Headlines

ਐਡਮਿੰਟਨ ਪੁਲਿਸ ਵਲੋਂ ਫਿਰੌਤੀਆਂ ਮੰਗਣ ਅਤੇ ਧਮਕਾਉਣ ਦੇ ਦੋਸ਼ਾਂ  ਹੇਠ ਇਕ ਮੁਟਿਆਰ ਸਮੇਤ 6  ਗ੍ਰਿਫਤਾਰ

ਗ੍ਰਿਫਤਾਰ ਮੁਲਜ਼ਮਾਂ ਵਿਚ 17 ਤੋਂ 21 ਸਾਲ ਦੇ ਨੌਜਵਾਨ ਸ਼ਾਮਿਲ-

* ਗੈਂਗ ਸਰਗਨੇ ਮਨਿੰਦਰ ਧਾਲੀਵਾਲ ਦੇ ਕੈਨੇਡਾ-ਵਿਆਪੀ ਵਾਰੰਟ  ਜਾਰੀ-
ਐਡਮਿੰਟਨ (ਗੁਰਪ੍ਰੀਤ ਸਿੰਘ)-ਐਡਮਿੰਟਨ ਪੁਲਿਸ ਅਤੇ ਆਰ ਸੀ ਐਮ ਪੀ ਵਲੋਂ ਕੀਤੀ ਗਈ ਇਕ ਸਾਂਝੀ ਕਾਰਵਾਈ ਤਹਿਤ ਭਾਰਤੀ ਮੂਲ ਦੇ ਕਾਰੋਬਾਰੀਆਂ ਖਾਸਕਰ ਪੰਜਾਬੀ ਕਾਰੋਬਾਰੀਆਂ ਕੋਲੋਂ ਫਿਰੌਤੀਆਂ ਮੰਗਣ ਅਤੇ ਧਮਕਾਉਣ ਦੇ ਦੋਸ਼ਾਂ  ਹੇਠ 6 ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ।
ਪੁਲਿਸ ਚੀਫ ਡੇਲ ਮੈਕਫੀ ਨੇ ਇਥੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਵੀਰਵਾਰ ਨੂੰ ਪੁਲਿਸ ਵਲੋਂ ਕੀਤੀ ਗਈ ਵੱਡੀ ਕਾਰਵਾਈ ਦੌਰਾਨ ਗ੍ਰਿਫਤਾਰ ਕੀਤੇ ਸ਼ੱਕੀ ਮੁਲਜ਼ਮਾਂ ਚ 19 ਸਾਲਾ ਮੁਟਿਆਰ ਜਸ਼ਨਦੀਪ ਕੌਰ,  ਗੁਰਕਰਨ ਸਿੰਘ (19), ਮਾਨਵ ਹੀਰ (19), ਪਰਮਿੰਦਰ ਸਿੰਘ (21), ਦਿਵਨੂਰ ਆਸ਼ਟ (19) ਅਤੇ ਇੱਕ 17 ਸਾਲਾ ਨੌਜਵਾਨ ਸ਼ਾਮਲ ਹੈ। ਇਸ ਮਾਮਲੇ ਵਿੱਚ ਇਸ ਗੈਂਗ ਦੇ ਮੁਖੀ ਸਮਝੇ ਜਾਂਦੇ 34 ਸਾਲਾ ਮਨਿੰਦਰ ਸਿੰਘ ਧਾਲੀਵਾਲ ਦੇ ਕੈਨੇਡਾ-ਵਿਆਪੀ ਵਾਰੰਟ ਜਾਰੀ ਕੀਤੇ ਗਏ ਹਨ। ਐਡਮਿੰਟਨ ਪੁਲਿਸ ਹੁਣ ਤੱਕ ਰਿਪੋਰਟ ਕੀਤੀਆਂ 40 ਘਟਨਾਵਾਂ ਵਿੱਚੋਂ 26 ਵਿੱਚ ਚਾਰਜ ਲਾ ਚੁੱਕੀ ਹੈ। ਪੁਲਿਸ ਵੱਲੋ ਧਾਲੀਵਾਲ ਦੀ ਤਸਵੀਰ ਵੀ ਜਾਰੀ ਕੀਤੀ ਗਈ ਹੈ।

ਪੁਲਿਸ ਵਲੋਂ ਫੜੇ ਗਏ ਮੁਲਜ਼ਮਾਂ ਵਿਚ ਇਕ ਪੀ ਆਰ ਹੈ, ਦੋ ਭਾਰਤੀ ਨਾਗਰਿਕ ਹਨ ਜਦੋਂਕਿ ਬਾਕੀ ਕੈਨੇਡੀਅਨ ਹਨ।

ਪੁਲਿਸ ਦਾ ਮੰਨਣਾ ਹੈ ਕਿ ਕਿ ਮਨਿੰਦਰ ਧਾਲੀਵਾਲ ਜੋ ਕਿ ਐਡਮਿੰਟਨ ਦਾ ਵਾਸੀ ਹੈ, ਦੀ ਅਗਵਾਈ ਵਾਲਾ ਅਪਰਾਧਿਕ ਨੈੱਟਵਰਕ ਨੌਜਵਾਨਾਂ ਨੂੰ ਪੈਸੇ ਦੇ ਲਾਲਚ ਹੇਠ ਭਰਤੀ ਕਰ ਰਿਹਾ ਹੈ। ਇਸ ਅਪਰਾਧਿਕ ਗਰੁੱਪ ਦੇ ਲੋਅਰ ਮੇਨਲੈਂਡ ਦੇ ਬ੍ਰਦਰਜ਼ ਕੀਪਰਜ਼ ਗੈਂਗ ਨਾਲ ਸਬੰਧ ਦੱਸੇ ਜਾਂਦੇ ਹਨ ਪਰ ਇਸ ਸਮੇਂ ਪੁਲਿਸ ਇਸ ਨੂੰ ਮਨਿੰਦਰ ਕਰਾਈਮ ਗਰੁੱਪ ਵਜੋਂ ਹੀ ਸੰਬੋਧਨ ਕਰ ਰਹੀ ਹੈ। ਪੁਲਿਸ ਨੇ ਸਾਉਥ ਏਸ਼ੀਅਨ ਪਰਿਵਾਰਾਂ ਨੂੰ ਵੀ ਇਸ ਗੈਂਗ ਬਾਰੇ ਚੇਤਾਵਨੀ ਦਿੰਦਿਆਂ ਆਪਣੇ ਬੱਚਿਆਂ ਨੂੰ ਅਜਿਹੇ ਅਪਰਾਧਕਿ ਗਰੁੱਪ ਤੋਂ ਸੁਚੇਤ ਰਹਿਣ ਲਈ ਕਿਹਾ ਹੈ।

ਪੁਲਿਸ ਨੇ ਗੈਂਗ ਲੀਡਰ ਧਾਲੀਵਾਲ ਦੇ ਟਿਕਾਣੇ ਬਾਰੇ ਜਾਣਕਾਰੀ ਦੇਣ ਲਈ ਲੋਕਾਂ ਨੂੰ  projectgaslight@edmontonpolice.ca ਜਾਂ 780-391-4279 ‘ਤੇ ਸੰਪਰਕ ਕਰਨ ਲਈ ਕਿਹਾ ਹੈ। ਗੁਮਨਾਮ ਜਾਣਕਾਰੀ 1-800-222-8477 ‘ਤੇ ਜਾਂ ਔਨਲਾਈਨ ‘ਤੇ ਕ੍ਰਾਈਮ ਸਟਾਪਰਸ ਨੂੰ ਦਿੱਤੀ ਜਾ ਸਕਦੀ ਹੈ।