Headlines

ਪੁਸਤਕ ਸਮੀਖਿਆ-ਮਨੁੱਖੀ ਸਰੋਕਾਰਾਂ ਦਾ ਅਧਿਐਨ: ਸ਼ੂਕਦੇ ਆਬ ਤੇ ਖ਼ਾਬ

ਲੇਖਕ- ਮੇਹਰ ਮਾਣਕ-

ਸਮੀਖਿਆਕਾਰ-ਪ੍ਰੋ. ਬਲਜੀਤ ਕੌਰ-

ਕੁਦਰਤ ਪ੍ਰੇਮੀ ਅਤੇ ਸਮਾਜ ਵਿਗਿਆਨ ਦੇ ਪ੍ਰੋਫੈਸਰ ( ਡਾ. )ਮੇਹਰ ਮਾਣਕ ਪੰਜਾਬੀ ਕਾਵਿ ਜਗਤ ਦਾ ਉਹ ਉੱਭਰਦਾ
ਸਿਤਾਰਾ ਹੈ, ਜਿਸ ਨੇ 2000 ਵਿੱਚ “ ਕਰਜ਼ਦਾਰੀ, ਕੰਗਾਲੀ ਕਰਨ ਅਤੇ ਪੰਜਾਬ ਦੇ ਪੇਂਡੂ ਖੇਤਰ ਵਿੱਚ ਆਤਮ ਹੱਤਿਆਂਵਾਂ” ਪੁਸਤਕ ਲਿਖ ਕੇ
ਅਕਾਦਮਿਕ ਜਗਤ ਵਿੱਚ ਪ੍ਰਵੇਸ਼ ਕੀਤਾ। ਸ਼ੁਰੂ ਵਿੱਚ ਉਸ ਨੇ ਸਮਾਜ ਵਿਗਿਆਨ ਦੇ ਨਜ਼ਰੀਏ ਤੋਂ ਆਲੋਚਨਾ ਦੇ ਖੇਤਰ ਵਿੱਚ ਪ੍ਰਵੇਸ਼ ਅਤੇ ਫਿਰ ਇਸ ਤੋਂ
ਮਗਰੋਂ ਉਸ ਨੇ ਆਪਣਾ ਰੁਖ਼ ਪੰਜਾਬੀ ਕਵਿਤਾ ਦੀ ਸਿਰਜਣਾ ਦੇ ਖੇਤਰ ਵੱਲ ਕਰ ਲਿਆ। ਹੁਣ ਤੱਕ ਉਹ ਦੋ ਕਾਵਿ ਸੰਗ੍ਰਹਿ, ਇੱਕ ਗੀਤ ਸੰਗ੍ਰਹਿ ਅਤੇ
ਦੋ ਪ੍ਰਗੀਤਕ ਕਾਵਿ ਸੰਗ੍ਰਹਿ ਪੰਜਾਬੀ ਕਾਵਿ ਜਗਤ ਦੀ ਝੋਲੀ ਵਿੱਚ ਪਾ ਕੇ ਪੰਜਾਬੀ ਕਾਵਿ ਦੇ ਖੇਤਰ ਵਿੱਚ ਆਪਣਾ ਵਿਲੱਖਣ ਸਥਾਨ ਬਣਾ ਚੁੱਕਿਆ ਹੈ।
ਉਸ ਦੇ ਹੁਣ ਤੱਕ ਦੋ ਕਾਵਿ ਸੰਗ੍ਰਹਿ ‘ਹਨੇਰੇ ਤੇ ਪਰਛਾਵੇ’ (2005), ਲਾਵਾ ਮੇਰੇ ਅੰਦਰ (2011), ਇੱਕ ਗੀਤ ਸੰਗ੍ਰਹਿ ‘ਸਿਦਕ ਸਲਾਮਤ’
(2018) ਦੋ ਪ੍ਰਗੀਤਕ ਕਾਵਿ ਸੰਗ੍ਰਹਿ ‘ਡੂੰਘੇ ਦਰਦ ਦਰਿਆਵਾਂ ਦੇ’ (2022) ਅਤੇ ‘ਸ਼ੂਕਦੇ ਆਬ ਤੇ ਖ਼ਾਬ’(2024) ਪ੍ਰਕਾਸ਼ਿਤ ਹੋ ਚੁੱਕੇ ਹਨ।
ਵਿਚਾਰ ਅਧੀਨ ਕਾਵਿ ਸੰਗ੍ਰਹਿ ‘ਸ਼ੂਕਦੇ ਆਬ ਅਤੇ ਖ਼ਾਬ’ ਲੰਮੀਆਂ ਪ੍ਰਗੀਤਕ ਕਵਿਤਾਵਾਂ ਦਾ ਸੰਗ੍ਰਹਿ ਹੈ, ਜਿਸ ਵਿੱਚ ਉਹ ਦਰਿਆਵਾਂ ਦੇ
ਮਾਨਵੀਕਰਨ ਰਾਹੀਂ ਪੰਜਾਬੀਆਂ ਦੀ ਜ਼ਿੰਦਗੀ ਵਿੱਚੋਂ ਮਨਫ਼ੀ ਹੋ ਰਹੇ ਪੁਰਾਤਨ ਰੰਗਾਂ ਕਰਕੇ ਬਹੁਤ ਫ਼ਿਕਰਮੰਦ ਹੈ।
ਨਿਰਸੰਦੇਹ ਇੱਕ ਚੰਗੇ ਕਵੀ ਦਾ ਆਪਣੇ ਦੇਸ਼ ਦੀ ਮਿੱਟੀ ਨਾਲ ਮੋਹ ਜ਼ਰੂਰ ਹੁੰਦਾ ਹੈ। ਮਹਾਨ ਕਵੀ ਪ੍ਰੋ. ਪੂਰਨ ਸਿੰਘ, ਧਨੀ ਰਾਮ ਚਾਤ੍ਰਿਕ,
ਫ਼ਿਰੋਜ਼ਦੀਨ ਸ਼ਰਫ਼, ਹਰਭਜਨ ਹਲਵਾਰਵੀ, ਜੀ.ਐੱਸ ‘ਚੰਨ ਪਟਿਆਲਵੀ’ ਅਤੇ ਹੋਰ ਬਹੁਤ ਸਾਰੇ ਕਵੀਆਂ ਨੇ ਆਪਣੀਆਂ-ਆਪਣੀਆਂ
ਕਵਿਤਾਵਾਂ ਵਿੱਚ ਪੰਜਾਬ ਪ੍ਰਤੀ ਪਿਆਰ ਦੀ ਭਾਵਨਾ ਦਾ ਪ੍ਰਗਟਾ ਆਪੋ-ਆਪਣੇ ਅੰਦਾਜ਼ ਵਿੱਚ ਕੀਤਾ ਹੈ। ਮਾਣਕ ਦੇ ਦਿਲ ਅੰਦਰ ਵੀ ਦੇਸ਼ ਦੀ ਮਿੱਟੀ
ਦਾ ਮੋਹ ਠਾਠਾਂ ਮਾਰਦਾ ਹੈ। ਇਹੀ ਕਾਰਨ ਹੈ ਕਿ ਵਿਚਾਰ ਅਧੀਨ ਪੁਸਤਕ ਦੀ ਪਹਿਲੀ ਕਵਿਤਾ ਦਾ ਸਿਰਲੇਖ ਵੀ ਆਪ ਨੇ ‘ਪੰਜ-ਆਬ’ ਹੀ ਰੱਖਿਆ
ਹੈ। ਆਪਣੇ ਪਿੰਡ ਦੀਆਂ ਰਾਹਾਂ ਉੱਤੇ ਤੁਰਦੇ ਕਵੀ ਨੂੰ ਖੁੱਲ੍ਹੇ ਖੇਤ, ਵਗ਼ਦੇ ਪਾਣੀ, ਹਵਾ ਵਿੱਚ ਝੂਟੇ ਲੈਂਦੇ ਬੂਟੇ ਅਤੇ ਰੁੱਖ ਬਹੁਤ ਲਭਾਉਂਦੇ ਹਨ। ਜਿਸ ਦਾ
ਜਿਕਰ ਉਹ ‘ਬਿਆਸ’ ਨਾਮ ਦੀ ਕਵਿਤਾ ਵਿੱਚ ਕਰਦਾ ਹੈ:
ਪਿੰਡ ਦੇ ਰਾਹੇ
ਪੈ ਗਿਆ ਸਾਂ
ਤੁਰਦਾ-ਤੁਰਦਾ
ਚਲਦਾ ਗਿਆ
ਮਨ ਦਾ ਚਾਅ
ਸੀ ਪਲਦਾ ਗਿਆ
ਕਿੱਕਰਾਂ ਟਾਹਲੀਆਂ
ਤੂਤ ਦੇ ਬੂਟੇ
ਮਸਤ ਹਵਾ ‘ਚ
ਲੈਣ ਪਏ ਝੂਟੇ
ਆਪਣੇ ਆਪ ‘ਚ ਹੀ
ਮੈਂ ਦੇਖੇ ਵਹਿੰਦੇ ਪਾਣੀ
ਖੇਤ ਖੁੱਲ੍ਹੇ (1)
ਪ੍ਰਕਿਰਤੀਵਾਦੀ ਕਵੀ ਮਾਣਕ ਨੇ ਇਸ ਪੁਸਤਕ ਵਿਚਲੀਆਂ ਲਗਭਗ ਸਾਰੀਆਂ ਕਵਿਤਾਵਾਂ ਵਿਚ ਦਰਿਆ, ਨਦੀ, ਝੀਲ, ਸਾਗਰ,

2
ਵਹਿਣ ਆਦਿ ਕੁਦਰਤ ਨਾਲ ਸੰਬੰਧਿਤ ਬਿੰਬ ਵਰਤੇ ਹਨ। ਇਸ ਪੁਸਤਕ ਵਿਚਲੀ ਹਰ ਕਵਿਤਾ ਵਿੱਚ ਕਵੀ ਨੇ ਦਰਿਆਵਾਂ ਦੇ ਮਾਨਵੀਕਰਨ ਰਾਹੀਂ
ਅਲੱਗ-ਅਲੱਗ ਵਿਿਸ਼ਆਂ ਨੂੰ ਛੋਹ ਕੇ ਪਾਠਕਾਂ ਦੇ ਰੁਬਰੂ ਕੀਤਾ ਹੈ। ਉਸ ਦੀ ਹਰ ਕਵਿਤਾ ਸਹਿਜ ਸੁਭਾਵਕ ਹੀ ਕੁਦਰਤ ਦਾ ਬਿੰਬ ਸਿਰਜਦੀ ਹੈ। ਕਵੀ
ਨੂੰ ਦਿੱਭ, ਝੂੰਡ, ਖੰਜੂਰਾਂ, ਤੂਤ, ਟਾਹਲੀਆਂ, ਬੋਹੜ, ਅੰਬ, ਜਮੋਏ, ਇਮਲੀ ਅਤੇ ਕਿੱਕਰ ਆਦਿ ਦੇ ਦਰੱਖਤ ਮਨ ਨੂੰ ਬਹੁਤ ਸਕੂਨ ਦਿੰਦੇ ਹਨ। ਕਵੀ
ਨੂੰ ਹਰਿਆਲੀ, ਲਹਿਲਹਾਉਂਦੀਆਂ ਫ਼ਸਲਾਂ ਅਤੇ ਫੁੱਲਾਂ ਦੀ ਸੁਗੰਧ ਨਾਲ ਭਰਿਆ ਆਪਣਾ ਪਿੰਡ ਕਿਸੇ ਜੰਨਤ ਤੋਂ ਘੱਟ ਨਹੀਂ ਮਹਿਸੂਸ ਹੁੰਦਾ।
ਇਹ ਉਹ ਥਾਂ ਹੈ
ਉਹ ਗਰਾਂ ਹੈ
ਜਿੱਥੇ ਵਸਦੀ ਜੰਨਤ
ਤੇ ਮਹਿਕਾਂ ਨੱਚਣ (2)
‘ਵੈਰੀ ਨਾਗ! ਤੇਰਾ ਪਹਿਲਾ ਝਲਕਾ ਜਦ ਅੱਖੀਆਂ ਵਿਚ ਵਜਦਾ, ਕੁਦਰਤ ਦੇ ਕਾਦਰ ਦਾ ਜਲਵਾ ਲੈ ਲੈਂਦਾ ਇਕ ਸਿਜਦਾ’3
ਅਨੁਸਾਰ ਭਾਈ ਵੀਰ ਸਿੰਘ ਨੂੰ ਕੁਦਰਤ ਵਿੱਚੋ ਕਾਦਰ ਦਾ ਜਲ੍ਹਵਾ ਦਿਖਾਈ ਦਿੰਦਾ ਹੈ ਅਤੇ ਨਾਲ ਹੀ ਉਹ ਕੁਦਰਤ ਵਿੱਚੋਂ ਮਾਂ ਦੀ ਗੋਦ ਵਰਗਾ ਨਿੱਘ
ਅਤੇ ਸਕੂਨ ਮਹਿਸੂਸ ਕਰਦੇ ਹਨ। ਕੁਦਰਤ ਪ੍ਰੇਮੀ ਮਾਣਕ ਉੱਪਰ ਵੀ ਭਾਈ ਵੀਰ ਸਿੰਘ ਦੀ ਪ੍ਰਕਿਰਤਕ ਫ਼ਿਲਾਸਫ਼ੀ ਦਾ ਡੂੰਘਾ ਪ੍ਰਭਾਵ ਦੇਖਣ ਨੂੰ
ਮਿਲਦਾ ਹੈ। ਮਾਣਕ ਵੀ ਕੁਦਰਤ ਵਿੱਚ ਆਪਣੀ ਮਾਂ ਦਾ ਵਾਸ ਅਨੁਭਵ ਕਰਦਾ ਆਪਣੀ ਕਵਿਤਾ ‘ਝੀਲ ਅਤੇ ਸਾਗਰ ਵਿਚਕਾਰ’ ਵਿੱਚ ਲਿਖਦਾ
ਹੈ:
ਕੁਦਰਤ ਨੂੰ ਜਿੱਥੇ
ਆਪਣੇ ਆਪ ‘ਚ
ਹੋਣ ਦਾ ਅਹਿਸਾਸ ਹੈ
ਉੱਥੇ ਮਾਂ ਮੇਰੀ ਦਾ
ਵਾਸ ਹੈ (4)
ਪੁਰਾਤਨ ਸਮੇਂ ਮਨੁੱਖ ਨੂੰ ਕੁਦਰਤ ਵਿੱਚੋਂ ਕਾਦਰ ਅਤੇ ਮਾਂ ਦੀ ਹੋਂਦ ਦਾ ਅਹਿਸਾਸ ਹੁੰਦਾ ਸੀ ਪਰ ਵਰਤਮਾਨ ਮਨੁੱਖ ਪਦਾਰਥਕ ਵਸਤੂਆਂ ਵਿਚ
ਗ਼ਲਤਾਨ ਹੋਇਆ ਆਪਣੇ ਨਿੱਜੀ ਹਿੱਤਾਂ ਅਧੀਨ ਦਰੱਖਤਾਂ ਨੂੰ ਕੱਟ ਕੇ ਵਾਤਾਵਰਣ ਨੂੰ ਦੂਸ਼ਿਤ ਕਰ ਰਿਹਾ ਹੈ। ‘ਝੀਲ ਅਤੇ ਸਾਗਰ ਵਿਚਕਾਰ’
ਕਵਿਤਾ ਵਿੱਚ ਕਵੀ ਨੇ ਸਵਾਰਥੀ ਲੋਕਾਂ ਵੱਲੋਂ ਸਵੈ ਹਿੱਤਾਂ ਖ਼ਾਤਰ ਕੱਟੇ ਜਾ ਰਹੇ ਰੁੱਖਾਂ ਉੱਤੇ ਦੁੱਖ ਅਤੇ ਹੈਰਾਨੀ ਪ੍ਰਗਟ ਕੀਤੀ ਹੈ।
ਸੋਹਣੇ-ਸੋਹਣੇ ਦਰਖਤਾਂ ਨੂੰ
ਪੱਟਣ ਲਈ
ਨਫ਼ਾ ਖੱਟਣ ਲਈ
ਮਸ਼ੀਨਾਂ ਵਾਲੇ
ਲਸ਼ਕਰ ਸੀ ਚਾੜ੍ਹ ‘ਤੇ
ਦੂਰ ਦੂਰ ਤੱਕ ਵਿਰਾਨਗੀ
ਵੇਖ ਹੁੰਦੀ ਸੀ ਹੈਰਾਨਗੀ (5)
ਇੱਕੀਵੀਂ ਸਦੀ ਦੀ ਧਰਤੀ ਦੇ ਲੋਕਾਂ ਵਿਚ ਆਪਸੀ ਸਾਂਝ, ਪਿਆਰ ਦਾ ਖ਼ਤਮ ਹੋਣਾ ਮਾਣਕ ਦੇ ਕੋਮਲ ਹਿਰਦੇ ਨੂੰ ਵਲੂੰਧਰਦਾ ਹੈ। ਉਸ
ਅਨੁਸਾਰ ਦੇਸ਼ ਵੰਡ ਤੋਂ ਪਹਿਲਾ ਲੋਕ ਖ਼ੁਦਗਰਜ਼ ਨਹੀਂ ਸਨ। ਜ਼ਾਤ-ਪਾਤ, ਨਸਲ ਅਤੇ ਧਰਮ ਤੋਂ ਉੱਪਰ ਉੱਠ ਕੇ ਸਾਰੇ ਭਾਈਚਾਰਕ ਸਾਂਝ ਅਤੇ

3
ਸਦਭਾਵਨਾ ਨਾਲ ਰਹਿੰਦੇ ਸਨ। ਮਾਣਕ ਅਜਿਹੇ ਹੀ ਭਾਵਾਂ ਦੀ ਅਭਿਿਵਅਕਤੀ ‘ਪੰਜ-ਆਬ’ ਕਵਿਤਾ ਕਰਦਾ ਹੈ:
ਸਨੇਹ ਮੁਹੱਬਤ ਭਾਈਚਾਰਾ
ਇਨ੍ਹਾਂ ਨੇ ਹੀ
ਸਿੰਜਿਆ ਹਰ ਕਿਨਾਰਾ
ਜਾਤਾਂ, ਗੋਤਾਂ, ਧਰਮਾਂ
ਤੋਂ ਉੱਪਰ (6)
ਵਰਤਮਾਨ ਪੂੰਜੀਵਾਦੀ ਦੌਰ ਵਿੱਚ ਪਰੰਪਰਾਗਤ ਜੀਵਨ ਜਾਂਚ, ਮਨੁੱਖੀ ਭਾਈਚਾਰਕ ਸਾਂਝ, ਮਹਿਮਾਨਨਿਵਾਜ਼ੀ, ਪਿਆਰ ਅਤੇ
ਅਪਣੱਤ ਵਰਗੇ ਉੱਚੇ-ਸੁੱਚੇ ਗੁਣ ਅਲੋਪ ਹੋ ਚੁੱਕੇ ਹਨ। ਇਸ ਦੌਰ ਵਿੱਚ ਮਨੁੱਖ ਆਪਣੇ ਤੱਕ ਸੀਮਤ ਹੋ ਕੇ ਰਹਿ ਗਿਆ ਹੈ ਅਤੇ ਰਿਸ਼ਤਿਆਂ ਵਿੱਚ
ਬੇਗਾਨਾਪਨ ਪ੍ਰਵੇਸ਼ ਕਰ ਚੁੱਕਿਆ ਹੈ ਜਦ ਕਿ ਪੁਰਾਤਨ ਪੰਜਾਬ ਦੇ ਲੋਕ ਖੁੱਲ੍ਹੇ-ਡੁੱਲ੍ਹੈ ਸੁਭਾਅ ਦੇ ਮਾਲਕ ਸਨ। ਇਹੀ ਕਾਰਨ ਹੈ ਕਿ ਪ੍ਰੋ. ਪੂਰਨ ਸਿੰਘ
ਆਪਣੀ ਕਵਿਤਾ ‘ਪੰਜਾਬ ਨੂੰ ਕੂਕਾਂ ਮੈਂ’ ਵਿੱਚ ਪੁਰਾਣੇ ਪੰਜਾਬ ਦੇ ਵਾਪਸ ਪਰਤ ਆਉਣ ਲਈ ਤਰਲੇ ਕੱਢਦਾ ਹੈ। ਉਹ ਪੰਜਾਬ ਦੇ ਨੌਜਵਾਨਾਂ ਦੀ
ਸਿਫ਼ਤ ਕਰਦਾ ਨਹੀਂ ਥੱਕਦਾ। ਧਨੀ ਰਾਮ ਚਾਤ੍ਰਿਕ ਵੀ ਆਪਣੀ ਕਵਿਤਾ ‘ਪੰਜਾਬ’ ਦੇ ਉਪ ਸਿਰਲੇਖ ‘ਸੁਭਾਉ’ ਹੇਠ ਪੁਰਾਤਨ ਪੰਜਾਬ ਦੇ
ਨੌਜਵਾਨਾਂ ਦੇ ਖੁੱਲ੍ਹੇ-ਡੁੱਲ੍ਹੈ ਸੁਭਾਅ ਅਤੇ ਚੁਸਤੀਆਂ ਰਹਿਤ ਜੀਵਨ ਜੀਊਣ ਨੂੰ ਸਲਾਹੁੰਦਾ ਲਿਖਦਾ ਹੈ
:
ਤੂੰ ਅੰਦਰੋਂ ਬਾਹਰੋਂ ਨਿੱਘਾ ਹੈਂ, ਨਾ ਗਰਮੀ ਹੈ ਨਾ ਪਾਲਾ ਹੈ।
ਨਾ ਬਾਹਰ ਕੋਈ ਦਿਖਾਵਾ ਹੈ, ਨਾ ਅੰਦਰ ਕਾਲਾ ਕਾਲਾ ਹੈ। ( 7)
ਧਨੀ ਰਾਮ ਚਾਤ੍ਰਿਕ ਦੀ ਤਰ੍ਹਾਂ ਪੰਜਾਬੀਆਂ ਦੇ ਦਿਖਾਵੇ ਰਹਿਤ ਅਤੇ ਸੱਚੇ-ਸੁੱਚੇ ਕਿਰਦਾਰ ਦੀ ਵਿਚਾਰਧਾਰਾ ਦਾ ਸ਼ਿੱਦਤ ਨਾਲ
ਸਮਰਥਨ ਕਰਦਾ ਮਾਣਕ ਲਿਖਦਾ ਹੈ :
ਸੋਹਣੇ ਗਭਰੂ
ਖੁੱਲ੍ਹੇ ਦਿਲ ਵਾਲੇ
ਨਹੀਂ ਜਾਣਦੇ
ਘਾਲ਼ੇ ਮਾਲ਼ੇ (8)
ਸੈਲਾਨੀ ਛੰਦ ਕਵਿਤਾ ਰਚਨ ਦੀ ਪਿਰਤ ਪਾਉਣ ਵਾਲੇ ਪ੍ਰੋ. ਪੂਰਨ ਸਿੰਘ ਨੇ ਆਪਣੀ ਕਵਿਤਾ ‘ਜਵਾਨ ਪੰਜਾਬ ਦੇ’ ਵਿੱਚ ਅਤੇ
ਧਨੀ ਰਾਮ ਚਾਤ੍ਰਿਕ ਨੇ ਆਪਣੀ ਕਵਿਤਾ’ਲਛਮੀ’ ਵਿਚ ਪੰਜਾਬੀ ਨੌਜਵਾਨਾਂ ਦੇ ਅਲਬੇਲੇ, ਹਿੰਮਤੀ, ਬੇਪਰਵਾਹ ਅਤੇ ਮੌਤ ਤੋਂ ਨਾ ਡਰਨ ਦੇ
ਸੁਭਾਅ ਦੀ ਤਾਰੀਫ਼ ਕੀਤੀ ਹੈ। ਧਨੀ ਰਾਮ ਚਾਤ੍ਰਿਕ ਆਪਣੇ ਦ੍ਰਿਸ਼ਟੀ ਤੋਂ ਪੰਜਾਬ ਦੇ ਨੌਜਵਾਨਾਂ ਸੰਬੰਧੀ ਲਿਖਦੇ ਹਨ:
ਮੌਤ ਤੋਂ ਡਰਦੇ ਨਹੀਂ, ਥੱਕਣ ਤੋਂ ਘਬਰਾਂਦੇ ਨਹੀਂ,
ਹਿੰਮਤਾਂ ਵਾਲੇ ਕਦੀ ਪਿੱਛੇ ਕਦਮ ਪਾਂਦੇ ਨਹੀਂ। (9)
ਸੋ ਧਨੀ ਰਾਮ ਚਾਤ੍ਰਿਕ ਅਤੇ ਪ੍ਰੋ. ਪੂਰਨ ਸਿੰਘ ਦੀ ਤਰ੍ਹਾਂ ਡਾ. ਮੇਹਰ ਮਾਣਕ ਆਪਣੀ ਕਵਿਤਾ ‘ਕਥਾ ਕਿਨਾਰਿਆਂ ਦੀ’ ਵਿੱਚ
ਪੁਰਾਤਨ ਪੰਜਾਬੀ ਨੌਜਵਾਨਾਂ ਦੀ ਤਾਰੀਫ਼ ਕਰਦਾ ਲਿਖਦਾ ਹੈ:

4
ਮੌਤ ਨੂੰ ਮਖੌਲਾਂ ਕਰਨ ਵਾਲੇ
ਇੰਝ ਨਹੀਂ ਸੀ ਮਰਨ ਵਾਲੇ (10)
ਪੰਜਾਬ ਦੇ ਗੱਭਰੂਆਂ ਦੇ ਅਲਬੇਲੇ, ਅਣਖੀ ਅਤੇ ਪਿਆਰ ਖ਼ਾਤਰ ਜਾਨ ਕੁਰਬਾਨ ਕਰਨ ਵਾਲੇ ਸੁਭਾਅ ਦਾ ਜ਼ਿਕਰ ਤਾਂ ਕਈ ਕਵੀਆਂ ਨੇ
ਕੀਤਾ ਹੈ ਪਰ ਲੰਿਗ ਬਰਾਬਰਤਾ ਦੀ ਸੋਚ ਦਾ ਧਾਰਨੀ ਮਾਣਕ ਅਜਿਹਾ ਵਿਲੱਖਣ ਕਵੀ ਹੈ ਜੋ ਨੌਜਵਾਨਾਂ ਦੇ ਨਾਲ-ਨਾਲ ਮੁਟਿਆਰਾਂ ਦੇ ਬੇਖ਼ੌਫ਼ ਅਤੇ
ਬੇਪਰਵਾਹ ਸੁਭਾਅ ਦੀ ਸਿਫ਼ਤ ਕਰਦਾ ਹੈ। ਉਸ ਅਨੁਸਾਰ ਪੰਜਾਬੀ ਮੁਟਿਆਰਾਂ ਰੋਅਬ ਦਿਖਾਉਣ ਵਾਲੇ ਇਨਸਾਨ ਨੂੰ ਬਿਲਕੁਲ ਨਹੀਂ ਬਖ਼ਸ਼ਦੀਆਂ
ਜਦ ਕਿ ਪਿਆਰ ਨਾਲ ਉਹ ਆਪਣੀ ਜਾਨ ਵੀ ਕੁਰਬਾਨ ਕਰਨ ਲਈ ਤਿਆਰ ਹੋ ਜਾਂਦੀਆਂ ਹਨ। ਮਾਣਕ ਪੰਜਾਬ ਦੀਆਂ ਮੁਟਿਆਰਾਂ ਦੇ ਅਣਖੀ
ਸੁਭਾਅ ਦੀ ਸਿਫ਼ਤ ਕਰਦਾ ਆਖਦਾ ਹੈ:
ਧੀਆਂ ਦਾ ਕਹਿਣਾ ਹੈ ਕੀ
ਭਰ ਜੋਬਨ ਮੁਟਿਆਰਾਂ
ਬੇਖੌਫ਼ ਤੇ ਹੋ ਬੇਪਰਵਾਹ
ਵਾਰ ਜਾਂਦੀਆਂ ਜਿੰਦ
ਵਿੱਚ ਪਿਆਰਾਂ
ਪਰ ਧੌਂਸ ਨਹੀਂ ਝੱਲਦੀਆਂ
ਚੁੱਕ ਕਟਾਰਾਂ
ਆਣ ਮੈਦਾਨ ਨੇ ਮੱਲਦੀਆਂ ( 11)
ਪੰਜਾਬ ਦੀ ਧਰਤੀ ਜਿੱਥੇ ਪੀਰਾਂ, ਫਕੀਰਾਂ, ਸਾਧਕਾਂ ਅਤੇ ਸੂਰਮਿਆਂ ਦੀ ਭੂਮੀ ਹੈ, ਉੱਥੇ ਇਸ ਧਰਤੀ ਉੱਤੇ ਇਸ਼ਕ ਹਕੀਕੀ ਦੇ ਰਾਹ
ਉੱਤੇ ਚੱਲਣ ਵਾਲੇ ਅਨੇਕਾਂ ਆਸ਼ਕ ਵੀ ਪੈਦਾ ਹੋਏ ਹਨ ਜੋ ਆਪਣੇ ਪ੍ਰੇਮੀ/ਪ੍ਰੇਮਿਕਾ ਨੂੰ ਰੱਬ ਦਾ ਹੀ ਦੂਜਾ ਰੂਪ ਮੰਨਦੇ ਸਨ। ‘ਝਨਾਂ’ ਕਵਿਤਾ ਵਿੱਚ ਕਵੀ
ਨੇ ਝਨਾਂ ਦਰਿਆ ਨੂੰ ਇਸ਼ਕ ਰੂਪੀ ਦਰਗਾਹ ਦਾ ਖ਼ਿਤਾਬ ਦਿੱਤਾ ਹੈ ਜੋ ਪ੍ਰੀਤ ਨਾਇਕਾ ਸੋਹਣੀ ਦੇ ਧੁਰ ਹਿਰਦੇ ਤੱਕ ਵਾਸ ਕਰਦਾ ਹੈ ਅਤੇ ਇਹ ਦਰਿਆ
ਰਾਂਝੇ ਦੀ ਵੰਝਲੀ ਦੀ ਹੂਕ ਸੁਣ ਕੇ ਖੁਸ਼ ਹੁੰਦਾ ਹੈ ਭਾਵ ਸੱਚੇ ਆਸ਼ਕਾਂ ਦੀ ਪ੍ਰੇਮ ਭਾਵਨਾ ਤੋਂ ਕੁਦਰਤੀ ਸੋਮੇ (ਦਰਿਆ) ਵੀ ਬਲਿਹਾਰੇ ਜਾਂਦੇ ਹਨ।
ਝਨਾਂ ਸੋਹਣੀ ਦੇ
ਵਿੱਚ ਸੀਨੇ ਵਸਦਾ
ਹੂਕ ਵੰਝਲੀ ਦੀ ‘ਤੇ
ਉੱਠ-ਉੱਠ ਨੱਚਦਾ (12 )
ਇਨ੍ਹਾਂ ਸੱਚੇ ਆਸ਼ਕਾਂ ਦੇ ਮਿਲਾਪ ਦੀਆਂ ਰਾਹਾਂ ਵਿੱਚ ਸਮਾਜ ਵੱਲੋਂ ਅਨੇਕਾਂ ਰੁਕਾਵਟਾਂ ਪਾਈਆਂ ਗਈਆਂ। ਉਨ੍ਹਾਂ ਉੱਪਰ ਅਨੇਕਾਂ ਜਫ਼ਰ ਜਾਲੇ
ਗਏ। ਹਰ ਆਸ਼ਕ ਨੂੰ ਆਪਣੇ ਪ੍ਰੇਮ ਪਾਤਰ ਦੇ ਵਿਛੋੜੇ ਦਾ ਦੁੱਖ ਸਹਿਣ ਕਰਨਾ ਪਿਆ। ਇਸ ਵਿੱਚ ਕੋਈ ਅਤਿਕਥਨੀ ਨਹੀਂ ਕਿ ਵਿਛੋੜੇ ਦਾ ਦਰਦ
ਸਹਿਣ ਕਰਨ ਵਾਲੇ ਮਨੁੱਖ ਨੂੰ ਪਰਮਾਤਮਾ ਦੀ ਨੇੜਤਾ ਹਾਸਲ ਹੁੰਦੀ ਹੈ। ਇਸੇ ਲਈ ਹੀ ਤਾਂ ਆਧੁਨਿਕ ਕਵੀ ਸ਼ਿਵ ਕੁਮਾਰ ਬਟਾਲਵੀ ਵੀ ‘ਸਾਡੇ ਇਸ
ਬਿਰਹਾ ਦੇ ਨਾਮ ਤੋਂ, ਕੋਟ ਜਨਮ ਕੁਰਬਾਨ’ ਅਨੁਸਾਰ ਬਿਰਹਾ ਤੋਂ ਆਪਣੇ ਕਰੋੜਾਂ ਜਨਮ ਵਾਰਨ ਲਈ ਤਿਆਰ ਹੈ। ਆਦਿ ਕਾਲ ਦੇ ਬਾਣੀਕਾਰ
ਬਾਬਾ ਫਰੀਦ ਜੀ ਬਿਰਹਾ ਨੂੰ ‘ਸੁਲਤਾਨ’ ਦਾ ਦਰਜਾ ਦਿੰਦੇ ਆਖਦੇ ਹਨ:
‘ਬਿਰਹਾ ਬਿਰਹਾ ਆਖੀਐ ਬਿਰਹਾ ਤੂ ਸੁਲਤਾਨੁ॥
ਫਰੀਦਾ ਜਿਤੁ ਤਨਿ ਬਿਰਹੁ ਨ ਊਪਜੈ ਸੋ ਤਨੁ ਜਾਣੁ ਮਸਾਨ॥ (13)

5
ਪਰ ਮਾਣਕ ਨੇ ਬਿਰਹਾ ਦਾ ਦਰਦ ਸਹਿੰਦੇ ਪ੍ਰੇਮ ਪਾਤਰ ਨੂੰ ਉਦਾਸ ਨਾ ਹੋਣ ਅਤੇ ਸਮਾਂ ਨਾ ਬਰਬਾਦ ਕਰਨ ਲਈ ਆਪਣੀ
ਕਵਿਤਾ ‘ਬਿਆਸ’ ਵਿੱਚ ਪ੍ਰੇਰਿਤ ਕੀਤਾ ਹੈ। ਕਵੀ ਨੇ ਰਾਵੀ ਨੂੰ ਮੁਟਿਆਰ ਅਤੇ ਬਿਆਸ ਨੂੰ ਗੱਭਰੂ ਦੇ ਰੂਪ ਵਜੋਂ ਸਿਰਜ ਕੇ ਰਾਵੀ ਰੂਪੀ ਮੁਟਿਆਰ ਦੇ
ਵਿਛੋੜੇ ਵਿੱਚ ਬਿਆਸ ਰੂਪੀ ਗੱਭਰੂ ਦੀ ਬਿਰਹਾ ਭਰਪੂਰ ਅਵਸਥਾ ਦਾ ਜ਼ਿਕਰ ਬੜੇ ਹੀ ਦਿਲਚਸਪ ਅੰਦਾਜ਼ ਵਿੱਚ ਕੀਤਾ ਹੈ ਅਤੇ ਨਾਲ ਹੀ ਰਾਵੀ
ਬਿਆਸ ਨੂੰ ਵਿਯੋਗ ਦੇ ਦਰਦ ਵਿੱਚ ਨਾ ਝੂਰਣ ਲਈ ਪ੍ਰੇਰਦੀ ਹੈ ਪਰ ਆਪ ਖ਼ੁਦ ਰਾਵੀ ਵਿਛੋੜੇ ਦੇ ਦੁੱਖ ਵਿੱਚ ਝੂਰਦੀ ਹੈ:
ਵਾਂਗ ਰਾਵੀ ਦੇ
ਅੰਬਰ ਛੋਹੀਦਾ
ਕਹਿ ਕੇ
ਉਹ ਤੁਰ ਗਈ ਸੀ
ਪਰ ਵਿੱਚ ਵਿਛੋੜੇ
ਝੁਰ ਰਹੀ ਦੀ (14)
ਸੋ ਆਪਣੇ ਪ੍ਰੇਮ ਪਾਤਰ ਤੋਂ ਦੂਰ ਰਹਿ ਕੇ ਵੀ ਉਸ ਦੇ ਸੁੱਖੀ ਰਹਿਣ ਦੀ ਕਾਮਨਾ ਕਰਨੀ ਹੀ ਸੱਚੀ ਮੁਹੱਬਤ ਹੈ।
ਕਵੀ ਨੂੰ ਖ਼ੁਦਗਰਜ਼ੀ ਭਰੇ ਇਸ ਜ਼ਮਾਨੇ ਵਿਚ ਜਵਾਨ ਪੁੱਤਰਾਂ ਵੱਲੋ ਆਪਣੇ ਬਜ਼ੁਰਗ ਮਾਪਿਆਂ ਪ੍ਰਤੀ ਅਖ਼ਤਿਆਰ ਕੀਤੀ ਬੇਗਾਨਗੀ,
ਬੇਰੁਖ਼ੀ ਦੇ ਭਾਵ ਦੁੱਖੀ ਕਰਦੇ ਹਨ। ਇਹੀ ਕਾਰਨ ਹੈ ਕਿ ਉਹ ਬੱਚਿਆਂ ਵੱਲੋਂ ਬਜ਼ੁਰਗਾਂ ਦੇ ਤ੍ਰਿਸਕਾਰੇ ਜਾਣ ਦੀ ਪੇਸ਼ਕਾਰੀ ਆਪਣੀ ‘ਗੁੱਝੀਆ ਪੀੜਾਂ
(ਨਦੀ)’ ਨਾਮ ਦੀ ਕਵਿਤਾ ਵਿਚ ਬਾਖ਼ੂਬੀ ਕਰ ਸਕਿਆ ਹੈ। ਪੁੱਤ ਜਦੋਂ ਜਵਾਨ ਹੋ ਕੇ ਤਰੱਕੀ ਕਰ ਲੈਂਦਾ ਹੈ ਤਾਂ ਉਹ ਸਿਰਫ ਮੁਨਾਫ਼ਿਆਂ ਬਾਰੇ ਹੀ
ਸੋਚਣ ਕਰਕੇ ਆਂਪਣੇ ਮਾਪਿਆਂ ਦੇ ਇਕੱਲੇਪਨ ਦੀ ਪੀੜ ਨੂੰ ਨਹੀਂ ਸਮਝਦਾ। ਮਾਪਿਆਂ ਦੀ ਅਜਿਹੀ ਤ੍ਰਾਸਦਿਕ ਹਾਲਤ ਦਾ ਯਥਾਰਯਕ ਬਿਆਨ ਕਵੀ
ਇੱਕ ਮਾਂ ਦੇ ਮੂੰਹੋਂ ਕਰਵਾਉਂਦਾ ਹੈ:
ਮਾਂ ਤੇਰੇ ਲਈ
ਹੋ ਗਈ ਬੇਗਾਨੀ
ਵਾਂਗ ਓਪਰਿਆਂ ਦੇ
ਵਰਤਾਓ ਵੇਖ ਕੇ
ਮੈਂ ਤਾਂ
ਦੰਗ ਰਹਿ ਗਈ।
———-
ਮੁਨਾਫਿਆਂ ਭਰੀ ਇਹ
ਤੇਰੀ ਤਰੱਕੀ
ਪੀੜ ਮੇਰੀ ਨੂੰ
ਸਮਝ ਨਹੀਂ ਸਕੀ (15)
ਕਵਿਤਾ ਦੇ ਆਖਿਰ ਵਿਚ ਕਵੀ ਮਾਪਿਆਂ ਨੂੰ ਸਭਿਅਤਾ ਦੇ ਬਰਾਬਰ ਸਤਿਕਾਰ ਦਿੰਦਾ ਹੈ। ਉਸ ਅਨੁਸਾਰ ਜੋ ਜੜ੍ਹ ਰੂਪੀ ਮਾਪਿਆਂ ਦਾ ਖ਼ਿਆਲ
ਨਹੀਂ ਰੱਖਦਾ ਉੁਨ੍ਹਾਂ ਦੇ ਪੱਲੇ ਕੁੱਝ ਨਹੀਂ ਰਹਿੰਦਾ। ਅਜਿਹੇ ਲੋਕਾਂ ਦਾ ਅੰਤ ਬੜਾ ਦਰਦਨਾਕ ਹੁੰਦਾ ਹੈ।
ਮਾਪੇ ਹੁੰਦੇ ਨੇ
ਇੱਕ ਪੂਰੀ ਸਭਿਅਤਾ

6
ਇਨ੍ਹਾਂ ਦੀ
ਜੋ ਸੰਭਾਲ ਨਹੀਂ ਕਰਦਾ
ਉੱਜੜ ਜਾਂਦੈ
ਆਖਰ ਨੂੰ ਇਕ ਦਿਨ। (16)
‘ਬੁੱਢੇ ਵਾਰੇ’ ਕਵਿਤਾ ਵਿਚ ਪੋਤੇ ਵੱਲੋਂ ਬੁਢਾਪੇ ਵਿੱਚ ਆਪਣੀ ਦਾਦੀ ਦੇ ਮਰਨ ਉਪਰੰਤ ਆਪਣੇ ਦਾਦੇ ਦੇ ਇੱਕਲੇਪਨ ਦੇ ਦੁੱਖ ਭਰੇ ਜਜ਼ਬਾਤਾਂ
ਨੂੰ ਮਹਿਸੂਸ ਕਰਨ ਦੀ ਪੇਸ਼ਕਾਰੀ ਕੀਤੀ ਗਈ ਹੈ। ਬੁਢਾਪੇ ਵਿਚ ਦਾਦੇ ਨੂੰ ਆਪਣੇ ਬੱਚਿਆਂ ਨਾਲ ਲਡਾਏ ਲਾਡ ਪਲ-ਪਲ ਚੇਤੇ ਆਉਂਦੇ ਹਨ ਪਰ
ਜਦੋਂ ਉਸ ਨੂੰ ਪੁੱਤਾਂ ਵੱਲੋਂ ਕੋਈ ਸਹਾਰਾ ਨਹੀਂ ਮਿਲਦਾ ਤਾਂ ਉਸ ਅੰਦਰ ਵੇਦਨਾ ਦੀਆਂ ਅਸਹਿ ਲਹਿਰਾਂ ਉੱਠਦੀਆਂ ਹਨ:
ਸੋਚਦਾ ਹੋਉ
ਬਣਨਗੇ ਸਹਾਰਾ
ਮਾੜੇ ਪਲਾਂ ਦੇ ਅੰਦਰ
ਯਾਦ ਕਰ ਬਾਬੇ ਦਾ
ਧੁੱਖ ਉੱਠਦਾ ਅੰਦਰ (17)
ਪਰ ਪੋਤੇ ਦਾ ਦਾਦੇ ਪ੍ਰਤੀ ਪਿਆਰ ਉਸ ਨੂੰ ਜੀਣ ਦੀ ਆਸ ਬੰਨ੍ਹਾਉਂਦਾ ਹੈ:
ਪੋਤਾ ਦੁਲਾਰਾ
ਬੜਾ ਪਿਆਰਾ
ਮੇਰੀ ਬਾਤ ਦਾ ਭਰੇ ਹੁੰਗਾਰਾ। (18 )
‘ਵਹਿਣ’ ਕਵਿਤਾ ਵਿਚ ਕਵੀ ਪੰਜਾਬ ਦੇ ਪੁੱਤਾਂ ਦੇ ਮਜ਼ਬੂਰੀ ਵੱਸ ਪਰਵਾਸ ਧਾਰਨ ਕਰਨ ਕਾਰਨ ਪਿੰਡਾਂ ਦੇ ਉਜੜ ਜਾਣ ਪ੍ਰਤੀ
ਜਿੱਥੇ ਫ਼ਿਕਰਮੰਦ ਹੈ, ਉੱਥੇ ਮਾਣਕ ਪੁੱਤ ਦੇ ਵਿਦੇਸ਼ ਜਾਣ ਮਗਰੋਂ ਮਾਪਿਆਂ ਦੀ ਦੁਖਾਂਤਕ ਅਵਸਥਾ ਦਾ ਬਿਆਨ ਵੀ ਬੜੇ ਪ੍ਰਭਾਵਸ਼ਾਲੀ ਢੰਗ ਨਾਲ
ਕਰ ਸਕਿਆ ਹੈ। ਪੰਜਾਬੀ ਸਭਿਆਚਾਰ ਉੱਪਰ ਵਿਦੇਸ਼ੀ ਸਭਿਆਚਾਰ ਦਾ ਪ੍ਰਭਾਵ ਮਾਣਕ ਨੂੰ ਤੜਫ਼ਾਉਂਦਾ ਹੈ।
ਕਿੱਧਰ ਤੁਰ ਗਏ
ਘਰਾਂ ਦੇ ਵਾਰਸ
ਵੇਚਣ ਤੁਰ ਗਏ
ਜਿਉਂ ਵਿਰਾਸਤ (19)
‘ਦਰਿਆਵਾਂ ਦੀ ਬੁੱਕਲ’ ਕਵਿਤਾ ਵਿੱਚ ਕਵੀ ਨੇ ਪਾਣੀ ਦੀ ਵਾਰੀ ਲਈ ਪਿੰਡਾਂ ਵਿੱਚ ਹੁੰਦੇ ਲੜਾਈ-ਝਗੜੇ ਉੱਤੇ ਧਿਆਨ ਦਵਾਇਆ ਹੈ ਕਿ
ਕਿਵੇਂ ਵੱਸਦੇ ਘਰਾਂ ਦੇ ਚਿਰਾਗ਼ ਇਨ੍ਹਾਂ ਲੜਾਈਆਂ ਵਿਚ ਮਾਰੇ ਜਾਂਦੇ ਹਨ ਪਰੰਤੂ ਅਦਾਲਤ ਦਾ ਦਰਵਾਜ਼ਾ ਖੜਕਾਉਣ ਦੇ ਬਾਵਜੂਦ ਵੀ ਮਰਨ ਵਾਲੇ ਦੇ
ਪਰਿਵਾਰ ਨੂੰ ਇਨਸਾਫ਼ ਨਹੀਂ ਮਿਲਦਾ। ਇਸ ਸੰਬੰਧੀ ਮਾਣਕ ਆਖਦਾ ਹੈ:
ਇਨਸਾਫ ਦੀ ਝਾਕ ਵਿੱਚ
ਉੜਦੀ ਜਿਹੀ ਰਾਖ਼ ਵਿੱਚ

7
ਕੀ ਹੱਥ ਆਉਣਾ ਸੀ। (20)
ਮਾਣਕ ਤੋਂ ਪਹਿਲਾ ਸਿਰਮੌਰ ਕਵੀ ਸੁਰਜੀਤ ਪਾਤਰ ਨੇ ਵੀ ਆਪਣੀ ਕਵਿਤਾ ‘ਕੁਛ ਕਿਹਾ ਤਾਂ—’ ਵਿੱਚ ਅਦਾਲਤਾਂ ਵੱਲੋਂ
ਬੰਦਿਆਂ ਨੂੰ ਇਨਸਾਫ਼ ਨਾ ਮਿਲਣ ਦੇ ਦੁਖਾਂਤ ਦੀ ਪੇਸ਼ਕਾਰੀ ਬੜੇ ਹੀ ਯਥਾਰਥਕ ਢੰਗ ਨਾਲ ਕੀਤੀ ਹੈ:
ਇਸ ਅਦਾਲਤ ‘ਚ ਬੰਦੇ ਬਿਰਖ ਹੋ ਗਏ
ਫ਼ੈਸਲੇ ਸੁਣਦਿਆਂ ਸੁਣਦਿਆਂ ਸੁਕ ਗਏ
ਆਖੋ ਏਨ੍ਹਾਂ ਨੂੰ ਉਜੜੇ ਘਰੀਂ ਜਾਣ ਹੁਣ
ਇਹ ਕਦੋਂ ਤੀਕ ਏਥੇ ਖੜੇ ਰਹਿਣਗੇ। (21)
ਅਸਲ ਵਿੱਚ ਮਹਾਨ ਕਵੀ ਉਹੀ ਹੈ ਜੋ ਜਨਤਾ ਨੂੰ ਆਪਣੀ ਮੰਜ਼ਿਲ ਵੱਲ ਨਿਰੰਤਰ ਵੱਧਣ ਲਈ ਪ੍ਰੇਰਿਤ ਕਰਦਾ ਹੈ। ਸਮੇਂ-ਸਮੇਂ ਉੱਤੇ ਵੱਖ-ਵੱਖ
ਕਵੀਆਂ ਨੇ ਆਪਣੇ-ਆਪਣੇ ਦ੍ਰਿਸ਼ਟੀਕੌਣ ਅਨੁਸਾਰ ਮਨੱਖ ਨੂੰ ਨਿਰੰਤਰ ਕਰਮਸ਼ੀਲ ਰਹਿਣ ਲਈ ਪ੍ਰੇਰਿਤ ਕੀਤਾ ਹੈ। ‘ਪੰਜ-ਆਬ’ ਕਵਿਤਾ ਵਿਚ
ਕਵੀ ਦਰਿਆ ਦੇ ਮਾਨਵੀਕਰਨ ਰਾਹੀਂ ਹਰ ਸਥਿਤੀ ਵਿਚ ਮਨੁੱਖ ਨੂੰ ਆਜ਼ਾਦੀ, ਅਣਖ ਨਾਲ ਖ਼ੁਸ਼ਹਾਲ ਜ਼ਿੰਦਗੀ ਜੀਉਣ ਲਈ ਆਖਦਾ
ਹੋਇਆ ਸਭ ਕੁਝ ਖ਼ਤਮ ਹੋਣ ਦੇ ਬਾਵਜੂਦ ਵੀ ਦੁਬਾਰਾ ਤੋਂ ਉੱਠਣ ਲਈ ਪ੍ਰੇਰਿਤ ਕਰਦਾ ਹੈ।
ਅਸੀਂ ਤਾਂ ਦਰਿਆ ਹਾਂ
ਜੋ ਸਦਾ ਤੋਂ ਹੀ ਵਹਿੰਦੇ
ਗੈਰਤ-ਜ਼ੁਅਰਤ ਨੇ ਅੰਦਰ ਸਮੋਏ
ਤਾਹੀਓਂ ਤਾਂ
ਵੱਢੇ-ਟੁੱਕੇ
ਮਰੇ ਮੁੱਕੇ ਵੀ ਹਾਂ
ਉੱਠ ਖਲੋਏ। (22)
ਸੋ ਕਵੀ ਨੇ ਮਨੁੱਖ ਨੂੰ ਅਡੋਲ ਅਵਸਥਾ ਵਿਚ ਰਹਿ ਕੇ ਆਪਣੇ ਲਕਸ਼ ਵੱਲ ਵੱਧਣ ਲਈ ਪ੍ਰੇਰਿਤ ਕੀਤਾ ਹੈ। ਭਾਈ ਵੀਰ ਸਿੰਘ ਦੀ
ਵਿਚਾਰਧਾਰਾ ‘ਜੁਗਾਂ ਤੋਂ ਤੂੰ ਆਵੇਂ ਜਾਵੇਂ, ਤਿੱਖਾ ਤਿੱਖਾ ਟੁਰਿਆ ਜਾਵੇਂ’ (23) ਦਾ ਸਮਰਥਨ ਕਵੀ ਆਪਣੀ ਕਵਿਤਾ ‘ਝਨਾ’ ਵਿੱਚ ਕਰਦਾ
ਆਖਦਾ ਹੈ:
ਆਪਣੇ ਵਹਿਣ ‘ਚ
ਵਹਿੰਦਾ ਜਾਵੇ।
ਸਭਨਾ ਦਾ ਹੈ ਖ਼ੈਰ ਖਵਾਹ
ਦਿਨ ਰਾਤ ਪਿਆ ਵਗੇ ਝਨਾਂ (24 )
‘ਦਰਿਆ ਨੇ ਤਾਂ ਵਹਿਣਾ ਹੁੰਦਾ ਹੈ’ ਕਵਿਤਾ ਵਿਚ ਕਵੀ ਮਨੁੱਖ ਨੂੰ ਲਗਾਤਾਰ ਕਰਮਸ਼ੀਲ ਰਹਿਣ ਲਈ ਆਖਦਾ ਹੈ ਕਿਉਂਕਿ ਰੁਕਣਾ
ਮੌਤ ਸਮਾਨ ਹੈ ਅਤੇ ਚੱਲਣਾ ਜ਼ਿੰਦਗੀ ਹੈ
ਅਟਕਾਅ ਤੇ

8
ਨਾ ਕੋਈ ਪੜਾਅ
ਵਗਦੇ ਇੱਕੋ ਸਾਹ
ਰੁਕਣ ਦਾ ਨਾ ਕੋਈ ਨਾਂ (25)
‘ਪੰਜ-ਆਬ’ ਅਤੇ ‘ਵਿਰਾਸਤਾਂ’ ਦੀ ਵਹਿੰਗੀ ਕਵਿਤਾ ਵਿੱਚ ਕਵੀ ਨੇ ਦਰਿਆਵਾਂ ਦੇ ਰਸਤੇ ਆਈਆਂ ਬੇਅੰਤ ਮੁਸੀਬਤਾਂ ਦੀ ਪੇਸ਼ਕਾਰੀ ਬੜੇ
ਭਾਵਾਤਮਕ ਢੰਗ ਨਾਲ ਕੀਤੀ ਹੈ। ਦਰਿਆਵਾਂ ਵੱਲੋਂ ਆਪਣੇ ਰਾਹ ਵਿੱਚ ਆਈਆਂ ਸਾਰੀਆਂ ਰੁਕਾਵਟਾਂ ਨੂੰ ਪਾਰ ਕਰ ਕੇ ਲਗਾਤਾਰ ਅੱਗੇ ਵੱਧਣ ਦਾ
ਸਿਲਸਿਲਾ ਜਾਰੀ ਰਹਿੰਦਾ ਹੈ, ਜਿਸ ‘ਤੇ ਸਮਾਂ ਵੀ ਬਹੁਤ ਹੈਰਾਨ ਹੁੰਦਾ ਹੈ
ਸਮਾਂ ਵੇਖਦਾ
ਆਪਣੇ ਆਪ ਨੂੰ ਮੇਚਦਾ
ਰਹਿ ਜਾਂਦਾ ਹੈ
————
ਕਦੇ ਵੀ ਨਾਪ ਨਹੀਂ ਹੁੰਦੇ
ਬੜਾ ਹੌਸਲਾ ਰੱਖਦੇ ਨੇ
ਇਹ ਪਰਬਤ ਅਤੇ ਮੈਦਾਨ
ਤਾਂ ਹੀ ਤਾਂ
ਵਗਦੇ ਰਹਿੰਦੇ ਨੇ ਦਰਿਆ
ਭਾਵੇਂ ਕਿੰਨਾ ਵੀ ਹੋਵੇ ਖਿੰਡਾਅ (26)
ਸੋ ਮਾਣਕ ਨੇ ਮਨੁੱਖ ਨੂੰ ਪਰਬਤ ਅਤੇ ਮੈਦਾਨ ਜਿੱਡਾ ਹੌਂਸਲਾ ਰੱਖਣ ਅਤੇ ਖਿੰਡਾਅ ਦੇ ਪਲਾਂ ਵਿੱਚ ਵੀ ਸਮੇਂ ਦੇ ਕਾਲ ਚੱਕਰ ਨੂੰ
ਪਾਰ ਕਰਨ ਦੀ ਹੱਲਾਸ਼ੇਰੀ ਦਿੰਦਾ ਆਖਦਾ ਹੈ ਕਿ ਮਨੁੱਖ ਨੂੰ ਜ਼ਿੰਦਗੀ ਵਿਚ ਮਿਲੇ ਦੁੱਖ, ਸੰਕਟ, ਸਮੱਸਿਆਵਾਂ ਤੋਂ ਘਬਰਾਉਣਾ ਨਹੀਂ
ਚਾਹੀਦਾ, ਸਗੋਂ ਨਿਡਰਤਾ ਨਾਲ ਇਸ ਦਾ ਸਾਹਮਣਾ ਕਰਨਾ ਚਾਹੀਦਾ ਹੈ,ਕਿਉਂਕਿ ਦੁੱਖ ਹੀ ਮਨੁੱਖ ਨੂੰ ਜ਼ਿੰਦਗੀ ਦੇ ਗੂੜ੍ਹ ਭੇਤਾਂ ਤੋਂ ਜਾਣੂ ਕਰਵਾ ਕੇ
ਸਾਡੇ ਅਨੁਭਵ ਅਤੇ ਸਾਡੀ ਸੰਵੇਦਨਾ ਨੂੰ ਤਰਾਸ਼ਦੇ ਹਨ।
‘ ਲੰਮਾ ਰਸਤਾ-ਇੱਕ ਬਿਆਨ’ ਕਵਿਤਾ ਵਿੱਚ ਕਵੀ ਗੌਣ ਰੂਪ ਵਿੱਚ ਬਾਬਾ ਫਰੀਦ ਜੀ ਦੇ ਸਲੋਕ ‘ਸੇਖ ਹੈਯਾਤੀ ਜਗਿ ਨ ਕੋਈ ਥਿਰੁ
ਰਹਿਆ॥ ਜਿਸੁ ਆਸਣਿ ਹਮ ਬੈਠੇ ਕੇਤੇ ਬੈਸਿ ਗਇਆ॥ (27) ਅਨੁਸਾਰ ਦੁਨੀਆ ਦੀ ਨਾਸ਼ਮਾਨਤਾ ਨੂੰ ਨਵੇਕਲੇ ਅੰਦਾਜ਼ ਵਿੱਚ ਬਿਆਨ
ਕਰਦਾ ਹੈ:
ਕਈਆਂ ਤਾਜ ਤਖ਼ਤ ਲਈ
ਬੜੇ ਲੋਕਾਂ ਦੇ ਰੱਤ ਪੀਤੇ
ਤੇ ਖੁਨ ਵਹਾਏ
ਆਖਰ ਨੂੰ
ਨਾ ਉਹ ਵੀ ਬਚ ਪਾਏ। (28)
ਪੰਜਾਬ ਦੀ ਧਰਤੀ ਉਹ ਧਰਤੀ ਹੈ ਜਿੱਥੇ ਵੱਡੇ-ਵੱਡੇ ਧਾਰਮਿਕ ਗ੍ਰੰਥ ਰਚਨ ਵਾਲੇ ਰਿਸ਼ੀ ਮੁਨੀ ਅਤੇ ਮਹਾਨ ਸੂਰਮੇ ਪੈਦਾ ਹੋਏ ਹਨ। ਪੰਜਾਬੀਆਂ
ਨੂੰ ਨਿੱਤ ਮੁਹਿੰਮਾਂ ਦੇ ਅਖਾਣ ਅਨੁਸਾਰ ਪ੍ਰਾਚੀਨ ਕਾਲ ਤੋਂ ਹੀ ਬਾਹਰੀ ਹਮਲਾਵਰਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਹਰ ਵਿਦੇਸ਼ੀ ਹਮਲਾਵਰ ਦਿੱਲੀ
ਉੱਤੇ ਹਮਲਾ ਕਰਨ ਲਈ ਪਹਿਲਾ ਪੰਜਾਬ ਉੱਤੇ ਹਮਲਾ ਕਰਦਾ ਸੀ ਕਿਉਂਕਿ ਦਿੱਲੀ ਜਾਣ ਲਈ ਹਮਲਾਵਰਾਂ ਨੂੰ ਪੰਜਾਬ ਦੇ ਰਸਤਿਓਂ ਹੀ ਲੰਘਣਾ

9
ਪੈਂਦਾ ਸੀ। ਸੋ ਵਿਦੇਸ਼ੀ ਹਮਲਾਵਰਾਂ ਦੇ ਹਮਲਿਆਂ ਨੂੰ ਰੋਕਣ ਲਈ ਪੰਜਾਬੀ ਯੋਧਿਆਂ ਨੇ ਹਮਲਾਵਰਾਂ ਨਾਲ ਯੁੱਧ ਲੜ ਕੇ ਸਮੇਂ-ਸਮੇਂ ਉੱਤੇ ਉਨ੍ਹਾਂ ਦੇ ਦੰਦ
ਖੱਟੇ ਕੀਤੇ, ਜਿਸ ਕਾਰਨ ਇੱਥੇ ਅਣਗਿਣਤ ਯੋਧੇ ਪੈਦਾ ਹੋਏ। ਇਹੀ ਕਾਰਨ ਹੈ ਕਿ ਪੰਜਾਬ ਦੀ ਧਰਤੀ ਨੂੰ ਮੁੱਢ ਤੋਂ ਹੀ ‘ਯੋਧਿਆਂ ਦੀ ਧਰਤੀ’ ਹੋਣ ਦਾ
ਮਾਣ ਹਾਸਲ ਹੈ।
ਇਹ ਧਰਤੀ ਹੈ
ਜੰਮਦੀ ਸੂਰੇ
ਜੋ ਲੈਂਦਾ ਟੱਕਰ
ਆਖਰ ਝੂਰੇ
ਭੱਜਣ ਲਈ
ਨਾਂ ਲੱਭੇ ਰਾਹ (29)
ਵਿਸ਼ਵੀਕਰਨ ਦੇ ਇਸ ਦੌਰ ਵਿਚ ਸੁੱਖ ਸਹੂਲਤਾਂ ਦੀ ਬਹੁਤਾਤ ਦੇ ਬਾਵਜੂਦ ਸਾਡੀ ਸੋਚ ਪਦਾਰਥਵਾਦੀ ਬਣ ਚੁੱਕੀ ਹੈ ਜਿਸ ਕਾਰਨ ਸਾਡੇ
ਅੰਦਰੋਂ ਨੈਤਿਕ ਕਦਰਾਂ-ਕੀਮਤਾਂ ਅਲੋਪ ਹੋ ਚੁੱਕੀਆਂ ਹਨ। ਇੱਥੋਂ ਤੱਕ ਕਿ ਆਪਣੇ ਹਿੱਤ ਲਈ ਅਸੀਂ ਦੂਜੇ ਦਾ ਨੁਕਸਾਨ ਕਰਨ ਤੋਂ ਵੀ ਗੁਰੇਜ਼ ਨਹੀਂ
ਕਰਦੇ। ਲਾਲਚ ਦੀ ਹਵਸ ਦਾ ਸ਼ਿਕਾਰ ਹੋਇਆ ਆਧੁਨਿਕ ਮਨੁੱਖ ਤਰੱਕੀ ਹਾਸਲ ਕਰਕੇ ਵੀ ਅੰਦਰੋਂ-ਅੰਦਰੀ ਊਣਾ ਅਤੇ ਖੰਡਿਤ ਹੋਈ ਜਾ ਰਿਹਾ ਹੈ।
ਇਸ ਦਾ ਇੱਕ ਵੱਡਾ ਕਾਰਨ ਉਸ ਦੀਆਂ ਇੱਛਾਵਾਂ ਦਾ ਵੱਧਦੇ ਜਾਣਾ ਅਤੇ ਮਨ ਦੀ ਤ੍ਰਿਪਤੀ ਦਾ ਨਾ ਹੋਣਾ ਹੈ। ਇਸੇ ਕਾਰਨ ਆਧੁਨਿਕ ਮਨੁੱਖ ਸੰਤਾਪ
ਹੰਢਾ ਰਿਹਾ ਹੈ। ਮਾਣਕ ਦਾ ਕਵੀ ਦਿਲ ਇਸ ਗੱਲ ਤੋਂ ਉਦਾਸ ਹੈ ਕਿ ਤਰੱਕੀ ਨੇ ਪਿੰਡਾਂ ਨੂੰ ਸ਼ਹਿਰ ਵਿਚ ਤਬਦੀਲ ਕਰ ਕੇ ਪਿੰਡਾਂ ਵਾਲੀ ਮੌਜ ਨੂੰ ਖ਼ਤਮ
ਕਰ ਦਿੱਤਾ ਹੈ। ‘ਦਰਿਆਵਾਂ ਦੀ ਬੁੱਕਲ’ ਕਵਿਤਾ ਕਵੀ ਦੇ ਅਜਿਹੇ ਭਾਵਾਂ ਦੀ ਤਰਜ਼ਮਾਨੀ ਕਰਦੀ ਹੈ।ਜਿਵੇ:
ਕਦੇ ਵੱਖਰੀ ਸੀ ਟੌਹਰ ਸਾਡੀ
ਵੱਖਰੀ ਪਛਾਣ ਤੇ ਨਾ ਸੀ
—————–
ਹੁਣ ਤਾਂ
ਆਪਣੇ ਹੀ ਧਰਤੀ ‘ਤੇ
ਲ਼ਗਦੇ ਹਾਂ ਛਾਂਗੇ ਜਿਹੇ
ਰਹਿ ਗਏ ਹਾਂ ਦੂਰ ਕਿਤੇ
ਤਰੱਕੀ ਹੇਠ ਮਾਂਜੇ ਗਏ। (30)
1947 ਦੇ ਹੱਲਿਆਂ ਵੇਲੇ ਹੋਈ ਕਤਲੋਗਾਰਤ ਕਾਰਨ ਮਾਣਕ ਦਾ ਮਨ ਅਕਸਰ ਬੇਚੈਨ ਰਹਿੰਦਾ ਹੈ। ਅੰਮ੍ਰਿਤਾ ਪ੍ਰੀਤਮ ਆਪਣੀ ਕਵਿਤਾ ‘ਆਖਾਂ
ਵਾਰਸ ਸ਼ਾਹ ਨੂੰ!’ ਵਿੱਚ 1947 ਈ. ਵਿੱਚ ਭਾਰਤ-ਪਾਕਿ ਬਣਨ ਮੌਕੇ ਹੋਏ ਫਿਰਕੂ-ਫਸਾਦਾਂ ਕਾਰਨ ਹਿੰਦੂਆਂ, ਸਿੱਖਾਂ ਅਤੇ ਮੁਸਲਮਾਨਾਂ ਦਾ
ਸਦੀਆਂ ਦੀ ਸਾਂਝ ਅਤੇ ਪਿਆਰ ਨੂੰ ਭੁਲਾ ਕੇ ਇੱਕ-ਦੂਜੇ ਦੀ ਮਾਰ-ਵੱਢ ਕਰਨ, ਧੀਆਂ-ਭੈਣਾਂ ਦੀ ਬੇਪੱਤੀ ਕਰਨ ਦੇ ਦੁਖਾਂਤ ਦੀ ‘ਪਲੋ ਪਲੀ
ਪੰਜਾਬ ਦੇ ਨੀਲੇ ਪੈ ਗਏ ਅੰਗ…’ (31) ਆਖ ਕੇ ਕਰੁਣਾਮਈ ਢੰਗ ਨਾਲ ਪੇਸ਼ਕਾਰੀ ਕਰਦੀ ਹੈ, ਉੱਥੇ ਡਾ. ਮਾਣਕ ਵੀ ਆਪਣੀ ਕਵਿਤਾ
‘ਝਨਾ’ ਵਿੱਚ ਅਜਿਹੇ ਹੀ ਭਾਵਾਂ ਦੀ ਤਰਜਮਾਨੀ ਵੇਦਨਾਮਈ ਅਤੇ ਰਵਾਨੀ ਭਰਪੂਰ ਸ਼ਬਦਾਵਲੀ ਵਿੱਚ ਕਰਦਾ ਆਖਦਾ ਹੈ:
ਪੈ ਗਏ ਹੱਲੇ
ਬੱਸ ਹੋ ਗਏ ਝੱਲੇ
ਮਾਰ ਕਾਟ ਸ਼ਿਖਰਾਂ ਨੂੰ ਛੋਹ ਗਈ

10
ਬਦਨਾਂ ਨਾਲ ਦੁਸ਼ਮਣੀ
ਜ਼ਿੰਦਗੀ ਖੋ ਗਈ (32)
‘ਸ਼ੂਕਦੇ ਆਬ ਤੇ ਖ਼ਾਬ’ ਪੁਸਤਕ ਦੇ ਸਮੁੱਚੇ ਵਿਸ਼ਲੇਸ਼ਣ ਮਗਰੋਂ ਅਸੀਂ ਆਖ ਸਕਦੇ ਹਾਂ ਕਿ ਡਾ. ਮੇਹਰ ਮਾਣਕ ਉਹ ਪਹਿਲਾ ਕਵੀ ਹੈ ਜਿਸ
ਦੀ ਸਮੁੱਚੀ ਪੁਸਤਕ ਦਰਿਆਵਾਂ ਦੀ ਹੀ ਗੱਲ ਕਰਦੀ ਹੈ। ਉਸ ਨੇ ਜ਼ਿੰਦਗੀ ਦੇ ਹਰ ਵਿਸ਼ੇ ਦਾ ਨਿਭਾਅ ਦਰਿਆਵਾਂ ਨੂੰ ਚਿਹਨ ਵਜੋਂ ਵਰਤ ਕੇ ਕਰਨ ਦੀ
ਸਫ਼ਲ ਕੋਸ਼ਿਸ ਕੀਤੀ ਹੈੈ ਜਾ ਇੰਝ ਆਖ ਸਕਦੇ ਹਾਂ ਕਿ ਕਵੀ ਵੱਖ-ਵੱਖ ਵਿਿਸ਼ਆਂ ਦਾ ਬਿਆਨ ਦਰਿਆਵਾਂ ਦੀ ਅਦਭੁੱਦ ਮਾਨਵੀਕਰਨ ਵਿਧੀ ਰਾਹੀਂ
ਕਰਨ ਵਿੱਚ ਸਫ਼ਲ ਹੋਇਆ ਹੈ। ਹਰ ਕਵਿਤਾ ਨੂੰ ਪੜ੍ਹ ਕੇ ਸਕੂਨ, ਆਨੰਦ ਮਹਿਸੂਸ ਹੁੰਦਾ ਹੈ। ਮਾਣਕ ਦੀ ਕਵਿਤਾ ਵਿਚਲੀ ਰਵਾਨੀ ਅਤੇ ਪ੍ਰਗੀਤਕਤਾ
ਸ੍ਰੋਤੇ ਨੂੰ ਕੀਲ਼ਦੀ ਹੈ। ਉਸ ਦੀਆਂ ਕਵਿਤਾਵਾਂ ਦੇ ਵਿਸ਼ੇ ਸਮਾਜਿਕ, ਉਦੇਸ਼ਾਤਮਕ ਅਤੇ ਯਥਾਰਥਕ ਹਨ।