ਗੈਂਗਸਟਰਾਂ ਖਿਲਾਫ ਕਾਰਵਾਈ ਲਈ ਸਖਤ ਕਨੂੰਨ ਬਣਾਉਣ ਦੀ ਮੰਗ-
ਸਰੀ ( ਬਲਵੀਰ ਢਿੱਲੋਂ, ਦੇਸ ਪ੍ਰਦੇਸ ਬਿਉਰੋ )-ਕੈਨੇਡਾ ਹੁਣ ਕੈਨੇਡਾ ਨਹੀ ਰਿਹਾ, ਇਹ ਤੀਸਰੀ ਦੁਨੀਆ ਦਾ ਇਕ ਮੁਲਕ ਬਣ ਗਿਆ ਹੈ ਜਿਥੋਂ ਕਾਰੋਬਾਰੀ ਲੋਕ ਭੱਜਕੇ ਕਿਸੇ ਹੋਰ ਸੁਰੱਖਿਅਤ ਮੁਲਕ ਵਿਚ ਚਲੇ ਜਾਣਾ ਹੀ ਬੇਹਤਰ ਸਮਝਦੇ ਹਨ। ਫਿਰੌਤੀਆਂ ਲਈ ਕਾਲਾਂ ਤੇ ਧਮਕੀਆਂ ਦੇਣ ਵਾਲੇ ਗੈਂਗਸਟਰਾਂ ਨੇ ਕਾਰੋਬਾਰੀ ਲੋਕਾਂ ਅਤੇ ਉਹਨਾਂ ਪਰਿਵਾਰਾਂ ਦਾ ਜੀਣਾ ਮੁਹਾਲ ਕਰ ਛੱਡਿਆ ਜਦੋਂਕਿ ਸਰਕਾਰ ਅਤੇ ਸੁਰੱਖਿਆ ਏਜੰਸੀਆਂ ਦਾ ਵਤੀਰਾ ਹੋਰ ਵੀ ਪ੍ਰੇਸ਼ਾਨ ਕਰਨ ਵਾਲਾ ਹੈ।
ਬੀਤੇ ਦਿਨ ਸਰੀ ਦੇ ਆਰੀਆ ਬੈਂਕੁਇਟ ਹਾਲ ਵਿਖੇ ਬੀ ਸੀ ਟਰੱਕਿੰਗ ਐਸੋਸੀਏਸ਼ਨ ਵਲੋਂ ਬੁਲਾਏ ਗਏ ਇਕ ਵਿਸ਼ਾਲ ਇਕੱਠ ਦੌਰਾਨ ਪੀੜਤ ਬੁਲਾਰਿਆਂ ਨੇ ਆਪਣੀ ਉਕਤ ਵੇਦਨਾ ਦਾ ਪ੍ਰਗਟਾਵਾ ਕਰਦਿਆਂ ਲਿਬਰਲ ਸਰਕਾਰ ਅਤੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਦੇ ਨਾਲ ਪੁਲਿਸ ਫੋਰਸ ਦੇ ਅਧਿਕਾਰੀਆਂ ਨੂੰ ਇਸ ਸਮੱਸਿਆ ਦੇ ਤੁਰੰਤ ਹੱਲ ਕਰਨ ਦੀ ਮੰਗ ਕਰਦਿਆਂ ਅਪਰਾਧੀਆਂ ਤੇ ਗੈਂਗਸਟਰਾਂ ਨੂੰ ਸਲਾਖਾਂ ਪਿੱਛੇ ਕਰਨ ਲਈ ਜ਼ੋਰਦਾਰ ਐਕਸ਼ਨ ਦੀ ਅਪੀਲ ਕੀਤੀ।
ਗੈਂਗਸਟਰਾਂ ਵਲੋਂ ਫਿਰੌਤੀ ਲਈ ਫੋਨ ਕਾਲ ਅਤੇ ਜਾਨੀ-ਮਾਲੀ ਨੁਕਸਾਨ ਦੀ ਧਮਕੀ ਦਾ ਸਾਹਮਣਾ ਕਰ ਰਹੇ ਇਕ ਪ੍ਰਭਾਵਿਤ ਬਿਜਨੈਸਮੈਨ ਨੇ ਆਪਣੀ ਵਿਥਿਆ ਸੁਣਾਉਂਦਿਆਂ ਕਿਹਾ ਕਿ ਉਸਦੇ ਪਿਤਾ ਨੇ ਕੈਨਡਾ ਵਰਗੇ ਮੁਲਕ ਵਿਚ ਪਰਿਵਾਰ ਸਮੇਤ ਪਰਵਾਸ ਕਰਨ ਦਾ ਇਸ ਲਈ ਫੈਸਲਾ ਕੀਤਾ ਸੀ ਉਸ ਮੁਲਕ ਵਿਚ ਉਹਨਾਂ ਦੇ ਪਰਿਵਾਰ ਵਲੋਂ ਨਵੀ ਕਾਰ ਖਰੀਦਣ ਉਪਰੰਤ ਹੀ ਫਿਰੌਤੀ ਲਈ ਧਮਕੀ ਪੱਤਰ ਆਇਆ ਸੀ ਪਰ ਅੱਜ ਕੈਨੇਡਾ ਵਿਚ ਹਾਲਾਤ ਇਹ ਹਨ ਕਿ ਉਸਨੂੰ ਗੁੰਡਿਆਂ ਦੇ ਡਰ ਤੋਂ ਆਪਣੀ ਦੋ ਲੱਖ ਡਾਲਰ ਦੀ ਕਾਰ ਘਰ ਦੇ ਪਿਛਵਾੜੇ ਛੁਪਾਕੇ ਖੜੀ ਕਰਨੀ ਪੈ ਰਹੀ ਹੈ। ਉਸਨੇ ਕਿਹਾ ਕਿ ਅੱਜ ਉਸ ਵਾਂਗ ਹੋਰ ਬਹੁਤ ਸਾਰੇ ਬਿਜਨੈਸਮੈਨ ਹਨ ਜੋ ਇਥੇ ਖੁਦ ਨੂੰ ਸੁਰੱਖਿਅਤ ਨਹੀ ਸਮਝ ਰਹੇ। ਉਹਨਾਂ ਦੇ ਪਰਿਵਾਰਕ ਜੀਅ ਡਰ ਦੇ ਸਾਏ ਹੇਠ ਜਿਉਣ ਲਈ ਮਜਬੂਰ ਹਨ। ਬਹੁਤ ਸਾਰੇ ਬਿਜਨੈਸਮੈਨ ਹਨ ਜੋ ਕੈਨੇਡਾ ਤੋਂ ਕਿਸੇ ਹੋਰ ਸੁਰੱਖਿਅਤ ਮੁਲਕ ਵਿਚ ਪਲਾਇਨ ਕਰਨ ਲਈ ਸੋਚ ਰਹੇ ਹਨ। ਇਥੋਂ ਤੱਕ ਕਿ ਕਈ ਕਾਰੋਬਾਰੀਆਂ ਨੇ ਆਪਣੇ ਬਿਜਨੈਸ ਅਮਰੀਕਾ ਵਿਚ ਤਬਦੀਲ ਕਰ ਲਏ ਹਨ।
ਇਕ ਬੁਲਾਰੇ ਨੇ ਕਿਹਾ ਕਿ ਉਹਨਾਂ ਨੂੰ ਗੈਂਗਸਟਰਾਂ ਵਲੋਂ ਮਿਲੀਅਨ-ਮਿਲੀਅਨ ਡਾਲਰ ਦੀ ਫਿਰੌਤੀ ਲਈ ਫੋਨ ਆ ਰਹੇ ਹਨ। ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਕਿ ਅਗਰ ਫਿਰੌਤੀ ਨਾ ਦਿੱਤੀ ਤਾਂ ਉਹਨਾਂ ਦੇ ਜੀਆਂ ਦਾ ਨੁਕਸਾਨ ਕੀਤਾ ਜਾਵੇਗਾ। ਉਹਨਾਂ ਨੂੰ ਪੁਲਿਸ ਫੋਰਸ ਦੀ ਕੋਈ ਪਰਵਾਹ ਨਹੀ ਤੇ ਧਮਕਾ ਰਹੇ ਕਿ ਸੁਰੱਖਿਅਤ ਰਹਿਣ ਲਈ ਇਹ ਰਕਮ ਅਦਾ ਕਰਨੀ ਹੀ ਪਵੇਗੀ। ਧਮਕੀ ਦੀਆਂ ਕਾਲਾਂ ਇੰਡੀਆ ਤੋਂ ਨਾਮੀ ਗੈਂਗਸਟਰ ਗਰੁੱਪਾਂ ਦੇ ਨਾਮ ਹੇਠ ਆ ਰਹੀਆਂ ਹਨ।
ਇਸ ਮੌਕੇ ਲਿਬਰਲ ਐਮ ਪੀ ਸੁਖ ਧਾਲੀਵਾਲ ਅਤੇ ਐਮ ਪੀ ਰਣਦੀਪ ਸਰਾਏ ਨੇ ਸਰਕਾਰ ਦਾ ਪੱਖ ਪੇਸ਼ ਕਰਦਿਆਂ ਕਿਹਾ ਕਿ ਸਰਕਾਰ ਕਾਰੋਬਾਰੀਆਂ ਨੂੰ ਫਿਰੌਤੀ ਦੀਆਂ ਧਮਕੀਆਂ ਪ੍ਰਤੀ ਪੂਰੀ ਤਰਾਂ ਜਾਣੂ ਹੈ। ਪੁਲਿਸ ਫੋਰਸ ਅਪਰਾਧੀਆਂ ਖਿਲਾਫ ਕਾਰਵਾਈ ਲਈ ਕੰਮ ਕਰ ਰਹੀ ਹੈ। ਟੋਰਾਂਟੋ ਤੇ ਐਡਮਿੰਟਨ ਵਿਚ ਫਿਰੌਤੀਆਂ ਮੰਗਣ ਵਾਲੇ ਗੈਂਗਸਟਰ ਗ੍ਰਿਫਤਾਰ ਵੀ ਕੀਤੇ ਗਏ ਹਨ। ਪੁਲਿਸ ਕਾਰਵਾਈ ਦੀ ਗਤੀ ਧੀਮੀ ਹੋ ਸਕਦੀ ਹੈ ਪਰ ਲੋਕਾਂ ਨੂੰ ਯਕੀਨ ਰੱਖਣ ਦੀ ਲੋੜ ਹੈ ਕਿ ਚੰਗੇ ਨਤੀਜੇ ਸਾਹਮਣੇ ਆਉਣਗੇ। ਐਮ ਪੀ ਸੁਖ ਧਾਲੀਵਾਲ ਨੇ ਗੈਂਗਸਟਰਾਂ ਗਰੁੱਪਾਂ ਦੀਆਂ ਸਰਗਰਮੀਆਂ ਨੂੰ ਕੈਨੇਡਾ ਵਿਚ ਵਿਦੇਸ਼ੀ ਦਖਲਅੰਦਾਜ਼ੀ ਦੇ ਮੁੱਦੇ ਨਾਲ ਜੋੜਦਿਆਂ ਬਾਹਰੀ ਤਾਕਤਾਂ ਵਲੋਂ ਕੈਨੇਡਾ ਨੂੰ ਅਸਥਿਰ ਕਰਨ ਦੀਆਂ ਕੋਸ਼ਿਸ਼ਾਂ ਦੱਸਿਆ। ਉਹਨਾਂ ਕਿਹਾ ਕਿ ਬਾਹਰੀ ਤਾਕਤਾਂ ਵਿਸ਼ੇਸ਼ ਕਰਕੇ ਇੰਡੀਆ, ਈਰਾਨ ਅਤੇ ਰੂਸ ਦੀ ਦਖਲਅੰਦਾਜ਼ੀ ਤੋਂ ਸੁਚੇਤ ਹੋਣ ਦੀ ਲੋੜ ਹੈ।
ਵੈਦਿਕ ਹਿੰਦੂ ਮੰਦਿਰ ਸਰੀ ਦੇ ਪ੍ਰਧਾਨ ਸਤੀਸ਼ ਕੁਮਾਰ ਨੇ ਵਿਦੇਸ਼ੀ ਤਾਕਤਾਂ ਦੀ ਕੈਨੇਡਾ ਵਿਚ ਦਖਲਅੰਦਾਜ਼ੀ ਦੇ ਮੁੱਦੇ ਨੂੰ ਗੈਂਗਸਟਰ ਕਾਰਵਾਈਆਂ ਨਾਲ ਜੋੜੇ ਜਾਣ ਨਾਲ ਅਸਹਿਮਤੀ ਪ੍ਰਗਟਾਈ। ਉਹਨਾਂ ਕਿਹਾ ਕਿ ਇਹ ਸਰਕਾਰ ਅਤੇ ਸੁਰੱਖਿਆ ਏਜੰਸੀਆਂ ਦਾ ਫਰਜ ਹੈ ਕਿ ਉਹ ਆਪਣੇ ਸ਼ਹਿਰੀਆਂ ਤੇ ਕਾਰੋਬਾਰੀਆਂ ਨੂੰ ਸੁਰੱਖਿਆ ਮੁਹੱਈਆ ਕਰਵਾਉਣ।
ਇਸ ਮੌਕੇ ਐਡਮਿੰਟਨ ਤੋਂ ਐਮ ਪੀ ਟਿਮ ਉਪਲ ਨੇ ਕਿਹਾ ਕਿ ਕੰਸਰਵੇਟਿਵ ਪਾਰਟੀ ਨੇ ਸਰਕਾਰ ਤੋਂ ਕਾਰੋਬਾਰੀਆਂ ਨੂੰ ਮਿਲ ਰਹੀਆਂ ਧਮਕੀਆਂ ਅਤੇ ਅਪਰਾਧੀਆਂ ਖਿਲਾਫ ਕਾਰਵਾਈ ਲਈ ਸਖਤ ਕਨੂੰਨ ਬਣਾਉਣ ਦੀ ਮੰਗ ਕੀਤੀ ਹੈ ਪਰ ਸਰਕਾਰ ਦਾ ਵਤੀਰਾ ਠੀਕ ਨਹੀ। ਉਹਨਾਂ ਇਲਜ਼ਾਮ ਲਗਾਇਆ ਕਿ ਉਹਨਾਂ ਵਲੋਂ ਫਿਰੌਤੀ ਮੰਗਣ ਵਾਲੇ ਗੈਂਗਸਟਰਾਂ ਖਿਲਾਫ ਨਿਸ਼ਚਿਤ ਮਿਆਦ ਦੀ ਸਜ਼ਾ ਤਜਵੀਜ ਵਾਲਾ ਬਿਲ ਲਿਆਂਦਾ ਗਿਆ ਸੀ ਪਰ ਲਿਬਰਲ ਤੇ ਐਨ ਡੀ ਪੀ ਨੇ ਇਹ ਬਿਲ ਪਾਸ ਨਹੀ ਹੋਣ ਦਿੱਤਾ।
ਇਸ ਮੌਕੇ ਸਾਬਕਾ ਪੁਲਿਸ ਅਫਸਰ ਅਤੇ ਬੀ ਸੀ ਯੁਨਾਈਟਡ ਛੱਡਕੇ ਬੀਸੀ ਕੰਸਰਵੇਟਿਵ ਵਿਚ ਜਾਣ ਵਾਲੀ ਐਮ ਐਲ ਏ ਸਟਰਕੋ ਨੇ ਕਿਹਾ ਕਿ ਸਰਕਾਰ ਦੀਆਂ ਗਲਤ ਨੀਤੀਆਂ ਕਾਰਣ ਬੀ ਸੀ ਡਰੱਗ ਦਾ ਵੱਡਾ ਅੱਡਾ ਬਣ ਚੁੱਕਾ ਹੈ। ਉਹਨਾਂ ਹੈਰਾਨੀ ਭਰਿਆ ਪ੍ਰਗਟਾਵਾ ਕੀਤਾ ਕਿ ਬੀ ਸੀ ਵਿਚ ਆਉਣ ਵਾਲੇ ਕੁਲ ਕੌਮਾਂਤਰੀ ਕਨਟੇਰਨਰਾਂ ਚੋ ਕੇਵਲ ਇਕ ਫੀਸਦੀ ਦੀ ਹੀ ਚੈਕਿੰਗ ਹੁੰਦੀ ਹੈ। ਉਹਨਾਂ ਅਪਰਾਧੀਆਂ ਖਿਲਾਫ ਸਖਤ ਕਾਰਵਾਈ ਵਿਚ ਨਰਮਾਈ ਲਈ ਫੈਡਰਲ ਸਰਕਾਰ ਦੇ ਨਾਲ ਬੀ ਸੀ ਸਰਕਾਰ ਨੂੰ ਵੀ ਜਿੰਮੇਵਾਰ ਦੱਸਿਆ। ਉਹਨਾਂ ਕਿਹਾ ਕਿ ਪ੍ਰੀਮੀਅਰ ਡੇਵਿਡ ਈਬੀ ਆਪਣੇ ਵਾਅਦੇ ਮੁਤਾਬਿਕ ਬੀ ਸੀ ਵਾਸੀਆਂ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਵਿਚ ਅਸਫਲ ਰਹੇ ਹਨ। ਉਹਨਾਂ ਲੋਕਾਂ ਨੁੂੰ ਸੂਬੇ ਵਿਚ ਅਗਲੀ ਸਰਕਾਰ ਕੰਸਰਵੇਟਿਵ ਪਾਰਟੀ ਦੀ ਬਣਾਉਣ ਦੀ ਅਪੀਲ ਕਰਦਿਆਂ ਇਕੱਠ ਨੂੰ ਸਿਆਸੀ ਮੰਤਵ ਲਈ ਵਰਤਣ ਤੋਂ ਸੰਕੋਚ ਨਾ ਕੀਤਾ।
ਡੈਲਟਾ ਕੰਸਰੇਵਿਟਵ ਉਮੀਦਵਾਰ ਜੈਸੀ ਸਹੋਤਾ ਨੇ ਪ੍ਰਗਟਾਵਾ ਕੀਤਾ ਕਿ ਫਿਰੌਤੀਆਂ ਲਈ ਧਮਕੀਆਂ ਦੇ ਮੁੱਦੇ ਉਪਰ ਬੀਸੀ ਦਾ ਪੰਜਾਬੀ ਭਾਈਚਾਰਾ ਮਖੌਲ ਦਾ ਪਾਤਰ ਬਣ ਗਿਆ ਹੈ। ਉਹਨਾਂ ਕਿਹਾ ਕਿ ਇੰਡੀਆ ਵਿਚ ਬਦਨਾਮ ਬਿਸ਼ਨੋਈ ਗਰੁੱਪ, ਰਫੀਕ ਗਰੁੱਪ, ਬੰਬੀਹਾ ਗਰੁੱਪ ਤੇ ਕੁਝ ਹੋਰ ਗੈਂਗਸਟਰ ਕੈਨੇਡਾ ਵਿਚ ਆਪਣੇ ਅੱਡੇ ਬਣਾ ਚੁੱਕੇ ਹਨ ਜੋ ਕਿ ਕੈਨੇਡਾ ਵਰਗੇ ਮੁਲਕ ਲਈ ਸ਼ਰਮ ਵਾਲੀ ਗੱਲ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰੀ ਦੀ ਮੇਅਰ ਬਰੈਂਡਾ ਲੌਕ, ਸਾਬਕਾ ਮੰਤਰੀ ਮਾਈਕ ਡੀ ਜੌਂਗ,ਕੰਸਰਵੇਟਿਵ ਐਮ ਪੀ ਕੈਰੀ ਲਿਨ, ਬੀ ਸੀ ਮੰਤਰੀ ਗੈਰੀ ਬੈਗ, ਬੀ ਸੀ ਮੰਤਰੀ ਜਗਰੂਪ ਬਰਾੜ, ਜਗਜੀਤਪਾਲ ਸਿੰਘ ਸੰਧੂ, ਗੁਰਮਿੰਦਰ ਸਿੰਘ ਪਰਿਹਾਰ, ਬਿਜਨੈਸਮੈਨ ਜੱਸ ਨਾਹਲ, ਪਰਮਿੰਦਰ ਸੰਘੇੜਾ, ਕਰਤਾਰ ਸਿੰਘ ਨੇ ਵੀ ਆਪਣੇ ਵਿਚਾਰ ਰੱਖੇ। ਮੰਚ ਸੰਚਾਲਨ ਦੀ ਜਿੰਮੇਵਾਰੀ ਬੀ ਸੀ ਟਰੱਕਿੰਗ ਐਸੋਸੀਏਸ਼ਨ ਦੇ ਪ੍ਰਧਾਨ ਅਮਿਤ ਕੁਮਾਰ, ਜੈਗ ਨਾਹਲ ਨੇ ਨਿਭਾਉਂਦਿਆਂ ਆਏ ਸਰਕਾਰੀ, ਸਿਆਸੀ ਪ੍ਰਤੀਨਿਧਾਂ ਤੇ ਹੋਰਾਂ ਦਾ ਧੰਨਵਾਦ ਕੀਤਾ ਤੇ ਸਰਕਾਰ ਨੂੰ ਗੈਂਗਸਟਰਾਂ ਤੇ ਅਪਰਾਧੀਆਂ ਖਿਲਾਫ ਤੁਰੰਤ ਕਾਰਵਾਈ ਦੀ ਅਪੀਲ ਕੀਤੀ।