ਜਸਮਨਪ੍ਰੀਤ ਰਾਜੂ ਤੇ ਜੱਗਾ ਚਿੱਟੀ ਬਣੇ ਸਰਵੋਤਮ ਖਿਡਾਰੀ–
ਟੋਰਾਂਟੋ ( ਅਰਸ਼ਦੀਪ ਸਿੰਘ ਸ਼ੈਰੀ)- ਕੈਨੇਡਾ ਦੇ ਓਂਟਾਰੀਓ ਸੂਬੇ ’ਚ ਸਰਗਰਮ ਕਬੱਡੀ ਫੈਡਰੇਸ਼ਨ ਆਫ ਓਂਟਾਰੀਓ ਦੇ ਝੰਡੇ ਹੇਠ ਮੈਟਰੋ ਪੰਜਾਬੀ ਸਪੋਰਟਸ ਕਲੱਬ ਵੱਲੋਂ ਸ਼ਾਨਦਾਰ ਕਬੱਡੀ ਕੱਪ ਕਰਵਾਇਆ ਗਿਆ ਜਿਸ ਨੂੰ ਜਿੱਤਣ ਦਾ ਮਾਣ ਟੋਰਾਂਟੋ ਪੰਜਾਬੀ ਸਪੋਰਟਸ ਕਲੱਬ ਨੇ ਹਾਸਿਲ ਕੀਤਾ। ਦੁਨੀਆ ਦੀ ਸਭ ਤੋਂ ਮਹਿੰਗੀ ਕਬੱਡੀ ਵਜੋਂ ਪ੍ਰਸਿੱਧ ਟੋਰਾਂਟੋ ਕਬੱਡੀ ਸੀਜ਼ਨ-2024 ’ਚ ਟੋਰਾਂਟੋ ਪੰਜਾਬੀ ਕਲੱਬ ਦੀ ਇਹ ਦੂਸਰੀ ਖਿਤਾਬੀ ਜਿੱਤ ਸੀ। ਸੀਜ਼ਨ ਦੇ ਇਸ ਪੰਜਵੇਂ ਕੱਪ ਦੌਰਾਨ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਦੀ ਟੀਮ ਉਪ ਜੇਤੂ ਰਹੀ। ਜਸਮਨਪ੍ਰੀਤ ਰਾਜੂ ਤੇ ਜੱਗਾ ਚਿੱਟੀ ਨੇ ਕਰਮਵਾਰ ਸਰਵੋਤਮ ਧਾਵੀ ਤੇ ਜਾਫੀ ਬਣਨ ਦਾ ਮਾਣ ਹਾਸਲ ਕੀਤਾ। ਜੂਨੀਅਰ ਟੀਮਾਂ ਦੇ ਮੁਕਾਬਲੇ ’ਚ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਦੇ ਗੱਭਰੇਟ ਲਗਾਤਾਰ ਪੰਜਵੀਂ ਵਾਰ ਅੱਵਲ ਰਹੇ।
ਮੈਟਰੋ ਪੰਜਾਬੀ ਸਪੋਰਟਸ ਕਲੱਬ ਵੱਲੋਂ ਪ੍ਰਧਾਨ ਕਾਲਾ ਹਾਂਸ, ਮੀਤ ਪ੍ਰਧਾਨ ਓਂਕਾਰ ਗਰੇਵਾਲ, ਸੈਕਟਰੀ ਬਲਰਾਜ ਚੀਮਾ, ਖਜ਼ਾਨਚੀ ਮਲਕੀਤ ਦਿਉਲ, ਡਾਇਰੈਕਟਰ ਈਸ਼ਰ ਸਿੱਧੂ, ਅਮਨਦੀਪ ਮਾਂਗਟ ਤੇ ਗੋਗਾ ਗਹੂਣੀਆ, ਮੈਂਬਰ ਭਿੰਦਰ ਸੇਖੋਂ, ਪਿੰਕੀ ਢਿੱਲੋਂ, ਜਸਪਾਲ ਗਹੂਣੀਆ, ਜੱਸਾ ਬਰਾੜ, ਚਿੱਤਵੰਤ ਸਿੱਧੂ, ਪਰਮਜੀਤ ਬੋਲੀਨਾ, ਗੁਰਬਾਜ ਗਹੂਣੀਆ, ਬੱਬੀ ਬੋਲੀਨਾ, ਹਰਜਿੰਦਰ ਥਿੰਦ, ਨਿੱਕ ਗਹੂਣੀਆ, ਕਿੰਗਡਮ ਟੀਮ ਮੈਂਬਰ, ਰੇਸ਼ਮ ਨਿੱਝਰ, ਲੱਖੀ ਬੁੱਟਰ, ਬਲਵੀਰ, ਅਨਮੋਲ ਸਿੰਘ, ਦਿਲਰਾਜ ਧਾਲੀਵਾਲ, ਬਲਜੋਤ ਬਾਠ, ਬਲਦੇਵ ਰਹਿਪਾ, ਹਰਪਾਲ ਰੰਧਾਵਾ, ਵਿਨੈ ਗਿੱਲ, ਦਵਿੰਦਰ ਮਾਨ, ਕਾਕਾ ਕੁਲਾਰ, ਸੁੱਖਾ ਕੁਲਾਰ, ਮਿੰਟੂ ਬਿਲਗਾ, ਸੋਨੀ ਸਨੇਤ, ਕੀਪ ਸ਼ੀਨਾ, ਪਰਮਿੰਦਰ ਗਿੱਲ, ਰਾਵਲ ਸਿੰਘ, ਸੋਨੀ ਮਾਂਗਟ, ਸੁਖਦੇਵ ਸਿੰਘ ਢੇਸੀ ਤੇ ਸੋਨੂ ਗਰੇਵਾਲ ਹੋਰਾਂ ਦੀ ਸਮੁੱਚੀ ਟੀਮ ਵੱਲੋਂ ਇਹ ਸ਼ਾਨਦਾਰ ਕੱਪ ਕਰਵਾਇਆ ਗਿਆ। ਮੈਟਰੋ ਕਲੱਬ ਦੀ ਟੀਮ ਨੂੰ ਹਾਂਸ ਟਰੱਕਿੰਗ, ਕਿੰਗਡਮ ਟੀਮ ਤੇ ਟਾਈਟਨ ਟਰੱਕ ਰਿਪੇਅਰ ਵੱਲੋਂ ਸਪਾਂਸਰ ਕੀਤਾ ਗਿਆ। ਇਸ ਕੱਪ ਲਈ ਮੈਟਰੋ ਪੰਜਾਬੀ ਸਪੋਰਟਸ ਕਲੱਬ ਨੂੰ ਬੀਵੀਡੀ ਗਰੁੱਪ, ਕੇ2 ਪੈਟਰੋਲੀਅਮ, ਐਚਐਸਜੀ ਟਰਾਂਸਪੋਰਟ, ਏਅਰ ਐਂਡ ਓਸਨਲੈਂਡ, ਟੀਟੀਡੀਐਸ, ਪਰੂਬ ਇੰਮੀਗ੍ਰੇਸ਼ਨ, ਏਆਰਜੇ ਟਰੱਕ ਪਾਰਕਿੰਗ, ਇਮਰਜ ਰੀਅਲ ਕੈਪੀਟਲ ਗਰੁੱਪ, ਟੋਰਾਂਟੋ ਟਰੱਕ ਟਾਇਰ ਸੈਂਟਰ, ਨਿਊ ਮਿਲੇਨੀਅਮ ਟਾਇਰ, ਸਟਾਰਗੇਟ ਲੌਜਿਸਟਕ, ਸਪਾਰਟਨ ਇੰਸੋਰੈਂਸ ਏਜੰਸੀ ਅਤੇ ਯਮੀ ਪੰਜਾਬੀ ਫਲੇਵਰ ਆਦਿ ਨੇ ਸਪਾਂਸਸਸ਼ਿਪ ਦਿੱਤੀ। ਕੱਪ ਜੇਤੂ ਟੀਮ ਨੂੰ ਇਨਾਮ ਏਅਰ ਐਂਡ ਓਸਨਲੈਂਡ ਦੇ ਧੀਰਾ ਸੰਧੂ ਅਤੇ ਉਪ ਜੇਤੂ ਟੀਮ ਨੂੰ ਇਨਾਮ ਟੋਰਾਂਟੋ ਟਰੱਕ ਡਰਾਈਵਿੰਗ ਸਕੂਲ ਦੇ ਦਲਜੀਤ ਸਹੋਤਾ ਹੋਰਾਂ ਨੇ ਦਿੱਤਾ।
ਇਸ ਕੱਪ ਦੌਰਾਨ ਬਹੁਤ ਸਾਰੀਆਂ ਰਾਜਨੀਤਿਕ, ਸਮਾਜਿਕ ਤੇ ਖੇਡਾਂ ਨਾਲ ਜੁੜੀਆਂ ਸ਼ਖਸ਼ੀਅਤਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਐਮ.ਪੀ. ਸੋਨੀਆ ਸਿੱਧੂ, ਐਮ.ਪੀ. ਰੂਬੀ ਸਹੋਤਾ, ਡਿਪਟੀ ਮੇਅਰ ਹਰਕੀਰਤ ਸਿੰਘ ਗਰੇਵਾਲ ਤੇ ਓਂਟਾਰੀਓ ਖਾਲਸਾ ਦਰਬਾਰ ਗੁਰੂ ਘਰ ਦੀ ਸਮੁੱਚੀ ਕਮੇਟੀ ਪ੍ਰਧਾਨ ਹਰਪਾਲ ਸਿੰਘ ਦੀ ਅਗਵਾਈ ’ਚ ਪੁੱਜੀ। ਇਸ ਮੌਕੇ ਸਾਬਕਾ ਖਿਡਾਰੀ ਭਾਈ ਗਾਖਲ ਦਾ ਵੀ ਸੋਨ ਤਗਮੇ ਨਾਲ ਅਤੇ ਇੰਗਲੈਂਡ ਵਸਦੇ ਸਾਬਕਾ ਖਿਡਾਰੀ ਹਕੀਕਤ ਸਿੰਘ ਕੀਕਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਸਾਬਕਾ ਖਿਡਾਰੀ ਸੋਨੀ ਸਨੇਤ, ਕਿੰਦਾ ਬਿਹਾਰੀਪੁਰ, ਸੰਦੀਪ ਗੁਰਦਾਸਪੁਰ ਸਮੇਤ ਅਨੇਕ ਖਿਡਾਰੀ ਪੁੱਜੇ।
ਇਸ ਕੱਪ ਦੇ ਪਹਿਲੇ ਮੈਚ ’ਚ ਟੋਰਾਂਟੋ ਪੰਜਾਬੀ ਸਪੋਰਟਸ ਕਲੱਬ ਨੇ ਯੂਨਾਈਟਡ ਬਰੈਂਪਟਨ ਸਪੋਰਟਸ ਕਲੱਬ ਦੀ ਟੀਮ ਨੂੰ 40-31.5 ਅੰਕਾਂ ਨਾਲ ਹਰਾਕੇ ਸੈਮੀਫਾਈਨਲ ’ਚ ਥਾਂ ਬਣਾਈ। ਦੂਸਰੇ ਮੈਚ ’ਚ ਮੈਟਰੋ ਪੰਜਾਬੀ ਸਪੋਰਟਸ ਕਲੱਬ ਨੇ ਓ.ਕੇ.ਸੀ. ਕਬੱਡੀ ਕਲੱਬ ਨੂੰ 38.5-36 ਅੰਕਾਂ ਨਾਲ ਹਰਾਕੇ, ਸੈਮੀਫਾਈਨਲ ’ਚ ਪੁੱਜੀ। ਤੀਸਰੇ ਮੈਚ ’ਚ ਜੀ ਟੀ ਏ ਕਬੱਡੀ ਕਲੱਬ ਦੀ ਟੀਮ ਨੇ ਯੂਨਾਈਟਡ ਬਰੈਂਪਟਨ ਸਪੋਰਟਸ ਕਲੱਬ ਦੀ ਟੀਮ ਨੇ 36.5-36 ਅੰਕਾਂ ਨਾਲ ਹਰਾਇਆ। ਚੌਥੇ ਮੈਚ ’ਚ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਨੇ ਓ.ਕੇ.ਸੀ. ਕਲੱਬ ਦੀ ਟੀਮ ਨੂੰ 34-27.5 ਅੰਕਾਂ ਨਾਲ ਹਰਾਕੇ, ਸੈਮੀਫਾਈਨਲ ’ਚ ਪੁੱਜੀ।
ਪਹਿਲੇ ਸੈਮੀਫਾਈਨਲ ’ਚ ਟੋਰਾਂਟੋ ਪੰਜਾਬੀ ਸਪੋਰਟਸ ਕਲੱਬ ਦੀ ਟੀਮ ਨੇ ਮੇਜ਼ਬਾਨ ਮੈਟਰੋ ਪੰਜਾਬੀ ਸਪੋਰਟਸ ਕਲੱਬ ਦੀ ਟੀਮ ਨੂੰ 37-36.5 ਅੰਕਾਂ ਨਾਲ ਹਰਾਕੇ, ਫਾਈਨਲ ’ਚ ਥਾਂ ਬਣਾਈ। ਦੂਸਰੇ ਸੈਮੀਫਾਈਨਲ ’ਚ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਦੀ ਟੀਮ ਨੇ ਜੀ ਟੀ ਏ ਕਲੱਬ ਦੀ ਟੀਮ ਨੂੰ 45.5-33 ਅੰਕਾਂ ਦੇ ਵੱਡੇ ਅੰਤਰ ਨਾਲ ਹਰਾਇਆ। ਬੇਹੱਦ ਰੋਚਕ ਫਾਈਨਲ ਮੁਕਾਬਲੇ ’ਚ ਟੋਰਾਂਟੋ ਪੰਜਾਬੀ ਸਪੋਰਟਸ ਕਲੱਬ ਦੀ ਟੀਮ ਨੇ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਦੀ ਟੀਮ ਨੂੰ 48.5-46 ਅੰਕਾਂ ਨਾਲ ਹਰਾਕੇ ਖਿਤਾਬ ਜਿੱਤਿਆ। ਅੰਡਰ-21 ਵਰਗ ’ਚ ਲਗਤਾਰ ਪੰਜਵੀਂ ਵਾਰ ਕੋਚ ਭੋਲਾ ਲਿੱਟ ਤੇ ਸੁਰਿੰਦਰ ਟੋਨੀ ਕਾਲਖ ਤੋਂ ਸਿਖਲਾਈ ਯਾਫਤਾ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਦੇ ਗਭਰੇਟ ਜੇਤੂ ਰਹੇ। ਮੈਟਰੋ ਪੰਜਾਬੀ ਸਪੋਰਟਸ ਕਲੱਬ ਦੀ ਟੀਮ ਉਪ ਜੇਤੂ ਰਹੀ।ਇਸ ਕੱਪ ਦੀ ਜੇਤੂ ਟੋਰਾਂਟੋ ਪੰਜਾਬੀ ਸਪੋਰਟਸ ਕਲੱਬ ਦੇ ਖਿਡਾਰੀ ਜਸਮਨਪ੍ਰੀਤ ਸਿੰਘ ਰਾਜੂ ਨੇ 32 ਧਾਵੇ ਬੋਲਕੇ, 29 ਅੰਕ ਹਾਸਲ ਕੀਤੇ ਅਤੇ ਸਰਵੋਤਮ ਧਾਵੀ ਦਾ ਖਿਤਾਬ ਜਿੱਤਿਆ। ਉਪ ਜੇਤੂ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਦੀ ਟੀਮ ਦੇ ਖਿਡਾਰੀ ਜੱਗਾ ਚਿੱਟੀ ਨੇ 32 ਕੋਸ਼ਿਸ਼ਾਂ ਤੋਂ 11 ਜੱਫੇ ਲਗਾਕੇ, ਸਰਵੋਤਮ ਜਾਫੀ ਦਾ ਕਿਤਾਬ ਜਿੱਤਿਆ। ਦੋਨਾਂ ਖਿਡਾਰੀਆਂ ਨੇ ਇਸ ਸੀਜ਼ਨ ਦੌਰਾਨ ਪਹਿਲੀ ਵਾਰ ਉਕਤ ਖਿਤਾਬ ਜਿੱਤੇ।
ਅਨੁਸ਼ਾਸ਼ਨ ਪੱਖੋਂ ਇਹ ਕੱਪ ਯਾਦਗਾਰੀ ਹੋ ਨਿੱਬੜਿਆ। ਸਾਰਾ ਦਿਨ ਖਿਡਾਰੀਆਂ, ਕੋਚਾਂ ਤੇ ਅੰਪਾਇਰਾਂ ਤੋਂ ਬਿਨਾਂ ਕੋਈ ਵੀ ਵਿਅਕਤੀ ਮੈਦਾਨ ਨਹੀਂ ਵੜਿਆ। ਜ਼ੋਰਦਾਰ ਮੀਂਹ ਤੋਂ ਬਾਅਦ ਵਧੀਆ ਘਾਹਦਾਰ ਮੈਦਾਨ ’ਚ ਖੇਡੇ ਗਏ ਇਸ ਟੂਰਨਾਮੈਂਟ ਦੌਰਾਨ ਖੁਸ਼ਨੁਮਾ ਗੱਲ ਇਹ ਰਹੀ ਕਿ ਖਿਡਾਰੀ ਸੱਟਾਂ-ਫੇਟਾਂ ਤੋਂ ਬਚੇ ਰਹੇ। ਇਨਾਮਾਂ-ਸਨਮਾਨਾਂ ਦੀਆਂ ਰਸਮਾਂ ਬੜੀ ਮਰਿਆਦਾ ਤੇ ਸ਼ਾਨ ਨਾਲ ਨੇਪਰੇ ਚੜੀਆ। ਇਸ ਕਬੱਡੀ ਸੀਜ਼ਨ ਦੌਰਾਨ ਕਬੱਡੀ ਫੈਡਰੇਸ਼ਨ ਆਫ ਓਂਟਾਰੀਓ ਵੱਲੋਂ ਪ੍ਰਧਾਨ ਜਸਵਿੰਦਰ ਸਿੰਘ ਜਸ ਛੋਕਰ, ਚੇਅਰਮੈਨ ਇੰਦਰਜੀਤ ਧੁੱਗਾ, ਮੀਤ ਪ੍ਰਧਾਨ ਸ਼ੇਰਾ ਮੰਡੇਰ, ਮੇਜਰ ਨੱਤ ਸਕੱਤਰ, ਰਾਣਾ ਸਿੱਧੂ ਖਜ਼ਾਨਚੀ, ਮਲਕੀਤ ਦਿਉਲ ਡਾਇਰੈਕਟਰ, ਸੁੱਖਾ ਰੰਧਾਵਾ ਡਾਇਰੈਕਟਰ ਤੇ ਸਮੂਹ ਮੈਂਬਰ ਸਾਹਿਬਾਨਾਂ ਦੀ ਅਗਵਾਈ ’ਚ ਬਹੁਤ ਸਾਰੇ ਨਵੇਂ ਨਿਯਮ ਬਣਾਏ ਗਏ ਜਿੰਨਾਂ ਨਾਲ ਓਂਟਾਰੀਓ ਦੀ ਕਬੱਡੀ ਦਾ ਮਿਆਰ ਹੋਰ ਉੱਚਾ ਕਰ ਦਿੱਤਾ।
ਇਸ ਟੂਰਨਾਮੈਂਟ ਦੌਰਾਨ ਮੈਚਾਂ ਦਾ ਸੰਚਾਲਨ ਅੰਪਾਇਰ ਪੱਪੂ ਭਦੌੜ, ਬਲਵੀਰ ਨਿੱਝਰ, ਸਵਰਨਾ ਵੈਲੀ, ਬਿੰਨਾ ਮਲਿਕ, ਨੀਟੂ ਸਰਾਏ ਤੇ ਸਾਬੀ ਜੰਡਿਆਲੀ ਨੇ ਬਹੁਤ ਵਧੀਆ ਤਰੀਕੇ ਨਾਲ ਕੀਤਾ। ਟੀਵੀ ਅੰਪਾਇਰਾਂ ਦੀ ਜਿੰਮੇਵਾਰੀ ਸਾਬਕਾ ਖਿਡਾਰੀ ਬੀਰਾ ਸਿੱਧਵਾਂ ਤੇ ਅਜਮੇਰ ਜਲਾਲ, ਟਾਈਮਕੀਪਰ ਦੀ ਭੂਮਿਕਾ ਕਾਲਾ ਕੰਮੇਆਣਾ ਨੇ ਨਿਭਾਈ। ਪੂਰੇ ਮੈਚਾਂ ਦੇ ਹਰ ਇੱਕ ਅੰਕ ਦਾ ਵੇਰਵਾ ਜਸਵੰਤ ਖੜਗ, ਮਨੀ ਖੜਗ ਤੇ ਕੁਲਵੰਤ ਢੀਂਡਸਾ ਨੇ ਇਕੱਤਰ ਕੀਤਾ। ਪ੍ਰੋ. ਮੱਖਣ ਸਿੰਘ ਹਕੀਮਪੁਰ, ਸੁਰਜੀਤ ਕਕਰਾਲੀ, ਛਿੰਦਰ ਧਾਲੀਵਾਲ, ਮੱਖਣ ਅਲੀ, ਹੈਰੀ ਬਨਭੌਰਾ, ਅਮਨ ਲੋਪੋ ਤੇ ਪ੍ਰਿਤਾ ਸ਼ੇਰਗੜ੍ਹ ਚੀਮਾ ਨੇ ਆਪਣੀ ਕੁਮੈਂਟਰੀ ਕਲਾ ਰਾਹੀਂ ਮੈਚਾਂ ਨੂੰ ਰੋਚਕ ਬਣਾਕੇ ਪੇਸ਼ ਕੀਤਾ।
ਤਸਵੀਰ:- 1. ਮੈਟਰੋ ਪੰਜਾਬੀ ਸਪੋਰਟਸ ਕਲੱਬ ਦੀ ਟੀਮ ਆਪਣੇ ਪ੍ਰਬੰਧਕਾਂ ਨਾਲ।
2. 7552 ਮੈਟਰੋ ਪੰਜਾਬੀ ਸਪੋਰਟਸ ਕਲੱਬ ਦੇ ਪ੍ਰਬੰਧਕ, ਕੱਪ ਜੇਤੂ ਟੋਰਾਂਟੋ ਪੰਜਾਬੀ ਸਪੋਰਟਸ ਕਲੱਬ ਦੀ ਟੀਮ ਨੂੰ ਟਰਾਫੀ ਪ੍ਰਦਾਨ ਕਰਦੇ ਹੋਏ।
3. 7556 ਸਰਵੋਤਮ ਖਿਡਾਰੀਆਂ ਨੂੰ ਟਰਾਫੀਆਂ ਪ੍ਰਦਾਨ ਕਰਦੇ ਹੋਏ ਜਸਪਾਲ ਗਹੂਣੀਆ ਤੇ ਸਾਥੀ।
4. ਮੈਟਰੋ ਪੰਜਾਬੀ ਸਪੋਰਟਸ ਕਲੱਬ ਦੇ ਪ੍ਰਬੰਧਕ