ਆਸਟਰੇਲੀਆ, ਫਰਾਂਸ, ਗਰੇਟ ਬ੍ਰੀਟਿਨ, ਯੂਨਾਨ ਤੇ ਸਵਿਟਜਰਲੈਡ ਅਜਿਹੇ ਦੇਸ਼ ਹਨ ਜਿਨ੍ਹਾਂ ਨੇ ਹਰ ਸਮਰ ਉਲੰਪਿਕ ਗੇਮਜ ਵਿਚ ਭਾਗ ਲਿਆ ਹੈ| ਯੂਰਪ ਦੇ ਵੈਟੀਕਨ ਸਿਟੀ ਨੇ ਕਿਸੇ ਵੀ ਉਲੰਪਿਕ ਗੇਮਜ ਭਾਗ ਨਹੀ ਲਿਆ| ਅਮਰੀਕਾ ਹਰ ਉਲੰਪਿਕ ਗੇਮਜ ਵਿਚ ਸੋਨੇ ਦੇ ਮੈਡਲ ਜਿਤਣ ਵਿਚ ਸਦਾ ਹੀ ਮੋਹਰੀ ਦੇਸ਼ ਰਿਹਾ ਹੈ| ਸੋਵੀਅਤ ਯੂਨੀਅਨ ਤੇ ਹੁੱਣ ਰਸ਼ੀਆ ਉਲੰਪਿਕ ਗੇਮਜ ਵਿਚ ਸੋਨੇ ਦੇ ਮੈਡਲ ਪ੍ਰਾਪਤ ਕਰਨ ਵਿਚ ਦੂਜੇ ਸਥਾਨ ਦਾ ਦੇਸ਼ ਰਿਹਾ ਹੈ| ਸਮਰ ਉਲੰਪਿਕ ਗੇਮਜ ਪਿਛਲੇ 128 ਸਾਲਾਂ ਵਿਚ ਪੰਜ ਮਹਾਂਦੀਪਾਂ ਦੇ 19 ਮੁਲਕਾਂ ਦੇ ਮਹਾਂਨਗਰਾਂ ਵਿਚ ਹੋ ਚੱੁਕਿਆਂ ਹਨ| ਉਲੰਪਿਕ ਖੇਡਾਂ ਨੂੰ ਨੌਜਵਾਨ ਵਰਗ ਦੀ ਖਿਚ ਦਾ ਕੇਦਰ ਬਿੰਦੂ ਬਨਾਉਣ ਲਈ ਨਵੀਆਂ ਨੌਜਵਾਨ ਪ੍ਰਚਲਤ ਖੇਡਾਂ, ਬਰੇਕਡਾਨਸ, ਸਰਫਿੰਗ, ਸਕੇਟਬੋਰਡਿੰਗ ਤੇ ਸਪੋਰਟਸ ਕਲਾਈਬਿੰਗ ਨੂੰ ਨਵੀਆਂ ਖੇਡਾਂ ਵਜੋ ਸ਼ਾਮਲ ਕੀਤਾ ਗਿਆ ਹੈ| ਮਰਦਾਂ ਦੀ ਖੇਡ ਬੇਸਬਾਲ ਤੇ ਔਰਤਾਂ ਦੀ ਖੇਡ ਸੌਫਟ ਬਾਲ ਨੂੰ ‘ਪੈਰਿਸ 2024’ ਵਿਚ ਸ਼ਾਮਲ ਨਹੀ ਕੀਤਾ ਗਿਆ ਹੈ|
ਸੰਤੋਖ ਸਿੰਘ ਮੰਡੇਰ, ਸਰੀ-ਕੇਨੇਡਾ| ਮੋਬਾਈਲ: 604-505-7000