ਸਰੀ, 25 ਜੁਲਾਈ (ਹਰਦਮ ਮਾਨ, ਧਾਲੀਵਾਲ )- ਕੈਂਸਰ ਵਿਰੁੱਧ ਜਾਗਰੂਕਤਾ ਮੁਹਿੰਮ ਚਲਾਉਣ ਵਾਲੇ ਅਤੇ ਜੀਟੀਪੀ ਮਾਰਵਲਸ ਕਾਲਜ ਸਰੀ ਦੇ ਡਾਇਰੈਕਟਰ ਪ੍ਰੋਫੈਸਰ ਅਵਤਾਰ ਸਿੰਘ-ਵਿਰਦੀ ਦਾ ਅੱਜ ਸਰੀ ਮੈਮੋਰੀਅਲ ਹਸਪਤਾਲ ਵਿਖੇ ਦੇਹਾਂਤ ਹੋ ਗਿਆ। ਉਹ 58 ਸਾਲਾਂ ਦੇ ਸਨ ਤੇ ਪੰਜਾਬ ਦੇ ਜਿਲਾ ਕਪੂਰਥਲਾ ਨਾਲ ਸਬੰਧਿਤ ਸਨ। ਪ੍ਰੋ. ਵਿਰਦੀ ਪਿਛਲੇ ਲੰਮੇਂ ਸਮੇਂ ਤੋਂ ਕੈਂਸਰ ਦੀ ਨਾਮੁਰਾਦ ਬੀਮਾਰੀ ਨਾਲ ਲੜ ਰਹੇ ਸਨ। ਬਹੁਤ ਹੀ ਨਿਮਰ ਅਤੇ ਮਿਲਣਸਾਰ ਇਨਸਾਨ ਪ੍ਰੋ. ਵਿਰਦੀ ਖ਼ੁਦ ਦੋ ਵਾਰ ਕੈਂਸਰ ਦੀ ਲਪੇਟ ਵਿਚ ਆ ਗਏ ਸਨ ਪਰ ਉਨ੍ਹਾਂ ਇਲਾਜ ਅਤੇ ਆਤਮ ਵਿਸ਼ਵਾਸ ਨਾਲ ਕੈਂਸਰ ਨੂੰ ਮਾਤ ਦਿੱਤੀ ਅਤੇ ਫਿਰ ਬੀ ਸੀ ਕੈਂਸਰ ਫਾਊਂਡੇਸ਼ਨ ਲਈ ਕੈਂਸਰ ਦੀ ਲੜਾਈ ਲੜਨ ਵਾਲੇ ਨੌਜਵਾਨ ਹੀਰੋ ਟੈਰੀ ਫੌਕਸ ਦੇ ਅਧੂਰੇ ਕਾਰਜ ਦੀ ਪੂਰਤੀ ਲਈ ਕੈਨਡਾ ਭਰ ਦੇ ਪ੍ਰਮੁੱਖ ਸ਼ਹਿਰਾਂ ਵਿਚ ਵਾਕ ਰਾਹੀਂ ਫੰਡ ਇਕੱਤਰ ਕਰਨ ਲਈ ਨਿਕਲ ਪਏ ਅਤੇ ਬੀ ਸੀ ਕੈਂਸਰ ਫਾਊਂਡੇਸ਼ਨ ਲਈ ਇਕ ਮਿਲੀਅਨ ਡਾਲਰ ਤੋਂ ਵੱਧ ਰਾਸ਼ੀ ਇਕੱਤਰ ਕਰ ਕੇ ਦਿੱਤੀ।
ਉਨ੍ਹਾਂ ਦੇ ਸਦੀਵੀ ਵਿਛੋੜੇ ਉੱਪਰ ਗੁਰਗਿਆਨ ਫਾਊਂਡੇਸ਼ਨ ਦੇ ਆਗੂ ਇੰਦਰਜੀਤ ਬੈਂਸ, ਜਤਿੰਦਰ ਜੇ. ਮਿਨਹਾਸ ਅਤੇ ਵੱਡੀ ਗਿਣਤੀ ਵਿਚ ਉਨ੍ਹਾਂ ਦੇ ਪ੍ਰਸੰਸਕਾਂ ਨੇ ਡੂੰਘੇ ਦੁੱਖ
ਦਾ ਇਜ਼ਹਾਰ ਕੀਤਾ ਹੈ।