ਬਰੈਂਪਟਨ:- (ਰਛਪਾਲ ਕੌਰ ਗਿੱਲ)- ਜੁਲਾਈ 27, “ਪੰਜਾਬੀ ਕਲਮਾਂ ਦਾ ਕਾਫ਼ਲਾ ਟੋਰਾਂਟੋ” ਦੀ ਮਹੀਨੇਵਾਰ ਮੀਟਿੰਗ ਪੰਜਾਬੀ ਟ੍ਰਬਿਊਨ ਦੇ ਪੱਤਰਕਾਰ ਸ਼ਾਮ ਸਿੰਘ “ਅੰਗ ਸੰਗ” ਨਾਲ ਬਹੁਤ ਸੁਖਾਵੇਂ ਤੇ ਖੁਸ਼ਗੁਵਾਰ ਮਹੌਲ ਵਿੱਚ ਨੇਪਰੇ ਚੜ੍ਹੀ।
ਕਾਫ਼ਲੇ ਦੇ ਸਟੇਜ ਸੰਚਾਲਕ ਕੁਲਵਿੰਦਰ ਖਹਿਰਾ ਇਸ ਵਾਰ ਕੁਝ ਰੁਝੇਵਿਆਂ ਵਿੱਚ ਮਸ਼ਰੂਫ ਹੋਣ ਕਰਕੇ ਸਟੇਜ ਦੀ ਕਾਰਵਾਈ ਰਛਪਾਲ ਕੌਰ ਗਿੱਲ ਨੇ ਸੰਭਾਲ਼ੀ ਤੇ ਸ.ਪਿਆਰਾ ਸਿੰਘ ਕੁਦੋਵਾਲ ਨੇ ਨਿਭਾਈ।
ਮੀਟਿੰਗ ਦੇ ਸ਼ੁਰੂ ਵਿੱਚ ਨਿਰਮਲ ਜਸਵਾਲ ਜੀ ਨੇ ਸ਼ਾਮ ਸਿੰਘ ਅੰਗ ਸੰਗ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਰੋਤਿਆਂ ਨਾਲ ਸਾਂਝੀ ਕਰਦਿਆਂ ਕਿਹਾ, “ਜਿੱਥੇ ਸ਼ਾਮ ਸਿੰਘ ਅੰਗ ਸੰਗ ਸਾਹਿਬ ਪੰਜਾਬੀ ਟ੍ਰਬਿਊਨ ਵਿੱਚ ਕਾਫ਼ੀ ਸਮਾਂ ਕੰਮ ਕਰਨ ਕਰਕੇ, “ਅੰਗ ਸੰਗ” ਨਾਮੀ ਪੇਪਰ ਕੱਢਣ ਤੇ ਚਾਰ ਸਾਲ ਪੜ੍ਹਾਉਣ ਕਰਕੇ ਜਾਣੇ ਪਹਿਚਾਣੇ ਜਾਂਦੇ ਹਨ, ਉਥੇ ਆਪਣੇ ਹੱਸਮੁਖ ਤੇ ਸ਼ਰਾਰਤੀ ਸੁਭਾਅ ਕਰਕੇ ਵੀ ਕਾਫ਼ੀ ਮਕਬੂਲ ਹਨ”।
ਇਸ ਤੋਂ ਬਾਦ ਪ੍ਰਿੰਸੀਪਲ ਸਰਵਣ ਸਿੰਘ ਹੁਰਾਂ ਨੇ ਵੀ ਸ਼ਾਮ ਸਿੰਘ ਵੱਲੋਂ ਪੰਜਾਬੀ ਟ੍ਰਬਿਊਨ ਵਿੱਚ “ਅੰਗ ਸੰਗ” ਕਾਲਮ ਦੀ ਮਕਬੂਲੀਅਤ ਬਾਰੇ ਗਲਬਾਤ ਕਰਦਿਆਂ ਕਿਹਾ,” ਇੰਨਾਂ ਦੇ ਕਾਲਮ ਬਹੁਤ ਹੀ ਸੁਲਾਉਣਯੋਗ ਹੋਇਆ ਕਰਦੇ ਸਨ, ਜੇਕਰ ਸ਼ਾਮ ਸਿੰਘ ਜੇਕਰ ਕਾਲਮਾਂ ਦੇ ਨਾਂ ਹੇਠ ਕਿਤਾਬਾਂ ਲਿਖਣ ਲੱਗ ਜਾਣ ਤਾਂ ਘੱਟੋ ਘੱਟ ਦਸ ਕਿਤਾਬਾਂ ਲਿਖੀਆਂ ਜਾ ਸਕਦੀਆਂ ਹਨ, ਜਿਵੇਂ ਮੈਂ ਖੁਦ ਵੀ ਆਪਣੇ ਕਾਲਮਾਂ ਦੇ ਨਾਂ ਹੇਠ ਹੀ ਆਪਣੀਆਂ ਕਿਤਾਬਾਂ ਲਿਖੀਆ ਹਨ”।
ਇਕ ਸਰੋਤੇ ਵੱਲੋਂ ਮੰਗ ਕਰਨ ਤੇ ਰਛਪਾਲ ਕੌਰ ਗਿੱਲ ਵੱਲੋਂ ਕਾਫ਼ਲੇ ਦੇ ਇਤਿਹਾਸ ਬਾਰੇ ਸੰਖੇਪ ਜਿਹੀ ਜਾਣਕਾਰੀ ਦੇਦਿਆ ਕਿਹਾ,” ਕਲਮਾਂ ਦਾ ਕਾਫ਼ਲਾ ਟੋਰਾਂਟੋ ਦੀ ਸਭ ਤੋਂ ਪੁਰਾਣੀ ਤੇ ਪਹਿਲੀ ਸਾਹਿਤਕ ਸੰਸਥਾ ਹੈ ਜੋ ਨਿਰੰਤਰ ਤੋਰੇ ਸੁਹਿਰਦਤਾ ਨਾਲ ਕੰਮ ਕਰ ਰਹੀ ਹੈ”। ਨਾਲ ਹੀ ਉਨ੍ਹਾਂ ਮੀਟਿੰਗ ਦੇ ਵਿਸ਼ੇਸ਼ ਮਹਿਮਾਨ ਸ਼ਾਮ ਸਿੰਘ ਹੁਰਾਂ ਨੂੰ ਆਪਣੇ ਵਿਚਾਰ ਸਾਂਝੇ ਕਰਨ ਲਈ ਸੱਦਾ ਦਿੱਤਾ।
ਸ਼ਾਮ ਸਿੰਘ ਅੰਗ ਸੰਗ ਹੁਰਾਂ ਨੇ ਦੱਸਿਆ ਕਿ ਉਹ ਕਲਮਾਂ ਦੇ ਕਾਫ਼ਲੇ ਦੀਆਂ ਗਤੀਵਿਧੀਆਂ ਬਾਰੇ ਖ਼ਬਰਾਂ ਪੰਜਾਬੀ ਟ੍ਰਬਿਊਨ ਵਿੱਚ ਛਾਪਦੇ ਰਹੇ ਹਨ।
ਉਨ੍ਹਾਂ ਦੱਸਿਆ ਕਿ 1978 ਤੋਂ ਪਹਿਲਾਂ ਉਨ੍ਹਾਂ ਚਾਰ ਸਾਲ ਇੱਕ ਕਾਲਜ ਵਿੱਚ ਵਿਦਿਆਰਥੀਆਂ ਨੂੰ ਧਰਮ, ਪੰਜਾਬੀ ਤੇ ਅੰਗਰੇਜ਼ੀ ਦੇ ਵਿਸ਼ੇ ਪੜ੍ਹਾਏ ਹਨ। ਸ਼ਾਮ ਸਿੰਘ ਨੇ ਆਪਣੇ ਵਿਚਾਰ ਖੁਸ਼ ਮਿਜ਼ਾਜ ਲਹਿਜੇ ਨਾਲ ਪੇਸ਼ ਕਰਕੇ ਖੁਸ਼ਗੁਵਾਰ ਮਹੌਲ ਸਿਰਜੀ ਰੱਖਿਆ। ਉਨ੍ਹਾਂ ਆਪਣੇ ਪੱਤਰਕਾਰੀ ਦੇ ਸਫ਼ਰ ਬਾਰੇ ਗੱਲ ਕਰਦਿਆਂ ਕਿਹਾ ਕਿ ਪੱਤਰਕਾਰੀ ਮੇਰੇ ਖ਼ੂਨ ਵਿੱਚ ਹੀ ਸੀ, ਮੈਂ ਪਿੰਡ ਹੁੰਦਿਆਂ “ਸਰਪੰਚ ਨੇ ਝੂਠ ਬੋਲਿਆ”, “ਫਲਾਣੀ ਬੁੱਢੀ, ਫਲਾਣੀ ਬੁੱਢੀ ਨਾਲ ਲੜ ਪਈ” ਆਦਿ ਲਿੱਖ ਕੇ ਪੇਪਰ ਵੰਡ ਦਿਆ ਕਰਦਾ ਸੀ। ਆਪਣੇ ਕਾਲਮ “ਅੰਗ ਸੰਗ” ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਮੇਰਾ ਕਾਲਮ ਹਰ ਐਤਵਾਰ ਨੂੰ ਪੰਜਾਬੀ ਟ੍ਰਬਿਊਨ ਦੇ ਪੰਜਵੇਂ ਸਫ਼ੇ ਤੇ ਛਪਦਾ ਸੀ ਤੇ ਲੋਕ ਮੈਨੂੰ ਦੱਸਦੇ ਹੁੰਦੇ ਸੀ ਕਿ ਉਹ ਪੰਜਵੇਂ ਸਫ਼ੇ ਤੋਂ ਹੀ ਅਖ਼ਬਾਰ ਪੜ੍ਹਣੀ ਸ਼ੁਰੂ ਕਰਦੇ ਸਨ। ਪੰਦਰਾਂ ਅਗਸਤ 1978 ਵਿੱਚ ਅਖ਼ਬਾਰ ਦੀਆਂ ਪੈਂਤੀ ਹਜ਼ਾਰ ਕਾਪੀਆਂ ਤੋਂ ਸ਼ੁਰੂ ਹੋ ਕੇ ਚੌਂਠ ਹਜ਼ਾਰ ਕਾਪੀਆਂ ਤੱਕ ਪੁੱਜ ਗਈਆ ਸਨ ਜਾਣੀ ਕਿ ਅਖ਼ਬਾਰ ਲੋਕਾਂ ਵਿੱਚ ਬਹੁਤ ਮਕਬੂਲ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਕਾਲਮ ਪੰਜ ਸਾਲ ਨਵਾਂ ਜ਼ਮਾਨਾ ਵਿੱਚ ਵੀ ਛਪਦਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਦੋਂ ਉਸਨੇ ਆਪਣੀ ਗ਼ਜ਼ਲ ,”ਝੁੱਗੀਆਂ ਦੇ ਬੋਲ ਕਰਾਰੇ ਹੋਏ ਨੇ, ਰਾਹਾਂ ‘ਚ ਤਾਹੀਂ ਅੰਗਾਰੇ ਹੋਏ ਨੇ। ਸੁਣਾਈ ਤਾਂ ਕੁਝ ਨਕਸਲੀਆਂ ਨੂੰ ਵਧੀਆ ਲੱਗੀ ਤੇ ਮੈਂ ਵੀ ਉਨ੍ਹਾਂ ਵਿੱਚ ਸ਼ਾਮਲ ਹੋ ਗਿਆ, ਉਸ ਸਮੇਂ ਪਾਸ਼, ਵਰਿਆਮ ਸਿੰਘ ਸੰਧੂ, ਹਰਭਜਨ ਹਲਵਾਰਵੀ ਤੇ ਹੋਰ ਲੇਖਕ ਵੀ ਨਕਸਲੀ ਲਹਿਰ ਨਾਲ ਜੁੜੇ ਹੋਏ ਸਨ। ਅਖੀਰ ਤੇ ਸ਼ਾਮ ਸਿੰਘ ਨੇ ਕਿਹਾ ਕਿ ਲਿਖਣ ਦੀ ਭਾਸ਼ਾ ਸਰਲ ਹੋਣੀ ਚਾਹੀਦੀ ਹੈ ਤਾਂ ਕਿ ਸਭ ਦੇ ਅਸਾਨੀ ਨਾਲ ਸਮਝ ਆ ਸਕੇ। ਵਿਸ਼ਵ ਪੰਜਾਬੀ ਕਾਨਫ਼ਰੰਸਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਾਨਫ਼ਰੰਸਾਂ ਦੇ ਸਿੱਟੇ ਸਾਰਥਿਕ ਨਿਕਲਣੇ ਚਾਹੀਦੇ ਤੇ ਬੁਲਾਰੇ ਵੱਖ ਵੱਖ ਦੇਸ਼ਾਂ ਚੋਂ ਹੋਣੇ ਚਾਹੀਦੇ ਨਾ ਕਿ ਵੱਖ ਵੱਖ ਪ੍ਰਾਂਤਾਂ ਚੋਂ ਸੱਦ ਕੇ ਵਿਸ਼ਵ ਕਾਨਫ਼ਰੰਸ ਕਰਵਾਈ ਜਾਵੇ।
ਕਵੀ ਦਰਬਾਰ ਸ਼ੁਰੂ ਕਰਨ ਤੋਂ ਪਹਿਲਾਂ ਹਰਮੇਸ਼ ਜੀਂਦੋਵਾਲ ਨੇ ਤਰੰਨਮ ਵਿੱਚ “ਲੰਘ ਗਈਆਂ ਸਾਡੇ ਕੋਲ਼ੋਂ ਡਾਰਾਂ ਡਾਰਾਂ, ਉੱਡ ਗਈਆਂ ਸਾਡੇ ਕੋਲ਼ੋਂ ਮਹਿਕਾਂ ਤੇ ਬਹਾਰਾਂ। ਸੁਣਾ ਕੇ ਵਧੀਆ ਰੰਗ ਬੰਨ੍ਹਿਆ।
ਉਸ ਤੋਂ ਬਾਦ ਦਲਵੀਰ ਸਿੰਘ ਕਥੂਰੀਆਂ ਤੇ ਉਨ੍ਹਾਂ ਦੇ ਸਹਿਯੋਗੀਆਂ ਗੁਰਮਿੰਦਰ ਸਿੰਘ ਆਲੂਵਾਲ਼ੀਆ, ਪਰਗਟ ਸਿੰਘ ਬੱਗਾ ਤੇ ਪਰਮਜੀਤ ਸਿੰਘ ਬਿਰਦੀ ਵੱਲੋਂ ਕਾਫ਼ਲੇ ਦੇ ਸੰਚਾਲਕਾਂ ਨੂੰ ਉਨ੍ਹਾਂ ਵੱਲੋਂ ਕਰਵਾਈ ਜਾ ਰਹੀ ਅਗਸਤ 16, 17,18 ਵਿਸ਼ਵ ਪੰਜਾਬੀ ਕਾਨਫ਼ਰੰਸ ਦਾ ਸੱਦਾ ਪੱਤਰ ਦਿੱਤਾ ਗਿਆ ਤੇ ਕਾਨਫ਼ਰੰਸ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ।
ਡਾ਼ ਮਹਿੰਦਰ ਸਿੰਘ ਗਿੱਲ ਨੇ ਮਰਹੂਮ ਡਾ. ਸੁਰਜੀਤ ਪਾਤਰ ਬਾਰੇ ਲਿਖੀ ਕਵਿਤਾ ਪੇਸ਼ ਕੀਤੀ। ਜਤਿੰਦਰ ਰੰਧਾਵਾ ਨੇ “ਤੂੰ ਮਿਲੇਂ ਕਿਤੇ” ਕਵਿਤਾ ਪੇਸ਼ ਕੀਤੀ। ਦੀਦਾਰ ਸਿੰਘ ਪ੍ਰਦੇਸੀ ਨੇ ਹਾਸਰਸ ਦੀ ਕਵਿਤਾ ਸੁਣਾਈ। ਜਸਵਿੰਦਰ ਸੰਧੂ ਨੇ “ਮੈਂ ਤਾਂ ਸੱਚ ਹੀ ਬੋਲੂੰਗਾ” ਤੇ ਬਲਜਿੰਦਰ ਸੇਖੋਂ ਨੇ ਮਜ਼ਦੂਰ ਦਿਵਸ ਤੇ ਲਿਖੀ ਕਵਿਤਾ, ਗੁਰਬਚਨ ਸਿੰਘ ਚਿੰਤਕ ਨੇ “ਦੋਸਤੀ” ਤੇ ਲਿਖੀ ਕਵਿਤਾ ਪੇਸ਼ ਕੀਤੀ। ਪ੍ਰਿੰਸੀਪਲ ਸਰਵਣ ਸਿੰਘ ਤਰੰਨਮ ਵਿੱਚ “ਝਗੜਾ ਚਾਹ ਤੇ ਲੱਸੀ ਦਾ” ਪੇਸ਼ ਕੀਤਾ। ਬਲਦੇਵ ਸਿੰਘ ਢੀਂਡਸਾ ਨੇ ਆਪਣੇ ਕਹਾਣੀ ਲਿਖਣ ਦੇ ਸਫ਼ਰ ਦੇ ਨਾਲ ਦਿਆ ਸਿੰਘ ਦੇ ਕਿੱਸੇ ਦੀਆਂ ਕੁਝ ਲਾਈਨਾਂ ਸ਼ੇਅਰ ਕੀਤੀਆ। ਹਰਦਿਆਲ ਸਿੰਘ ਝੀਤਾਂ ਨੇ ਆਪਣੀ ਕਵਿਤਾ,”ਮੈਂ ਕੀ ਲੈਣਾ, ਮੈਨੂੰ ਕੀ”, ਰਛਪਾਲ ਕੌਰ ਗਿੱਲ ਆਪਣੀ ਕਵਿਤਾ, “ਪਰਦੇਸਣ” ਨਿਰਮਲ ਜਸਵਾਲ ਅਤੇ ਗੁਰਜਿੰਦਰ ਸਿੰਘ ਸੰਘੇੜਾ ਨੇ ਆਪਣੀਆਂ ਕਵਿਤਾਵਾਂ ਪੇਸ਼ ਕੀਤੀਆਂ। ਆਤਮਾ ਸਿੰਘ ਆਲਮਗੀਰ ਨੇ ਧਾਰਮਿਕ ਕਵਿਤਾ ਤੇ ਪ੍ਰਭਜੋਤ ਸਿੰਘ ਕਠੋਰ ਨੇ ਸ਼ਿਵ ਕੁਮਾਰ ਦੀ ਕਵਿਤਾ,”ਜਾਚ ਮੈਨੂੰ ਆ ਗਈ ਗ਼ਮ ਖਾਣ ਦੀ” ਤਰੰਨਮ ਵਿੱਚ ਸੁਣਾਈਆਂ। ਹਰੀ ਕ੍ਰਿਸ਼ਨ ਮਾਹਿਰ ਨੇ ਇੱਕ ਗੀਤ ਤਰੰਨਮ ਵਿੱਚ ਸੁਣਾਇਆ। ਪੂਰਨ ਸਿੰਘ ਪਾਂਧੀ ਨੇ ਆਪਣੇ ਵਿਚਾਰ ਸਾਂਝੇ ਕੀਤੇ। ਪਿਆਰਾ ਸਿੰਘ ਕੁਦੋਵਾਲ ਨੇ ਇੱਕ ਗ਼ਜ਼ਲ “ਮੇਰੇ ਮਨ ਵਿੱਚ ਚੜ੍ਹ ਗਿਆ ਸੂਰਜ, ਮੇਰੇ ਮੂਹਰੇ ਅੜ ਗਿਆ ਸੂਰਜ” ਤਰੰਨਮ ਵਿੱਚ ਸੁਣਾਈ।
ਇਸ ਤੋਂ ਇਲਾਵਾ ਡਾ਼ ਗੁਰਚਰਨ ਸਿੰਘ ਤੂਰ, ਕਿਰਪਾਲ ਸਿੰਘ ਪੰਨੂ, ਹਰਜਿੰਦਰ ਸਿੰਘ ਸਿੱਧੂ, ਸੁੱਚਾ ਸਿੰਘ ਮਾਂਗਟ, ਮਨਮੋਹਨ ਸਿੰਘ ਗੁਲਾਟੀ, ਅਜਮੇਰ ਸਿੰਘ ਪ੍ਰਦੇਸੀ, ਬਲਦੇਵ ਰਹਿਪਾ, ਸੁਰਿੰਦਰ ਸਿੰਘ, ਜਸਵੰਤ ਸਿੰਘ ਸਾਈਵਾਲ, ਸ਼ਮਸ਼ੇਰ ਸਿੰਘ, ਸੁਰਜੀਤ ਸਿੰਘ ਸਰਾਂ, ਗੁਰਦੀਪ ਸਿੰਘ ਬਰਾੜ, ਡਾ਼ ਜਗਜੀਵਨ ਕੌਰ ਧਾਲੀਵਾਲ, ਜਸਪਰੀਤ ਸਿੰਘ, ਪ੍ਰਿੰਸਪਾਲ ਸਿੰਘ, ਪੀ ਐਸ ਭਾਟੀਆ, ਐਚ ਐਸ ਭਾਟੀਆ, ਆਤਮਾ ਸਿੰਘ ਆਲਮਗੀਰ, ਗੁਰਦੇਵ ਸਿੰਘ ਮਾਨ, ਹਰਕੀਰਤ ਸਿੰਘ, ਜਸਦੀਪ ਸਿੰਘ, ਮਨਜੀਤ ਕੌਰ, ਚਰਨਜੀਤ ਕੌਰ ਗਿੱਲ, ਹੀਰਾ ਲਾਲ ਅਗਨੀਹੋਤਰੀ ਨੇ ਵੀ ਮੀਟਿੰਗ ਵਿੱਚ ਹਾਜ਼ਰੀ ਦਰਜ ਕਰਵਾਈ।