Headlines

 ਐਡਮਿੰਟਨ ਦੇ ਸਵਾਮੀ ਨਾਰਾਇਣ ਹਿੰਦੂ ਮੰਦਿਰ ਦੇ ਬਾਹਰ ਲਿਖੇ ਪ੍ਰਧਾਨ ਮੰਤਰੀ ਮੋਦੀ ਖ਼ਿਲਾਫ਼ ਨਾਅਰੇ

ਖਾਲਿਸਤਾਨ ਰੈਫਰੈਂਡਮ ਦੇ ਬੈਨਰਾਂ ਦੀ ਵੀ ਭੰਨਤੋੜ-ਕਾਲੀ ਸਪਰੇਅ ਨਾਲ ਕੀਤੇ ਖਰਾਬ –

* ਮੰਦਿਰ ਕਮੇਟੀ ਵੱਲੋਂ ਸ਼ਾਂਤੀ ਦੀ ਅਪੀਲ –
ਐਡਮਿੰਟਨ (ਗੁਰਪ੍ਰੀਤ ਸਿੰਘ)-ਐਡਮਿੰਟਨ ਚ ਬੀਤੇ ਦਿਨ ਬੀ ਏ ਪੀ ਐਸ ਸਵਾਮੀ ਨਾਰਾਇਣ ਹਿੰਦੂ ਮੰਦਿਰ ਦੇ ਬਾਹਰ ਸ਼ਰਾਰਤੀ ਅਨਸਰਾਂ ਵੱਲੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੈਨੇਡਾ ਦੇ ਮੈਂਬਰ ਪਾਰਲੀਮੈਂਟ ਚੰਦਰ ਆਰੀਆ ਦੇ ਵਿਰੁੱਧ ਭੱਦੀ ਸ਼ਬਦਾਵਲੀ ‘ਚ ਨਾਅਰੇ ਲਿਖੇ ਵੇਖੇ ਗਏ ।
ਸ਼ਰਾਰਤੀ ਅਨਸਰਾਂ ਨੇ ਲਿਖਿਆ ਕਿ ‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੈਨੇਡਾ ਦੇ ਸੰਸਦ ਮੈਂਬਰ ਆਰੀਆ ਹਿੰਦੂ ਅੱਤਵਾਦੀ ਹਨ ਅਤੇ ਉਹ ਕੈਨੇਡਾ ਵਿਰੋਧੀ ਹਨ’। ਸ਼ਰਾਰਤੀ ਤੱਤਾਂ ਵੱਲੋਂ ਕੀਤੀ ਗਈ ਇਸ ਹਰਕਤ ਦੀ ਹਿੰਦੂ ਸੰਗਠਨਾਂ ਵੱਲੋਂ ਸਖ਼ਤ ਨਿੰਦਾ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕੈਨੇਡੀਅਨ ਸਰਕਾਰ ਦੀਆਂ ਨੀਤੀਆਂ ਕਾਰਨ ਕੁਝ ਲੋਕ ਆਪਣੀ ਨਫਰਤ ਅਤੇ ਹਿੰਸਾ ਦੀ ਜਨਤਕ ਬਿਆਨਬਾਜ਼ੀ ਨਾਲ ਕੈਨੇਡਾ ‘ਚ ਭਾਈਚਾਰਕ ਸਾਂਝ ਨੂੰ ਖੋਰਾ ਲਾ ਰਹੇ ਹਨ।
ਹਾਲ ਹੀ ‘ਚ ਕੈਨੇਡਾ ਦੇ ਦੂਜੇ ਸੂਬਿਆਂ ‘ਚ ਵੀ ਹਿੰਦੂ ਮੰਦਿਰਾਂ ਅਤੇ ਹਿੰਦੂ ਭਾਈਚਾਰੇ ਦੇ ਮੈਂਬਰਾਂ ਨੂੰ ਨਿਸ਼ਾਨਾ ਬਣਾਇਆ ਦਾ ਰਿਹਾ ਜੋ ਵੱਡੀ ਚਿੰਤਾ ਦਾ ਵਿਸ਼ਾ ਹੈ । ਪਿਛਲੇ ਕੁਝ ਸਾਲਾਂ ‘ਚ ਗ੍ਰੇਟਰ ਟੋਰਾਂਟੋ ਏਰੀਆ, ਬ੍ਰਿਟਿਸ਼ ਕੋਲੰਬੀਆ ਅਤੇ ਕੈਨੇਡਾ ਦੇ ਹੋਰ ਸ਼ਹਿਰਾਂ ‘ਚ ਵੀ ਹਿੰਦੂ ਮੰਦਿਰਾਂ ‘ਚ ਨਫ਼ਰਤ ਭਰੀ ਸ਼ਬਦਾਵਲੀ ਨਾਲ ਭੰਨ-ਤੋੜ ਕੀਤੀ ਜਾ ਚੁੱਕੀ ਹੈ ।
* ਮੰਦਿਰ ਕਮੇਟੀ ਵੱਲੋਂ ਸ਼ਾਂਤੀ ਦੀ ਅਪੀਲ
ਮੰਦਿਰ ਕਮੇਟੀ ਵੱਲੋਂ ਇਸ ਘਟਨਾ ਦੀ ਸੂਚਨਾ ਐਡਮਿੰਟਨ ਪੁਲਿਸ ਸਰਵਿਸ ਨੂੰ ਦਿੱਤੀ ਗਈ, ਜਿਸ ਤੇ ਪੁਲਿਸ ਨੇ ਮੌਕੇ ਤੇ ਘਟਨਾ ਸਥਾਨ ਦਾ ਦੌਰਾ ਕੀਤਾ ਅਤੇ ਰਿਪੋਰਟ ਦਰਜ ਕਰਕੇ ਮਾਮਲੇ ਦੀ ਅਗਲੇਰੀ ਜਾਂਚ ਸ਼ੂਰੂ ਕੀਤੀ। ਪੁਲਿਸ ਫੇਰੀ ਤੋਂ ਬਾਅਦ ਮੰਦਿਰ ਦੇ ਬਾਹਰ ਲਿਖੀ ਗਈ ਭੱਦੀ ਸ਼ਬਦਾਵਲੀ ਹਟਾ ਦਿੱਤੀ ਗਈ ਹੈ। ਬੀ ਏ ਪੀ ਐਸ ਬੁਲਾਰੇ ਨੇ ਪ੍ਰੈਸ ਰਿਲੀਜ਼ ਲਿਖਿਆ ਹੈ ਕਿ ਇਹ ਇੱਕ ਵੱਖਰੀ ਘਟਨਾ ਨਹੀਂ ਹੈ. ਥੋੜੇ ਸਮੇਂ ‘ਚ ਕੈਨੇਡਾ ਭਰ ਦੇ ਮੰਦਿਰਾਂ ਅਤੇ ਹੋਰ ਵੱਖ-ਵੱਖ ਹਿੰਦੂ ਮੰਦਿਰਾਂ ‘ਚ ਵੀ ਇਸੇ ਤਰ੍ਹਾਂ ਦੀਆਂ ਭੰਨ-ਤੋੜ ਦੀਆਂ ਘਟਨਾਵਾਂ ਅਤੇ ਗਲਤ ਸ਼ਬਦਾਵਲੀ ਲਿਖਣ ਵਾਲੀਆਂ ਘਟਨਾਵਾਂ ਵਾਪਰ ਰਹੀਆਂ ਹਨ।
ਕਮੇਟੀ ਵਲੋਂ ਸਮੁੱਚੇ ਸਮਾਜ ‘ਚ ਸ਼ਾਂਤੀ ਅਤੇ ਸਦਭਾਵਨਾ ਲਈ ਪ੍ਰਾਰਥਨਾ ਕੀਤੀ ਹੈ। ਉਹਨਾਂ ਸਾਰੇ ਸ਼ਰਧਾਲੂਆਂ , ਸੇਵਕਾਂ ਅਤੇ ਸ਼ੁਭਚਿੰਤਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਵੀ ਕੀਤੀ ਹੈ। ਬੀ ਏ ਪੀ ਐਸ ਵੱਲੋਂ ਜਾਰੀ ਕੀਤੀ ਮੀਡੀਆ ਰਿਲੀਜ਼ ‘ਚ ਕਿਹਾ ਹੈ ਕਿ ਉਹ ਸਰਕਾਰੀ ਅਧਿਕਾਰੀਆਂ ਤੇ ਪੁਲਿਸ ਆਥਾਰਿਟੀ ਅਫਸਰਾਂ ਦੇ ਚੱਲ ਰਹੇ ਸਹਿਯੋਗ , ਸਮਰਥਨ ਅਤੇ ਸਮਝਦਾਰੀ ਲਈ ਤਹਿ ਦਿਲੋਂ ਧੰਨਵਾਦ ਕਰਦੇ ਹਨ।
* ਖਾਲਿਸਤਾਨ ਰੈਫਰੈਂਡਮ ਦੇ ਬੈਨਰਾਂ ਦੀ ਵੀ ਭੰਨਤੋੜ-ਕਾਲੀ ਸਪਰੇਅ ਨਾਲ ਕੀਤੇ ਖਰਾਬ –
ਇਕ ਪਾਸੇ ਸ਼ਹਿਰ ਦੇ ਮੰਦਿਰ ਦੀ ਕੰਧ ਉਪਰ ਭੱਦੀ ਸ਼ਬਦਾਵਾਲੀ ਲਿਖਣ ਦੀ ਘਟਨਾ ਹੋਈ ਹੈ ਉਥੇ ਹੀ ਦੂਜੇ ਪਾਸੇ ਸ਼ਹਿਰ ਵਿਚ ਲੱਗੇ ਖਾਲਿਸਤਾਨ ਰੈਫਰੈਂਡਮ ਦੇ ਬੈਨਰਾਂ ਨੂੰ ਵੀ ਸ਼ਰਾਰਤੀ ਅਨਸਰਾਂ ਵਲੋਂ ਨੁਕਸਾਨ ਪਹੁੰਚਾਇਆ ਗਿਆ ਹੈ। ਗੁਲਜ਼ਾਰ ਸਿੰਘ ਨਿਰਮਾਣ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਖਾਲਿਸਤਾਨ ਰੈਫਰੈਂਡਮ ਦੇ ਸ਼ਹਿਰ ਚ ਲੱਗੇ ਕੁੱਝ ਬੈਨਰਾਂ ਨੂੰ ਸ਼ਰਾਰਤੀ ਅਨਸਰਾਂ ਵਲੋਂ ਕਾਲੀ ਸਪਰੇਅ ਨਾਲ ਖਰਾਬ ਕੀਤਾ ਗਿਆ ਅਤੇ ਕੁੱਝ ਬੈਨਰਾਂ ਦੀ ਭੰਨ-ਤੋੜ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਕਾਰਵਾਈ ਦੀ ਜਾਣਕਾਰੀ ਰੈਫਰੈਂਡਮ ਹਾਈਕਮਾਨ ਨੂੰ ਭੇਜ ਦਿਤੀ ਗਈ ਹੈ। ਉਨ੍ਹਾਂ ਸਮੁਚੇ ਭਾਈਚਾਰੇ ਨੂੰ ਸ਼ਰਾਰਤੀ ਅਨਸਰਾਂ ਦੀਆਂ ਮਾੜੀਆਂ ਕਾਰਵਾਈਆਂ ਤੋਂ ਸੁਚੇਤ ਰਹਿਣ ਅਤੇ ਆਪਸੀ ਭਾਈਚਾਰਕ ਸਾਂਝ ਕਾਇਮ ਰੱਖਣ ਦੀ ਅਪੀਲ ਕੀਤੀ ਹੈ।