Headlines

ਦਰਬਾਰ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਨਵੇਂ ਗੁਰੂ ਘਰ ਦੀ ਉਸਾਰੀ ਦਾ ਸ਼ੁਭ ਆਰੰਭ

ਪ੍ਰੀਮੀਅਰ ਡੈਨੀਅਲ ਸਮਿਥ ਨੇ ਵਿਸ਼ੇਸ਼ ਹਾਜ਼ਰੀ ਭਰੀ- ਸਰਕਾਰ ਵਲੋਂ 1 ਲੱਖ 25 ਹਜ਼ਾਰ ਦੀ ਗਰਾਂਟ ਦਾ ਚੈਕ ਭੇਟ-

ਕੈਲਗਰੀ ( ਦਲਵੀਰ ਜੱਲੋਵਾਲੀਆ)- ਬੀਤੇ ਦਿਨ ਗੋਬਿੰਦ ਮਾਰਗ ਚੈਰੀਟੇਬਲ ਟਰੱਸਟ ਫਾਉਂਡੇਸ਼ਨ ਵਲੋਂ ਗੁਰਦੁਆਰਾ ਦਰਬਾਰ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਨਵੇਂ ਗੁਰੂ ਘਰ ਦੀ ਉਸਾਰੀ ਦੀ ਸ਼ੁਰੂਆਤ ਪੰਜ ਪਿਆਰਿਆਂ ਦੀ ਅਗਵਾਈ ਹੇਠ ਆਰੰਭ ਕੀਤੀ ਗਈ। ਇਸ ਮੌਕੇ ਬਾਬਾ ਬਲਦੇਵ ਸਿੰਘ ਜੀ ਤੇ ਹੋਰ ਧਾਰਮਿਕ ਸ਼ਖਸੀਅਤਾਂ ਹਾਜ਼ਰ ਸਨ। ਇਸ ਸਮਾਗਮ ਵਿਚ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਵਿਸ਼ੇਸ਼ ਤੌਰ ਵਿਚ ਸ਼ਾਮਿਲ ਹੋਏ। ਉਹਨਾਂ ਸਿੱਖ ਭਾਈਚਾਰੇ ਨੂੰ ਨਵੇਂ ਗੁਰੂ ਘਰ ਦੀ ਉਸਾਰੀ ਸ਼ੁਰੂ ਕਰਨ ਲਈ ਵਧਾਈਆਂ ਦਿੱਤੀਆਂ ਤੇ ਭਾਈਚਾਰੇ ਵਲੋਂ ਸਮਾਜ ਸੇਵੀ ਕਾਰਜਾਂ ਅਤੇ ਅਲਬਰਟਾ ਦੀ ਤਰੱਕੀ ਅਤੇ ਵਿਕਾਸ ਵਿਚ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਕੀਤੀ। ਉਹਨਾਂ ਅਲਬਰਟਾ ਸਰਕਾਰ ਵਲੋਂ ਗੁਰੂ ਘਰ ਦੀ ਉਸਾਰੀ ਲਈ ਇਕ ਲੱਖ 25 ਹਜਾਰ ਦੀ ਗਰਾਂਟ ਦਾ ਚੈਕ ਟਰੱਸਟ ਦੇ ਅਹੁਦੇਦਾਰਾਂ ਨੂੰ ਭੇਟ ਕੀਤਾ।  ਇਸ ਮੌਕੇ ਉਹਨਾਂ ਨਾਲ ਸਲਾਹਕਾਰ ਹਰਦਿਆਲ ਸਿੰਘ ਹੈਪੀ ਮਾਨ ਵੀ ਹਾਜ਼ਰ ਸਨ। ਲਿਬਰਲ ਐਮ ਪੀ ਜੌਰਜ ਚਾਹਲ , ਕੰਸਰਵੇਟਿਵ ਐਮ ਪੀ ਜਸਰਾਜ ਸਿੰਘ ਹੱਲਣ, ਐਮ ਐਲ ਏ ਪਰਮੀਤ ਸਿੰਘ ਬੋਪਾਰਾਏ, ਰਣਵੀਰ ਸਿੰਘ ਪਰਮਾਰ, ਪ੍ਰਭਦੇਵ ਸਿੰਘ ਸਾਬੀ ਖਹਿਰਾ ਸਰੀ ਤੇ ਹੋਰ ਸ਼ਖਸੀਅਤਾਂ ਨੇ ਨਵੇਂ ਗੁਰੂ ਘਰ ਦੀ ਉਸਾਰੀ ਲਈ ਪ੍ਰਬੰਧਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

ਇਸ ਮੌਕੇ ਸੈਡਲ ਪੀਸ ਪਾਰਕ ਦਾ ਨਾਮ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਮ ਉਪਰ ਕਰਨ ਦੀ ਵੀ ਰਸਮ ਅਦਾ ਕੀਤੀ ਗਈ। ਇਸ ਮੌਕੇ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ ਜਿਹਨਾਂ ਨੇ ਜੈਕਾਰਿਆਂ ਦੀ ਗੂੰਜ ਵਿਚ ਨਵੇਂ ਗੁਰੂ ਘਰ ਅਤੇ ਪਾਰਕ ਦਾ ਨਾਮ ਗੁਰੂ ਸਾਹਿਬ ਦੇ ਨਾਮ ਉਪਰ ਰੱਖੇ ਜਾਣ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ।