Headlines

ਨਾਰਥ ਕੈਲਗਰੀ ਐਸੋਸੀਏਸ਼ਨ ਦੀ ਇਕੱਤਰਤਾ

ਕੈਲਗਰੀ ( ਜਗਦੇਵ ਸਿੱਧੂ, ਦਲਵੀਰ ਜੱਲੋਵਾਲੀਆ)-  ਇਸ 26 ਜੁਲਾਈ ਨੂੰ ਨਾਰਥ ਕੈਲਗਰੀ ਐਸੋਸੀਏਸ਼ਨ ਦੀ ਮੀਟਿੰਗ ਵੀਵੋ ਦੇ ਹਾਲ ਵਿਚ ਹੋਈ। ਪ੍ਰਧਾਨ ਸੁਰਿੰਦਰਜੀਤ ਪਲਾਹਾ ਨੇ  15 ਜੁਲਾਈ  ਨੂੰ ਹੋਈ ਕਾਰਜਕਾਰਨੀ ਦੀ ਮੀਟਿੰਗ ਦੌਰਾਨ ਲਏ ਗਏ ਫੈਸਲਿਆਂ ਦੀ ਜਾਣਕਾਰੀ ਦਿੱਤੀ ਜੋ ਮੁੱਖ ਤੌਰ ਤੋ ਅਨੁਸ਼ਾਸ਼ਨ ਨਾਲ ਸੰਬੰਧਤ ਸਨ। ਉਨ੍ਹਾਂ ਨੇ 14 ਅਗਸਤ ਨੂੰ ਕੈਨਮੋਰ ਜਾਣ ਦੇ ਟੂਰ ਬਾਰੇ ਵੀ ਦੱਸਿਆ। ਨਾਲ ਹੀ ਇਸ ਸਮੇਂ ਬੀ. ਸੀ. ਅਤੇ ਅਲਬਰਟਾ ਦੇ ਜੰਗਲਾਂ ਵਿਚ ਲੱਗੀਆਂ ਅੱਗਾਂ ਤੇ ਚਿੰਤਾ ਜ਼ਾਹਿਰ ਕੀਤੀ ਅਤੇ ਕਿਹਾ ਕਿ ਮਨੁੱਖ ਦੁਆਰਾ ਕੁਦਰਤ ਨਾਲ ਕੀਤਾ ਜਾ ਰਿਹਾ ਖਿਲਵਾੜ ਵਾਤਾਵਰਣ ਨੂੰ ਵਿਗਾੜ ਰਿਹਾ ਹੈ।  ਇਸ ਮਹੀਨੇ ਵਿਚ ਪੈਂਦੇ ਜਨਮ ਦਿਨਾਂ ਵਾਲੇ ਇਨ੍ਹਾਂ ਮੈਂਬਰਾਂ ਨੂੰ ਤੋਹਫ਼ੇ ਦੇ ਕੇ ਵਧਾਈਆਂ ਦਿੱਤੀਆਂ ਗਈਆਂ — ਮੱਖਣ ਸਿੰਘ ਸੇਖੋਂ, ਉਮਨ ਸ਼ਰਮਾ, ਸ਼ਵਿੰਦਰ ਕੌਰ ਗਿੱਲ, ਸੁਖਵੰਤ ਕੌਰ ਲਾਲੀ, ਰਣਜੀਤ ਕੌਰ ਰੰਧਾਵਾ, ਸੁਖਵਿੰਦਰ ਕੌਰ ਸ਼ੇਰਗਿੱਲ।  ਦਰਸ਼ਨ ਧਾਲ਼ੀਵਾਲ਼ ਨੇ ਕੈਨੇਡਾ ਅੰਦਰ ਸਾਡੇ ਕੁਛ ਲੋਕਾਂ ਦੁਆਰਾ ਕੀਤੇ ਜਾ ਰਹੇ ਨਾ-ਵਾਜਬ ਵਤੀਰੇ ਵੱਲ ਧਿਆਨ ਦਿਵਾਇਆ  ਅਤੇ ਕਿਹਾ ਕਿ ਸਾਡੇ ਨਾਮਵਰ ਪੁਰਖਾਂ ਨੇ ਜੋ ਸਾਡੇ ਭਾਈਚਾਰੇ ਲਈ ਸਨਮਾਨਯੋਗ ਨਾਂ ਕਮਾਇਆ ਹੈ, ਉਸ ਨੂੰ ਬਰਕਰਾਰ ਰੱਖਣਾ ਸਾਡਾ ਫ਼ਰਜ਼ ਹੈ।  ਸਰਬਜੀਤ ਸਿੰਘ ਰੰਧਾਵਾ ਨੇ ਕਵਿਤਾ ਪੇਸ਼ ਕੀਤੀ – ਇਉਂ ਲੰਘਾਈ ਸੱਜਣਾ ਅਸੀਂ ਰਾਤ ਤੇਰੇ ਸ਼ਹਿਰ ਵਿਚ। ਸ਼ਮਿੰਦਰ ਸਿੰਘ ਕੰਮੋਹ ਨੇ ਮਾਹੀਆ ਦੇ ਟੱਪੇ ਸੁਣਾਏ – ਵਗਦਾ ਪਾਣੀ ਏਂ, ਸੱਜਣਾਂ ਤੋਂ ਵਾਰ ਦਿਆਂ ਜਿੰਦ ਉੁਂਝ ਵੀ ਤੇ ਜਾਣੀ ਏਂ। ਗੁਰਮਿੰਦਰ ਕੌਰ ਦਾ ਗੀਤ ਸੀ – ਫੁੱਲਾਂ ਦੀ ਬਹਾਰ ਰਾਤੀਂ ਆਇਓਂ ਨਾ। ਕੁਛ ਇਸੇ ਭਾਵਨਾ ਦਾ ਗੀਤ ਕਰਮ ਸਿੰਘ ਭੁੱਲਰ ਨੇ ਸੁਣਾਇਆ – ਰਾਤੀਂ ਸੀ ਉਡੀਕਾਂ ਤੇਰੀਆਂ, ਸੁੱਤੇ ਪਲ ਨਾ ਹਿਜਰ ਦੇ ਮਾਰੇ।  ਆਰ. ਕੇ. ਵਰਮਾ ਨੇ ਆਪਣੇ ਗੀਤ ਰਾਹੀਂ `ਕਭੀ ਅਲਵਿਦਾ ਨਾ ਕਹਿਨਾ` ਦੀ ਗੱਲ ਕਹੀ। ਚਰਨਜੀਤ ਕੌਰ ਬਾਜਵਾ ਨੇ ਜਦੋਂ ਇਹ ਗੀਤ ਏਨੀ ਰੂਹ ਨਾਲ਼ ਗਾਇਆ ਤਾਂ ਸਰੋਤਿਆਂ ਉਪਰ ਜਾਦੂ ਜਿਹਾ ਛਾ ਗਿਆ – ਸੁਣ ਕਲਗੀਆਂ ਵਾਲ਼ਿਆ ਵੇ, ਸੁਣ ਬਾਜਾਂ ਵਾਲਿਆ ਵੇ, ਵੇ ਮੈਂ ਅਰਜ਼ ਕਰਾਂ ਹੱਥ ਜੋੜ ਕੇ। ਮੁੜ ਆ ਜਾ ਵਿਹੜੇ ਵੇ, ਘੋੜੇ ਦੀਆਂ ਵਾਗਾਂ ਮੋੜ ਕੇ। ਜੋਗਾ ਸਿੰਘ ਲੈਹਲ, ਭਜਨ ਸਿੰਘ ਸੱਗੂ ਅਤੇ ਤਰਲੋਕ ਚੁੱਘ ਦੀਆਂ ਪਟਾਰੀਆਂ ਵਿੱਚੋਂ ਹਾਸਿਆਂ ਦਾ ਹੜ੍ਹ ਆ ਗਿਆ। ਪਰ ਜਦੋਂ ਤਰਲੋਕ ਚੁੱਘ ਨੇ ਨਿਊਜ਼ੀਲੈਂਡ ਵਾਸੀ ਮਲਕੀਤ ਸਿੰਘ ਦੁਆਰਾ ਮਾਊਂਟ ਐਵਰੈਸਟ ਸਰ ਕਰ ਕੇ ਓਥੇ ਨਿਊਜ਼ੀਲੈਂਡ ਦਾ ਝੰਡਾ, ਪੀ. ਏ. ਯੂ. ਦਾ ਪਰਚਮ ਅਤੇ ਖਾਲਸਈ ਨਿਸ਼ਾਨ ਝੁਲਾਉਣ ਦੀ ਵਾਰਤਾ ਸੁਣਾਈ ਤਾਂ ਹਾਲ ਤਾੜੀਆਂ ਨਾਲ਼ ਗੂੰਜ ਉੱਠਿਆ। ਸਰਦਾਰ ਤਾਰਿਕ ਮਲਿਕ ਦੇ ਸ਼ੇਅਰ ਰੂਹ ਦੀ ਖ਼ੁਰਾਕ ਪੂਰੀ ਕਰ ਗਏ – ਆਸਮਾਂ ਕਰ ਕੋਈ ਤਸਵੀਰ ਬਨਾਤਾ ਹੂੰ ਜ਼ਫ਼ਰ, ਕਿ ਲਗੇ ਇਸ ਤਰਫ਼ ਦਿਖੇ ਚਾਰੋਂ ਤਰਫ਼। ਜਸਵੰਤ ਸਿੰਘ ਕਪੂਰ ਨੇ ਹਰ ਜੀਵ ਅੰਦਰ ਹਰ ਸਮੇਂ ਪ੍ਰਮਾਤਮਾ ਦੀ ਜੋਤ ਜਗਦੀ ਹੋਣ ਦਾ ਭੇਦ ਦੱਸਿਆ। ਉਨ੍ਹਾਂ ਨੇ ਅਤੇ ਕੁਲਵੰਤ ਰਾਏ ਸ਼ਰਮਾ ਨੇ ਐਸੋਸੀਏਸ਼ਨ ਦੀ ਅਹਿਮੀਅਤ ਅਤੇ ਇਸ ਦਾ ਸਾਡੀ ਜ਼ਿੰਦਗੀ ਵਿਚ ਅਦੁਤੀ ਯੋਗਦਾਨ ਹੋਣ ਬਾਰੇ ਖੁੱਲ੍ਹ ਕੇ ਵਿਚਾਰ ਰੱਖੇ। ਜਨਾਬ ਮੁਨੱਵਰ ਅਹਿਮਦ ਦੁਆਰਾ ਉਮਦਾ ਆਵਾਜ਼ ਅਤੇ ਕਮਾਲ ਦੇ ਸੁਰ ਵਿਚ ਸੁਰਜੀਤ ਪਾਤਰ ਦੀ ਨਜ਼ਮ – ਇਕ ਤੂੰ ਨਹੀਂ ਸੀ ਉਗਮਣਾ ਉਮਰਾਂ ਦੇ ਮੋੜ ਤੇ, ਅਤੇ ਹੋਰ ਗੀਤ – ਮੇਰੇ ਸ਼ੌਕ ਦਾ ਨਹੀਂ ਇਤਬਾਰ ਤੈਨੂੰ, ਆਜਾ ਦੇਖ ਮੇਰਾ ਇੰਤਜ਼ਾਰ ਆ ਜਾ, ਦੀ ਪੇਸ਼ਕਾਰੀ ਨੇ ਸਿਖਰ ਦਾ ਸੰਗੀਤਕ ਮਾਹੌਲ ਸਿਰਜ ਦਿੱਤਾ।  ਸਕੱਤਰ ਗੁਰਦਿਆਲ ਸਿੰਘ ਖਹਿਰਾ ਨੇ ਆਪਣੇ ਮਕਬੂਲ ਅੰਦਾਜ਼ ਵਿਚ ਸਮੁੱਚੀ ਕਾਰਵਾਈ ਬਾਰੇ ਕੀਮਤੀ ਅਤੇ ਉਸਾਰੂ ਟਿੱਪਣੀਆਂ ਕੀਤੀਆਂ। ਅਖੀਰ ਵਿਚ ਬੀਬੀਆਂ ਨੇ ਗਿੱਧਾ ਪਾ ਕੇ ਤੀਆਂ ਦੀ ਰਸਮ ਪੂਰੀ ਕੀਤੀ।