ਉਘੇ ਕਾਰੋਬਾਰੀ ਮਨਜੀਤ ਸਿੰਘ ਸੈਣੀ ਵੱਲੋਂ ਮਲਕੀਤ ਸਿੰਘ ਦੇ ਮਾਣ ਵਿਚ ਰਾਤਰੀ ਭੋਜ-
ਸਰੀ, 25 ਜੁਲਾਈ ( ਸੰਦੀਪ ਸਿੰਘ ਧੰਜੂ, ਮਲਕੀਤ ਸਿੰਘ, ਹਰਦਮ ਮਾਨ )- ਬੀਤੀ ਸ਼ਾਮ ਅਦਾਰਾ ਦੇਸ਼ ਪ੍ਰਦੇਸ ਟਾਈਮਜ ਅਤੇ ਟੌਪ ਨੌਚ ਡਿਵਲਮੈਂਟ ਲਿਮਟਿਡ, ਏ ਕਲਾਸ ਇਲੈਕਟ੍ਰਿਕ ਕੰਪਨੀ ਦੇ ਮਾਲਕ ਮਨਜੀਤ ਸਿੰਘ ਸੈਣੀ ਵੱਲੋਂ ਸਰੀ ਪੁੱਜੇ ‘ਗੋਲਡਨ ਸਟਾਰ’ ਪੰਜਾਬੀ ਗਾਇਕ ਮਲਕੀਤ ਸਿੰਘ ਦਾ ਪੰਜਾਬੀ ਸਭਿਆਚਾਰ ਦੇ ਅੰਬੈਸਡਰ ਵਜੋਂ ਸਨਮਾਨ ਕੀਤਾ ਗਿਆ। ਸਰੀ ਦੇ ਗਰੈਂਡ ਐਂਪਾਇਰ ਬੈਂਕੁਇਟ ਹਾਲ ਵਿਚ ਆਯੋਜਿਤ ਇਸ ਸਮਾਗਮ ਵਿੱਚ ਸਰੀ ਅਤੇ ਵੈਨਕੂਵਰ ਦੇ ਕਈ ਕਾਰੋਬਾਰੀਆਂ ਨੇ ਸ਼ਿਰਕਤ ਕੀਤੀ। ਗਾਇਕ ਮਲਕੀਤ ਸਿੰਘ ਨੇ ਇਸ ਸਮੇਂ ਜਿੱਥੇ ਆਪਣੇ ਚਾਲੀ ਸਾਲਾਂ ਦੇ ਸੰਗੀਤਕ ਸਫਰ ਬਾਰੇ ਦੱਸਿਆ ਉਥੇ ਪੰਜਾਬੀਆਂ ਨੂੰ ਦੁਨੀਆਂ ਭਰ ਵਿੱਚ ਮਿਲਦੇ ਮਾਣ ਸਨਮਾਨ ਲਈ ਮਿਹਨਤ ਤੇ ਮਸ਼ੱਕਤ ਨੂੰ ਮੂਲ ਆਧਾਰ ਦੱਸਿਆ। ਉਹਨਾਂ ਆਪਣੇ ਪ੍ਰਸਿਧ ਗੀਤਾਂ-ਗੁੜ ਨਾਲੋ ਇਸ਼ਕ ਮਿੱਠਾ, ਤੂਤਕ ਤੂਤਕ ਤੂਤੀਆਂ, ਮੇਰਾ ਮਾਂ ਦੇ ਹੱਥ ਦੀਆਂ ਪੱਕੀਆਂ ਰੋਟੀਆਂ ਖਾਣ ਨੂੰ ਬੜਾ ਚਿਤ ਕਰਦਾ ਤੇ ਅੱਜਕੱਲ ਚਰਚਿਤ ਗੀਤ ਕਾਲੀ ਐਨਕ ਨਾ ਲਾਇਆ ਕਰ, ਨੀ ਤੂੰ ਪਹਿਲਾਂ ਈ ਸੋਹਣੀ ਆਂ …ਸਮੇਤ ਆਪਣੇ ਕਈ ਗੀਤਾਂ ਦਾ ਜਿ਼ਕਰ ਕੀਤਾ ਜਿਹਨਾਂ ਨੂੰ ਪੰਜਾਬੀਆਂ ਨੇ ਭਰਵਾਂ ਪਿਆਰ ਸਤਿਕਾਰ ਦਿੱਤਾ। ਉਹਨਾਂ ਕਿਹਾ ਕਿ ਪੰਜਾਬੀ ਜਦੋ ਵੀ ਵਿਦੇਸ਼ ਨੂੰ ਤੁਰੇ , ਤਾਂ ਉਹਨਾਂ ਨੇ ਗੁਰੂ ਮਹਾਰਾਜ ਦਾ ਨਾਮ ਲੈਕੇ ਹੀ ਆਪਣਾ ਸਫਰ ਸ਼ੁਰੂ ਕੀਤਾ ਤੇ ਗੁਰੂ ਦੀਆਂ ਬਖਸ਼ਿਸ਼ ਸਦਕਾ ਉਹਨਾਂ ਨੇ ਜਿੰਦਗੀ ਦੇ ਹਰ ਖੇਤਰ ਵਿਚ ਤਰੱਕੀਆਂ ਹਾਸਲ ਕੀਤੀਆਂ ਹਨ। ਗੁਰੂ ਦਾ ਓਟ ਆਸਰਾ ਲੈਣ ਵਾਲੇ ਅਤੇ ਹਰੇਕ ਨੂੰ ਆਪਣਾ ਬਣਾਉਣ ਵਾਲੇ ਪੰਜਾਬੀਆਂ ਨੇ ਉਸਦੇ ਗੀਤਾਂ ਨੂੰ ਜਿਤਨਾ ਪਿਆਰ ਦਿੱਤਾ ਤੇ ਦੇ ਰਹੇ ਹਨ, ਇਸ ਲਈ ਉਹ ਪੰਜਾਬੀਆਂ ਦਾ ਸਦਾ ਰਿਣੀ ਹੈ। ਵੈਨਕੂਵਰ ਏਅਰਪੋਰਟ ਤੇ ਪੰਜਾਬੀ ਵਿਚ ਲਿਖੇ ਜੀ ਆਇਆ ਦੇ ਸ਼ਬਦਾਂ ਨੂੰ ਉਹਨਾਂ ਨੇ ਕੈਨੇਡਾ ਦੇ ਪੰਜਾਬੀਆਂ ਦੀ ਵੱਡੀ ਪ੍ਰਾਪਤੀ ਕਿਹਾ। ਉਹਨਾਂ ਦੱਸਿਆ ਕਿ ਉਹਨਾਂ ਸਰੀ ਦੇ ਪੰਜਾਬੀਆਂ ਦੀ ਦਰਿਆ ਦਿਲੀ ਤੇ ਵੀ ਇਕ ਗੀਤ ਲਿਖਿਆ ਹੈ ਜੋ ਜਲਦ ਹੀ ਪੇਸ਼ ਕਰਨਗੇ। ਉਹਨਾਂ ਦੁਨੀਆ ਵਿਚ ਦਸਤਾਰ ਦੀ ਚੜਦੀ ਕਲਾ ਦੀ ਗੱਲ ਕਰਦਿਆਂ ਕਿਹਾ ਕਿ ਇਕ ਦਸਤਾਰਧਾਰੀ ਸਿੱਖ ਦੀ ਹਰ ਥਾਂ ਵਿਲੱਖਣ ਪਛਾਣ ਹੈ ਅਤੇ ਉਹਨਾਂ ਨੂੰ ਵੀ ਇਕ ਪਗੜੀਧਾਰੀ ਗਾਇਕ ਹੋਣ ਤੇ ਮਾਣ ਹੈ। ਉਹਨਾਂ ਅੱਜ ਤੱਕ ਕਦੇ ਵੀ ਦਸਤਾਰ ਉਤਾਰਕੇ ਟੋਪੀ ਨਾਲ ਤਸਵੀਰ ਨਹੀ ਖਿਚਵਾਈ। ਉਹਨਾਂ ਸਮਾਗਮ ਵਿਚ ਪੁੱਜੀਆਂ ਸਾਰੀਆਂ ਸ਼ਖਸੀਅਤਾਂ ਅਤੇ ਸਨਮਾਨ ਦੇਣ ਲਈ ਵਿਸ਼ੇਸ਼ ਧੰਨਵਾਦ ਕੀਤਾ।
ਸਮਾਗਮ ਦੌਰਾਨ ਸਰੀ -ਨਿਊਟਨ ਤੋਂ ਮੈਂਬਰ ਪਾਰਲੀਮੈਂਟ ਸੁਖ ਧਾਲੀਵਾਲ ਅਤੇ ਸਰੀ ਸੈਂਟਰ ਤੋਂ ਰਣਦੀਪ ਸਿੰਘ ਸਰਾਏ ਨੇ ਵੀ ਮਲਕੀਤ ਸਿੰਘ ਵਲੋਂ ਪੰਜਾਬੀ ਸਭਿਆਚਾਰ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਪਾਏ ਜਾ ਰਹੇ ਯੋਗਦਾਨ ਲਈ ਸ਼ਲਾਘਾ ਕੀਤੀ। ਉਨਾਂ ਵੱਲੋਂ ਪੰਜਾਬੀ ਭਾਸ਼ਾ ਦੇ ਪ੍ਰਸਾਰ ਦੇ ਨਾਲ ਨਵੀਂ ਪੀੜੀ ਨੂੰ ਪੰਜਾਬੀ ਜ਼ੁਬਾਨ ਤੇ ਸਭਿਆਚਾਰ ਨਾਲ ਜੋੜਨ ਲਈ ਧੰਨਵਾਦ ਕੀਤਾ। ਇਸ ਸਮੇਂ ਮੰਚ ਦਾ ਸੰਚਾਲਨ ਕਰਦਿਆਂ ਦੇਸ ਪ੍ਰਦੇਸ ਟਾਈਮਜ਼ ਦੇ ਮੁੱਖ ਸੰਪਾਦਕ ਸੁਖਵਿੰਦਰ ਸਿੰਘ ਚੋਹਲਾ ਨੇ ਗਾਇਕ ਮਲਕੀਤ ਸਿੰਘ ਨਾਲ ਹਾਜ਼ਰੀਨ ਦੀ ਸਾਂਝ ਪਾਉਂਦਿਆਂ , ਉਹਨਾਂ ਨੂੰ ਪੰਜਾਬੀ ਸਭਿਆਚਾਰ ਦੇ ਅੰਬੈਸਡਰ ਵਜੋਂ ਸਨਮਾਨਿਤ ਕੀਤੇ ਜਾਣ ਨੂੰ ਪੰਜਾਬੀਅਤ ਦਾ ਮਾਣ ਦੱਸਿਆ। ਉਹਨਾਂ ਕਿਹਾ ਕਿ ਮਲਕੀਤ ਸਿੰਘ ਨੇ ਪੰਜਾਬੀਆਂ ਦੀਆਂ ਤਿੰਨ ਪੀਹੜੀਆਂ ਦਾ ਮਕਬੂਲ ਗਾਇਕ ਹੋਣ ਵਜੋਂ ਜੋ ਮਾਣ ਸਨਮਾਨ ਪ੍ਰਾਪਤ ਕਰਨ ਦੇ ਨਾਲ ਰੁਤਬਾ ਹਾਸਲ ਕੀਤਾ ਹੈ, ਉਹ ਕਿਸੇ ਹੋਰ ਗਾਇਕ ਦੇ ਹਿੱਸੇ ਨਹੀਂ ਆਇਆ। ਕੋਈ ਵੀ ਵਿਆਹ ਜਾਂ ਸ਼ਗਨਾਂ ਦਾ ਕਾਰਜ ਉਸਦੇ ਗਾਏ ਗੀਤਾਂ ਨਾਲ ਹੀ ਸਾਰਥਿਕ ਮੰਨਿਆ ਜਾਂਦਾ ਹੈ।
ਅੰਤ ਵਿੱਚ ਸਮਾਗਮ ਦੇ ਸਪਾਂਸਰ ਤੇ ਪ੍ਰਬੰਧਕ ਮਨਜੀਤ ਸਿੰਘ ਸੈਣੀ ਨੇ ਆਪਣੇ ਅੰਦਾਜ਼ ਵਿੱਤ ਪੰਜਾਬੀ ਭਾਸ਼ਾ ਅਤੇ ਪੰਜਾਬੀ ਗਾਇਕੀ ਦੇ ਰੁਤਬੇ ਬਾਰੇ ਵਿਚਾਰ ਰੱਖਦਿਆਂ , ਥੋੜੇ ਸਮੇਂ ਦੇ ਅਗੇਤੇ ਨੋਟਿਸ ਤੇ ਪੁੱਜੀਆਂ ਸਾਰੀਆਂ ਸ਼ਖਸੀਅਤਾਂ ਦਾ ਧੰਨਵਾਦ ਕਰਦਿਆਂ ਸਾਰਿਆਂ ਨੂੰ ਰਾਤ ਦੇ ਖਾਣੇ ਦਾ ਅਨੰਦ ਮਾਨਣ ਦਾ ਸੱਦਾ ਦਿੱਤਾ। ਉਹਨਾਂ ਇਕ ਬੁਲੰਦ ਗਾਇਕ ਤੇ ਨਿਮਰ ਸ਼ਖਸੀਅਤ ਨਾਲ ਬੈਠਣ, ਗੱਲਬਾਤਾਂ ਕਰਨ ਤੇ ਮਹਿਫਲ ਮਾਨਣ ਲਈ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਉਘੇ ਗਾਇਕ ਬਿੱਟੂ ਖੰਨੇਵਾਲਾ, ਕੈਨੇਡੀਅਨ ਪੰਜਾਬੀ ਕਲਚਰਲ ਐਸੋਸੀਏਸ਼ਨ ਦੇ ਪ੍ਰਧਾਨ ਸੁਰਜੀਤ ਸਿੰਘ ਮਾਧੋਪੁਰੀ, ਉਘੇ ਰੀਐਲਟਰ ਤੇ ਰੇਡੀਓ ਹੋਸਟ ਅੰਗਰੇਜ਼ ਸਿੰਘ ਬਰਾੜ ਨੇ ਵੀ ਆਪਣੇ ਵਿਚਾਰ ਰੱਖਦਿਆਂ ਪੰਜਾਬੀ ਸਭਿਆਚਾਰਕ ਗਾਇਕੀ ਵਿਚ ਮਲਕੀਤ ਸਿੰਘ ਦੀ ਭੂਮਿਕਾ ਅਤੇ ਸਥਾਨ ਦਾ ਜ਼ਿਕਰ ਕਰਦਿਆਂ ਉਹਨਾਂ ਨੂੰ ਪੰਜਾਬੀ ਸਭਿਆਚਾਰ ਦੇ ਅੰਬੈਸਡਰ ਵਜੋਂ ਸਨਮਾਨ ਦਿੱਤੇ ਜਾਣ ਦੀ ਸ਼ਲਾਘਾ ਕੀਤੀ।
ਇਸ ਮੌਕੇ ਹੋਰ ਸ਼ਖਸੀਅਤਾਂ ਤੋਂ ਇਲਾਵਾ ਸ ਹਰਪ੍ਰਤਾਪ ਸਿੰਘ ਸਾਹੀ, ਬਿੱਲਾ ਸੰਧੂ ਬੀ ਐਂਡ ਬੀ ਟਰੱਸ ਅਤੇ ਸਾਂਝਾ ਟੀਵੀ , ਨਰਿੰਦਰ ਸਿੰਘ ਗਰੇਵਾਲ ਸਾਬ ਇਲੈਕਟ੍ਰੀਕਲ, ਅਵਤਾਰ ਸਿੰਘ ਜੌਹਲ ਪਲਾਟੀਨਮ ਗਰੁੱਪ, ਸੁੱਚਾ ਸਿੰਘ ਪੱਡਾ ਗਰੈਂਡ ਇੰਪਾਇਰ ਹਾਲ, ਸੁਰਜੀਤ ਸਿੰਘ ਜੰਜੂਆ ਡਿਵੈਲਪਰ ਤੇ ਰੀਐਲਟਰ, ਰਣਬੀਰ ਸਿੰਘ ਕੰਗ ਰੂਫਿੰਗ ਕੰਪਨੀ , ਗੁਰਜਿੰਦਰ ਸਿੰਘ ਘੱਗ ਜੀ ਇਲੈਕਟ੍ਰਿਕ , ਸੁਖਵਿੰਦਰ ਢਿੱਲੋਂ ਜੀ ਇਲੈਕਟ੍ਰਿਕ, ਹਰਜੋਧ ਸਿੰਘ ਢਿੱਲੋਂ ਜੀ ਇਲੈਕਟ੍ਰਿਕ , ਗੁਰਪਾਲ ਸਿੰਘ ਬਡਵਾਲ ਮੌਡਰਨ ਸੀਕਿਊਰਿਟੀ ਅਤੇ ਗੋਲਡ ਲੀਫ ਇੰਸੋਰੈਂਸ, ਪਰਮਿੰਦਰ ਸਿੰਘ ਸੈਣੀ ਡਰੀਮ ਇਲੈਕਟ੍ਰਿਕ, ਜਸਵਿੰਦਰ ਸਿੰਘ ਸੈਣੀ ਚੁਆਇਸ ਇਲੈਕਟ੍ਰਿਕ, ਜਸਵਿੰਦਰ ਸਿੰਘ ਸਹੋਤਾ ਐਕਮੀ ਗਲਾਸ , ਉਂਕਾਰ ਸਿੰਘ ਹੁੰਦਲ ਓਜੇ ਇਲੈਕਟ੍ਰਿਕ, ਅਮਰਜੀਤ ਸਿੰਘ ਹੇਅਰ ਡਿਵੈਲਪਰ, ਇਕਬਾਲ ਢਿੱਲੋਂ ਬਿਲ਼ਡਰ, ਰੂਪ ਲਾਲ ਚੰਦੜ ਰੂਪ ਇਲੈਕਟ੍ਰਿਕ, ਸਵਰਨ ਸਿੰਘ ਸੇਖੋਂ ਰੀਐਲਟਰ , ਐਡਵੋਕੇਟ ਸਮਨਦੀਪ ਸਿੰਘ, ਇਕਬਾਲ ਗਿੱਲ ਬਿਲਡਰ, ਨਿਰਮਲ ਪਰਿਹਾਰ ਇਲੈਕਟ੍ਰੀਕਲ ਇੰਜੀਨੀਅਰ, ਜਸਵੀਰ ਬਨਵੈਤ, ਨਿਰਵੈਰ ਸਿੰਘ ਕੈਂਥ ਨਿਊ ਵੇਅ ਰੇਲਿੰਗ ਕੰਪਨੀ, ਪਬਲਿਸ਼ਰ ਸਤੀਸ਼ ਗੁਲਾਟੀ, ਪੱਤਰਕਾਰ ਹਰਦਮ ਮਾਨ, ਸੰਦੀਪ ਧੰਜੂ ਤੇ ਮਲਕੀਤ ਸਿੰਘ ਕੱਥੂਨੰਗਲ ਵੀ ਹਾਜ਼ਰ ਸਨ। ਇਸੇ ਦੌਰਾਨ ਮਨਜੀਤ ਸਿੰਘ ਸੈਣੀ ਨੇ ਗਰੈਂਡ ਇੰਪਾਇਰ ਹਾਲ ਦੇ ਮਾਲਕ ਸੁੱਚਾ ਸਿੰਘ ਪੱਡਾ ਅਤੇ ਹਰਪਾਲ ਸਿੰਘ ਸੂਚ ਦਾ ਵਿਸ਼ੇਸ਼ ਧੰਨਵਾਦ ਕੀਤਾ।
ਤਸਵੀਰਾਂ- ਹਰਦਮ ਮਾਨ।