Headlines

 ਜ਼ਿੰਦਾਦਿਲ ਇਨਸਾਨ ਪ੍ਰੋ. ਅਵਤਾਰ ਸਿੰਘ ਵਿਰਦੀ ਨੂੰ ਸ਼ਰਧਾਂਜਲੀ

”ਜ਼ਿੰਦਗੀ ਜ਼ਿੰਦਾਦਿਲੀ ਕਾ ਨਾਮ ਹੈ,
ਮੁਰਦਾ ਦਿਲ ਕਿਯਾ ਖ਼ਾਕ ਜੀਯਾ ਕਰਤੇ ਹੈਂ”
* ਡਾ. ਗੁਰਵਿੰਦਰ ਸਿੰਘ-
ਕੈਂਸਰ ਪ੍ਰਤੀ ਜਾਗਰੂਕਤਾ ਮੁਹਿੰਮ ਚਲਾਉਣ ਵਾਲੇ ਜ਼ਿੰਦਾ ਦਿਲ ਇਨਸਾਨ ਅਵਤਾਰ ਸਿੰਘ ਵਿਰਦੀ ਚੜ੍ਹਾਈ ਕਰ ਗਏ ਹਨ। ਉਹਨਾਂ ਨੇ ਆਖਰੀ ਸਮੇਂ ਤੱਕ ਚੜਦੀ ਕਲਾ ਦਾ ਪੱਲਾ ਨਹੀਂ ਛੱਡਿਆ। ਪੰਜਾਬ ਦੇ ਕਪੂਰਥਲਾ ਨਾਲ ਸਬੰਧਿਤ ਅਵਤਾਰ ਸਿੰਘ ਵਿਰਦੀ ਦਾ ਜਨਮ ਕੇਹਰ ਸਿੰਘ ਵਿਰਦੀ ਦੇ ਘਰੇ ਮਾਤਾ ਨਸੀਬ ਕੌਰ ਬਿਰਦੀ ਦੀ ਕੁੱਖੋਂ ਹੋਇਆ। ਉਨਾਂ ਉੱਚ ਵਿੱਦਿਆ ਗੁਰੂ ਨਾਨਕ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਹਾਸਿਲ ਕੀਤੀ। ਕੈਨੇਡਾ ਆ ਕੇ ਪ੍ਰਾਈਵੇਟ ਕਾਲਜ ਚਲਾਇਆ, ਟੈਲੀਵਿਜ਼ਨ ਪ੍ਰੋਗਰਾਮ ਕੀਤੇ ਅਤੇ ਸਮਾਜਿਕ ਸੰਸਥਾਵਾਂ ਵਿੱਚ ਸਰਗਰਮ ਰਹੇ। ਮਜਬੂਤ ਇਰਾਦੇ ਵਾਲੇ ਸ. ਅਵਤਾਰ ਸਿੰਘ ਵਿਰਦੀ ਇੱਕ ਵਿਲੱਖਣ ਸ਼ਖਸੀਅਤ ਸਨ। ਇਸ ਗੱਲ ਦੀ ਮਿਸਾਲ ਉਹਨਾਂ ਦੇ ਪਹਿਲੀ ਵਾਰ ਕੈਂਸਰ ਪੀੜਿਤ ਹੋਣ ਤੋਂ ਮਗਰੋਂ ਉਹਨਾਂ ਅੰਦਰ ਆਈ ਤਬਦੀਲੀ ਤੋਂ ਮਿਲਦੀ ਹੈ, ਜਦੋਂ ਉਹਨਾਂ ਇਹ ਪ੍ਰਣ ਕੀਤਾ ਕਿ ਉਹ ਹੰਭ-ਹਾਰ ਕੇ ਨਹੀਂ ਬੈਠਣਗੇ। ਉਹ ਕੈਂਸਰ ਤੋਂ ਤਿੰਨ ਵਾਰ ਜਿੱਤੇ। ਕੈਂਸਰ ਪ੍ਰਤੀ ਜਾਗਰੂਕਤਾ ਲਈ ਉਨਾਂ ਨੂੰ ਬੀਸੀ ਵਿਧਾਨ ਸਭਾ ਵਿੱਚ ਸਨਮਾਨਿਤ ਵੀ ਕੀਤਾ ਗਿਆ ਸੀ।
ਕੈਂਸਰ ਬਾਰੇ ਜਾਗਰੂਕਤਾ ਲਈ ਉਹਨਾਂ ਕੈਨੇਡਾ ਭਰ ਵਿੱਚ ਇਸ ਪ੍ਰਤੀ ਮੁਹਿੰਮ ਚਲਾਈ। ਮੈਨੂੰ ਵੀ ਉਸ ਮੁਹਿਮ ਵਿੱਚ ਸ਼ਾਮਿਲ ਹੋਣ ਦਾ ਸੁਭਾਗ ਹਾਸਿਲ ਹੋਇਆ ਅਤੇ ਕੁਝ ਸੰਸਥਾਵਾਂ ਵਿੱਚ ਅਸੀਂ ਇਕੱਠਿਆਂ ਗਏ। ਜਦੋਂ ਤੇ ਜਿੱਥੇ ਬੋਲਣਾ, ਚੜ੍ਹਦੀ ਕਲਾ ਦੀ ਹੀ ਗੱਲ ਕਰਨੀ। ਹੌਲੀ ਹੌਲੀ ਉਹਨਾਂ ਦਸਤਾਰ ਸਜਾਉਣੀ ਸ਼ੁਰੂ ਕਰ ਦਿੱਤੀ ਅਤੇ ਅਕਸਰ ਇਹ ਗੱਲਬਾਤ ਕਰਿਆ ਕਰਦੇ ਸਨ ਕਿ ਦਸਤਾਰ ਸਜਾ ਕੇ ਮੈਨੂੰ, ਸਿੱਖੀ ਸਰੂਪ ਵਿੱਚ ਪਰਤਦਿਆਂ ਆਨੰਦ ਮਹਿਸੂਸ ਹੁੰਦਾ ਹੈ।
ਪ੍ਰੋਫੈਸਰ ਵਿਰਦੀ ਦੀ ਮੇਰੇ ਨਾਲ ਸਾਂਝ ਮਿੱਤਰ ਗੁਰਪ੍ਰੀਤ ਸਿੰਘ ਘੁੱਗੀ ਦੇ ਹਵਾਲੇ ਨਾਲ ਹੋਈ, ਕਿਉਂਕਿ ਅਸੀਂ ਦੋਵੇਂ ਸੀਨੀਅਰ ਸੈਕੰਡਰੀ ਸਕੂਲ ਲਾਡੋ ਵਾਲੀ ਰੋਡ ਜਲੰਧਰ ਪੜਦੇ ਸਾਂ। ਘੁੱਗੀ ਹੁਰੀਂ ਪ੍ਰੋਫੈਸਰ ਵਿਰਦੀ ਦੇ ਮਿੱਤਰਾਂ ਵਿੱਚੋਂ ਹਨ। ਮਗਰੋਂ ਉਹਨਾਂ ਦੀ ਇੱਕ ਜਾਣਕਾਰੀ ਭਰਪੂਰ ਕਿਤਾਬ ਅਤੇ ਨਾਵਲ ਪੰਜਾਬੀ ਪ੍ਰੈੱਸ ਕਲੱਬ ਵਿੱਚ ਭੇਟ ਵੀ ਕੀਤੇ ਗਏ। ਜਦੋਂ ਵੀ ਵਕਤ ਮਿਲਣਾ, ਉਹਨਾਂ ਫੋਨ ਕਰਨਾ ਅਤੇ ਚੜਦੀ ਕਲਾ ਦੀਆਂ ਗੱਲਾਂ ਕਰਨੀਆਂ। ਦੂਜੀ ਵਾਰ ਕੈਂਸਰ ਤੇ ਜਿੱਤ ਹਾਸਲ ਕਰਨ ਮਗਰੋਂ ਉਨਾਂ ਕੈਨੇਡਾ ਦਾ ਟੂਰ ਕੀਤਾ ਅਤੇ ਲੋਕਾਂ ਨੂੰ ਜਾਗਰੂਕ ਕੀਤਾ। ਗੁਰਦੁਆਰਾ ਸਾਹਿਬ ਵਿਖੇ ਅਰਦਾਸ ਕਰਨ ਉਪਰੰਤ  ਬੀ ਸੀ ਕੈਂਸਰ ਫਾਊਂਡੇਸ਼ਨ ਲਈ ਕੈਂਸਰ ਦੀ ਜੰਗ ਖਿਲਾਫ ਮਹਾਨ ਹੀਰੋ ਟੈਰੀ ਫੌਕਸ ਦੀ ਯਾਦ ਵਿਚ ਈਸਟ ਤੋ ਵੈਸਟ ਕੈਨੇਡਾ ਵਾਕ ਸ਼ੁਰੂ ਕਰ ਕੇ ਉਹ ਸੇਂਟ ਜੌਹਨ ਲਈ  ਫਲਾਈਟ ਲੈ ਕੇ ਰਵਾਨਾ ਹੋਏ।
ਖੁਦ ਕੈਂਸਰ ਪੀੜਤ ਹੋਣ ਅਤੇ ਇਸ ਨਾਮੁਰਾਦ ਬੀਮਾਰੀ ਕਾਰਨ ਉਹਨਾਂ ਦੇ ਜੀਵਨ ਵਿਚ ਆਈਆਂ ਮੁਸ਼ਕਿਲਾਂ ਉਪਰ ਜਿੱਤ ਪ੍ਰਾਪਤ ਕਰਨ ਅਤੇ ਤੰਦਰੁਸਤ ਹੋਣ ਬਾਰੇ ਭਾਵਪੂਰਤ ਸ਼ਬਦਾਂ ਵਿੱਚ ਦੱਸਦੇ। ਆਪਣੀ ਮੁਹਿੰਮ ਉਹਨਾਂ ਦੇਸ਼ ਭਰ ਵਿਚ ਵਾਕ ਸੇਂਟ ਜੌਹਨ, ਨਿਊ ਫਾਉਂਡਲੈਂਡ ਤੋ ਅਰੰਭ ਕੀਤੀ ਅਤੇ ਕੈੇਨੇਡਾ ਦੇ ਪ੍ਰਮੁੱਖ ਸ਼ਹਿਰਾਂ- ਕਿਊਬੈਕ ਸਿਟੀ, ਮਾਂਟਰੀਅਲ, ਓਟਵਾ, ਬਰੈਂਪਟਨ, ਵਿਨੀਪੌੈਗ, ਰਜਾਈਨਾ, ਐਡਮਿੰਟਨ, ਕੈਲਗਰੀ ਤੋ ਹੁੰਦੇ ਹੋਏ ਵਾਪਸ ਸਰੀ ਪੁੱਜੇ। ਕੈਂਸਰ ਖ਼ਿਲਾਫ਼ ਜਾਗਰੂਕਤਾ ਮੁਹਿੰਮ ਇਕ ਸ਼ਾਨਦਾਰ ਉਪਰਾਲਾ ਸੀ। ਗੁਰਦੁਆਰਾ ਸਾਹਿਬਾਨ: ਖ਼ਾਲਸਾ ਦੀਵਾਨ ਸੁਸਾਇਟੀ ਐਬਟਸਫੋਰਡ, ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਸੁਸਾਇਟੀ ਅਤੇ ਗੁਰਦੁਆਰਾ ਸਾਹਿਬ ਕਲਗੀਧਰ ਦਰਬਾਰ ਸਾਹਿਬ ਤੇ ਫਰੇਜ਼ਰ ਵੈਲੀ ਹਿੰਦੂ ਮੰਦਿਰ ਸੁਸਾਇਟੀ ਅਤੇ ਸਿੱਖ ਮੋਟਰਸਾਈਕਲਜ਼ ਰਾਈਡਰਜ਼ ਕਲੱਬ ਸਣੇ ਸਾਰਿਆਂ ਨੇ ਭਰਪੂਰ ਸਹਿਯੋਗ ਦਿੱਤਾ। ਰੈਲੀ ਖ਼ਾਲਸਾ ਦੀਵਾਨ ਸੁਸਾਇਟੀ ਐਬਟਸਫੋਰਡ ਤੋਂ ਆਰੰਭ ਹੋ ਕੇ ਕਲਗੀਧਰ ਦਰਬਾਰ ਸਾਹਿਬ ਸੁਸਾਇਟੀ ਵਿਖੇ ਨਿਰਵਿਘਨਤਾ ਨਾਲ ਸਮਾਪਤ ਹੋਈ। ਅਗਲੇ ਦਿਨ ਮੋਟਰਸਾਈਕਲ ਅਤੇ ਕਾਰ ਰੈਲੀ ਗੁਰਦਵਾਰਾ ਸਾਹਿਬ ਬਰੁਕਸਾਈਡ 140 ਸਟਰੀਟ ਸਰੀ ਤੋਂ ਅਰਦਾਸ ਉਪਰੰਤ ਸ਼ੁਰੂ ਹੋ ਕੇ ਲਕਸ਼ਮੀ ਨਾਰਾਇਣ ਮੰਦਰ ਤੋਂ ਹੁੰਦੇ ਹੋਏ, ਗੁਰੂ ਨਾਨਕ  ਸਿੱਖ ਗੁਰਦੁਆਰਾ ਸਾਹਿਬ ਸਰੀ- ਡੈਲਟਾ 120 ਸਟਰੀਟ ਵਿਖੇ ਹਾਜ਼ਰੀ ਭਰ ਕੇ, ਗੁਰਦਵਾਰਾ ਅਮ੍ਰਿਤ ਪ੍ਰਕਾਸ਼ ਅਤੇ ਹਿੰਦੂ ਟੈਂਪਲ 80 ਐਵੀਨਿਊ ਅਤੇ 123A ਸਟਰੀਟ, ਸ੍ਰੀ ਗੁਰੂ  ਸਿੰਘ ਸਭਾ ਗੁਰਦਵਾਰਾ ਸਾਹਿਬ 132 ਸਟਰੀਟ ਹੁੰਦੇ ਹੋਏ, ਦਸਮੇਸ਼ ਦਰਬਾਰ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਉਪਰੰਤ ਦੀਵਾਨ ਹਾਲ ‘ਚ ਸਮਾਪਤੀ ਹੋਈ। ਤੀਜੇ ਦਿਨ ਇਹ ਰੈਲੀ ਸਵੇਰੇ 10 ਵਜੇ ਨਾਨਕਸਰ ਗੁਰਦੁਆਰਾ ਨਿਊ ਵੈਸਟ ਹਾਈਵੇ ਤੋਂ ਸ਼ੁਰੂ ਹੋ ਕੇ ਰਿਚਮੰਡ ਨੰਬਰ 5 ਰੋਡ ਗੁਰੂਘਰ, ਮੰਦਰ ਤੋਂ ਖ਼ਾਲਸਾ ਦੀਵਾਨ ਸੁਸਾਇਟੀ ਰੌਸ ਗੁਰੂਘਰ ਵੈਨਕੂਵਰ,  ਗੁਰਦੁਆਰਾ ਸਾਹਿਬ ਬੀ ਸੀ ਖ਼ਾਲਸਾ ਦਰਬਾਰ  ਵੈਨਕੂਵਰ, ਹਿੰਦੂ ਮੰਦਰ ਬਰਨਬੀ, ਸੁਖ ਸਾਗਰ ਗੁਰਦਵਾਰਾ ਸਾਹਿਬ ਖ਼ਾਲਸਾ ਦੀਵਾਨ ਸੁਸਾਇਟੀ ਨਿਊ ਵੈਸਟਮਨਿਸਿਟਰ ਹੁੰਦੇ ਹੋਏ ਅਕਾਲੀ ਸਿੰਘ ਗੁਰਦੁਆਰਾ ਸਾਹਿਬ ਸਕੀਨਾ ਰੋਡ ਵੈਨਕੂਵਰ, ਹਾਜ਼ਰੀ ਭਰ ਕੇ, ਸਟੈਨਲੀ ਪਾਰਕ ‘ਚ ਟੈਰੀ ਫੌਕਸ ਦੇ ਬੁੱਤ ਕੋਲ  ਇਤਿਹਾਸਕ ਪ੍ਰੋਗਰਾਮ ਹੋਇਆ ਅਤੇ ਅਖੀਰ ‘ਚ ਗੁਰਦਵਾਰਾ ਦੂਖ ਨਿਵਾਰਨ ਸਾਹਿਬ ਸਰੀ ਵਿੱਚ ਸਮਾਪਤੀ ਦੀ ਅਰਦਾਸ ਹੋਈ।
ਕੈਨੇਡਾ ਭਰ ‘ਚ ਜਾਗਰੂਕਤਾ ਲਹਿਰ ਪ੍ਰੋਫੈਸਰ ਵਿਰਦੀ ਦਾ ਇਤਿਹਾਸਿਕ ਕਦਮ ਸੀ। ਇਸ ਸਾਲ  ਜੂਨ ਮਹੀਨੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਕੈਂਸਰ ਦੀ ਇਹ ਮਾਰ ਸ਼ਾਇਦ ਜਾਨ ਲੇਵਾ ਸਿੱਧ ਹੋਵੇ, ਤਾਂ ਉਹਨਾਂ ਹਥਿਆਰ ਨਹੀਂ ਸੁੱਟੇ, ਬਲਕਿ ਲਗਾਤਾਰ ਆਖਰੀ ਦਿਨ ਤੱਕ ਆਪਣੇ ਆਪ ਨੂੰ ਪੂਰਨ ਤੌਰ ਤੇ ਰੁਝੇਵਿਆਂ ਚ ਅਤੇ ਚੜ੍ਹਦੀ ਕਲਾ ਚ ਰੱਖਿਆ।
ਪ੍ਰੋਫੈਸਰ ਵਿਰਦੀ ਬੁਲੰਦ ਹੌਸਲੇ ਦੀ ਮਿਸਾਲ ਸਨ। ਜਿੱਥੇ ਆਪ ਸਾਰਿਆਂ ਨਾਲ ਮੇਲ ਮਿਲਾਪ ਰੱਖਦੇ ਸਨ, ਉੱਥੇ ਫਾਸ਼ੀਵਾਦੀ ਤਾਕਤਾਂ ਦੇ ਵਿਰੋਧੀ ਸਨ। ਮੌਜੂਦਾ ਸਮੇਂ ਭਾਰਤ ਵਿੱਚ ਸੱਤਾਧਾਰੀਆਂ ਵੱਲੋਂ ਘੱਟ ਗਿਣਤੀਆਂ ਤੇ ਹੁੰਦੇ ਜਬਰ ਬਾਰੇ ਅਕਸਰ ਵਿਚਾਰਾਂ ਸਾਂਝੀਆਂ ਕਰਦੇ ਸਨ। ਅੱਜ ਜਿਸਮਾਨੀ ਤੌਰ ‘ਤੇ ਅਵਤਾਰ ਸਿੰਘ ਵਿਰਦੀ ਚਾਹੇ ਸਾਡੇ ਵਿਚਕਾਰ ਨਹੀਂ, ਪਰ ਉਹਨਾਂ ਦੀ ਵੰਡੀ ਪਿਆਰ ਮੁਹੱਬਤ ਦੀ ਖੁਸ਼ਬੂ ਸਾਰਿਆਂ ਅੰਦਰ ਮਹਿਕ ਰਹੀ ਹੈ।

”ਤੂੰ ਨਹੀਂ ਤੇਰੀ ਯਾਦ ਹਮਾਰੇ ਦਿਲ ਮੇਂਂ ਹੈ
ਬੁਝ ਚੁੱਕੀ ਸ਼ਮਾ ਫਿਰ ਵੀ ਰੌਸ਼ਨੀ ਮਹਿਫਿਲ ਮੇਂ ਹੈ।”