Headlines

ਟੋਰਾਂਟੋ ਕਬੱਡੀ ਸੀਜ਼ਨ 2024 -ਵਿੰਡਸਰ ਕਬੱਡੀ ਕੱਪ ਯੂਨਾਈਟਡ ਬਰੈਂਪਟਨ ਸਪੋਰਟਸ ਕਲੱਬ ਨੇ ਜਿੱਤਿਆ

ਸਾਬਕਾ ਖਿਡਾਰੀਆਂ ਦਾ ਸੋਨ ਤਮਗਿਆਂ ਨਾਲ ਸਨਮਾਨ-ਰਵੀ ਦਿਉਰਾ ਤੇ ਪਿੰਦੂ ਸੀਚੇਵਾਲ ਬਣੇ ਸਰਵੋਤਮ ਖਿਡਾਰੀ-
ਵਿੰਡਸਰ ( ਅਰਸ਼ਦੀਪ ਸਿੰਘ ਸ਼ੈਰੀ)-ਕੈਨੇਡਾ ਦੇ ਓਂਟਾਰੀਓ ਸੂਬੇ ’ਚ ਸਰਗਰਮ ਕਬੱਡੀ ਫੈਡਰੇਸ਼ਨ ਆਫ ਓਂਟਾਰੀਓ ਦੇ ਝੰਡੇ ਹੇਠ ਵਿੰਡਸਰ ਕਬੱਡੀ ਕਲੱਬ ਵੱਲੋਂ ਵਿੰਡਸਰ ਦੇ ਖੂਬਸੂਰਤ ਇੰਡੋਰ ਸਟੇਡੀਅਮ ’ਚ ਸ਼ਾਨਦਾਰ ਕਬੱਡੀ ਕੱਪ ਕਰਵਾਇਆ ਗਿਆ ਜਿਸ ਨੂੰ ਜਿੱਤਣ ਦਾ ਮਾਣ ਯੂਨਾਈਟਡ ਬਰੈਂਪਟਨ ਸਪੋਰਟਸ ਕਲੱਬ ਨੇ ਹਾਸਲ ਕੀਤਾ। ਦੁਨੀਆ ਦੀ ਸਭ ਤੋਂ ਮਹਿੰਗੀ ਕਬੱਡੀ ਵਜੋਂ ਪ੍ਰਸਿੱਧ ਟੋਰਾਂਟੋ ਕਬੱਡੀ ਸੀਜ਼ਨ-2024 ’ਚ ਯੂਨਾਈਟਡ ਬਰੈਂਪਟਨ ਕਲੱਬ ਦੀ ਇਹ ਤੀਸਰੀ ਖਿਤਾਬੀ ਜਿੱਤ ਸੀ। ਸੀਜ਼ਨ ਦੇ ਇਸ ਪੰਜਵੇਂ ਕੱਪ ਦੌਰਾਨ ਓਂਟਾਰੀਓ ਕਬੱਡੀ ਕਲੱਬ (ਓ.ਕੇ.ਸੀ.) ਦੀ ਟੀਮ ਉਪ ਜੇਤੂ ਰਹੀ। ਹਰਿਆਣਵੀ ਛੋਰੇ ਰਵੀ ਦਿਉਰਾ ਤੇ ਪਿੰਦੂ ਸੀਚੇਵਾਲ ਨੇ ਕਰਮਵਾਰ ਸਰਵੋਤਮ ਧਾਵੀ ਤੇ ਜਾਫੀ ਬਣਨ ਦਾ ਮਾਣ ਹਾਸਲ ਕੀਤਾ। ਕੱਪ ਦੌਰਾਨ ਸਾਬਕਾ ਖਿਡਾਰੀਆਂ ਤੇ ਕਬੱਡੀ ਸੰਚਾਲਕਾਂ ਦਾ ਸੋਨ ਤਗਮਿਆਂ ਨਾਲ ਸਨਮਾਨ ਕੀਤਾ ਗਿਆ।
ਵਿੰਡਸਰ ਕਬੱਡੀ ਕਲੱਬ ਵੱਲੋਂ ਜੀਵਨ ਗਿੱਲ, ਮਨਵਿੰਦਰ ਦਿਉਲ, ਪਰਮਿੰਦਰ ਬਰਾੜ, ਸੀਤਾ ਬੱਲ, ਜੱਗੀ ਬੱਲ, ਸਾਬੀ ਢਿੱਲੋਂ, ਸਤਨਾਮ ਨਿੱਝਰ, ਅਮਰਜੀਤ ਗਰੇਵਾਲ, ਗਗਨ ਮੱਟੀ, ਨਵਦੀਪ ਭੋਗਲ, ਅਕਾਲਇੰਦਰ ਧਾਲੀਵਾਲ, ਬਿੰਦਾ ਭਰੋਲੀ, ਸੁਖਵਿੰਦਰ ਸੁੱਖੀ ਚੰਦੀ, ਦੀਪਕ ਚੌਹਾਨ, ਜੇ.ਪੀ. ਸੰਧੂ ਤੇ ਸੁਖਜਿੰਦਰ ਚੀਮਾ ਹੋਰਾਂ ’ਤੇ ਅਧਾਰਿਤ ਟੀਮ ਨੇ ਕੱਪ ਦੇ ਸਮੁੱਚੇ ਪ੍ਰਬੰਧਾਂ ਨੂੰ ਬਾਖੂਬੀ ਅੰਜ਼ਾਮ ਦਿੱਤਾ। ਇਸ ਕੱਪ ਦੌਰਾਨ ਬਹੁਤ ਸਾਰੀਆਂ ਰਾਜਨੀਤਿਕ, ਸਮਾਜਿਕ ਤੇ ਖੇਡਾਂ ਨਾਲ ਜੁੜੀਆਂ ਸ਼ਖਸ਼ੀਅਤਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਸਾਬਕਾ ਐਮ.ਪੀ. ਗੁਰਬਖਸ਼ ਸਿੰਘ ਮੱਲੀ ਤੇ ਸਥਾਨਕ ਆਗੂ ਪੁੱਜੇ। ਇਸ ਮੌਕੇ ਕਲੱਬ ਵੱਲੋਂ ਨਾਮਵਰ ਸਾਬਕਾ ਖਿਡਾਰੀ ਸਵਰਨਾ ਵੈਲੀ, ਬੱਬੂ ਘੁਡਾਣਾ, ਸੁਖਚੈਨ ਨਾਗਰਾ, ਮੰਗੀ ਟਿਵਾਣਾ, ਸੰਦੀਪ ਗੁਰਦਾਸਪੁਰੀਆ, ਕੀਪਾ ਟਾਂਡਾ, ਨਾਮਵਰ ਅੰਪਾਇਰ ਪੱਪੂ ਭਦੌੜ, ਕੌਮਾਂਤਰੀ ਬੁਲਾਰੇ ਪ੍ਰੋ. ਮੱਖਣ ਸਿੰਘ ਹਕੀਮਪੁਰ ਦਾ ਸੋਨ ਤਗਮਿਆਂ ਨਾਲ ਸਨਮਾਨ ਕੀਤਾ ਗਿਆ।

ਇਸ ਕੱਪ ਲਈ ਗਲਾਈਡਰ ਸਿਸਟਮ, ਡੀਬੀਡੀ ਪੈਟਰੋਲੀਅਮ, ਏਮੈਕਸ ਐਂਡ ਦਿਉਲ ਰੋਡ ਕੈਰੀਅਰ, 401 ਟਰੱਕ ਸੋਰਸ, ਟਾਈਟਨ ਟਾਰਪ, ਹੋਮ ਲਾਈਫ ਗੋਲਡ ਸਟਾਰ ਰੀਅਲਟੀ ਇੰਕ, ਟਾਰਗੇਟ ਟਰੱਕ ਸੇਲਜ਼, ਐਨਐਫਪੀ, ਮਧਾਨੀ, ਬੀਐਸਡੀ ਲਾਈਨ ਹਾਲ, ਵੈਸਟ ਲੇਕ, ਨਿਊ ਮਿਲੇਨੀਅਮ ਟਾਇਰ, ਹਾਈ ਸੋਰਸ ਐਂਡ ਜੇ ਪੀ ਸੰਧੂ ਰੀਅਮਲ ਅਸਟੇਟ ਤੇ ਮਾਵੀ ਟਰੱਕ ਸੈਂਟਰ ਐਂਡ ਪਾਲਜ ਆਟੋ ਸਰਵਿਸ ਨੇ ਵੱਡੀ ਮਾਲੀ ਮੱਦਦ ਕੀਤੀ। ਕੱਪ ਜੇਤੂ ਟੀਮ ਨੂੰ ਜੇ ਜੀ ਈ ਟਰਾਂਸਪੋਰਟ ਈਸੈਕਸ ਵੱਲੋਂ ਤੇ ਉੱਪ ਜੇਤੂ ਟੀਮ ਨੂੰ ਮਧਾਨੀ, ਬੀ.ਐਸ.ਡੀ. ਲਾਈਨ ਹਾਲ ਤੇ ਵੈਸਟ ਲੇਕ ਵੱਲੋਂ ਇਨਾਮ ਦਿੱਤਾ ਗਿਆ।
ਇਸ ਕੱਪ ਦੇ ਪਹਿਲੇ ਮੈਚ ’ਚ ਓ.ਕੇ.ਸੀ. ਦੀ ਟੀਮ ਨੇ ਜੀ ਟੀ ਏ ਦੀ ਟੀਮ ਨੂੰ 42-35.5 ਅੰਕਾਂ ਨਾਲ ਹਰਾਇਆ।  ਦੂਸਰੇ ਮੈਚ ’ਚ  ਮੈਟਰੋ ਪੰਜਾਬੀ ਸਪੋਰਟਸ ਕਲੱਬ ਨੇ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਨੂੰ 35.5-30 ਅੰਕਾਂ ਨਾਲ ਹਰਾਇਆ। ਤੀਸਰੇ ਮੈਚ ਯੂਨਾਈਟਡ ਬਰੈਂਪਟਨ ਸਪੋਰਟਸ ਕਲੱਬ ਦੀ ਟੀਮ ਨੇ ਜੀ ਟੀ ਏ ਕਲੱਬ ਨੂੰ 39.5-32 ਅੰਕਾਂ ਨਾਲ ਹਰਾਇਆ। ਚੌਥੇ ਮੈਚ ’ਚ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਨੇ ਟੋਰਾਂਟੋ ਪੰਜਾਬੀ ਸਪੋਰਟਸ ਕਲੱਬ ਨੂੰ 40-34.5 ਅੰਕਾਂ ਨਾਲ ਹਰਾਇਆ। ਪਹਿਲੇ ਸੈਮੀਫਾਈਨਲ ’ਚ ਓ.ਕੇ.ਸੀ. ਨੇ ਮੈਟਰੋ ਪੰਜਾਬੀ ਸਪੋਰਟਸ ਕਲੱਬ ਨੂੰ 46.5-36 ਅੰਕਾਂ ਨਾਲ ਹਰਾਇਆ। ਦੂਸਰੇ ਸੈਮੀਫਾਈਨਲ ’ਚ ਯੂਨਾਈਟਡ ਬਰੈਂਪਟਨ ਸਪੋਰਟਸ ਕਲੱਬ ਦੀ ਟੀਮ ਨੇ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਦੀ ਟੀਮ ਨੂੰ 47.5-40 ਅੰਕਾਂ ਨਾਲ ਹਰਾਇਆ। ਫਾਈਨਲ ਮੈਚ ‘ਚ ਯੂਨਾਈਟਡ ਬਰੈਂਪਟਨ ਸਪੋਰਟਸ ਕਲੱਬ ਦੀ ਟੀਮ ਨੇ ਓ.ਕੇ. ਸੀ.  ਦੀ ਟੀਮ ਨੂੰ 25.5-20 ਅੰਕਾਂ ਨਾਲ ਹਰਾਇਆ। ਵਿੰਡਸਰ ਕੱਪ ਦੀ ਉਪ ਜੇਤੂ ਟੀਮ ਓਂਟਾਰੀਓ ਕਬੱਡੀ ਕਲੱਬ (ਓ.ਕੇ.ਸੀ.) ਦੇ ਖਿਡਾਰੀ ਰਵੀ ਦਿਉਰਾ ਨੇ 25 ਕੋਸ਼ਿਸ਼ਾਂ ਤੋਂ 24 ਅੰਕ ਹਾਸਲ ਕਰਕੇ ਸਰਵੋਤਮ ਧਾਵੀ ਦਾ ਖਿਤਾਬ ਜਿੱਤਿਆ। ਇਸੇ ਟੀਮ ਦੇ ਖਿਡਾਰੀ ਪਿੰਦੂ ਸੀਚੇਵਾਲ ਨੇ 16 ਕੋਸ਼ਿਸ਼ਾਂ ਤੋਂ 5 ਅੰਕ ਹਾਸਲ ਕਰਕੇ, ਸਰਵੋਤਮ ਜਾਫੀ ਦਾ ਖਿਤਾਬ ਜਿੱਤਿਆ।
ਵਧੀਆ ਇੰਡੋਰ ਸਟੇਡੀਅਮ ’ਚ ਰੰਗਦਾਰ ਮੈਟ ’ਤੇ ਖੇਡੇ ਗਏ ਇਸ ਟੂਰਨਾਮੈਂਟ ਦੌਰਾਨ ਬੀਬੀਆਂ ਤੇ ਬੱਚਿਆਂ ਨੇ ਵੀ ਵੱਡੀ ਗਿਣਤੀ ’ਚ ਸ਼ਮੂਲੀਅਤ ਕੀਤੀ। ਮੇਜ਼ਬਾਨ ਵਿੰਡਸਰ ਕਬੱਡੀ ਕਲੱਬ ਦੇ ਸੰਚਾਲਕ ਖੂਬਸੂਰਤ ਤੇ ਇੱਕੋ-ਜਿਹੀਆਂ ਪੁਸ਼ਾਕਾਂ ’ਚ ਸਜੇ ਹੋਏ ਸਨ। ਇਨਾਮਾਂ-ਸਨਮਾਨਾਂ ਦੀਆਂ ਰਸਮਾਂ ਬੜੀ ਮਰਿਆਦਾ ਤੇ ਸ਼ਾਨ ਨਾਲ ਨੇਪਰੇ ਚੜੀਆ। ਕੱਪ ਦੌਰਾਨ ਮੈਟ ’ਤੇ ਖੇਡਣ ਦਾ ਘੱਟ ਤਜ਼ਰਬਾ ਹੋਣ ਕਰਕੇ ਕਾਫੀ ਖਿਡਾਰੀ ਝਖ਼ਮੀ ਹੋਏ ਜਿੰਨ੍ਹਾਂ ’ਚ ਰਵੀ ਦਿਉਰਾ, ਸ਼ੀਲੂ ਬਾਹੂ ਅਕਬਾਰਪੁਰ, ਯੈਰੋ ਸ਼ਾਵੇਜ ਆਦਿ ਪ੍ਰਮੁੱਖ ਹਨ। ਇਸ ਕਬੱਡੀ ਸੀਜ਼ਨ ਦੌਰਾਨ ਕਬੱਡੀ ਫੈਡਰੇਸ਼ਨ ਆਫ ਓਂਟਾਰੀਓ ਵੱਲੋਂ ਪ੍ਰਧਾਨ ਜਸਵਿੰਦਰ ਸਿੰਘ ਜਸ ਛੋਕਰ, ਚੇਅਰਮੈਨ ਇੰਦਰਜੀਤ ਧੁੱਗਾ, ਮੀਤ ਪ੍ਰਧਾਨ ਸ਼ੇਰਾ ਮੰਡੇਰ, ਮੇਜਰ ਨੱਤ ਸਕੱਤਰ, ਰਾਣਾ ਸਿੱਧੂ ਖਜ਼ਾਨਚੀ, ਮਲਕੀਤ ਦਿਉਲ ਡਾਇਰੈਕਟਰ, ਸੁੱਖਾ ਰੰਧਾਵਾ ਡਾਇਰੈਕਟਰ ਤੇ ਸਮੂਹ ਮੈਂਬਰ ਸਾਹਿਬਾਨਾਂ ਦੀ ਅਗਵਾਈ ’ਚ ਬਹੁਤ ਸਾਰੇ ਨਵੇਂ ਨਿਯਮ ਬਣਾਏ ਗਏ ਜਿੰਨਾਂ ਨਾਲ ਓਂਟਾਰੀਓ ਦੀ ਕਬੱਡੀ ਦਾ ਮਿਆਰ ਹੋਰ ਉੱਚਾ ਕਰ ਦਿੱਤਾ।
ਇਸ ਟੂਰਨਾਮੈਂਟ ਦੌਰਾਨ ਮੈਚਾਂ ਦਾ ਸੰਚਾਲਨ ਅੰਪਾਇਰ ਪੱਪੂ ਭਦੌੜ, ਬਲਵੀਰ ਨਿੱਝਰ, ਸਵਰਨਾ ਵੈਲੀ, ਬਿੰਨਾ ਮਲਿਕ, ਨੀਟੂ ਸਰਾਏ ਤੇ ਸਾਬੀ ਜੰਡਿਆਲੀ ਨੇ ਬਹੁਤ ਵਧੀਆ ਤਰੀਕੇ ਨਾਲ ਕੀਤਾ। ਟੀਵੀ ਅੰਪਾਇਰਾਂ ਦੀ ਜਿੰਮੇਵਾਰੀ ਸਾਬਕਾ ਖਿਡਾਰੀ ਬੀਰਾ ਸਿੱਧਵਾਂ ਤੇ ਅਜਮੇਰ ਜਲਾਲ, ਟਾਈਮਕੀਪਰ ਦੀ ਭੂਮਿਕਾ ਕਾਲਾ ਕੰਮੇਆਣਾ ਨੇ ਨਿਭਾਈ। ਪੂਰੇ ਮੈਚਾਂ ਦੇ ਹਰ ਇੱਕ ਅੰਕ ਦਾ ਵੇਰਵਾ ਜਸਵੰਤ ਖੜਗ, ਮਨੀ ਖੜਗ ਤੇ ਕੁਲਵੰਤ ਢੀਂਡਸਾ ਨੇ ਇਕੱਤਰ ਕੀਤਾ। ਪ੍ਰੋ. ਮੱਖਣ ਸਿੰਘ ਹਕੀਮਪੁਰ, ਸੁਰਜੀਤ ਕਕਰਾਲੀ, ਛਿੰਦਰ ਧਾਲੀਵਾਲ, ਮੱਖਣ ਅਲੀ, ਹੈਰੀ ਅਮਨ ਲੋਪੋ ਤੇ ਪ੍ਰਿਤਾ ਸ਼ੇਰਗੜ੍ਹ ਚੀਮਾ ਨੇ ਆਪਣੀ ਕੁਮੈਂਟਰੀ ਕਲਾ ਰਾਹੀਂ ਮੈਚਾਂ ਨੂੰ ਰੋਚਕ ਬਣਾਕੇ ਪੇਸ਼ ਕੀਤਾ।

ਤਸਵੀਰ:- 1. ਵਿੰਡਸਰ ਕਬੱਡੀ ਕਲੱਬ ਦੇ ਸੰਚਾਲਕਾਂ ਦੀ ਟੀਮ
2. ਟੂਰਨਾਮੈਂਟ ਜੇਤੂ ਯੂਨਾਈਟਡ ਬਰੈਂਪਟਨ ਸਪੋਰਟਸ ਕਲੱਬ ਦੀ ਟੀਮ ਨੂੰ ਟਰਾਫੀ ਪ੍ਰਦਾਨ ਕਰਦੇ ਹੋਏ ਵਿੰਡਸਰ ਕਬੱਡੀ ਕਲੱਬ ਦੇ ਸੰਚਾਲਕ।
3. ਕੱਪ ਦੌਰਾਨ  ਸਾਬਕਾ ਖਿਡਾਰੀ ਸਵਰਨਾ ਵੈਲੀ ਨੂੰ ਸਨਮਾਨਿਤ ਕਰਦੇ ਹੋਏ ਕਲੱਬ ਮੈਂਬਰ।