Headlines

ਕਿਸੇ ਵੀ ਹੰਗਾਮੀ ਹਾਲਤ ਵਿਚ ਸਹਾਇਤਾ ਲਈ ਐਨ ਆਰ ਆਈ ਕਮਿਸ਼ਨ ਨਾਲ ਸੰਪਰਕ ਕਰਨ ਦੀ ਲੋੜ-ਸੰਧੂ

ਐਨ ਆਰ ਆਈ ਕਮਿਸ਼ਨ ਪੰਜਾਬ ਦੇ ਮੈਂਬਰ ਸੁਖਜਿੰਦਰਾ ਸਿੰਘ ਸੰਧੂ ਸਰੀ ਪੁੱਜੇ-

ਸਰੀ ( ਦੇ ਪ੍ਰ ਬਿ)- ਪੰਜਾਬ ਦੇ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਪਰਵਾਸੀ ਪੰਜਾਬੀਆਂ ਦੀਆਂ ਪੰਜਾਬ ਨਾਲ ਸਬੰਧਿਤ ਸਮੱਸਿਆਵਾਂ ਦੇ ਹੱਲ ਲਈ  ਅਤੇ ਉਹਨਾਂ ਨੂੰ ਪੰਜਾਬ ਦੀ ਤਰੱਕੀ ਅਤੇ ਵਿਕਾਸ ਨਾਲ ਜੋੜਨ ਲਈ ਗੰਭੀਰ ਯਤਨ ਕਰ ਰਹੀ ਹੈ। ਅੱਜ ਇਥੇ ਪੰਜਾਬ ਸਟੇਟ ਐਨ ਆਰ ਆਈ ਕਮਿਸ਼ਨ ਦੇ ਮੈਂਬਰ ਸ ਸੁਖਜਿੰਦਰਾ ਸਿੰਘ ਸੰਧੂ ਨੇ ਦੇਸ ਪ੍ਰਦੇਸ ਟਾਈਮਜ਼ ਨਾਲ ਇਕ ਮੁਲਾਕਾਤ ਦੌਰਾਨ  ਦੱਸਿਆ ਕਿ ਪੰਜਾਬ ਸਰਕਾਰ ਵਲੋਂ ਉਹਨਾਂ ਦੀ ਕਮਿਸ਼ਨ ਦੇ ਮੈਂਬਰ ਵਜੋਂ ਨਿਯੁਕਤੀ ਇਸ ਸਾਲ ਮਾਰਚ ਮਹੀਨੇ ਵਿਚ ਕੀਤੀ ਗਈ ਸੀ। ਉਹ ਪਿਛਲੇ ਲੰਬੇ ਸਮੇਂ ਤੋਂ ਆਮ ਆਦਮੀ ਪਾਰਟੀ ਦੇ ਕਾਰਕੁੰਨ ਹਨ ਅਤੇ ਇਸਤੋਂ ਪਹਿਲਾਂ ਪਾਰਟੀ ਦੇ ਐਨ ਆਰ ਵਿੰਗ ਦੇ ਮੀਤ ਪ੍ਰਧਾਨ ਵਜੋਂ ਕੰਮ ਕਰ ਚੁੱਕੇ ਹਨ। ਪੰਜਾਬ ਸਰਕਾਰ ਦੇ ਐਨ ਆਰ ਆਈ ਵਿਭਾਗ ਦੇ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ ਵਲੋਂ ਪਰਵਾਸੀ ਪੰਜਾਬੀਆਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਨੂੰ ਪਹਿਲ ਦੇ ਆਧਾਰ ਤੇ ਲੈਣ ਦੇ ਨਾਲ ਐਨ ਆਰ ਆਈ ਕਮਿਸ਼ਨ ਬਾਰੇ ਗੱਲ ਕਰਦਿਆਂ ਉਹਨਾਂ ਦੱਸਿਆ ਕਿ ਇਸ ਕਮਿਸ਼ਨ ਪਾਸ ਪਰਵਾਸੀਆਂ ਦੇ ਮਸਲਿਆਂ ਦੇ ਹੱਲ ਲਈ ਕਨੂੰਨੀ ਅਧਿਕਾਰ ਪ੍ਰਾਪਤ ਹਨ। ਜਿਵੇਂ ਪਰਵਾਸੀਆਂ ਦੀਆਂ ਜ਼ਮੀਨਾਂ ਜਾਇਦਾਦਾਂ ਜਾ ਹੋਰ ਮਸਲਿਆਂ ਦੇ ਹੱਲ ਲਈ 15 ਐਨ ਆਰ ਆਈ ਥਾਣਿਆਂ ਦੇ ਨਾਲ ਜਲੰਧਰ ਵਿਚ ਇਕ ਫਾਸਟ ਟਰੈਕ ਅਦਾਲਤ ਕੰਮ ਕਰ ਰਹੀ ਹੈ, ਉਵੇਂ ਹੀ ਉਹ ਕਿਸੇ ਵੀ ਪੀੜਤ ਐਨ ਆਰ ਆਈ ਦੇ ਮਸਲੇ ਲਈ ਤੁਰੰਤ ਦਖਲ ਦਿੰਦਿਆਂ ਪ੍ਰਸਾਸ਼ਨਿਕ ਅਧਿਕਾਰੀਆਂ ਨੂੰ ਕਾਰਵਾਈ ਲਈ ਹਦਾਇਤ ਕਰ ਸਕਦੇ ਹਨ।

ਕੈਨੇਡਾ ਵਿਚ ਪਿਛਲੇ ਦਿਨੀਂ ਵਾਪਰੀਆਂ ਕਈ ਦੁਖਦਾਈ ਘਟਨਾਵਾਂ ਦੌਰਾਨ ਮਰਨ ਵਾਲੇ ਕਿਸੇ ਪਰਵਾਸੀ ਭਾਰਦੀ ਦੀ ਮ੍ਰਿਤਕ ਦੇਹ ਨੂੰ ਇੰਡੀਆ ਭੇਜਣ ਵਾਸਤੇ ਆਉਂਦੀਆਂ ਮੁਸ਼ਕਲਾਂ ਅਤੇ ਖਰਚੇ ਬਾਰੇ ਸਰਕਾਰ ਵਲੋਂ ਕੋਈ ਸਹਾਇਤਾ ਨਾ ਕੀਤੇ ਜਾਣ ਦੇ ਸਵਾਲ ਬਾਰੇ ਉਹਨਾਂ ਦੱਸਿਆ ਕਿ ਲੋਕਾਂ ਨੂੰ ਜਾਣਕਾਰੀ ਦੀ ਘਾਟ ਹੋਣ ਕਾਰਣ ਕਮਿਸ਼ਨ ਤੱਕ ਕੋਈ ਪਹੁੰਚ ਨਹੀ ਕਰਦਾ। ਜਦੋਂਕਿ ਅਸਲੀਅਤ ਇਹ ਹੈ ਕਿ ਐਨ ਆਰ ਆਈ ਕਮਿਸ਼ਨ ਪਾਸ ਇਹ ਸਭ ਕਨੂੰਨੀ ਅਧਿਕਾਰ ਅਤੇ ਸਮਰੱਥਾ ਹੈ ਕਿ ਉਹ ਸਰਕਾਰ ਦੀ ਤਰਫੋਂ ਮ੍ਰਿਤਕ ਦੇਹ ਨੂੰ ਪੰਜਾਬ ਭੇਜਣ ਦਾ ਪ੍ਰਬੰਧ ਕਰ ਸਕਦੇ ਹਨ। ਅਜਿਹੀ ਕਿਸੇ ਵੀ ਅਣਸੁਖਾਵੀਂ ਘਟਨਾ ਉਪਰੰਤ ਮ੍ਰਿਤਕ ਦੇਹ ਨੂੰ ਪੰਜਾਬ ਭੇਜਣ ਲਈ ਸਮਾਜ ਸੇਵੀ ਸੰਸਥਾਵਾਂ ਵਲੋਂ ਫੰਡ ਰੇਜਿੰਗ ਦੇ ਔਖੇ ਉਪਰਾਲਿਆਂ ਦੀ ਥਾਂ ਉਹਨਾਂ ਦੱਸਿਆ ਕਿ ਅਗਰ ਅਜਿਹੇ ਵਿਚ ਕੋਈ ਪੀੜਤ ਵਿਅਕਤੀ ਕਮਿਸ਼ਨ ਤੱਕ ਪਹੁੰਚ ਕਰੇ ਤਾਂ ਇਸ ਔਖ ਭਰੀ ਪ੍ਰਕਿਰਿਆ ਨੂੰ ਸੌਖਾਲਾ ਬਣਾਉਣ ਦੇ ਨਾਲ ਸਰਕਾਰ ਵਲੋਂ ਵਿੱਤੀ ਸਹਾਇਤਾ ਵੀ ਪ੍ਰਦਾਨ ਕੀਤੀ ਜਾਂਦੀ ਹੈ। ਉਹਨਾਂ ਦੱਸਿਆ ਕਿ ਸੰਕਟ ਸਮੇਂ ਕਿਸੇ ਵੀ ਸਹਾਇਤਾ ਲਈ ਐਨ ਆਰ ਕਮਿਸ਼ਨ ਨਾਲ ਸੰਪਰਕ ਕਰਨ ਦੀ ਲੋੜ ਹੈ। ਇਸ ਸਬੰਧੀ ਕਮਿਸ਼ਨ ਦੀ ਵੈਬਸਾਈਟ ਉਪਰ ਸਾਰੀ ਜਾਣਕਾਰੀ ਉਪਲੱਬਧ ਹੈ। ਉਹਨਾਂ ਦੱਸਿਆ ਕਿ ਇਸ ਸਮੇਂ ਐਨ ਆਰ ਕਮਿਸ਼ਨ ਦੇ ਚੇਅਰਮੈਨ ਸਾਬਕਾ ਆਈ ਏ ਐਸ ਅਧਿਕਾਰੀ ਸ੍ਰੀ ਵੈਣੂ ਪ੍ਰਸਾਦ ਹਨ ਜਦੋਂਕਿ ਸੈਕਟਰੀ ਪੀ ਸੀ ਐਸ ਅਧਿਕਾਰੀ ਪ੍ਰੋਮਿਲਾ ਸ਼ਰਮਾ ਅਤੇ ਉਹ ਸਰਕਾਰ ਦੀ ਤਰਫੋਂ ਨਾਮਜਦ ਮੈਂਬਰ ਹਨ। ਕਮਿਸ਼ਨ ਦੀ ਵੈਬਸਾਈਟ http://nricommissionpunjab.com/ ਉਪਰ ਜਾਕੇ ਕੋਈ ਸ਼ਿਕਾਇਤ ਜਾਂ ਸਹਾਇਤਾ ਲਈ ਐਪਲੀਕੇਸ਼ਨ ਕੀਤੀ ਜਾ ਸਕਦੀ ਹੈ। ਉਹਨਾਂ ਹੋਰ ਦੱਸਿਆ ਕਿ ਉਹ ਅੱਜਕਲ ਇਥੇ ਸਰੀ ਵਿਚ ਹਨ। ਕਮਿਸ਼ਨ ਸਬੰਧੀ ਕੋਈ ਜਾਣਕਾਰੀ ਜਾਂ ਕਿਸੇ ਵੀ ਤਰਾਂ ਦੀ ਸਹਾਇਤਾ ਲਈ ਉਹਨਾਂ ਨਾਲ ਫੋਨ ਨੰਬਰ 1-88724-75402 ਉਪਰ ਸੰਪਰਕ ਕੀਤਾ ਜਾ ਸਕਦਾ ਹੈ।

ਲੋੜਵੰਦ ਵਿਅਕਤੀ ਉਹਨਾਂ ਦੇ ਚੰਡੀਗੜ ਸਥਿਤ ਦਫਤਰ ਵਿਖੇ ਫੋਨ ਨੰਬਰ- 0172-2741330 ਜਾਂ ਈਮੇਲ ਉਪਰ ਵੀ ਸੰਪਰਕ ਕਰ ਸਕਦੇ ਹਨ-ਈਮੇਲ  nricommpb@gmail.com

ਐਨ ਆਰ ਆਈ ਕਮਿਸ਼ਨ ਪੰਜਾਬ ਸਟੇਟ ਦੇ   ਮੈਂਬਰ ਸ ਸੁਖਜਿੰਦਰ ਸਿੰਘ ਸੰਧੂ ਨਾਲ ਸਰੀ ਨਿਵਾਸੀ ਸ ਸੁਰਜੀਤ ਸਿੰਘ ਮਾਧੋਪੁਰੀ।