Headlines

ਬੀਸੀ ਕੰਸਰਵੇਟਿਵ ਦੀ ਲੋਕਪ੍ਰਿਯਤਾ ਦਰ ਬੀ ਸੀ ਐਨ ਡੀ ਪੀ ਦੇ ਨੇੜੇ ਪੁੱਜੀ

ਬੀ ਸੀ ਯੁਨਾਈਟਡ ਲਗਾਤਾਰ ਗਿਰਾਵਟ ਵੱਲ- ਤਾਜ਼ਾ ਸਰਵੇਖਣ ਵਿਚ ਖੁਲਾਸਾ-

ਵਿਕਟੋਰੀਆ ( ਦੇ ਪ੍ਰ ਬਿ)–ਹੁਣ ਜਦੋਂ ਬ੍ਰਿਟਿਸ਼ ਕੋਲੰਬੀਆ ਵਾਸੀਆਂ ਦੇ ਅਕਤੂਬਰ 2024 ਸੂਬਾ ਆਮ ਚੋਣਾਂ ਲਈ ਚੋਣ ਕੇਂਦਰਾਂ ’ਤੇ ਜਾਣ ਵਿਚ ਸਿਰਫ ਤਿੰਨ ਮਹੀਨੇ ਤੋਂ ਵੀ ਘੱਟ ਸਮਾਂ ਰਹਿੰਦਾ ਹੈ ਤਾਂ ਲਗਦਾ ਹੈ ਕਿ ਬੀਸੀ ਐਨਡੀਪੀ ਅਤੇ ਬੀਸੀ ਵਿਚ ਉਭਰ ਰਹੀ ਕੰਸਰਵੇਟਿਵ ਪਾਰਟੀ ਵਿਚਾਲੇ ਲੋਕਪ੍ਰਿਯਤਾ ਨੂੰ ਲੈਕੇ ਬਰਾਬਰ ਦੀ ਟੱਕਰ ਵਾਲੀ ਸਥਿਤੀ ਬਣ ਗਈ ਹੈ। ਬੀ ਸੀ ਕੰਸਰਵੇਟਿਵ ਨੂੰ ਲੋਕਾਂ ਦਾ ਸਮਰਥਨ ਲਗਾਤਾਰ ਵਧ ਰਿਹਾ ਹੈ ਜਦੋਂਕਿ ਬੀ ਸੀ ਯੂਨਾਈਟਡ ਸਾਬਕਾ ਬੀਸੀ ਲਿਬਰਲ ਪਾਰਟੀ ਦੀ ਲੋਕਪ੍ਰਿਯਤਾ ਵਿਚ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਇਥੋਂ ਤੱਕ ਕਿ ਬੀ ਸੀ ਯੁਨਾਈਟਡ ਦੇ ਮੌਜੂਦਾ ਐਮ ਐਲ ਏ ਪਾਰਟੀ ਛੱਡਕੇ ਬੀ ਸੀ ਕੰਸਰਵੇਟਿਵ ਵਿਚ ਸ਼ਾਮਿਲ ਹੋ ਰਹੇ ਹਨ| ਰਿਸਰਚ ਕੋ ਵਲੋਂ ਜੁਲਾਈ ਵਿਚ ਕੀਤੇ ਸਰਵੇਖਣ ਵਿਚ ਪਾਇਆ ਕਿ ਬੀਸੀ ਦੀ ਕੰਸਰਵੇਟਿਵ ਪਾਰਟੀ ਬੀਸੀ ਦੀ ਰਾਜ ਕਰਦੀ ਪਾਰਟੀ ਐਨਡੀਪੀ ਨਾਲ ਪਿਛਲੇ ਸਮੇਂ ਦੇ ਵੱਡੇ ਫਰਕ ਨੂੰ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਘਟਾਉਣ ਦਾ ਰੁਝਾਨ ਜਾਰੀ ਰੱਖ ਰਹੀ ਹੈ| ਜੇਕਰ ਅੱਜ ਚੋਣ ਹੁੰਦੀ ਹੈ ਤਾਂ ਫੈਸਲਾ ਲੈਣ ਵਾਲੇ ਵੋਟਰਾਂ ਵਿਚੋਂ 41 ਫ਼ੀਸਦੀ ਬੀਸੀ ਐਨਡੀਪੀ ਨੂੰ ਵੋਟ ਦੇਣਗੇ ਜੋ ਜੂਨ 2024 ਵਿਚ ਕੰਪਨੀ ਵਲੋਂ ਕੀਤੇ ਇਸੇ ਤਰ੍ਹਾਂ ਦੇ ਸਰਵੇਖਣ ਦੇ ਮੁਕਾਬਲੇ ਵਿਚ ਇਕ ਫ਼ੀਸਦੀ ਵਧ ਹੈ | ਦੂਸਰੇ ਪਾਸੇ ਬੀਸੀ ਕੰਸਰਵੇਟਿਵ ਪਿਛਲੇ ਮਹੀਨੇ ਦੇ ਸਰਵੇਖਣ ਨਾਲੋਂ ਪੰਜ ਫ਼ੀਸਦੀ ਵਾਧੇ ਨਾਲ ਹੁਣ 38 ਫ਼ੀਸਦੀ ’ਤੇ ਖੜੀ ਹੈ| ਪਿਛਲੇ ਮਹੀਨੇ ਪੰਜ ਫ਼ੀਸਦੀ ਸਮਰਥਨ ਗੁਆਉਣ ਪਿੱਛੋਂ ਬੀਸੀ ਦੀ ਗਰੀਨ ਪਾਰਟੀ ਨੂੰ ਹੁਣ ਫ਼ੈਸਲਾ ਕਰ ਚੁੱਕੇ 10 ਫ਼ੀਸਦੀ ਵੋਟਰਾਂ ਦਾ ਸਮਰਥਨ ਹਾਸਲ ਹੈ ਜਦਕਿ ਬੀਸੀ ਯੂਨਾਈਟਡ ਦਾ ਸਮਰਥਨ 2 ਫ਼ੀਸਦੀ ਘਟ ਕੇ 9 ਫ਼ੀਸਦੀ ਰਹਿ ਗਿਆ ਹੈ| ਮੈਟਰੋ ਵੈਨਕੂਵਰ ਅਤੇ ਵੈਨਕੂਵਰ ਆਈਲੈਂਡ ਵਿਚ ਬੀਸੀ ਐਨਡੀਪੀ ਬੀਸੀ ਕੰਸਰਵੇਟਿਵ ਨਾਲੋਂ ਲਗਪਗ 10 ਫ਼ੀਸਦੀ ਦੇ ਫਰਕ ਨਾਲ ਅਗੇ ਹੈ ਜਦਕਿ ਬੀਸੀ ਕੰਸਰਵੇਟਿਵ ਫ੍ਰੇਜ਼ਰ ਵੈਲੀ ਅਤੇ ਨੌਰਦਰਨ ਬੀਸੀ ਵਿਚ ਲਗਪਗ 20 ਫ਼ੀਸਦੀ ਜਾਂ ਜ਼ਿਆਦਾ ਫਰਕ ਨਾਲ ਬੀਸੀ ਐਨਡੀਪੀ ਨਾਲੋਂ ਅੱਗੇ ਹੈ| ਸਰਵੇਖਣ ਮੁਤਾਬਿਕ ਬੀਸੀ ਐਨਡੀਪੀ 35 ਤੋਂ 45 ਅਤੇ 55 ਅਤੇ ਇਸ ਤੋਂ ਜ਼ਿਆਦਾ ਉਮਰ ਦੀਆਂ ਵੋਟ ਪਾਉਣ ਬਾਰੇ ਫ਼ੈਸਲਾ ਕਰ ਚੁੱਕੀਆਂ ਔਰਤਾਂ ਵਿਚ ਬਹੁਤ ਲੋਕਪ੍ਰਿਯ ਹੈ| ਬੀਸੀ ਕੰਸਰਵੇਟਿਵ 18 ਤੋਂ 34 ਸਾਲ ਦੇ ਮਰਦਾਂ ਤੇ ਫ਼ੈਸਲਾ ਲੈ ਚੁੱਕੇ ਵੋਟਰਾਂ ਵਿਚ ਪਹਿਲੇ ਨੰਬਰ ’ਤੇ ਹੈ| ਹਰੇਕ ਪਾਰਟੀ ਦੇ ਨੇਤਾਵਾਂ ਪ੍ਰਤੀ ਜਨਤਾ ਦੇ ਦ੍ਰਿਸ਼ਟੀਕੋਣ ਦੀ ਜਦੋਂ ਗੱਲ ਆਉਂਦੀ ਹੈ ਤਾਂ ਬੀਸੀ ਐਨਡੀਪੀ ਦੇ ਪ੍ਰੀਮੀਅਰ ਡੇਵਿਡ ਏਬੀ ਨੂੰ 48 ਫ਼ੀਸਦੀ ਵੋਟਰ ਪ੍ਰਵਾਨ ਕਰਦੇ ਹਨ ਅਤੇ ਇਸ ਵਿਚ ਜੂਨ 2024 ਵਿਚ ਕੀਤੇ ਸਰਵੇਖਣ ਦੇ ਮੁਕਾਬਲੇ ਪੰਜ ਫ਼ੀਸਦੀ ਸਮਰਥਨ ਘਟਿਆ ਹੈ ਜਦਕਿ 39 ਫ਼ੀਸਦੀ ਵੋਟਰ ਬੀਸੀ ਕੰਸਰਵੇਟਿਵ ਪਾਰਟੀ ਨੇਤਾ ਜੌਹਨ ਰੁਸਟੈਡ ਨੂੰ ਪਸੰਦ ਨਹੀਂ ਕਰਦੇ ਅਤੇ ਉਨ੍ਹਾਂ ਦੀ ਲੋਕਪ੍ਰਿਯਤਾ ਇਕ ਫ਼ੀਸਦੀ ਘਟੀ ਹੈ| ਬੀਸੀ ਦੀ ਗਰੀਨ ਪਾਰਟੀ ਦੀ ਨੇਤਾ ਸੋਨੀਆ ਫੁਰਸਟੈਨੋ ਨੂੰ 35 ਫ਼ੀਸਦੀ ਵੋਟਰਾਂ ਦਾ ਸਮਰਥਨ ਹਾਸਲ ਹੈ ਜਿਸ ਵਿਚ ਚਾਰ ਫ਼ੀਸਦੀ ਦੀ ਗਿਰਾਵਟ ਹੈ ਜਦਕਿ ਬੀਸੀ ਯੂਨਾਈਟਡ ਪਾਰਟੀ ਦੇ ਨੇਤਾ ਕੇਵਿਨ ਫਾਲਕਨ ਨੂੰ 29 ਫ਼ੀਸਦੀ ਲੋਕਾਂ ਦਾ ਸਮਰਥਨ ਹਾਸਲ ਹੈ ਅਤੇ ਇਸ ਵਿਚ ਤਿੰਨ ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ| ਸਰਵੇਖਣ ਵਿਚ ਸ਼ਾਮਿਲ ਸਾਰੇ ਲੋਕਾਂ ਵਿਚ ਹਾਊਸਿੰਗ, ਬੇਘਰੇ ਅਤੇ ਗਰੀਬੀ ਮਹੱਤਵਪੂਰਣ ਮੁੱਦੇ ਰਹੇ ਹਨ ਜਦਕਿ 42 ਫ਼ੀਸਦੀ ਦਾ ਕਹਿਣਾ ਕਿ ਇਹ ਚੋਟੀ ਦੇ ਮੁੱਦੇ ਹਨ ਅਤੇ ਗਿਣਤੀ ਪਹਿਲਾਂ ਨਾਲੋਂ 2 ਫ਼ੀਸਦੀ ਜ਼ਿਆਦਾ ਹੈ| ਇਸ ਪਿੱਛੋਂ 21 ਫ਼ੀਸਦੀ ਨੇ ਸਿਹਤ ਸੰਭਾਲ, 14 ਫ਼ੀਸਦੀ ਨੇ ਆਰਥਿਕਤਾ ਤੇ ਨੌਕਰੀਆਂ ਅਤੇ 6 ਫ਼ੀਸਦੀ ਨੇ ਵਾਤਾਵਰਣ ਅਤੇ ਪੰਜ ਫ਼ੀਸਦੀ ਨੇ ਅਪਰਾਧ ਅਤੇ ਜਨਤਕ ਸੁਰੱਖਿਆ ਦੇ ਮੁੱਦੇ ਉਠਾਏ|