Headlines

ਟੋਰਾਂਟੋ ਕਬੱਡੀ ਸੀਜ਼ਨ 2024 -ਯੂਨਾਈਟਡ ਬਰੈਂਪਟਨ ਸਪੋਰਟਸ ਕਲੱਬ ਬਣੀ ਟੋਰਾਂਟੋ ਕਬੱਡੀ ਸੀਜ਼ਨ ਦੀ ਓਵਰਆਲ ਚੈਪੀਅਨ

ਕੈਨੇਡਾ ਦੀ ਕਬੱਡੀ ਲਈ ਇਤਿਹਾਸਿਕ ਦਿਨ, ਬਰੈਂਪਟਨ ’ਚ ਬਣੇਗਾ ਕਬੱਡੀ ਸਟੇਡੀਅਮ-
ਭੂਰੀ ਛੰਨਾ ਤੇ ਸ਼ੀਲੂ ਬਾਹੂ ਅਕਬਰਪੁਰ ਬਣੇ ਸੀਜ਼ਨ ਦੇ ਸਰਵੋਤਮ ਖਿਡਾਰੀ-
ਬੰਟੀ ਟਿੱਬਾ ਤੇ ਯਾਦਾ ਸੁਰਖਪੁਰ ਬਣੇ ਕੱਪ ਦੇ ਸਰਵੋਤਮ ਖਿਡਾਰੀ-

ਟੋਰਾਂਟੋ ( ਅਰਸ਼ਦੀਪ ਸ਼ੈਰੀ)-ਕੈਨੇਡਾ ਦੇ ਓਂਟਾਰੀਓ ਸੂਬੇ ’ਚ ਸਰਗਰਮ ਕਬੱਡੀ ਫੈਡਰੇਸ਼ਨ ਆਫ ਓਂਟਾਰੀਓ ਦੇ ਝੰਡੇ ਹੇਠ ਯੂਨਾਈਟਡ ਬਰੈਪਟਨ ਸਪੋਰਟਸ ਕਲੱਬ ਵੱਲੋਂ ਕਰਵਾਏ ਗਏ ਸ਼ਾਨਦਾਰ ਕਬੱਡੀ ਕੱਪ ਨਾਲ ਟੋਰਾਂਟੋ ਦਾ ਸੀਜ਼ਨ ਨੇਪਰੇ ਦੜ੍ਹ ਗਿਆ। ਇਸ ਸੀਜ਼ਨ ਦੀ ਯੂਨਾਈਟਡ ਬਰੈਂਪਟਨ ਸਪੋਰਟਸ ਕਲੱਬ ਦੀ ਟੀਮ ਹੀ ਓਵਰਆਲ ਚੈਪੀਅਨ ਬਣੀ। ਇਸ ਟੀਮ ਨੇ ਸੀਜ਼ਨ ਦੌਰਾਨ ਚੌਥਾ ਕੱਪ ਜਿੱਤਿਆ। ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਦੀ ਟੀਮ ਨੇ ਕੱਪ ਦੌਰਾਨ ਦੂਸਰਾ ਸਥਾਨ ਹਾਸਿਲ ਕੀਤਾ। ਦੁਨੀਆ ਦੀ ਸਭ ਤੋਂ ਮਹਿੰਗੀ ਕਬੱਡੀ ਵਜੋਂ ਪ੍ਰਸਿੱਧ ਟੋਰਾਂਟੋ ਕਬੱਡੀ ਸੀਜ਼ਨ-2024 ਦੌਰਾਨ ਭੂਰੀ ਛੰਨਾ ਨੇ ਸਰਵੋਤਮ ਧਾਵੀ ਤੇ ਸ਼ੀਲੂ ਬਾਹੂ ਅਕਬਰਪੁਰ ਨੇ ਸਰਵੋਤਮ ਜਾਫੀ ਬਣਨ ਦਾ ਮਾਣ ਹਾਸਲ ਕੀਤਾ। ਆਖਰੀ ਤੇ ਸੱਤਵੇਂ ਕੱਪ ਦੌਰਾਨ ਯਾਦਾ ਸੁਰਖਪੁਰ ਤੇ ਬੰਟੀ ਟਿੱਬਾ ਨੇ ਸਰਵੋਤਮ ਖਿਡਾਰੀ ਬਣਨ ਦਾ ਮਾਣ ਹਾਸਿਲ ਕੀਤਾ। ਜੂਨੀਅਰ ਟੀਮਾਂ ਦੇ ਮੁਕਾਬਲੇ ’ਚ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਦੀ ਟੀਮ ਨੇ ਛੇਵਾਂ ਖਿਤਾਬ ਜਿੱਤਕੇ ਓਵਰਆਲ ਚੈਪੀਅਨ ਬਣਨ ਦਾ ਮਾਣ ਹਾਸਲ ਕੀਤਾ।

ਯੂਨਾਈਟਡ ਬਰੈਂਪਟਨ ਸਪੋਰਟਸ ਕਲੱਬ ਵੱਲੋਂ ਜਸਵਿੰਦਰ ਸਿੰਘ ਸ਼ੋਕਰ ਐਚਜੀਸੀ ਟਰਾਂਸਪੋਰਟ, ਪ੍ਰਧਾਨ ਜੁਝਾਰ ਸਿੰਘ ਸ਼ੋਕਰ, ਹਰਜਿੰਦਰ ਸਿੰਘ ਸੰਘੇੜਾ, ਗੁਰਮੁਖ ਸਿੰਘ ਗੋਖਾ ਅਟਵਾਲ, ਮੀਕਾ ਜੌਹਲ, ਪੰਮਾ ਸੋਹਲ, ਬੀਐਸਡੀ ਲਾਈਨ ਹਾਲ ਸੁੱਖਾ ਚੰਦੀ, ਬਲਵੀਰ ਸਿੰਘ ਰਾਏ ਲਾਅ ਆਫਿਸ, ਦੇਵ ਮਾਂਗਟ, ਨਵਜੋਤ ਥਿੰਦ ਸਮਾਰਟ ਵੇ ਫਰਾਈਟ ਸਿਸਟਮ, ਜਸਵੀਰ ਢਿੱਲੋਂ, ਰਾਜਵਿੰਦਰ ਕੂਨਰ, ਗਿੱਲ ਟਰੱਕ ਰਿਪੇਅਰ ਐਂਡ ਪਾਰਟਸ, ਇੰਦਰਜੀਤ ਗਿੱਲ, ਨਵੀ ਗਿੱਲ, ਹਰਜੀਤ ਸਹੋਤਾ, ਸੁਖਵਿੰਦਰ ਨੱਤ, ਸ਼ਨੀ ਨੱਤ, ਗੁਰਨੇਕ ਬੱਲ, ਦੀਪਾ ਧਨੌਲਾ, ਹਰਜਿੰਦਰ ਗਿੱਲ, ਗੁਲਾਬ ਸਿੰਘ, ਰਾਜਿੰਦਰ ਸਿੰਘ ਸਹੋਤਾ, ਗੁਰਨੇਕ ਸਿੰਘ ਥਿਆੜਾ, ਹਰਸੇਵਕ ਸਿੰਘ ਤੇ ਹਰਮਨ ਗਿੱਲ ਨੇ ਸ਼ਾਨਦਾਰ ਕੱਪ ਕਰਵਾਇਆ। ਇਸ ਕੱਪ ਲਈ ਐਚਜੀਸੀ, ਰਾਏ ਲਾਅ ਆਫਿਸ, ਜੇਬੀ ਟਰਾਂਸਪੋਰਟ, ਯੂਨਾਈਟਡ ਗਰੁੱਪ ਆਫ ਕੰਪਨੀਜ਼, ਆਟੋ ਬਾਹਨ, ਜੌਨ ਸ਼ੇਖ ਰੀਫਰ ਸੇਲਜ, ਏਸ਼ੀਅਨ ਫੂਡ ਸੈਂਟਰ, ਸਮਾਰਟ ਵੇਅ, ਨਿਊ ਮਿਲੇਨੀਅਮ ਟਾਇਰ ਸੈਂਟਰ, ਸਨਰਾਈਜ ਫਰਾਈਟ ਸਿਸਟਮ, ਸੇਫੈਕਸ ਟਰਾਂਸਪੋਰਟ, ਫਲੀਟ ਐਕਸ ਟਰਾਂਸਪੋਰਟ, ਫੈਂਟਮ ਲੌਜਿਸਟਕ, ਗਰੋਅ ਫਲੀਟ ਇਕੂਪਮੈਂਟ ਸੇਲਜ਼, ਮਿਸਟਰ ਸਿੰਘ ਪੀਜਾ, ਮੈਟਰੋ ਟਰੱਕ ਗਰੁੱਪ, ਟਾਪ ਟਰੱਕ ਸੇਲਜ਼ ਐਂਡ ਲੀਜਿੰਗ, ਏਵਨ ਇੰਸੋਰੈਂਸ਼, ਏਐਮਜੀ ਗਲੋਬਲ, ਮਧਾਨੀ, ਕਿੰਗ ਟੋਇੰਗ, ਨਲ ਇੰਸੋਰੈਂਸ, ਗੁਰਫਤਿ ਟਰੱਕ ਐਂਡ ਟਰੇਲਰ, ਡੀਟੀਐਸ ਗਲਾਈਂਡਰ ਟਾਰਪ ਸਿਸਟਮ, ਬੀਐਸਡੀ ਲਾਇਨ ਹਾਲ, ਬੈਸਟ ਲੇਕ ਟਰਾਂਸਪੋਟੇਸ਼ਨ ਗਰੁੱਪ ਆਦਿ ਨੇ ਸਪਾਂਸਰਸ਼ਿਪ ਦਿੱਤੀ।

ਇਸ ਕੱਪ ਦੌਰਾਨ ਬਰੈਂਪਟਨ ਦੇ ਮੇਅਰ ਪੈਟ੍ਰਿਕ ਬਰਾਊਨ ਨੇ ਕਬੱਡੀ ਲਈ ਸਟੇਡੀਅਮ ਬਣਾਉਣ ਦਾ ਐਲਾਨ ਕੀਤਾ। ਕੈਨੇਡਾ ’ਚ ਕਬੱਡੀ ਦਾ ਇਹ ਪਹਿਲਾ ਸਟੇਡੀਅਮ ਹੋਵੇਗਾ। ਕਬੱਡੀ ਫੈਡਰੇਸ਼ਨ ਆਫ ਓਂਟਾਰੀਓ ਵੱਲੋਂ ਪ੍ਰਧਾਨ ਜਸਵਿੰਦਰ ਸਿੰਘ ਸ਼ੋਕਰ ਦੀ ਅਗਵਾਈ ‘’ਚ ਕੀਤੇ ਯਤਨਾਂ ਦਾ ਹੀ ਇਹ ਨਤੀਜਾ ਹੈ। ਇਸ ਮੌਕੇ ਐਮ.ਪੀ.ਮਨਿੰਦਰ ਸਿੰਘ ਸਿੱਧੂ, ਐਮ.ਪੀ. ਰੂਬੀ ਸਹੋਤਾ, ਗੁਰਪ੍ਰੀਤ ਸਿੰਘ ਕੌਂਸਲਰ, ਨਵਜੀਤ ਕੌਰ ਬਰਾੜ ਰਜਿਸਟਰਡ ਕੌਂਸਲਰ ਤੇ ਮੇਜ਼ਬਾਨ ਫੈਡਰੇਸ਼ਨ ਦੇ ਆਗੂ ਹਾਜ਼ਰ ਸਨ।
ਇਸ ਕੱਪ ਦੇ ਪਹਿਲੇ ਮੈਚ ’ਚ ਟੋਰਾਂਟੋ ਪੰਜਾਬੀ ਸਪੋਰਟਸ ਕਲੱਬ ਨੇ ਮੈਟਰੋ ਪੰਜਾਬੀ ਸਪੋਰਟਸ ਕਲੱਬ ਨੂੰ 35-32.5 ਅੰਕਾਂ ਨਾਲ ਹਰਾਇਆ। ਦੂਸਰੇ ਮੈਚ ਨੇ ਯੂਨਾਈਟਡ ਬਰੈਂਪਟਨ ਸਪੋਰਟਸ ਕਲੱਬ ਨੇ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਦੀ ਟੀਮ ਨੂੰ 38.5-29 ਅੰਕਾਂ ਨਾਲ ਹਰਾਇਆ। ਇੰਟਰਨੈਸ਼ਨਲ ਕਲੱਬ ਵੱਲੋਂ ਧਾਵੀ ਰਵੀ ਕੈਲਰਮ, ਚਿੱਤਪਾਲ ਚਿੱਟੀ, ਮਲਕੀਤ ਧਮਤਾਨ ਸਾਹਿਬ ਤੇ ਦੁੱਲਾ ਬੱਗਾ ਪਿੰਡ, ਖੁਸ਼ੀ ਦੁੱਗਾ ਨੇ ਜੁਝਾਰੀ ਖੇਡ ਦਿਖਾਈ। ਤੀਸਰੇ ਮੈਚ ਓਂਟਾਰੀਓ ਕਬੱਡੀ ਕਲੱਬ ਦੀ ਟੀਮ ਨੇ ਮੈਟਰੋ ਪੰਜਾਬੀ ਸਪੋਰਟਸ ਕਲੱਬ ਦੀ ਟੀਮ ਨੂੰ ਸਿਰਫ ਅੱਧੇ (30.5-30) ਅੰਕ ਨਾਲ ਹਰਾਇਆ। ਚੌਥੇ ਮੈਚ ‘ਚ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਨੇ ਜੀ ਟੀ ਏ ਕਬੱਡੀ ਕਲੱਬ ਦੀ ਟੀਮ ਨੂੰ 37-33.5 ਅੰਕਾਂ ਨਾਲ ਹਰਾਇਆ।
ਪਹਿਲੇ ਸੈਮੀਫਾਈਨਲ ’ਚ ਯੂਨਾਈਟਡ ਬਰੈਂਪਟਨ ਸਪੋਰਟਸ ਕਲੱਬ ਦੀ ਟੀਮ ਨੇ ਓਂਟਾਰੀਓ ਕਬੱਡੀ ਕਲੱਬ ਦੀ ਟੀਮ ਨੂੰ 42-29 ਅੰਕਾਂ ਨਾਲ ਹਰਾਕੇ ਫਾਈਨਲ ’ਚ ਥਾਂ ਬਣਾਈ। ਦੂਸਰੇ ਸੈਮੀਫਾਈਨਲ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਦੀ ਟੀਮ ਨੇ ਟੋਰਾਂਟੋ ਪੰਜਾਬੀ ਸਪੋਰਟਸ ਕਲੱਬ ਨੂੰ 39.5-35 ਅੰਕਾਂ ਨਾਲ ਹਰਾਕੇ ਫਾਈਨਲ ’ਚ ਪ੍ਰਵੇਸ਼ ਕੀਤਾ। ਇੱਕਪਾਸੜ ਫਾਈਨਲ ਮੁਕਾਬਲੇ ’ਚ ਯੂਨਾਈਟਡ ਬਰੈਂਪਟਨ ਸਪੌਰਟਸ ਕਲੱਬ ਦੀ ਟੀਮ ਨੇ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਨੂੰ 42.5-22 ਅੰਕਾਂ ਨਾਲ ਹਰਾਇਆ। ਯੂਨਾਈਟਡ ਬਰੈਂਟਨ ਸਪੋਰਟਸ ਕਲੱਬ ਕੱਪ ਦੌਰਾਨ ਨਿਯਮਾਂ ਅਨੁਸਾਰ ਸੈਮੀ ਤੇ ਫਾਈਨਲ ਮੁਕਾਬਲੇ ’ਚੋਂ ਸਰਵੋਤਮ ਧਾਵੀ ਤੇ ਜਾਫੀ ਚੁਣੇ ਗਏ। ਬੰਟੀ ਟਿੱਬਾ 26 ਅਜੇਤੂ ਧਾਵੇ ਬੋਲਕੇ, ਸਰਵੋਤਮ ਧਾਵੀ ਬਣਿਆ। ਇਸ ਸੀਜ਼ਨ ਦੌਰਾਨ ਉਹ ਦੂਸਰੀ ਵਾਰ ਇਹ ਖਿਤਾਬ ਜਿੱਤਣ ’ਚ ਸਫਲ ਰਿਹਾ। ਚੈਪੀਅਨ ਟੀਮ ਦੇ ਕਪਤਾਨ ਯਾਦਾ ਸੁਰਖਪੁਰ ਨੇ 8 ਕੋਸ਼ਿਸ਼ਾਂ ਤੋਂ 6 ਅੰਕ ਹਾਸਲ ਕਰਕੇ ਸਰਵੋਤਮ ਜਾਫੀ ਦਾ ਖਿਤਾਬ ਜਿੱਤਿਆ। ਮੇਜ਼ਬਾਨ ਟੀਮ ਦਾ ਪ੍ਰਮੋਟਰਾਂ ਵੱਲੋਂ ਖਾਸ ਤੌਰ ਤੇ ਜੱਫਿਆਂ ਤੇ ਚੰਗੀਆਂ ਰੇਡਾਂ ’ਤੇ ਡਾਲਰਾਂ ਦੀ ਵਰਖਾ ਕੀਤੀ ਗਈ। ਇਸ ਕਬੱਡੀ ਸੀਜ਼ਨ ਦੌਰਾਨ ਕਬੱਡੀ ਫੈਡਰੇਸ਼ਨ ਆਫ ਓਂਟਾਰੀਓ ਵੱਲੋਂ ਪ੍ਰਧਾਨ ਜਸਵਿੰਦਰ ਸਿੰਘ ਜਸ ਛੋਕਰ, ਚੇਅਰਮੈਨ ਇੰਦਰਜੀਤ ਧੁੱਗਾ, ਮੀਤ ਪ੍ਰਧਾਨ ਸ਼ੇਰਾ ਮੰਡੇਰ, ਮੇਜਰ ਨੱਤ ਸਕੱਤਰ, ਰਾਣਾ ਸਿੱਧੂ ਖਜ਼ਾਨਚੀ, ਮਲਕੀਤ ਦਿਉਲ ਡਾਇਰੈਕਟਰ, ਸੁੱਖਾ ਰੰਧਾਵਾ ਡਾਇਰੈਕਟਰ ਤੇ ਸਮੂਹ ਮੈਂਬਰ ਸਾਹਿਬਾਨਾਂ ਦੀ ਅਗਵਾਈ ’ਚ ਬਹੁਤ ਸਾਰੇ ਨਵੇਂ ਨਿਯਮ ਬਣਾਏ ਗਏ ਜਿੰਨਾਂ ਨਾਲ ਓਂਟਾਰੀਓ ਦੀ ਕਬੱਡੀ ਦਾ ਮਿਆਰ ਹੋਰ ਉੱਚਾ ਕਰ ਦਿੱਤਾ।
ਇਸ ਟੂਰਨਾਮੈਂਟ ਦੌਰਾਨ ਮੈਚਾਂ ਦਾ ਸੰਚਾਲਨ ਅੰਪਾਇਰ ਪੱਪੂ ਭਦੌੜ, ਬਲਵੀਰ ਨਿੱਝਰ, ਸਵਰਨਾ ਵੈਲੀ, ਬਿੰਨਾ ਮਲਿਕ, ਨੀਟੂ ਸਰਾਏ ਤੇ ਸਾਬੀ ਜੰਡਿਆਲੀ ਨੇ ਬਹੁਤ ਵਧੀਆ ਤਰੀਕੇ ਨਾਲ ਕੀਤਾ। ਟੀਵੀ ਅੰਪਾਇਰਾਂ ਦੀ ਜਿੰਮੇਵਾਰੀ ਸਾਬਕਾ ਖਿਡਾਰੀ ਬੀਰਾ ਸਿੱਧਵਾਂ ਤੇ ਅਜਮੇਰ ਜਲਾਲ, ਟਾਈਮਕੀਪਰ ਦੀ ਭੂਮਿਕਾ ਕਾਲਾ ਕੰਮੇਆਣਾ ਨੇ ਨਿਭਾਈ। ਪੂਰੇ ਮੈਚਾਂ ਦੇ ਹਰ ਇੱਕ ਅੰਕ ਦਾ ਵੇਰਵਾ ਜਸਵੰਤ ਖੜਗ, ਮਨੀ ਖੜਗ ਤੇ ਕੁਲਵੰਤ ਢੀਂਡਸਾ ਨੇ ਇਕੱਤਰ ਕੀਤਾ। ਪ੍ਰੋ. ਮੱਖਣ ਸਿੰਘ ਹਕੀਮਪੁਰ, ਸੁਰਜੀਤ ਕਕਰਾਲੀ, ਛਿੰਦਰ ਧਾਲੀਵਾਲ, ਮੱਖਣ ਅਲੀ, ਹੈਰੀ ਬਨਭੌਰਾ, ਇਕਬਾਲ ਗਾਲਿਬ, ਅਮਨ ਲੋਪੋ ਤੇ ਪ੍ਰਿਤਾ ਸ਼ੇਰਗੜ੍ਹ ਚੀਮਾ ਨੇ ਆਪਣੀ ਕੁਮੈਂਟਰੀ ਕਲਾ ਰਾਹੀਂ ਮੈਚਾਂ ਨੂੰ ਰੋਚਕ ਬਣਾਕੇ ਪੇਸ਼ ਕੀਤਾ।