ਸਰੀ, 22 ਜੁਲਾਈ (ਹਰਦਮ ਮਾਨ)-ਗ਼ਜ਼ਲ ਮੰਚ ਸਰੀ ਅਤੇ ਵੈਨਕੂਵਰ ਵਿਚਾਰ ਮੰਚ ਵੱਲੋਂ ਅਮਰੀਕੀ ਸਾਇੰਸਦਾਨ ਰਛਪਾਲ ਸਿੰਘ ਸਹੋਤਾ ਦੇ ਪਲੇਠੇ ਪੰਜਾਬੀ ਨਾਵਲ ‘ਆਪੇ ਦੀ ਭਾਲ਼’ ਰਿਲੀਜ਼ ਕਰਨ ਅਤੇ ਇਸ ਉੱਪਰ ਵਿਚਾਰ ਚਰਚਾ ਕਰਨ ਲਈ ਸਾਂਝੇ ਤੌਰ ‘ਤੇ ਸਮਾਗਮ ਕਰਵਾਇਆ ਗਿਆ। ਜਰਨੈਲ ਆਰਟ ਗੈਲਰੀ ਅਤੇ ਗੁਰਦੀਪ ਆਰਟਸ ਅਕੈਡਮੀ ਸਰੀ ਦੇ ਹਾਲ ਵਿਚ ਵਿਚ ਹੋਏ ਇਸ ਸਮਾਰੋਹ ਦੀ ਪ੍ਰਧਾਨਗੀ ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ, ਨਾਵਲਕਾਰ ਰਛਪਾਲ ਸਹੋਤਾ ਅਤੇ ਮਨਜੀਤ ਕੌਰ ਸਹੋਤਾ ਨੇ ਕੀਤੀ।
ਸਮਾਗਮ ਦੇ ਸੰਚਾਲਕ ਦਵਿੰਦਰ ਗੌਤਮ ਨੇ ਸ਼ੁਰੂਆਤ ਕਰਦਿਆਂ ਸਭਨਾਂ ਦਾ ਸਵਾਗਤ ਕੀਤਾ ਅਤੇ ਨਾਵਲਕਾਰ ਰਛਪਾਲ ਸਹੋਤਾ ਬਾਰੇ ਸੰਖੇਪ ਜਾਣਕਾਰੀ ਦਿੱਤੀ। ਨਾਵਲ ਬਾਰੇ ਵਿਚਾਰ ਚਰਚਾ ਕਰਦਿਆਂ ਜਰਨੈਲ ਸਿੰਘ ਸੇਖਾ ਨੇ ਕਿਹਾ ਕਿ ਪੂੰਜੀਵਾਦੀ ਸਮਾਜ ਵਿੱਚ ਆਪਣੇ ਆਪ ਨੂੰ ਉੱਚਕੋਟੀ ਵਰਗ ਨਾਲ ਸੰਬੰਧਤ ਸਮਝਣ ਵਾਲੇ ਲੋਕ ਨਿਮਨ ਜਾਤੀ ਦੇ ਲੋਕਾਂ ਨੂੰ ਗ਼ੁਲਾਮ ਸਮਝਦੇ ਹਨ ਅਤੇ ਔਰਤ ਨੂੰ ਵੀ ਇਕ ਵਸਤੂ ਦੇ ਰੂਪ ਵਿਚ ਦੇਖਦੇ ਹਨ। ਇਸ ਨਾਵਲ ਵਿਚ ਲੇਖਕ ਵੀਹਵੀਂ ਸਦੀ ਦੇ ਆਖਰੀ ਦਹਾਕਿਆਂ ਵਿਚ ਪੰਜਾਬ ਦੇ ਪਿੰਡਾਂ ਵਿਚਲੇ ਜਾਤੀਵਾਦ ਦੀ ਦਸ਼ਾ, ਦਿਸ਼ਾ ਅਤੇ ਇਸ ਵਿਚ ਆ ਰਹੀ ਤਬਦੀਲੀ ਨੂੰ ਸੰਤੁਲਿਤ ਪਹੁੰਚ ਨਾਲ਼ ਜਿਉਂ ਦੇ ਤਿਉਂ ਰੂਪਵਿਚ ਪੇਸ਼ ਕਰਦਾ ਹੈ। ਉਨ੍ਹਾਂ ਕਿਹਾ ਕਿ ਨਾਵਲ ਵਿਚ ਇਕ ਕਮੀ ਜ਼ਰੂਰ ਰੜਕਦੀ ਹੈ ਕਿ ਜਿਸ ਕਾਰਜਕਾਲ ਦਾ ਬਿਰਤਾਂਤ ਇਸ ਵਿਚ ਸਿਰਜਿਆ ਗਿਆ ਉਸ ਸਮੇਂ ਪੰਜਾਬ ਨੇ ਬਹੁਤ ਸੰਤਾਪ ਹੰਢਾਇਆ ਸੀ ਪਰ ਨਾਵਲ ਵਿੱਚ ਕਿਤੇ ਵੀ ਇਸ ਦਾ ਜ਼ਿਕਰ ਨਹੀਂ। ਜੇਕਰ ਉਸ ਦਾ ਸਮੇਂ ਦਾ ਇਤਿਹਾਸ ਵੀ ਇਸ ਵਿੱਚੋਂ ਪ੍ਰਗਟ ਹੁੰਦਾ ਤਾਂ ਇਹ ਨਾਵਲ ਉੱਚਕੋਟੀ ਦੀ ਰਚਨਾ ਬਣ ਸਕਦਾ ਸੀ।
ਰਾਜਵੰਤ ਰਾਜ ਨੇ ਨਾਵਲ ਬਾਰੇ ਗੱਲ ਕਰਦਿਆਂ ਕਿਹਾ ਕਿ ਇਹ ਨਾਵਲ ਸਮਾਜ ਦੇ ਕੋਝੇ ਪੱਖ
ਨੂੰ ਪੇਸ਼ ਕਰਨ ਵਾਲਾ ਦਸਤਾਵੇਜ, ਮਨੁੱਖੀ ਕਦਰਾਂ ਕੀਮਤਾਂ ਦੇ ਘਾਣ ਅਤੇ ਸੱਧਰਾਂ ਦੇ ਦਮਨ
ਦੀ ਦਾਸਤਾਨ ਹੈ। ਜਾਤ ਪਾਤ ਦਾ ਸੰਤਾਪ ਹੰਢਾਉਂਦੇ ਇੱਕ ਬੜੇ ਕਾਬਲ ਇਨਸਾਨ ਦੀ ਕਹਾਣੀ ਹੈ
ਜਿਹੜਾ ਬਹੁਤ ਕਾਬਲ ਹੋਣ ਦੇ ਬਾਵਜੂਦ ਜਾਤ ਦੀ ਵਜ੍ਹਾ ਨਾਲ ਥਾਂ ਥਾਂ ਦੁਰਕਾਰਿਆ ਜਾਂਦਾ
ਹੈ। ਨਾਵਲ ਦੀ ਕਹਾਣੀ ਵਿਚ ਰਵਾਨੀ ਹੈ ਜੋ ਪਾਠਕ ਨੂੰ ਆਪਣੇ ਨਾਲ ਤੋਰ ਲੈਂਦੀ ਹੈ।
ਨਾਵਲਕਾਰ ਨੇ ਬੜੀ ਮਿਹਨਤ ਨਾਲ ਜ਼ਿੰਦਗੀ ਦੇ ਅਨੁਭਵਾਂ ਵਿੱਚੋਂ ਇਸ ਕਹਾਣੀ ਨੂੰ ਸਿਰਜਿਆ
ਹੈ ਅਤੇ ਬੜੇ ਕਲਾਤਮਿਕ ਤਰੀਕੇ ਨਾਲ ਪੇਸ਼ ਕੀਤਾ ਹੈ। ਰਾਜਵੰਤ ਨੇ ਨਾਵਲ ਵਿਚਲੀਆਂ ਕੁਝ
ਸ਼ਾਬਦਿਕ ਗਲਤੀਆਂ ਦੀ ਵੀ ਗੱਲ ਕੀਤੀ।
ਪ੍ਰਸਿੱਧ ਵਿਦਵਾਨ ਡਾ. ਪ੍ਰਿਥੀਪਾਲ ਸਿੰਘ ਸੋਹੀ ਨੇ ਕਿਹਾ ਕਿ ਉਹ ਇਸ ਨਾਵਲ ਨੂੰ ਯਥਾਰਥ
ਅਤੇ ਪ੍ਰੋਗਰੈਸਿਵ ਰੂਪ ਵਿਚ ਦੇਖ ਰਹੇ ਹਨ। ਇਸ ਵਿਚ ਬਦਲ ਰਹੇ ਸਮਾਜ ਨੂੰ ਪੇਸ਼ ਕੀਤਾ
ਗਿਆ ਹੈ। ਇਸ ਵਿਚ ਇਹ ਗੱਲ ਵੀ ਸਾਹਮਣੇ ਆਉਂਦੀ ਹੈ ਕਿ ਜਾਤਪਾਤ ਖਤਮ ਨਾ ਹੋਣ ਦੇਣ ਵਿਚ
ਵਿਆਹ ਦੀ ਰਸਮ ਸਭ ਤੋਂ ਵੱਡਾ ਅੜਿੱਕਾ ਹੈ। ਅਸੀਂ ਹੋਰ ਸਭ ਕੁਝ ਇਕੱਠੇ ਕਰ ਲੈਂਦੇ ਹਾਂ
ਪਰ ਜਦੋਂ ਵਿਆਹ ਦੀ ਗੱਲ ਆਉਂਦੀ ਹੈ ਤਾਂ ਉਦੋਂ ਆਪਣੇ ਆਪ ਨੂੰ ਕ੍ਰਾਂਤੀਕਾਰੀ ਕਹਾਉਂਦੇ
ਵੱਡੇ ਵੱਡੇ ਲੇਖਕ ਜਾਂ ਦੁਨੀਆਂ ਨੂੰ ਬਦਲਣ ਦੇ ਦਮਗਜੇ ਮਾਰਨ ਵਾਲੇ ਵੀ ਆਪਣੇ ਬੱਚਿਆਂ
ਦੇ ਵਿਆਹ ਨਿਮਨ ਜਾਤੀ ਵਿਚ ਨਹੀਂ ਕਰਦੇ।
ਅਜਮੇਰ ਰੋਡੇ ਦਾ ਕਹਿਣਾ ਸੀ ਕਿ ਜਾਤਪਾਤ ਨੀਵੀਆਂ ਜਾਤਾਂ ਵਾਲੇ ਲੋਕਾਂ ਨੇ ਪੈਦਾ ਨਹੀਂ
ਕੀਤੀ, ਇਹ ਕਥਿਤ ਉੱਚੀਆਂ ਜਾਤੀਆਂ ਵਾਲੇ ਲੋਕਾਂ ਦੀ ਪੈਦਾਇਸ਼ ਹੈ ਅਤੇ ਉੱਚ ਜਾਤ ਦੇ
ਲੇਖਕਾਂ ਨੂੰ ਨਿਮਨ ਜਾਤੀਆਂ ਬਾਰੇ ਲਿਖਣਾ ਆਪਣਾ ਫਰਜ਼ ਸਮਝਣਾ ਚਾਹੀਦਾ ਹੈ। ਉਨ੍ਹਾਂ
ਕਿਹਾ ਕਿ ਪੰਜਾਬੀ ਵਿਚ ਇਸ ਵਿਸ਼ੇ ‘ਤੇ ਬਹੁਤ ਘੱਟ ਨਾਵਲ ਲਿਖੇ ਗਏ ਹਨ। ਇਸ ਨਾਵਲ ਵਿਚ
ਜਨਮ ਤੋਂ ਲੈ ਕੇ ਜ਼ਿੰਦਗੀ ਦੀ ਹਰ ਸਟੇਜ ‘ਤੇ ਨਿਮਨ ਜਾਤੀ ਦੇ ਲੋਕਾਂ ਦੇ ਸੰਤਾਪ ਨੂੰ
ਬੜੀ ਖੂਬਸੂਰਤੀ ਨਾਲ ਦਰਸਾਇਆ ਗਿਆ ਹੈ।
ਬੀ.ਸੀ. ਦੇ ਸਾਬਕਾ ਪ੍ਰੀਮੀਅਰ ਉੱਜਲ ਦੁਸਾਂਝ ਨੇ ਰਛਪਾਲ ਸਹੋਤਾ ਨੂੰ ਇਸ ਨਾਵਲ ਲਈ
ਮੁਬਾਰਕਬਾਦ ਦਿੱਤੀ ਅਤੇ ਸਮਾਜ ਵਿਚਲੇ ਜਾਤਪਾਤ ਦੇ ਕੋਹੜ ਦੀ ਗੱਲ ਕੀਤੀ। ਨਾਵਲਕਾਰਾ
ਹਰਕੀਰਤ ਕੌਰ ਚਾਹਲ ਨੇ ਵੀ ਜਾਤਪਾਤ ਪ੍ਰਤੀ ਆਪਣੇ ਨਿੱਜੀ ਅਨੁਭਵ ਸਾਂਝੇ ਕਰਦਿਆਂ ਇਸ
ਨਾਵਲ ਨੂੰ ਸਮਾਜ ਦੇ ਯਥਾਰਥ ਦੀ ਖੂਬਸੂਰਤ ਪੇਸ਼ਕਾਰੀ ਦੱਸਿਆ। ਪ੍ਰਸਿੱਧ ਸਾਹਿਤਕਾਰ ਨਦੀਮ
ਪਰਮਾਰ, ਮਲੂਕ ਚੰਦ ਕਲੇਰ, ਡਾ. ਸੁਖਵਿੰਦਰ ਵਿਰਕ, ਸੰਨੀ ਧਾਲੀਵਾਲ ਅਤੇ ਸੁੱਖੀ ਢਿੱਲੋਂ
ਨੇ ਵੀ ਨਾਵਲਕਾਰ ਰਛਪਾਲ ਸਹੋਤਾ ਨੂੰ ਵਧੀਆ ਨਾਵਲ ਲਈ ਵਧਾਈ ਦਿੱਤੀ।
ਨਾਵਲਕਾਰ ਰਛਪਾਲ ਸਹੋਤਾ ਨੇ ਸਾਰੇ ਬੁਲਾਰਿਆਂ ਵੱਲੋਂ ਪੇਸ਼ ਕੀਤੇ ਵਿਚਾਰਾਂ, ਸੁਝਾਵਾਂ
ਲਈ ਧੰਨਵਾਦ ਕੀਤਾ। ਅੰਤ ਵਿਚ ਵੈਨਕੂਵਰ ਵਿਚਾਰ ਮੰਚ ਦੇ ਪ੍ਰਧਾਨ ਜਰਨੈਲ ਸਿੰਘ ਆਰਟਿਸਟ
ਨੇ ਸਮਾਗਮ ਵਿਚ ਹਾਜਰ ਸਭਨਾਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ। ਸਮਾਗਮ ਵਿਚ ਹੋਰਨਾਂ ਤੋਂ
ਇਲਾਵਾ ਡਾ. ਗੁਰਮਿੰਦਰ ਸਿੱਧੂ, ਅੰਮ੍ਰਿਤਪਾਲ ਢੋਟ, ਡਾ. ਬਲਦੇਵ ਸਿੰਘ ਖਹਿਰਾ, ਕ੍ਰਿਸ਼ਨ
ਭਨੋਟ, ਸਤੀਸ਼ ਗੁਲਾਟੀ, ਸੁਖਜੀਤ ਕੌਰ, ਨਰਿੰਦਰ ਬਾਹੀਆ, ਦਰਸ਼ਨ ਮਾਨ, ਰਣਧੀਰ ਢਿੱਲੋਂ,
ਰਾਜਦੀਪ ਤੂਰ, ਹਰਦਮ ਮਾਨ, ਅਕਾਸ਼ਦੀਪ ਸਿੰਘ ਛੀਨਾ ਨੇ ਸ਼ਮੂਲੀਅਤ ਕੀਤੀ।