Headlines

ਬੈਂਕ ਆਫ ਕੈਨੇਡਾ ਵਲੋਂ ਵਿਆਜ ਦਰ ਵਿਚ ਕਟੌਤੀ-ਨਵੀਂ ਵਿਆਜ ਦਰ 4.5 ਪ੍ਰਤੀਸ਼ਤ ਨਿਸ਼ਚਿਤ

ਓਟਵਾ ( ਦੇ ਪ੍ਰ ਬਿ )- ਕੈਨੇਡੀਅਨ ਵਾਸਤੇ ਕੁਝ ਰਾਹਤ ਵਾਲੀ ਖਬਰ ਹੈ ਕਿ ਬੈਂਕ ਆਫ਼ ਕੈਨੇਡਾ ਨੇ ਬੁੱਧਵਾਰ ਨੂੰ ਲਗਾਤਾਰ ਦੂਜੀ ਵਾਰ  ਵਿਆਜ ਦਰਾਂ ਵਿੱਚ ਕਟੌਤੀ ਕਰਦਿਆਂ ਨਵੀਂ ਵਿਆਜ ਦਰ 4.5 ਪ੍ਰਤੀਸ਼ਤ ਨਿਰਧਾਰਿਤ ਕੀਤੀ ਹੈ। ਵਿਆਜ ਦਰਾਂ ਵਿਚ 25 ਬੇਸਿਕ ਪੁਆਇੰਟ ਦੀ ਕਟੌਤੀ ਕਰਨ ਦੇ ਨਾਲ ਹੀ ਚੇਤਾਵਨੀ ਦਿੱਤੀ ਹੈ ਕਿ ਮਹਿੰਗਾਈ ਦਰ 2 ਪ੍ਰਤੀਸ਼ਤ ਤੱਕ ਲਿਆਉਣ ਦਾ ਰਸਤਾ ਆਸਾਨ ਨਹੀ ਹੈ। ਜਿਕਰਯੋਗ ਹੈ ਕਿ ਬੈਂਕ ਨੇ ਪਿਛਲੇ ਮਹੀਨੇ ਵੀ 25  ਬੇਸਿਕ ਪੁਆਇੰਟ ਕਟੌਤੀ ਕੀਤੀ ਸੀ ਜਿਸਤੋਂ ਲੋਕਾਂ ਨੇ ਕੋਈ ਜ਼ਿਆਦਾ ਰਾਹਤ ਮਹਿਸੂਸ ਨਹੀ ਕੀਤੀ ਸੀ। ਕੇਂਦਰੀ ਬੈਂਕ ਵਲੋਂ ਵਿਆਜ ਦਰ ਦਾ ਅਗਲਾ ਫੈਸਲਾ 4 ਸਤੰਬਰ ਨੂੰ ਤੈਅ ਹੈ।
ਬੈਂਕ ਆਫ ਕੈਨੇਡਾ ਦੇ  ਗਵਰਨਰ ਟਿਫ ਮੈਕਲਮ ਨੇ ਅੱਜ ਉਕਤ ਵਿਆਜ ਦਰ ਵਿਚ ਕਟੌਤੀ ਦਾ ਐਲਾਨ ਕਰਦਿਆਂ ਕਿਹਾ ਕਿ ਮਹਿੰਗਾਈ ਦਰ ਨੂੰ ਹੇਠਾਂ ਲਿਆਉਣ ਦੇ ਨਾਲ ਕੇਂਦਰੀ ਬੈਂਕ ਆਰਥਿਕਤਾ ਦੇ ਜੋਖਮ ਤੋਂ ਬਚਣ ਦੀ ਵੀ ਕੋਸ਼ਿਸ਼ ਕਰ ਰਿਹਾ ਹੈ।ਉਹਨਾਂ ਕਿਹਾ ਕਿ  ਜੇਕਰ ਮਹਿੰਗਾਈ ਸਾਡੇ ਪੂਰਵ ਅਨੁਮਾਨ ਦੇ ਅਨੁਸਾਰ ਕੰਟਰੋਲ  ਹੁੰਦੀ ਹੈ, ਤਾਂ ਸਾਡੀ ਨੀਤੀਗਤ ਵਿਆਜ ਦਰ ਵਿੱਚ ਹੋਰ ਕਟੌਤੀ ਦੀ ਉਮੀਦ ਕਰਨਾ ਉਚਿਤ ਹੈ। ਸਮਾਂ ਇਸ ਗੱਲ ‘ਤੇ ਨਿਰਭਰ ਕਰੇਗਾ ਕਿ ਅਸੀਂ ਉਚ ਮਹਿੰਗਾਈ ਦਰ ਤੇ ਕਿਵੇਂ ਕਾਬੂ ਪਾਉਣ ਦੇ ਯੋਗ ਹੁੰਦੇ ਹਾਂ।
ਬੈਂਕ ਆਫ ਕੈਨੇਡਾ ਨੇ ਪਿਛਲੇ ਮਹੀਨੇ ਚਾਰ ਸਾਲਾਂ ਵਿੱਚ ਆਪਣੀ ਪਹਿਲੀ ਵਿਆਜ ਦਰ ਵਿੱਚ ਕਟੌਤੀ ਕੀਤੀ ਸੀ।
ਬੁੱਧਵਾਰ ਨੂੰ ਜਾਰੀ ਕੀਤੀ ਗਈ ਬੈਂਕ ਆਫ ਕੈਨੇਡਾ ਦੀ ਮੁਦਰਾ ਨੀਤੀ ਰਿਪੋਰਟ ਵਿੱਚ ਨਵੇਂ ਪੂਰਵ ਅਨੁਮਾਨ ਸ਼ਾਮਲ ਹਨ, ਜੋ ਸੁਝਾਅ ਦਿੰਦੇ ਹਨ ਕਿ ਮਹਿੰਗਾਈ ਅਗਲੇ ਸਾਲ ਦੋ ਪ੍ਰਤੀਸ਼ਤ ਦੇ ਟੀਚੇ ‘ਤੇ ਵਾਪਸ ਆ ਜਾਵੇਗੀ।
ਕੈਨੇਡੀਅਨ ਆਰਥਿਕਤਾ, ਜਿਸ ਨੂੰ ਕੇਂਦਰੀ ਬੈਂਕ ਨੇ ਨੋਟ ਕੀਤਾ ਹੈ ਕਿ ਆਬਾਦੀ ਵਾਧੇ ਦੇ ਮੁਕਾਬਲੇ ਕਮਜ਼ੋਰ ਬਣੀ ਹੋਈ ਹੈ ਪਰ ਇਸਦੇ 2024 ਦੇ ਦੂਜੇ ਅੱਧ ਵਿੱਚ ਮਜ਼ਬੂਤ ​​ਹੋਣ ਦੀ ਉਮੀਦ ਹੈ। ਬੈਂਕ ਨੂੰ ਕੁੱਲ ਘਰੇਲੂ ਉਤਪਾਦ ਵਿੱਚ ਇਸ ਸਾਲ ਔਸਤਨ 1.2 ਪ੍ਰਤੀਸ਼ਤ ਵਾਧਾ ਹੋਣ ਦੀ ਉਮੀਦ ਹੈ ਤੇ  2025 ਵਿੱਚ 2.1 ਪ੍ਰਤੀਸ਼ਤ  ਵਾਧਾ ਹੋ ਸਕਦਾ ਹੈ।

ਇਸੇ ਦੌਰਾਨ ਉਘੇ ਮੌਰਟਗੇਜ਼ ਮਾਹਿਰ ਸਤਬੀਰ ਸਿੰਘ ਭੁੱਲਰ ਨੇ ਕੈਨੇਡਾ ਬੈਂਕ ਵਲੋਂ ਥੋੜੇ ਸਮੇਂ ਵਿਚ 25-25 ਬੇਸਿਕ ਪੁਆਇੰਟ ਵਿਆਜ ਦਰ ਵਿਚ ਕਟੌਤੀ ਕੀਤੇ ਜਾਣ ਨੂੰ ਕਾਰੋਬਾਰਾਂ ਲਈ ਚੰਗੇ ਸੰਕੇਤ ਦੱਸਿਆ ਹੈ। ਜੀ ਡੀ ਪੀ ਵਿਚ ਔਸਤ ਵਾਧੇ ਦੀ ਉਮੀਦ ਵੀ ਆਰਥਿਕਤਾ ਨੂੰ ਮਜਬੂਤ ਪ੍ਰਦਾਨ ਕਰਨ ਵਾਲੀ ਹੈ।