Headlines

ਸਿੱਖ ਐਜੂਕੇਸ਼ਨ ਕੌਂਸਲ ਯੂਕੇ ਵੱਲੋਂ ਚੌਥੀ ਪੰਜਾਬੀ ਕਾਨਫਰੰਸ 2024 ਦਾ ਸਫਲ ਆਯੋਜਨ

ਸਾਹਿਤ, ਵਿਗਿਆਨ ਤੇ ਪੰਜਾਬੀ ਬੋਲੀ ਦਾ ਇਤਿਹਾਸ ਵਿਸ਼ੇ ਰਹੇ ਖਿੱਚ ਦਾ ਕੇਂਦਰ-
ਲੈਸਟਰ (ਇੰਗਲੈਂਡ),31 ਜੁਲਾਈ (ਸੁਖਜਿੰਦਰ ਸਿੰਘ ਢੱਡੇ)-ਸਿੱਖ ਐਜੂਕੇਸ਼ਨ ਕੌਂਸਲ ਯੂਕੇ ਵੱਲੋਂ ਲੈਸਟਰ ਵਿਖੇ ਕਰਵਾਈ ਗਈ ਚੌਥੀ ਪੰਜਾਬੀ ਕਾਨਫਰੰਸ ਯੂਕੇ 2024 ਸਫਲਤਾ ਪੂਰਵਕ ਸੰਪੰਨ ਹੋਈ। ਜੋ ਪੰਜਾਬੀ ਸਿੱਖਿਆ ਤੇ ਸਾਹਿਤ, ਪੰਜਾਬੀ ਬੋਲੀ, ਧਾਰਮਿਕ, ਸਮਾਜਿਕ, ਰਾਜਨੀਤਕ ਤੇ ਵਿਗਿਆਨਕ ਅਤੇ ਤਕਨੀਕ ਦੇ ਸੰਦਰਭ ਵਿੱਚ ਕਰਵਾਈ ਗਈ। ਕਾਨਫਰੰਸ ਦੇ ਪਹਿਲੇ ਦਿਨ ਵਿੱਚ ਉਦਘਾਟਨੀ ਰਸਮ ਦੌਰਾਨ ਕੰਵਰ ਸਿੰਘ ਬਰਾੜ ਨੇ ਜਾਣਕਾਰੀ ਸਾਂਝੀ ਕੀਤੀ, ਜੀ ਆਇਆਂ ਨੂੰ ਸੁਖਦੇਵ ਸਿੰਘ ਬਾਂਸਲ ਨੇ ਕਿਹਾ ਅਤੇ ਉਦਘਾਟਨੀ ਭਾਸ਼ਨ ਵਿੱਚ ਡਾ ਪਰਗਟ ਸਿੰਘ ਨੇ ਕਾਨਫਰੰਸ ਦੇ ਉਦੇਸ਼ ਅਤੇ ਕਾਰਵਾਈਆਂ ਬਾਰੇ ਚਾਨਣਾ ਪਾਇਆ। ਇਸ ਕਾਨਫਰੰਸ ਦੀ ਪਹਿਲੀ ਬੈਠਕ ਵਿੱਚ ਪੰਜਾਬੀ ਅਧਿਆਪਨ ਵਿਧੀਆਂ ਤੇ ਸਿੱਖਿਆ ਬੈਠਕ ਵਿੱਚ ਦਵਿੰਦਰ ਲਾਲੀ, ਕੁਲਬੀਰ ਮਾਂਗਟ ਅਤੇ ਹਰਵਿੰਦਰ ਸਿੰਘ ਨੇ ਭਾਗ ਲਿਆ। ਦੂਸਰੀ ਬੈਠਕ ਵਿੱਚ ਪੰਜਾਬੀ ਭਾਸ਼ਾ ਦਸ਼ਾ ਤੇ ਦਿਸ਼ਾ ਬਾਰੇ ਕੁੰਜੀਵਤ ਪਰਚਾ ਡਾ ਬਲਦੇਵ ਸਿੰਘ ਕੰਦੋਲਾ ਨੇ ਪੇਸ਼ ਕੀਤਾ। ਤੀਸਰੀ ਬੈਠਕ ਵਿੱਚ ਪੰਜਾਬੀ ਭਾਸ਼ਾ ਦੀ ਸਿੱਖਿਆ-ਪੰਜਾਬ ਤੋਂ ਬਾਹਰ ਤੇ ਤਕਨੀਕੀ ਸੰਦਰਭ ਵਿੱਚ ਬਲਵਿੰਦਰ ਕੌਰ ਨਾਰਵੇ, ਡਾ ਜਸਵੀਰ ਕੌਰ ਪੰਜਾਬੀ ਯੂਨੀ ਪਟਿਆਲਾ ਅਤੇ ਡਾ ਅਮਜਦ ਅਲੀ ਭੱਟੀ ਇਸਲਾਮਾਬਾਦ ਨੇ ਭਾਗ ਲਿਆ। ਚੌਥੀ ਬੈਠਕ ਜਿਸ ਵਿੱਚ ਪੰਜਾਬੀ ਭਾਸ਼਼ਾ-ਪਿਛੋਕੜ ਤੇ ਵਿਕਾਸ ਵਿੱਚ ਦਲਜਿੰਦਰ ਸਿੰਘ ਰਹਿਲ ਨੇ ਪੰਜਾਬੀ ਭਾਸ਼ਾ ਦੇ ਇਤਿਹਾਸ ‘ਤੇ ਪਰਚਾ ਪੇਸ਼ ਕੀਤਾ। ਇਸ ਉਪਰੰਤ ਸਾਹਿਤਕ ਬੈਠਕ ਵਿੱਚ ਨੁਜਹਤ ਅੱਬਾਸ ਨੇ ਵੱਖਰੇ ਅੰਦਾਜ਼ ਵਿੱਚ ਬੋਲੀ ਨੂੰ ਸਮਰਪਿਤ ਕਲਾ ਕ੍ਰਿਤ ਪੇਸ਼ ਕੀਤੀ। ਜਿਸ ਦੇ ਬਾਅਦ ਗੱਲਬਾਤ ਤੇ ਵਿਚਾਰ ਚਰਚਾ ਮੰਚ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਹਰਵਿੰਦਰ ਸਿੰਘ ਚੰਡੀਗੜ੍ਹ, ਡਾ ਅਮਜਦ ਅਲੀ ਭੱਟੀ ਇਸਲਾਮਾਬਾਦ, ਡਾ ਜਸਵੀਰ ਕੌਰ ਪਟਿਆਲਾ ਅਤੇ ਹਰਵਿੰਦਰ ਸਿੰਘ ਲੰਡਨ ਨੇ ਭਾਗ ਲਿਆ, ਇਸ ਬੈਠਕ ਨੂੰ ਬਲਵਿੰਦਰ ਸਿੰਘ ਚਾਹਲ ਵੱਲੋਂ ਸੰਚਾਲਨ ਕੀਤਾ ਗਿਆ। ਉਪਰੰਤ ਇੱਕ ਕਵੀ ਦਰਬਾਰ ਕੀਤਾ ਗਿਆ ਜਿਸ ਵਿੱਚ ਆਏ ਕਵੀਆਂ ਵੱਲੋਂ ਭਾਗ ਲਿਆ ਗਿਆ ਜਿਹਨਾਂ ਵਿੱਚ ਡਾ ਕਰਨੈਲ ਸ਼ੇਰਗਿੱਲ, ਸੰਤੋਖ ਹੇਅਰ, ਸੁਰਿੰਦਰਪਾਲ ਸਿੰਘ, ਕੁਲਵੰਤ ਸਿੰਘ ਢੇਸੀ, ਕਿਰਪਾਲ ਸਿੰਘ ਪੂਨੀ, ਦਲਜਿੰਦਰ ਸਿੰਘ ਰਹਿਲ, ਰੁਪਿੰਦਰਜੀਤ ਕੌਰ, ਸਿ਼ੰਦਰਪਾਲ ਸਿੰਘ, ਕਿਹਰ ਸਿੰਘ, ਸਿ਼ੰਗਾਰਾ ਸਿੰਘ, ਅਜਾਇਬ ਸਿੰਘ ਗਰਚਾ, ਡਾ ਭੱਟੀ, ਕੰਵਰ ਸਿੰਘ ਬਰਾੜ ਤੇ ਬਲਵਿੰਦਰ ਸਿੰਘ ਚਾਹਲ ਨੇ ਭਾਗ ਲਿਆ।
ਕਾਨਫਰੰਸ ਦੇ ਦੂਸਰੇ ਦਿਨ ਦੀ ਸ਼ੁਰੂਆਤ ਪੰਜਾਬੀ ਭਾਸ਼ਾ-ਪਿਛੋਕੜ ਤੇ ਵਿਕਾਸ ਵਿਸ਼ੇ ਨਾਲ ਕੀਤੀ ਬੈਠਕ ਨਾਲ ਹੋਈ, ਜਿਸ ਵਿੱਚ ਡਾ ਅਵਤਾਰ ਸਿੰਘ, ਬਲਵਿੰਦਰ ਸਿੰਘ ਚਾਹਲ, ਡਾ ਨਰਿੰਦਰ ਸਿੰਘ ਪਟਿਆਲਾ ਨੇ ਭਾਗ ਲਿਆ। ਉਸ ਤੋਂ ਅਗਲੀ ਬੈਠਕ ਪੰਜਾਬੀ ਭਾਸ਼ਾ ਅਜੋਕੀਆਂ ਸਥਿਤੀਆਂ ਅਤੇ ਚਿੰਤਨ ਵਿਸ਼ੇ ਬਾਰੇ ਪ੍ਰੋ ਜਸਪਾਲ ਸਿੰਘ ਇਟਲੀ, ਨੁਜਹੱਤ ਅੱਬਾਸ ਆਕਸਫੌਰਡ ਅਤੇ ਡਾ ਸੁਜਿੰਦਰ ਸਿੰਘ ਸੰਘਾ ਨੇ ਭਾਗ ਲਿਆ। ਪੰਜਾਬੀ ਭਾਸ਼ਾ- ਸਮਾਜਿਕ ਧਾਰਮਿਕ ਤੇ ਰਾਜਨੀਤਕ ਸੰਦਰਭ ਬੈਠਕ ਵਿੱਚ ਡਾ ਪਰਗਟ ਸਿੰਘ ਨੇ ਆਪਣਾ ਪਰਚਾ ਪੇਸ਼ ਕੀਤਾ। ਜਿਸਦੇ ਬਾਅਦ ਆਖਰੀ ਬੈਠਕ ਵਿੱਚ ਪੰਜਾਬੀ ਭਾਸ਼ਾ ਤੇ ਕ੍ਰਿਤਮ ਬੁੱਧੀ (ਆਰਟੀਫਿਸ਼ਲ ਇੰਟੈਲੀਜੈਂਸ) ਬਾਰੇ ਡਾ ਰਾਜਵਿੰਦਰ ਸਿੰਘ ਪੰਜਾਬੀ ਯੂਨੀ ਪਟਿਆਲਾ ਨੇ ਬੜੇ ਵਿਸਥਾਰ ਨਾਲ ਆਪਣਾ ਪਰਚਾ ਪੇਸ਼ ਕੀਤਾ। ਅੰਤ ਵਿੱਚ ਡਾ ਪਰਗਟ ਸਿੰਘ ਨੇ ਆਪਣੇ ਧੰਨਵਾਦੀ ਭਾਸ਼ਨ ਵਿੱਚ ਪੰਜਾਬੀ ਕਾਨਫਰੰਸ ਯੂਕੇ ਦੀਆਂ ਪ੍ਰਾਪਤੀਆ, ਇਸਦੇ ਅਤੇ ਹੋਰ ਕੰਮਾਂ ਬਾਰੇ ਜਾਣਕਾਰੀ ਦਿੱਤੀ। ਉਹਨਾਂ ਨੇ ਅਗਲੇ ਸਾਲ ਕਰਵਾਈ ਜਾਣ ਵਾਲੀ ਪੰਜਾਬੀ ਕਾਨਫਰੰਸ 2025 ਦਾ ਵੀ ਐਲਾਨ ਕੀਤਾ।
ਕੈਪਸਨ:-ਪੰਜਾਬੀ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਵੱਖ ਵੱਖ ਬੁਲਾਰੇ, ਅਤੇ ਹਾਜਰੀਨ। ਤਸਵੀਰਾਂ:- ਸੁਖਜਿੰਦਰ ਸਿੰਘ ਢੱਡੇ