Headlines

ਨਵੀਆਂ ਕਲਮਾਂ ਨਵੀਂ ਉਡਾਣ ਕਿਤਾਬ ਦੇ 34 ਭਾਗ ਛਪ ਕੇ ਰਿਲੀਜ਼ ਹੋਏ -ਸੁੱਖੀ ਬਾਠ 

ਸਰੀ, 26 ਜੁਲਾਈ  (ਸਤੀਸ਼ ਜੌੜਾ) -ਪੰਜਾਬ ਭਵਨ ਸਰੀ ਕੈਨੇਡਾ ਦੇ ਸੰਸਥਾਪਕ ਸ਼੍ਰੀ ਸੁੱਖੀ ਬਾਠ ਵਲੋਂ ਸਾਹਿਤ ਲਈ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਪਿਛਲੇ 9 ਮਹੀਨਿਆਂ ਤੋਂ ਸ਼ੁਰੂ ਕੀਤੀ ਗਈ ਮੁਹਿੰਮ ਪੂਰੀ ਸਰਗਰਮੀ ਨਾਲ ਅੱਗੇ ਵੱਧ ਰਹੀ ਹੈ।
ਇਸ ਸਬੰਧੀ  ਪ੍ਰੈਸ ਨਾਲ ਗੱਲਬਾਤ ਕਰਦਿਆਂ ਸ਼੍ਰੀ ਸੁੱਖੀ ਬਾਠ ਨੇ ਦੱਸਿਆ ਕਿ ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਲਿਖਾਰੀ ਬਣਨ ਪ੍ਰਤੀ ਉਤਸ਼ਾਹ ਕਰਨ ਲਈ ਸਾਡੀ ਟੀਮ ਵੱਲੋਂ ਨਵੀਆਂ ਕਲਮਾਂ ਨਵੀਂ ਉਡਾਣ ਕਿਤਾਬ ਦਾ ਪ੍ਰੋਜੈਕਟ ਸ਼ੁਰੂ ਕੀਤਾ ਹੋਇਆ ਹੈ ਜਿਸ ਲਈ ਸਾਨੂੰ ਦੱਸਦਿਆਂ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਅਸੀਂ ਹੁਣ ਤੱਕ ਪਿਛਲੇ 10 ਮਹੀਨਿਆਂ ਦੇ ਸਫ਼ਰ ਵਿੱਚ ਨਵੀਆਂ ਕਲਮਾਂ ਦੇ 34 ਭਾਗ ਛਪਾ ਕੇ ਰਿਲੀਜ਼ ਕਰ ਚੁੱਕੇ ਹਾਂ, ਇਹ ਸਿਲਸਲਾ  ਬੱਚਿਆਂ ਦੀ ਰੁਚੀ ਨੂੰ ਹੋਰ ਮਜ਼ਬੂਤ ਕਰਨ ਲਈ ਲਗਾਤਾਰ ਯਾਰੀ ਰਹੇਗਾ।
ਸੁੱਖੀ ਬਾਠ ਨੇ ਕਿਹਾ ਕਿ ਸਾਡੀ ਪੰਜਾਬ ਵਿੱਚ ਕੰਮ ਕਰ ਰਹੀ ਨਵੀਆਂ ਕਲਮਾਂ ਨਵੀਂ ਉਡਾਣ ਟੀਮ ਦੀ ਸਖ਼ਤ ਮਿਹਨਤ ਸਦਕਾ ਹੀ ਅਸੀਂ ਅੱਗੇ ਵੱਧ ਰਹੇ ਹਾਂ। ਉਨ੍ਹਾਂ ਕਿਹਾ ਕਿ ਅਗਲੇ ਦਿਨਾਂ ਵਿੱਚ ਕਿਤਾਬਾਂ ਦੀ ਗਿਣਤੀ 100 ਤੱਕ ਪੁੱਜ ਜਾਵੇਗੀ। ਇਸ ਤਹਿਤ ਪ੍ਰਾਇਮਰੀ ਪੱਧਰ ਦੀ ਕਿਤਾਬ ਵੀ ਵੱਖਰੇ ਤੌਰ ਤੇ ਛਾਪੀ ਗਈ ਹੈ। ਉਨ੍ਹਾਂ ਦੱਸਿਆ ਕਿ ਨਵੇਂ ਉਭਰ ਕੇ ਸਾਹਮਣੇ ਆਏ ਬਾਲ ਲੇਖਕਾਂ ਨੂੰ ਹੋਰ ਪਰਪੱਕ ਕਰਨ ਲਈ ਪੰਜਾਬ ਭਵਨ ਵਲੋਂ ਬੱਚਿਆਂ ਦੀਆਂ ਲਿਖਤਾਂ ਨੂੰ ਅਖਬਾਰਾਂ ਵਿੱਚ ਛਪਵਾਇਆ ਜਾ ਰਿਹਾ ਹੈ।
ਇਸ ਤੋਂ ਵੀ ਅੱਗੇ ਕਦਮ ਪੁੱਟ ਕੇ ਇਨ੍ਹਾਂ ਨਵੇਂ ਉਭਰੇ ਬਾਲ ਲੇਖਕਾਂ ਨੂੰ ਤਰਾਸ਼ਣ ਲਈ ਕਈ ਚੈਨਲਾਂ ਨਾਲ ਤਾਲਮੇਲ ਕਰਕੇ ਬੱਚਿਆਂ ਦੀਆਂ ਪੇਸ਼ਕਾਰੀਆਂ ਕਾਰਵਾਈਆਂ ਜਾ ਰਹੀਆਂ ਹਨ।
ਉਨ੍ਹਾਂ ਦੱਸਿਆ ਕਿ 16 ਅਤੇ 17 ਨਵੰਬਰ ਨੂੰ ਪੰਜਾਬ ਭਵਨ ਸਰੀ ਵਲੋਂ ਦੋ ਰੋਜ਼ਾ ਅੰਤਰਰਾਸ਼ਟਰੀ ਬਾਲ ਲੇਖਕ ਕਾਨਫਰੰਸ ਅਕਾਲ ਕਾਲਜ ਕੌਸ਼ਲ ਮਸਤੂਆਣਾ ਸਾਹਿਬ ਜਿਲ੍ਹਾ ਸੰਗਰੂਰ ਵਿਖੇ ਹੋ ਰਹੀ ਹੈ ਜਿਸ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ।
ਸੁੱਖੀ ਬਾਠ ਨੇ ਦੱਸਿਆ ਕਿ ਅਗਸਤ ਦੇ ਦੂਸਰੇ ਹਫਤੇ ਤੋਂ ਉਹ ਮੁੜ ਪੰਜਾਬ ਜਾ ਕੇ ਕਰਵਾਈ ਜਾ ਰਹੀ ਅੰਤਰਰਾਸ਼ਟਰੀ ਬਾਲ ਲੇਖਕ ਕਾਨਫਰੰਸ ਲਈ ਤਿਆਰੀਆਂ ਦਾ ਜਾਇਜਾ ਲੈਣਗੇ ਅਤੇ ਗੁਰਦਾਸਪੁਰ, ਰੋਪੜ, ਬਠਿਡਾ,ਰਾਜਸਥਾਨ, ਚੰਡੀਗੜ੍ਹ, ਬਰਨਾਲਾ, ਅੰਮ੍ਰਿਤਸਰ, ਤਰਨਤਾਰਨ, ਜਲੰਧਰ , ਫਗਵਾੜਾ, ਲੁਧਿਆਣਾ, ਫਾਜਿਲਕਾ, ਫਿਰੋਜਪੁਰ, ਫਰੀਦਕੋਟ, ਪਟਿਆਲਾ ਅਤੇ ਲਾਹੌਰ ਚ ਨਵੀਆਂ ਕਲਮਾਂ ਨਵੀਂ ਉਡਾਣ ਕਿਤਾਬ ਜਾਰੀ ਕੀਤੀ ਜਾਵੇਗੀ ਅਤੇ ਕੁਝ ਜਿਲ੍ਹਿਆਂ ਵਿੱਚ ਕਾਨਫਰੰਸ ਸਬੰਧੀ ਮੀਟਿੰਗਾਂ ਕੀਤੀਆਂ ਜਾਣਗੀਆਂ।