ਕੈਲਗਰੀ (ਦਲਵੀਰ ਜੱਲੋਵਾਲੀਆ)- ਬੀਤੀ 27 ਜੁਲਾਈ ਨੂੰ ਅਸ਼ਕੇ ਫੋਕ ਅਕੈਡਮੀ ਵਲੋਂ ਤੀਸਰਾ ਸਮਾਗਮ ਹੋਪ ਈਵੈਂਟ ਸੈਂਟਰ ਰੈੱਡ ਸਟੋਨ ਕੈਲਗਰੀ ਵਿਖੇ ਮਨਾਇਆ ਗਿਆ ਜਿਸ ਵਿਚ ਅਕੈਡਮੀ ਦੇ 4 ਸਾਲ ਦੇ ਬੱਚੇ ਤੋ ਲੈਕੇ 65 ਸਾਲ ਤੱਕ ਦੇ ਜੋੜਿਆਂ ਨੇ ਭਾਗ ਲਿਆ ਕੀਤਾ। ਜਿਹਨਾਂ ਦੀ ਪਰਫਾਰਮੈਂਸ ਨੇ ਹਰ ਇਕ ਦਾ ਮਨ ਮੋਹ ਲਿਆ।
ਅਸ਼ਕੇ ਅਕੈਡਮੀ ਕੈਲਗਰੀ ਅਤੇ ਏਅਰਡਰੀ ਵਲੋਂ ਆਪਣੇ ਵਿਦਿਆਰਥੀਆਂ ਲਈ ਹਰ ਹਫਤੇ ਕਲਾਸਾਂ ਲਗਾਈਆਂ ਜਾਂਦੀਆਂ ਹਨ। ਹਰ ਉਮਰ ਵਰਗ ਦੇ ਵਿਦਿਆਰਥੀਆਂ ਲਈ ਭੰਗੜਾ ਸਿਖਾਇਆ ਜਾਂਦਾ ਹੈ। ਅੱਜ ਦੀ ਪਰਫਾਰਮੈਂਸ ਦੌਰਾਨ ਇਕ ਬੱਚੀ ਵਲੋਂ ਸੁਹਾਗ ਅਤੇ ਇਕ ਬੱਚੀ ਵਲੋ ਪੰਜਾਬੀ ਗੀਤ ਸੁਣਾਇਆ ਗਿਆ।
ਉਘੇ ਲਤੀਫੇਬਾਜ਼ ਸ ਤਰਲੋਕ ਸਿੰਘ ਚੁੱਘ ਨੇ ਚੁਟਕਲੇ ਸੁਣਾਏ ਤੇ ਦਰਸ਼ਕਾਂ ਸਰੋਤਿਆਂ ਦੇ ਢਿੱਡੀ ਪੀੜਾਂ ਪਾ ਛੱਡੀਆਂ। ਸੰਨੀ ਸਵੈਚ ਨੇ ਆਪਣੀ ਕਵਿਤਾ ਸੁਣਾਈ।
ਪਤਵੰਤੇ ਸੱਜਣਾਂ ਵਿਚ ਪ੍ਰੀਮੀਅਰ ਦੇ ਸਲਾਹਕਾਰ ਹੈਪੀ ਮਾਨ , ਐਮ.ਐਲ.ਏ ਪਰਮੀਤ ਸਿੰਘ ਬੋਪਾਰਾਏ, ਐਮ.ਐਲ.ਏ ਗੁਰਿੰਦਰ ਸਿੰਘ ਬਰਾੜ, ਐਮ ਐਲ ਏ ਇਰਫਾਨ ਸਾਬਿਰ, ਮਨਦੀਪ ਸਿੰਘ ਬਰਾੜ ਸ਼ਾਮਿਲ ਸਨ ਜਿਹਨਾਂ ਨੇ ਬੱਚਿਆਂ ਦਾ ਉਤਸਾਹ ਵਧਾਇਆ ਅਤੇ ਬੱਚਿਆਂ ਨੂੰ ਸਰਟੀਫਿਕੇਟ ਅਤੇ ਟਰਾਫੀਆਂ ਦੇਕੇ ਸਨਮਾਨ ਕੀਤਾ। ਬੱਚਿਆਂ ਅਤੇ ਦਰਸ਼ਕਾਂ ਨੂੰ ਭੰਗੜੇ ਅਤੇ ਪੰਜਾਬੀ ਸਭਿਆਚਾਰ ਨਾਲ ਸਬੰਧਿਤ ਸਵਾਲ ਵੀ ਪੁੱਛੇ ਗਏ। ਸਭਿਆਚਾਰਕ ਪ੍ਰੋਗਰਾਮ ਵਿਚ ਰਮਨ ਭੰਗੂ, ਸੁਖਵੀਰ ਸੰਧੂ, ਦਲਵੀਰ ਜੱਲੋਵਾਲੀਆ ਤੇ ਪ੍ਰਾਈਮ ਏਸ਼ੀਆ ਦੇ ਹੋਸਟ ਗੁਰਪ੍ਰੀਤ ਸੰਧਾਵਾਲੀਆ ਦਾ ਵਿਸ਼ੇਸ਼ ਯੋਗਦਾਨ ਰਿਹਾ। ਮੰਚ ਸੰਚਾਲਨ ਦੀ ਜਿੰਮੇਵਾਰੀ ਅਸ਼ਕੇ ਅਕੈਡਮੀ ਦੇ ਨੌਜਵਾਨ ਸੰਦੀਪਸਿੰਘ ਅਤੇ ਰਾਜਵੰਤ ਕੌਰ ਨੇ ਬਾਖੂਬੀ ਨਿਭਾਈ। ਅਕੈਡਮੀ ਦੇ ਪ੍ਰਧਾਨ ਗੁਰਬਿੰਦਰ ਹਾਂਸ ਨੇ ਸਾਰਿਆਂ ਦਾ ਧੰਨਵਾਦ ਕੀਤਾ।