Headlines

ਹਾਕੀ : ਬਰਤਾਨੀਆ ਨੂੰ 4-2 ਨਾਲ ਹਰਾ ਕੇ ਭਾਰਤ ਸੈਮੀ-ਫਾਈਨਲ ’ਚ

ਮੌਜੂਦਾ ਓਲੰਪਿਕ ਚੈਂਪੀਅਨ ਬੈਲਜੀਅਮ ਤਗ਼ਮੇ ਦੀ ਦੌੜ ’ਚੋਂ ਬਾਹਰ

ਪੈਰਿਸ, 4 ਅਗਸਤ

ਪੂਰੇ 42 ਮਿੰਟ ਦਸ ਖਿਡਾਰੀਆਂ ਨਾਲ ਖੇਡਣ ਦੇ ਬਾਵਜੂਦ ਭਾਰਤੀ ਹਾਕੀ ਟੀਮ ਕਮਾਲ ਦਾ ਪ੍ਰਦਰਸ਼ਨ ਕਰਦੇ ਹੋਏ ਪੈਨਲਟੀ ਸ਼ੂਟਆਊਟ ਵਿੱਚ ਬਰਤਾਨੀਆ ਨੂੰ 4-2 ਨਾਲ ਹਰਾ ਕੇ ਪੈਰਿਸ ਓਲੰਪਿਕ ਦੇ ਸੈਮੀ ਫਾਈਨਲ ਵਿੱਚ ਪਹੁੰਚ ਗਈ। ਬਰਤਾਨੀਆ ਨੇ 28 ਵਾਰ ਭਾਰਤੀ ਗੋਲ ’ਤੇ ਹਮਲਾ ਕੀਤਾ ਪਰ ਉਸ ਨੂੰ ਸਿਰਫ ਇਕ ਵਾਰ ਸਫਲਤਾ ਮਿਲੀ।

 

ਨਿਰਧਾਰਤ ਸਮੇਂ ਤੱਕ ਮੈਚ 1-1 ਨਾਲ ਬਰਾਬਰ ਰਹਿਣ ਤੋਂ ਬਾਅਦ ਪੈਨਲਟੀ ਸ਼ੂਟਆਊਟ ਹੋਇਆ। ਇਸ ਵਿੱਚ ਭਾਰਤ ਵਾਸਤੇ ਕਪਤਾਨ ਹਰਮਨਪ੍ਰੀਤ ਸਿੰਘ, ਸੁਖਜੀਤ ਸਿੰਘ, ਲਲਿਤ ਉਪਾਧਿਆਏ ਅਤੇ ਰਾਜਕੁਮਾਰ ਪਾਲ ਨੇ ਗੋਲ ਕੀਤੇ ਜਦਕਿ ਇੰਗਲੈਂਡ ਦੇ ਦੋ ਸ਼ਾਟ ਪੀਆਰ ਸ੍ਰੀਰਾਜੇਸ਼ ਨੇ ਬਚਾਅ ਲਏ। ਉਧਰ, ਮੌਜੂਦਾ ਚੈਂਪੀਅਨ ਬੈਲਜੀਅਮ ਕੁਆਰਟਰ ਫਾਈਨਲ ਵਿੱਚ ਸਪੇਨ ਤੋਂ 2-3 ਨਾਲ ਹਾਰ ਕੇ ਤਗ਼ਮੇ ਦੀ ਦੌੜ ਵਿੱਚੋਂ ਬਾਹਰ ਹੋ ਗਿਆ ਹੈ। ਬੈਲਜੀਅਮ ਇਕਲੌਤੀ ਟੀਮ ਹੈ, ਜਿਸ ਨੇ ਪੂਲ ‘ਬੀ’ ਵਿੱਚ ਭਾਰਤ ਨੂੰ ਹਰਾਇਆ ਸੀ। ਸਪੇਨ ਲਈ ਜੋਸ ਮਾਰਿਆ ਬਸਟੋਰਾ ਨੇ 40ਵੇਂ, ਮਾਰਕ ਰੇਨੀ ਨੇ 55ਵੇਂ ਅਤੇ ਮਾਰਕ ਮਿਰਾਲੇਸ ਨੇ 57ਵੇਂ ਮਿੰਟ ਵਿੱਚ ਗੋਲ ਕੀਤਾ। ਬੈਲਜੀਅਮ ਲਈ ਆਰਥਰ ਡੀ ਸਲੂਵੇਰ ਨੇ 41ਵੇਂ ਅਤੇ ਅਲੈਗਜੈਂਡਰ ਹੈਂਡਰਿਕਸ ਨੇ 58ਵੇਂ ਮਿੰਟ ਵਿੱਚ ਗੋਲ ਦਾਗ਼ਿਆ।