Headlines

ਕੇਂਦਰ ਵੱਲੋਂ ਸੰਧਵਾਂ ਨੂੰ ਅਮਰੀਕਾ ਦੌਰੇ ਲਈ ਪ੍ਰਵਾਨਗੀ ਤੋਂ ਇਨਕਾਰ

ਚੰਡੀਗੜ੍ਹ-ਕੇਂਦਰੀ ਵਿਦੇਸ਼ ਮੰਤਰਾਲੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪੈਰਿਸ ਓਲੰਪਿਕ ’ਚ ਜਾਣ ਦੀ ਪ੍ਰਵਾਨਗੀ ਨਾ ਦਿੱਤੇ ਜਾਣ ਮਗਰੋਂ ਅੱਜ ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਅਮਰੀਕਾ ਜਾਣ ਦੀ ਪ੍ਰਵਾਨਗੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਅਮਰੀਕਾ ਵੱਲੋਂ ‘ਨੈਸ਼ਨਲ ਲੈਜਿਸਲੇਚਰ ਕਾਨਫਰੰਸ’ ਸੱਦੀ ਗਈ ਹੈ, ਜਿਸ ਵਿੱਚ ਭਾਰਤ ਦੇ ਵੱਖ-ਵੱਖ ਸੂਬਿਆਂ ਦੀਆਂ ਵਿਧਾਨ ਸਭਾਵਾਂ ਦੇ ਸਪੀਕਰਾਂ ਸਣੇ ਦੁਨੀਆ ਭਰ ਤੋਂ ਲਗਪਗ ਤਿੰਨ ਹਜ਼ਾਰ ਆਗੂਆਂ ਨੂੰ ਸੱਦਾ ਦਿੱਤਾ ਗਿਆ ਹੈ। ਪੰਜਾਬ ਵਿਧਾਨ ਸਭਾ ਸਪੀਕਰ ਨੇ ਅਮਰੀਕਾ ਵਿੱਚ ਨੈਸ਼ਨਲ ਲੈਜਿਸਲੇਚਰ ਕਾਨਫਰੰਸ ਵਿੱਚ ਹਿੱਸਾ ਲੈਣ ਲਈ ਜਾਣਾ ਸੀ, ਜਿਨ੍ਹਾਂ ਨੂੰ ਕੇਂਦਰੀ ਵਿਦੇਸ਼ ਮੰਤਰਾਲੇ ਨੇ ਪ੍ਰਵਾਨਗੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਇੰਨਾ ਹੀ ਨਹੀਂ ਕੇਂਦਰੀ ਵਿਦੇਸ਼ ਮੰਤਰਾਲੇ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਦੇ ਨਾਲ-ਨਾਲ ਹਿਮਾਚਲ ਪ੍ਰਦੇਸ਼, ਕਰਨਾਟਕ ਤੇ ਕੇਰਲ ਦੇ ਸਪੀਕਰਾਂ ਨੂੰ ਵੀ ਇਸ ਲਈ ਪ੍ਰਵਾਨਗੀ ਨਹੀਂ ਦਿੱਤੀ ਹੈ। ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕੇਂਦਰ ਸਰਕਾਰ ਵੱਲੋਂ ਗ਼ੈਰ-ਭਾਜਪਾ ਸ਼ਾਸਿਤ ਸੂਬਿਆਂ ਦੇ ਵਿਧਾਨ ਸਭਾ ਸਪੀਕਰਾਂ ਨੂੰ ਅਮਰੀਕਾ ’ਚ ਹੋ ਰਹੀ ਕਾਨਫਰੰਸ ’ਚ ਹਿੱਸਾ ਲੈਣ ਦੀ ਇਜ਼ਾਜਤ ਨਾ ਦੇਣ ਨੂੰ ਮੰਦਭਾਗਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ, ‘‘ਜੇ ਦੇਸ਼ ਦੇ ਵਿਧਾਇਕ, ਸੰਸਦ ਮੈਂਬਰ ਤੇ ਚੁਣੇ ਹੋਏ ਆਗੂ ਗਿਆਨਵਾਨ ਹੋਣਗੇ ਤਾਂ ਹੀ ਸੂਬੇ ਅਤੇ ਦੇਸ਼ ਤਰੱਕੀ ਕਰ ਸਕਦਾ ਹੈ। ਭਾਜਪਾ ਵੱਲੋਂ ਹਰੇਕ ਮਾਮਲੇ ’ਚ ਵਰਤੀ ਜਾਂਦੀ ਰਾਜਨੀਤੀ ਸੂਬਿਆਂ ਤੇ ਦੇਸ਼ ਦੀ ਭਲਾਈ ਅਤੇ ਤਰੱਕੀ ਲਈ ਖ਼ਤਰਨਾਕ ਸਾਬਤ ਹੋ ਸਕਦੀ ਹੈ। ਅਮਰੀਕਾ ਨੇ ਗਿਆਨ ਦੇ ਆਦਾਨ-ਪ੍ਰਦਾਨ ਕਰਨ ਲਈ 3 ਹਜ਼ਾਰ ਤੋਂ ਵੱਧ ਕਾਨੂੰਨਸਾਜ਼ਾਂ ਨੂੰ ਸੱਦਾ ਦਿੱਤਾ ਹੈ, ਜਿਸ ਵਿਚ ਅਮਰੀਕਾ ਸਣੇ ਹੋਰ ਜਮਹੂਰੀ ਮੁਲਕਾਂ ਦੇ ਨੁਮਾਇੰਦਿਆਂ ਨਾਲ ਉਸਾਰੂ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਜਾਣਾ ਹੈ।’’

ਸੰਧਵਾਂ ਨੇ ਕਿਹਾ ਕਿ ਗ਼ੈਰ-ਭਾਜਪਾ ਸ਼ਾਸਿਤ ਸੂਬੇ ਪੰਜਾਬ, ਹਿਮਾਚਲ ਪ੍ਰਦੇਸ਼, ਕਰਨਾਟਕ ਅਤੇ ਕੇਰਲ ਦੇ ਸਪੀਕਰਾਂ ਨੂੰ ਅਮਰੀਕਾ ਜਾਣ ਦੀ ਪ੍ਰਵਾਨਗੀ ਨਹੀਂ ਦਿੱਤੀ ਗਈ। ਉਨ੍ਹਾਂ ਆਖਿਆ ਕਿ ਕੇਂਦਰ ਦੀ ਭਾਜਪਾ ਸਰਕਾਰ ਇਹ ਕਾਰਵਾਈਆਂ ਜਾਣ-ਬੁੱਝ ਕੇ ਕਰ ਰਹੀ ਹੈ, ਕਿਉਂਕਿ ਭਾਜਪਾ ਦੇਸ਼ ਨੂੰ ਮਜ਼ਬੂਤ ਨਹੀਂ ਕਰਨਾ ਚਾਹੁੰਦੀ। ਦੇਸ਼ ਨੂੰ ਤਕੜਾ ਕਰਨ ਲਈ ਰਾਜਨੀਤੀ ਸੇਵਾ ਭਾਵਨਾ ਨਾਲ ਕਰਨੀ ਅਤੀ ਜ਼ਰੂਰੀ ਹੈ। ਉਨ੍ਹਾਂ ਕਿਹਾ, ‘‘ਸਪੀਕਰ ਤਾਂ ਸਾਰੀਆਂ ਪਾਰਟੀਆਂ ਲਈ ਸਾਂਝਾ ਅਤੇ ਬਰਾਬਰ ਹੁੰਦਾ ਹੈ ਪਰ ਭਾਜਪਾ ਵੱਖਰੇ ਰਾਹ ਤੁਰ ਰਹੀ ਹੈ, ਜੋ ਦੇਸ਼ ਹਿੱਤ ’ਚ ਬਿਲਕੁਲ ਵੀ ਨਹੀਂ ਹੈ।’’

‘ਕੇਂਦਰ ਨੇ ਪੰਜਾਬ ’ਚ ਖੇਡਾਂ ਨੂੰ ਹੱਲਾਸ਼ੇਰੀ ਲਈ ਕੁਝ ਨਹੀਂ ਦਿੱਤਾ’

ਵਿਧਾਨ ਸਭਾ ਸਪਕੀਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪੰਜਾਬ ’ਚ ਖੇਡਾਂ ਨੂੰ ਹੱਲਾਸ਼ੇਰੀ ਦੇਣ ਲਈ ਵੀ ਕੁਝ ਵੀ ਨਹੀਂ ਦਿੱਤਾ, ਜਦਕਿ ਕੁਝ ਸੂਬਿਆਂ ਨੂੰ ਗੱਫੇ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਸਮੂਹ ਸੂਬਿਆਂ ਲਈ ਬਰਾਬਰੀ ਦੀ ਖੇਡ ਨੀਤੀ ਦੇਸ਼, ਸੂਬਿਆਂ ਤੇ ਖਿਡਾਰੀਆਂ ਲਈ ਬਹੁਤ ਲਾਹੇਵੰਦ ਸਾਬਤ ਹੋਵੇਗੀ। ਇਸ ਵਿੱਚ ਵਿਤਕਰਾ ਨਹੀਂ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ, ‘‘ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹਾਕੀ ਟੀਮ ਦੀ ਹੌਸਲਾ ਅਫਜ਼ਾਈ ਲਈ ਪੈਰਿਸ ਜਾਣ ਦੀ ਇਜ਼ਾਜਤ ਮੰਗੀ ਸੀ ਪਰ ਉਨ੍ਹਾਂ ਨੂੰ ਇਜ਼ਾਜਤ ਨਹੀਂ ਦਿੱਤੀ ਗਈ। ਇਹ ਗਲਤ ਹੈ।’’