Headlines

ਪੁਸਤਕ ਸਮੀਖਿਆ- ਇੱਕ ਯਾਦ ਤੇ ਸੰਵਾਦ -‘ ਚਿਰਾਗ਼ਾਂ ਵਾਲੀ ਰਾਤ ‘

ਲੇਖਕ-ਹਰਕੀਰਤ ਕੌਰ ਚਾਹਲ-
ਸਮੀਖਿਆਕਾਰ- ਜਸਬੀਰ ਕਲਸੀ ਧਰਮਕੋਟ –
  ‘ ਚਿਰਾਗ਼ਾਂ ਵਾਲੀ ਰਾਤ ‘ ਹਰਕੀਰਤ ਕੌਰ ਚਾਹਲ ਦਾ ਨਵਾਂ ਨਾਵਲ ਹੈ। ਇਸ ਨਾਵਲ ਦੇ ਪ੍ਰਕਾਸ਼ਨ ਜ਼ਰੀਏ ਨਾਵਲਕਾਰ ਹਰਕੀਰਤ ਕੌਰ ਚਾਹਲ ਦੇ ਪ੍ਰਕਾਸ਼ਿਤ ਨਾਵਲਾਂ ਦੀ ਗਿਣਤੀ ਪੰਜ ਹੋ ਗਈ ਹੈ। ਜਦੋਂ ਕਿ ਨਾਵਲਕਾਰ ਹਰਕੀਰਤ ਕੌਰ ਚਾਹਲ ਆਪਣੇ ਤੀਜੇ ਨਾਵਲ ‘ ਆਦਮ ਗ੍ਰਹਿਣ ‘ ਰਾਹੀਂ ਪੰਜਾਬੀ ਨਾਵਲ ਦੇ ਜਗਤ ਅੰਦਰ ਚਰਚਾ ਵਿੱਚ ਆ ਗਏ ਸਨ। ਜਿਸ ਤੋਂ ਬਾਅਦ ਇਸ ਨਾਵਲ ਦਾ ਸ਼ਾਹਮੁਖੀ ਤੇ ਹਿੰਦੀ ਵਿਚ ਅਨੁਵਾਦ ਹੋਇਆ ਸੀ। ਜਿਸ ਜ਼ਰੀਏ ਇਹਨਾਂ ਖੇਤਰਾਂ ਦੇ ਸਾਹਿਤਕ ਹਲਕਿਆਂ ਵਿਚ ਮਾਣ ਸਤਿਕਾਰ ਵੀ ਪ੍ਰਾਪਤ ਕੀਤਾ ਤਾਂ ਕਿਸੇ ਜਾਣ ਪਛਾਣ ਦੇ ਮੁਥਾਜ ਵੀ ਨਹੀਂ ਰਹੇ। ਪਿਛਲੇ ਦਿਨੀਂ ਇਕ ਖ਼ਬਰ ਪੜ੍ਹ ਕੇ ਪਤਾ ਲੱਗਾ ਕਿ ਨਾਵਲ ‘ ਆਦਮ ਗ੍ਰਹਿਣ ‘ ਨੂੰ ਪੰਜਾਬੀ ਭਾਸ਼ਾ ਦੀ ਐਮ.ਏ. ਦੇ ਸਿਲੇਬਸ ਵਿੱਚ ਸ਼ਾਮਲ ਕਰ ਲਿਆ ਗਿਆ ਹੈ।

      ਹਰਕੀਰਤ ਕੌਰ ਚਾਹਲ ਦੇ ਪੰਜਵੇਂ ਨਾਵਲ ‘ ਚਿਰਾਗ਼ਾਂ ਵਾਲੀ ਰਾਤ ‘ ਦਾ ਕਥਾਨਕ ਭਾਰਤ ਦੇਸ਼ ਦੀ ਸੰਨ 1947 ਦੌਰਾਨ ਭਾਰਤ _ਪਾਕਿਸਤਾਨ ਨਾਂ ਦੇ ਦੋ ਦੇਸ਼ ਧਰਮ ਦੇ ਵਖਰੇਵੇਂ ਕਾਰਨ ਆਪਣੇ ਆਪਣੇ ਧਰਮ ਦੀ ਸੁਰੱਖਿਆ ਲਈ ਹੋਂਦ ਵਿਚ ਆਏ ਅਧੀਨ ਆਮ ਲੋਕਾਂ ਦੀ ਵੰਡ ਤੇ ਸਥਾਨ ਬਦਲੀ ਦਾ ਕਾਰਨ ਬਣੇ ਅਤੇ ਜਿਸ ਦੌਰਾਨ ਉਹਨਾਂ ਲੋਕਾਂ ਨੂੰ ਜੋ ਦੁੱਖ ਮਿਲੇ ਵਿਚੋਂ ਇੱਕ ਪਤੀ ਪਤਨੀ ਦੇ ਵਿਛੋੜੇ ਦੀ ਤ੍ਰਾਸਦੀ ਦਾ ਬ੍ਰਿਤਾਂਤ ਪਝੱਤਰ ਵਰ੍ਹਿਆਂ ਬਾਅਦ ਇੱਕ ਯਾਦ ਵਜੋਂ ਹੋਂਦ ਵਿੱਚ ਲਿਆਂਦਾ ਗਿਆ ਹੈ।
        ਇਸ ਨਾਵਲ ਦਾ ਆਖ਼ਰੀ ਕਾਂਡ ਪੜ੍ਹਨ ਤੋਂ ਬਾਅਦ ਮਹਿਸੂਸ ਹੋਇਆ ਕਿ ਨਾਵਲਕਾਰ ਨੇ ਆਪਣੇ ਜਾਂ ਆਂਢ ਗੁਆਂਢ ਦੇ ਪਿੰਡ ਵਿਚ ਮਜ਼ਾਰ ਜਾਂ ਮਟੀ ਹੋਵੇਗੀ ਦੀ ਕਹਾਣੀ ਲੱਭ ਕੇ ਲਿਖੀ ਜਾਪਦੀ ਹੈ। ਇਸ ਕਹਾਣੀ ਦੀ ਯਾਦਗਾਰ ਦਾ ਚਿੰਨ੍ਹ ਮਜ਼ਾਰ ਜਾਂ ਮਟੀ ਜੋ ਵਰਤਮਾਨ ਸਮੇਂ ਵਿੱਚ ਵੀ ਹੋ ਸਕਦਾ ਹੈ ਦਾ ਸੰਕੇਤ ਇਸ ਨਾਵਲ ਦੇ ਆਖ਼ਰੀ ਕਾਂਡ ਦੇ ਆਖ਼ਰੀ ਪੜਾਅ ਵਿਚ ਇਉਂ ਪੇਸ਼ ਕੀਤਾ ਹੈ, ‘ ਮਜ਼ਾਰ ‘ਤੇ ਨਵੇਂ ਵਿਆਹੇ ਜੋੜੇ ਵੀ ਮੱਥਾ ਟੇਕਣ ਜਾਣ ਲੱਗੇ ਸੀ। ਭਾਦੋਂ ਦੀ ਪੂਰਨਮਾਸ਼ੀ ਵਾਲੀ ਰਾਤ ਪਿੰਡ ਦੀਆਂ ਔਰਤਾਂ ਦੀਆਂ ਟੋਲੀਆਂ ਥਾਲੀ ਵਿੱਚ ਦੇਸੀ ਘਿਓ ਦੇ ਚਿਰਾਗ਼ ਬਾਲ ਕੇ ਮਜ਼ਾਰ ‘ਤੇ ਮੱਥਾ ਟੇਕਣ ਜਾਂਦੀਆਂ ਅਤੇ ਟੱਬਰ ਦੀ ਸੁੱਖ ਮੰਗਦੀਆਂ। ‘*1 ਪੰਨਾ ਨੰਬਰ 142
       ‘ ਚਿਰਾਗ਼ਾਂ ਵਾਲੀ ਰਾਤ ‘ ਨਾਵਲ ਦੀ ਕਹਾਣੀ ਦੇ ਨਾਇਕ ਅਤੇ ਨਾਇਕਾ ਦੀ ਯਾਦ ਵਿੱਚ ਨਾਵਲ ਅੰਦਰ ਪੇਸ਼ ਪਿੰਡ ਦੇ ਖੇਤਾਂ ਵਿਚ ਇਕ ਥਾਂ ਨਾਵਲ ਦੀ ਨਾਇਕਾ ਨਜ਼ਮਾਂ ਦੀ ਪਹਿਲਾਂ ਮਜ਼ਾਰ ਬਣੀ ਤੇ ਇਸ ਨੂੰ ਬਣਾਉਣ ਵਾਲੇ ਉਸ ਮਜ਼ਾਰ ‘ਤੇ ਚਿਰਾਗ਼ ਵੀ ਜਗਾਉਂਦੇ ਸਨ। ਇਸ ਵਰਤਾਰੇ ਤੋਂ ਬਹੁਤ ਸਾਲਾਂ ਬਾਅਦ ਨਜ਼ਮਾਂ ਦੇ ਪਤੀ ਅਬਦੁੱਲਾ ਨੇ ਪਾਕਿਸਤਾਨ ਤੋਂ ਭਾਰਤ ਆ ਨਜ਼ਮਾਂ ਦੀ ਮਜ਼ਾਰ ‘ਤੇ  ਸਿਜਦਾ ਕਰ ਆਪਣੇ ਪ੍ਰਾਣ ਤਿਆਗ ਦਿੱਤੇ ਸਨ। ਜਿਸ ਤੋਂ ਮੰਨਿਆ ਜਾ ਸਕਦਾ ਕਿ ਇੱਕ ਪਤੀ ਨੇ ਪ੍ਰੇਮੀ ਪ੍ਰੇਮਿਕਾ ਵਾਲੀ ਸੋਚ ਕਿ ਇਕੱਠੇ ਘੱਟ ਜਿਉਂ ਸਕੇ ਪਰ ਇਕੱਠੇ ਇੱਕ ਥਾਂ ਮਰਾਂਗੇ ਨੂੰ ਸਮਰਪਿਤ ਹੋ ਸੱਚ ਕਰ ਵਿਖਾਇਆ ਨਾਲ ਪਿਆਰ ਕਹਾਣੀ ਵੀ ਬਣ ਉੱਭਰਦੀ ਹੈ। ਇਸ ਤਰ੍ਹਾਂ ਪਤੀ ਪਤਨੀ ਦੇ ਰਿਸ਼ਤੇ ਵਿੱਚ ਪ੍ਰੇਮੀ ਪ੍ਰੇਮਿਕਾ ਵਾਲੀ ਸਾਂਝ ਦਾ ਪ੍ਰਤੀਕ ਮਜ਼ਾਰ ਨਵ ਵਿਆਹੇ ਜੋੜਿਆਂ ਲਈ ਪ੍ਰੇਰਕ ਚਿੰਨ੍ਹ ਵਜੋਂ ਸੱਭਿਆਚਾਰਕ ਵਿਰਾਸਤ ਦਾ ਦਰਜਾ ਵੀ ਹਾਸਿਲ ਕਰ ਗਈ। ਇਸ ਤਰ੍ਹਾਂ ਇਸ ਨਾਵਲ ਤੋਂ ਸੱਭਿਆਚਾਰਕ ਰੂਪਾਂਤਰਨ ਮਨੁੱਖੀ ਜੀਵਨ ਦੀਆਂ ਗਤੀਵਿਧੀਆਂ ਤੋਂ ਜਨਮ ਲੈਂਦਾ ਦੀ ਸਮਝ ਦਾ ਇੱਕ ਨਮੂਨਾ ਵੀ ਰੂ_ਬਰੂ ਹੁੰਦਾ ਹੈ।
        ਨਾਵਲ ‘ ਚਿਰਾਗ਼ਾਂ ਵਾਲੀ ਰਾਤ ‘ ਜ਼ਰੀਏ ਵੱਖ ਵੱਖ ਧਰਮ, ਕਿੱਤੇ ਦੇ ਲੋਕਾਂ ਦਾ ਵਸਦਾ ਪਿੰਡ ਕਿਵੇਂ 1947 ਦੀ ਸਿਆਸੀ ਸੋਚ ਨਾਲ ਪ੍ਰਭਾਵਿਤ ਹੁੰਦਾ ਹੈ ਦੇ ਚੰਗੇ ਮਾੜੇ ਵਿਹਾਰ ਨੂੰ ਇੱਕ ਪੜ੍ਹਨਯੋਗ ਕਹਾਣੀ ਦੀ ਸ਼ੈਲੀ ਵਿਚ ਪੇਸ਼ ਕੀਤਾ ਗਿਆ ਹੈ। ਜਿਸ ਵਿਚ ਕਹਾਣੀ ਦੇ ਆਰੰਭ ਵਿਚ ਹੀ , ‘ ” ਕੁੜੇ ਨਜ਼ਮਾਂ, ਤੇਰਾ ਖਸਮ ਮੁੜਿਆ ਕਿ ਨਹੀਂ ? ਸੁਣਿਐ, ਹੱਲੇ ਪੈ ਗਏ ਨੇ।” ਭਾਗੋ ਹੱਥ ‘ਤੇ ਪੋਣਾ ਲਪੇਟੀ ਤੰਦੂਰ ਵਿੱਚ ਰੋਟੀ ਲਾਉਂਦੀ ਬੋਲੀ। ‘ *2 ਪੰਨਾ ਨੰਬਰ 7
    1947 ਸਮੇਂ ਦਾ ਪੇਂਡੂ ਜੀਵਨ ਪਾਤਰਾਂ, ਘਟਨਾਵਾਂ ਤੇ ਉਹਨਾਂ ਦੇ ਤਾਲਮੇਲ ਲਈ ਦਿ੍ਸਾਂ ਦੀ ਸ਼ਾਬਦਿਕ ਤਸਵੀਰ ਨੂੰ ਉਘਾੜਦਾ ਨਾਵਲਕਾਰ ਨੇ ਜਿਵੇਂ ਬਿਆਨ ਕੀਤਾ ਹੈ, ਉਹ ਪਾਠਕ ਨੂੰ ਆਪਣੇ ਨਾਲ ਜੋੜ ਕੇ ਰੱਖਣ ਦੀ ਸਮਰੱਥਾ ਰੱਖਦਾ ਹੈ। ਅਜਿਹੀ ਸ਼ੈਲੀ ਨਾਵਲਕਾਰ ਹਰਕੀਰਤ ਕੌਰ ਚਾਹਲ ਦੀ ਪਹਿਲੇ ਨਾਵਲਾਂ ਨੂੰ ਪੜ੍ਹ ਕੇ ਵੀ ਹਾਸਿਲ ਹੁੰਦੀ ਹੈ ਤੋਂ ਇੱਕ ਸ਼ੈਲੀ ਦਾ ਸਰੂਪ ਉੱਘੜਵੇਂ ਰੂਪ ਵਿਚ ਸਾਹਮਣੇ ਆਉਂਦਾ ਹੈ। ਇਹ ਪਛਾਣ ਇੱਕ ਨਾਵਲਕਾਰ ਦੀ ਪ੍ਰਾਪਤੀ ਹੈ।
      ‘ ਚਿਰਾਗ਼ਾਂ ਵਾਲੀ ਰਾਤ ‘ ਨਾਵਲ ਦੀ ਕਹਾਣੀ ਵਿਚ ਨਜ਼ਮਾਂ ਦਾ ਪਤੀ ਨਹੀਂ ਆਇਆ ਤਾਂ ਉਸ ਨੂੰ ਪਿੰਡ ਵਿਚੋਂ ਜਿੱਥੇ ਗੁਆਂਢ ਦੇ ਘਰਾਂ ਵਿਚੋਂ ਮਹਿੰਦਰ ਕੌਰ ਦਾ ਪਰਿਵਾਰ ਜਿਵੇਂ ਸਹੀ ਸਲਾਮਤ ਸੰਭਾਲਦਾ ਹੈ ਉੱਥੇ, ਪਾਕਿਸਤਾਨ ਪਹੁੰਚਾਉਣ ਲਈ ਉਸ ਦੇ ਰਿਸ਼ਤੇਦਾਰ ਦਾ ਨੌਜਵਾਨ ਗੁਆਂਢੀ ਪਿੰਡ ਤੋਂ ਸਹਾਇਤਾ ਕਰਦਾ ਹੈ ਪਰ ! ਨਜ਼ਮਾਂ ਦੇ ਪਿੰਡ ਦਾ ਸਰਦਾਰ ਜੈਮਲ ਆਪਣੇ ਖੇਤਾਂ ਵਿਚ ਕਮਾਦ ਦੀ ਫਸਲ ਅੰਦਰ ਅਜਿਹੀ ਕਾਲੀ ਕਰਤੂਤ ਕਰਦਾ ਕਿ ਉਸ ਨੇ ਨਜ਼ਮਾਂ ਦੀ ਇੱਜ਼ਤ ਲੁੱਟ ਲਈ ਤਾਂ ਨਜ਼ਮਾ ਆਪਣੇ ਢਿੱਡ ਵਿੱਚ ਪਲੇਠੇ ਬੱਚੇ ਦੇ ਭਰੂਣ ਸਮੇਤ ਮਰ ਜਾਂਦੀ ਹੈ। ਇਹ ਬਹੁਤ ਬਹੁਤ ਦਰਦਨਾਕ ਸਥਿਤੀ ਪੜ੍ਹਦਿਆਂ ਪਾਠਕ ਦਾ ਧਿਆਨ 1947 ਦੇ ਸਮੇਂ ਇੱਕ ਪਿੰਡ ਦੇ ਵਾਸੀਆਂ ਵਿੱਚ ਧਰਮ ਦੇ ਵਖਰੇਵੇਂ ਕਰਕੇ ਜਿੱਥੇ ਮਜਬੂਰੀ ਵੱਸ ਤੇ ਆਪਣੇ ਪਤੀ ਦੀ ਗ਼ੈਰ ਹਾਜ਼ਰੀ ਵਿੱਚ ਲਾਚਾਰ ਨੌਜਵਾਨ ਔਰਤ ਨੂੰ ਸਹਾਇਤਾ ਦੇਣ ਵਾਲੇ ਅਤੇ ਉਸ ਦੇ ਉਲਟ ਉਸ ਦੀ ਇੱਜ਼ਤ ਲੁੱਟ ਲੈਣ ਵਾਲੇ ਵੱਲ ਵਿਸ਼ੇਸ਼ ਤਵੱਜੋ ਦਿਵਾਉਂਦਾ ਹੈ ਉੱਥੇ, ਪਾਠਕ ਨੂੰ ਧਰਮ, ਜਾਤੀ ਆਦਿ ਦੇ ਵਖਰੇਵੇਂ ਦੇ ਪੈਦਾ ਕੀਤੇ ਗਏ ਸਮੇਂ ਵਿਚ ਨਫ਼ਰਤ ਕਰਨ ਵਾਲਾ ਤੇ ਆਪਣੀਆਂ ਵੱਖ ਵੱਖ ਤਰ੍ਹਾਂ ਦੀਆਂ ਭੁੱਖਾਂ ਮਿਟਾਉਣ ਲਈ ਵਿਆਕੁਲ ਹੋ ਜਾਂਦਾ ਹੈ ਦੇ ਚੰਗੇ ਮਾੜੇ ਵਿਹਾਰ ਬਾਰੇ ਸੋਚਣ ਵੀ ਲਾਉਂਦਾ ਹੈ। ਅਜਿਹੀ ਚੇਤਨਾ ਦੇਣਾ ਇੱਕ ਸਾਹਿਤਕ ਰਚਨਾ ਦੀ ਇਹ ਵਿਸ਼ੇਸ਼ਤਾ ਵਾਲਾ ਗੁਣ ਵੀ ਹੈ। ਇਸ ਗੁਣ ਦੀ ਅਣਲਿਖੀ ਹੋਂਦ ਨਾਵਲ ‘ ਚਿਰਾਗ਼ਾਂ ਵਾਲੀ ਰਾਤ ‘ ਦੇ ਉਪਰੋਕਤ ਵਰਤਾਰੇ ਵਿਚ ਸ਼ਾਮਿਲ ਹੈ।
      ਨਾਵਲ ਦੀ ਕਹਾਣੀ ਵਿਚ ਮੁੱਖ ਤੌਰ ਉੱਤੇ ਤਿੰਨ ਪਰਿਵਾਰ ਆਪਣੇ ਗਤੀਸ਼ੀਲ ਯਥਾਰਥ ਵਜੋਂ ਸ਼ਿਰਕਤ ਕਰਦੇ ਹਨ। ਇਹਨਾਂ ਵਿੱਚ ਜੈਮਲ ਸਿੰਘ ਦਾ ਪਰਿਵਾਰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਦਾ ਹੈ ਪਰ, ਇਸ ਪਰਿਵਾਰ ਵਿੱਚ ਜੈਮਲ ਸਿੰਘ ਨੂੰ ਪੁੱਤ, ਪਤਨੀ ਤੇ ਪੋਤੇ ਦੀ ਮੌਤ ਵੀ ਝੱਲਣੀ ਪੈਂਦੀ ਹੈ। ਮਹਿੰਦਰ ਕੌਰ ਦਾ ਪਰਿਵਾਰ ਤੇ ਨਜ਼ਮਾਂ ਦੇ ਪਤੀ ਦਾ ਚੰਗਾ ਤਾਲਮੇਲ ਪੇਸ਼ ਕੀਤਾ ਗਿਆ ਹੈ। ਅੰਤ, ਜੈਮਲ ਸਿੰਘ ਦੇ ਪਰਿਵਾਰ ਵਿਚ ਮੌਤਾਂ ਦੀ ਘਟਨਾ ਪਾਪ ਪੁੰਨ ਦੀ ਦ੍ਰਿਸ਼ਟੀ ਤੋਂ ਵੇਖਿਆ ਪੰਜਾਬੀ ਸੱਭਿਆਚਾਰ ਦੀ ਲੋਕ ਧਾਰਾ ਦਾ ਮਹੱਤਵ ਸਾਹਮਣੇ ਲਿਆਉਂਦੀ ਹੈ। ਇਸ ਤਰ੍ਹਾਂ ਹੀ ਮਹਿੰਦਰ ਕੌਰ ਦੇ ਪਰਿਵਾਰ ਵੱਲੋਂ ਪੁੰਨ ਦਾ ਕੰਮ ਕਰਨਾ ਅਤੇ ਨਜ਼ਮਾਂ ਦੇ ਪਤੀ ਅਬਦੁੱਲੇ ਵੱਲੋਂ ਵਿਧਵਾ ਬਾਲ ਬੱਚੇਦਾਰ ਔਰਤ ਨਾਲ ਰਿਸ਼ਤਿਆਂ ਦੀ ਤ੍ਰਾਸਦੀ ਕਾਰਨ ਵਿਆਹ ਕਰਵਾਉਣ ਦੇ ਬਾਵਜੂਦ ਵੀ ਆਪਣੀ ਪਹਿਲੀ ਪਤਨੀ ਨੂੰ ਲੱਭਣਾ ਤੇ ਉਸਦੀ ਦੁਰਘਟਨਾ ਜਾਣ ਕੇ ਉਸ ਦੇ ਵਿਯੋਗ ਵਿਚ ਜਾਨ ਦੇ ਦੇਣੀ, ਇਹ ਸਾਰੇ ਵਰਤਾਰੇ ਭਾਰਤੀ ਪੰਜਾਬ ਦੇ ਮੱਧਕਾਲ ਦੀ ਪ੍ਰਰੰਪਰਾ ਨੂੰ ਜਿਉਣਾ ਹੈ। ਇਸ ਦੀ ਨਾਵਲ ਦੇ ਪ੍ਰਕਾਸ਼ਨ ਸਮੇਂ ਦੀ ਸਮਕਾਲੀਨਤਾ ਦੇ ਯਥਾਰਥ ਨਾਲ ਇਕਮਿਕਤਾ ਨਹੀਂ ਬਣਦੀ।
       ‘ ਚਿਰਾਗ਼ਾਂ ਵਾਲੀ ਰਾਤ ‘ ਨਾਵਲ ਦੀ ਕਹਾਣੀ ਦੇ ਕਥਾਨਕ ਨੂੰ ਬਿਰਤਾਂਤਕ ਪ੍ਰਬੰਧ ਵਜੋਂ ਵਿਚਾਰਿਆ ਤਾਂ ਇੱਕ ਕਮਜ਼ੋਰੀ ਸਾਹਮਣੇ ਆ ਗਈ, ਉਹ ਇਹ ਕਿ ਨਾਵਲ ਦੇ ਆਖ਼ਰੀ ਕਾਂਡ ਨੂੰ ਦੋ ਹਿੱਸਿਆਂ ਵਿਚ ਵੰਡਿਆ ਜਾਣਾ ਚਾਹੀਦਾ ਸੀ। ਇੱਕ ਹਿੱਸਾ ਜਿਸ ਵਿਚ ਮਜ਼ਾਰ ਜਾਂ ਮਟੀ ਉੱਤੇ ਪਿੰਡ ਦੇ ਵਾਸੀਆਂ ਵੱਲੋਂ ਨਵੇਂ ਵਿਆਹੇ ਜੋੜੇ ਅਤੇ ਪੂਰਨਮਾਸ਼ੀ ਵਾਲੀ ਰਾਤ ਨੂੰ ਚਿਰਾਗ਼ ਬਾਲਣ ਦਾ ਵੇਰਵਾ ਹੈ ਇਹ, ਨਾਵਲ ਦੇ ਪਹਿਲੇ ਕਾਂਡ ਵਿਚ ਸ਼ਾਮਿਲ ਕੀਤਾ ਜਾਣਾ ਜ਼ਰੂਰੀ ਇਸ ਕਰਕੇ ਬਣਦਾ ਹੈ ਕਿਉਂਕਿ ਇਸ ਵੇਰਵੇ ਦੇ ਪਿਛੋਕੜ ਨੂੰ ਜਾਣਨ ਦੀ ਉਤਸੁਕਤਾ ਪਾਠਕ ਨੂੰ ਨਾਵਲ ਦੀ ਕਹਾਣੀ ਦੇ ਆਰੰਭ ਵਿਚ ਹੀ ਉਪਲਬੱਧ ਹੁੰਦੀ ਹੈ। ਇਹ ਬਿਰਤਾਂਤਕ ਜੁਗਤ ਵਜੋਂ ਸਹੀ ਪੇਸ਼ਕਾਰੀ ਬਣਦੀ ਹੈ।
       ਨਾਵਲ ਦੇ ਨਾਮਕਰਨ ਬਾਰੇ ਵੀ ਵਿਚਾਰ ਚਰਚਾ ਕਰਨੀ ਜ਼ਰੂਰੀ ਹੈ। ‘ ਚਿਰਾਗ਼ਾਂ ਵਾਲੀ ਰਾਤ ‘ ਇੱਕ ਵਚਨ ਵਜੋਂ ਉੱਭਰਦਾ ਹੈ। ਇਸ ਨਾਵਲ ਦੀ ਕਹਾਣੀ ਦੀ ਇੱਕ ਤੰਦ 1947 ਦੀ ਭਾਰਤ ਦੇਸ਼ ਵਾਸੀਆਂ ਦੀ ਸੰਪ੍ਰਦਾਇਕ ਵੰਡ ਕਰਵਾਉਣ ਕਰਕੇ ਜੋ ਕਤਲੇਆਮ ਤੇ ਲੁੱਟ ਖੋਹ ਅਤੇ ਔਰਤਾਂ ਦੀਆਂ ਇੱਜ਼ਤਾਂ ਲਹੂ ਲੁਹਾਨ ਕਰਨ ਦੇ ਕਾਲੇ ਕਾਰਨਾਮਿਆਂ ਦੇ ਨਾਲ ਨਾਲ ਘਰ, ਪਿੰਡ ਨੂੰ ਛੱਡ ਕੇ ਦੂਰ ਜਾਣ ਦੇ ਕਾਫ਼ਲੇ ਤੁਰੇ, ਜਿਸ ਦੀ ਇੱਕ ਤਸਵੀਰ ਇਸ ਨਾਵਲ ਦੇ ਸਰਵਰਕ ਵਿਚ ਪਹਿਲੇ ਪੰਨੇ ਉੱਤੇ ਪ੍ਰਕਾਸ਼ਿਤ ਕੀਤੀ ਗਈ ਹੈ ਦੇ ਵਿਚਕਾਰ ਇੱਕ ਚਿਰਾਗ਼ ਦੀ ਤਸਵੀਰ ਵੀ ਸ਼ਾਮਿਲ ਹੈ ਜੋ ਹਨ੍ਹੇਰੇ ਰਾਹ ਵਿੱਚ ਚਾਨਣ ਕਰਨ ਦਾ ਕੰਮ ਕਰਦੀ ਹੈ ਤੋਂ ਇਲਾਵਾ ਨਜ਼ਮਾਂ ਤੇ ਅਬਦੁੱਲੇ ਦੀ ਮਜ਼ਾਰ ਜਾਂ ਮਟੀ ਉੱਤੇ ਪਿੰਡ ਵਾਸੀਆਂ ਵੱਲੋਂ ਜੋਂ ਚਿਰਾਗ਼ ਬਾਲਣ ਦੀ ਰੀਤ ਚਲਾਈ ਹੈ ਵੀ ਇੱਕ ਪ੍ਰਸੰਗ ਬਣਿਆ ਹੋਇਆ ਹੈ। ਸੋ, ਉਪਰੋਕਤ ਦੋਨਾਂ ਮਿਸਾਲਾਂ ਦੇ ਨਾਲ ਜੋੜ ਕੇ ਵੇਖਿਆ ਨਾਵਲ ਦਾ ਨਾਮਕਰਨ ਢੁੱਕਵਾਂ ਲੱਗਦਾ ਵੀ ਹੈ ਤੇ ਨਹੀਂ ਵੀ।
      ਇਸ ਨਾਵਲ ਬਾਰੇ ਸਮੁੱਚੇ ਰੂਪ ਵਿਚ ਆਖਿਆ ਜਾ ਸਕਦਾ ਹੈ ਕਿ ‘ ਚਿਰਾਗ਼ਾਂ ਵਾਲੀ ਰਾਤ ‘  1947 ਦੇ ਸਮੇਂ ਦੀ ਦੋ ਦੇਸ਼ ਬਣਾਉਣ ਵਾਲੀ ਸੌੜੀ ਸਿਆਸਤ ਦੇ ਪ੍ਰਭਾਵਾਂ ਤੋਂ ਪੈਦਾ ਹੋਈ ਹਨ੍ਹੇਰੇ ਤੇ ਚਾਨਣ ਦੀ ਲੜਾਈ, ਤੰਗੀਆਂ_ ਤੁਰਸ਼ੀਆਂ, ਥੁੜ੍ਹਾਂ, ਝੋਰਿਆਂ ਅਤੇ ਸੰਤਾਪਾਂ ਦੇ ਨਾਲ ਨਾਲ ਪਤੀ ਪਤਨੀ ਦੇ ਪਵਿੱਤਰ ਪ੍ਰੇਮ ਦਾ ਪ੍ਰਸੰਗ ਪੂਰਨਮਾਸ਼ੀ ਵਾਲੀ ਰਾਤ ਨੂੰ ਮਜ਼ਾਰ ਜਾਂ ਮਟੀ ਉੱਤੇ ਪਿੰਡ ਵਾਸੀਆਂ ਵੱਲੋਂ ਨਵੇਂ ਵਿਆਹੇ ਜੋੜਿਆਂ ਲਈ ਪ੍ਰੇਰਕ ਚਿੰਨ੍ਹ ਵਜੋਂ ਸੱਭਿਆਚਾਰਕ ਵਿਰਾਸਤ ਵੀ ਬਣ ਉੱਭਰਦੀ ਹੈ। ਇਉਂ ਵੇਖਿਆ ਇੱਕ ਯਾਦ ਤੇ ਸੰਵਾਦ ਸਮਕਾਲੀ ਸਮਾਜ ਨੂੰ ‘ ਚਿਰਾਗ਼ਾਂ ਵਾਲੀ ਰਾਤ ‘ ਦੇ ਗਲਪੀ ਚਿੱਤਰ ਦੇ ਜ਼ਰੀਏ ਦੇਣ ਦਾ ਨਾਵਲਕਾਰ ਹਰਕੀਰਤ ਕੌਰ ਚਾਹਲ ਦਾ ਯਤਨ ਮੰਨ ਲੈਣਾ ਚਾਹੀਦਾ ਹੈ।