ਵਿਕਟੋਰੀਆ – ਬੀ.ਸੀ. ਭਰ ਵਿੱਚ 18 ਅਜੇਹੇ ਲੋਕਾਂ ਨੂੰ ਸੂਬੇ ਦੇ ‘ਮੈਡਲ ਔਫ਼ ਗੁੱਡ ਸਿਟੀਜ਼ਨਸ਼ਿਪ’ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ ਜਿਨ੍ਹਾਂ ਨੇ ਆਪਣੇ ਭਾਈਚਾਰਿਆਂ ਵਿੱਚ ਲੋਕਾਂ ਦੇ ਜੀਵਨ ਵਿੱਚ ਬੇਮਿਸਾਲ ਯੋਗਦਾਨ ਪਾਇਆ ਹੈ। “ਇਨ੍ਹਾਂ 18 ਲੋਕਾਂ ਨੇ ਆਪਣੇ ਭਾਈਚਾਰਿਆਂ ਵਿੱਚ ਡੂੰਘਾ ਪ੍ਰਭਾਵ ਪਾਇਆ ਹੈ ਜਿਸ ਨਾਲ ਬਹੁਤ ਸਾਰੇ ਲੋਕਾਂ ਦੇ ਜੀਵਨ ਵਿੱਚ ਸਕਾਰਾਤਮਕ ਫ਼ਰਕ ਪਿਆ ਹੈ,” ਪ੍ਰੀਮੀਅਰ ਡੇਵਿਡ ਈਬੀ ਨੇ ਕਿਹਾ। “ਆਪਣਾ ਸਮਾਂ, ਜੀਵਨ-ਸ਼ਕਤੀ ਅਤੇ ਯੋਗਤਾ ਨੂੰ ਸਾਂਝਾ ਕਰਕੇ, ਇਹ ਲੋਕ ਬੀ.ਸੀ. ਨੂੰ ਇੱਕ ਬਿਹਤਰ ਜਗ੍ਹਾ ਬਣਾ ਰਹੇ ਹਨ। ਉਹਨਾਂ ਦੀ ਨਿਰਸਵਾਰਥ ਉਦਾਰਤਾ ਸਾਡੇ ਸਾਰਿਆਂ ਲਈ ਇੱਕ ਮਿਸਾਲ ਹੈ ਜਿਸ ਲਈ ਮੈਂ ਉਹਨਾਂ ਦਾ ਧੰਨਵਾਦ ਕਰਦਾ ਹਾਂ।”
‘ਮੈਡਲ ਔਫ਼ ਗੁੱਡ ਸਿਟੀਜ਼ਨਸ਼ਿਪ’ ਅਜੇਹੇ ਵਿਅਕਤੀਆਂ ਨੂੰ ਸਨਮਾਨਿਤ ਕਰਦਾ ਹੈ ਜਿਨ੍ਹਾਂ ਨੇ ਆਪਣੇ ਭਾਈਚਾਰਿਆਂ ਦੀ ਬਿਹਤਰੀ ਲਈ ਵਿਸ਼ੇਸ਼ ਤੌਰ ‘ਤੇ ਉਦਾਰ, ਦਿਆਲੂ ਜਾਂ ਨਿਰਸਵਾਰਥ ਢੰਗ ਨਾਲ ਕੰਮ ਕੀਤਾ ਹੈ ਅਤੇ ਉਸ ਲਈ ਕਿਸੇ ਇਨਾਮ ਦੀ ਉਮੀਦ ਨਹੀਂ ਕੀਤੀ। ਇਸ ਮੈਡਲ ਦੀ ਸਥਾਪਨਾ ਬੀ.ਸੀ. ਦੀ ਸਰਕਾਰ ਦੁਆਰਾ 2015 ਵਿੱਚ ਕੀਤੀ ਗਈ ਸੀ। “ਇਸ ਸਾਲ ਦੇ ਮੈਡਲ ਪ੍ਰਾਪਤ ਕਰਨ ਵਾਲੇ ਲੋਕਾਂ ਦੀ ਸਰਾਹਨਾਯੋਗ ਦਿਆਲਤਾ ਅਤੇ ਸੇਵਾ ਨੇ ਬੀ.ਸੀ. ਦੇ ਭਾਈਚਾਰਿਆਂ ਨੂੰ ਬੇਹੱਦ ਖੁਸ਼ਹਾਲ ਅਤੇ ਸੁਆਗਤਯੋਗ ਜਗ੍ਹਾ ਬਣਾਇਆ ਹੈ,” ਸੈਰ-ਸਪਾਟਾ, ਕਲਾ, ਸੱਭਿਆਚਾਰ ਅਤੇ ਖੇਡ ਮੰਤਰੀ, ਅਤੇ ਮੈਡਲ ਔਫ਼ ਗੁੱਡ ਸਿਟੀਜ਼ਨਸ਼ਿਪ ਦੀ ਚੋਣ ਕਮੇਟੀ ਦੀ ਚੇਅਰ, ਲੇਨਾ ਪੌਪਮ ਨੇ ਕਿਹਾ। “ਮੈਂ ਇਹਨਾਂ ਬੇਮਿਸਾਲ ਵਿਅਕਤੀਆਂ ਦੀ ਅਣਥੱਕ ਲਗਨ ਅਤੇ ਜੋਸ਼ ਲਈ ਅਤਿਅੰਤ ਸ਼ੁਕਰਗੁਜ਼ਾਰ ਹਾਂ। ਇਹ ਲੋਕ ਭਾਈਚਾਰੇ ਦੀ ਸੇਵਾ ਲਈ ਸੱਚੀ ਭਾਵਨਾ ਦੀ ਮਿਸਾਲ ਦਿੰਦੇ ਹਨ, ਅਤੇ ਹਰ ਕਿਸੇ ਦੇ ਦਿਲ ਨੂੰ ਛੂਹ ਲੈਂਦੇ ਹਨ।”
2024 ਦੇ ‘ਮੈਡਲ ਔਫ਼ ਗੁੱਡ ਸਿਟੀਜ਼ਨਸ਼ਿਪ’ ਪ੍ਰਾਪਤ ਕਰਨ ਵਾਲੇ ਲੋਕਾਂ ਦੀ ਸੂਚੀ ਵਿੱਚ ਸ਼ਾਮਲ ਹਨ:
ਲੁਈਸ ਐਲਨ, ਈਸਟ ਵੈਨਕੂਵਰ, ਕਿਫ਼ਾਇਤੀ ਰਿਹਾਇਸ਼ਾਂ ਦੀ ਹਿਮਾਇਤ ਕਰਨ ਲਈ
- ਹੈਲਨ ਕੈਂਪਬਲ ਅਤੇ ਬਿਲ ਅਰਵਿੰਗ, ਸੈਨਿਚ, ਖੇਤੀਬਾੜੀ ਦੁਆਰਾ ਜੀਵਨ ਪਰਿਵਰਤਨ ਕਰਨ ਲਈ
- ਜੈਨਿਸ ਡੈਲੇਅਰ, ਇਨਵਰਮੇਅਰ, ਅੱਗ ਤੋਂ ਬਚਾਅ ਦੇ ਕੰਮ ਵਿੱਚ ਮੋਢੀ ਹੋਣ ਲਈ
- ਮੈਰੀ ਡੈਨੀਅਲ, ਪੋਰਟ ਮੂਡੀ, ਸੰਮਿਲਨ ਅਤੇ ਸਸ਼ਕਤੀਕਰਨ ਬਾਰੇ ਅਵਾਜ਼ ਉਠਾਉਣ ਲਈ
- ਡੇਲ ਡਗਲਸ ਅਤੇ ਮੁਰ੍ਹੀ ਸਟੀਵਰਟ, ਵਿਕਟੋਰੀਆ, ਬੱਚਿਆਂ ਦੀਆਂ ਚੈਰਿਟੀਆਂ ਦੀ ਸਫਲਤਾ ਨੂੰ ਅੱਗੇ ਵਧਾਉਣ ਲਈ
- ਰਾਬੀਆ ਧਾਲੀਵਾਲ, ਸਰ੍ਹੀ, ਕਮਿਊਨਿਟੀ ਸਸ਼ਕਤੀਕਰਨ ਅਤੇ ਮਾਨਸਿਕ-ਸਿਹਤ ਸਮਾਨਤਾ ਨੂੰ ਉਤਸ਼ਾਹਿਤ ਕਰਨ ਲਈ
- ਡੌਨਾ ਫਰਨੌਕਸ, ਕੁਆਲਿਕਮ ਬੀਚ, ਰਿਜ਼ਿਲੀਐਂਸ ਅਤੇ ਕਮਿਊਨਟੀ ਸਰਵਿਸ ਲਈ ਜੀਵਨ ਭਰ ਦੀ ਵਚਨਬੱਧਤਾ ਲਈ
- ਸਟੀਵ ਹੈਮਿਲਟਨ, ਪ੍ਰਿੰਸ ਜਾਰਜ, ਕੰਜ਼ਰਵੇਸ਼ਨ ਅਤੇ ਕਮਿਊਨਿਟੀ ਸਟੀਵਰਡਸ਼ਿਪ ਲਈ ਅਵਾਜ਼ ਉਠਾਉਣ ਲਈ
- ਮੈਥਿਊ ਹੇਨੇਘਨ, ਫਾਲਕਲੈਂਡ, ਮਾਨਸਿਕ-ਸਿਹਤ ਸੰਬਧੀ ਅਵਾਜ਼ ਉਠਾਉਣ ਅਤੇ ਸਾਬਕਾ ਫੌਜੀਆਂ ਪ੍ਰਤੀ ਵਚਨਬੱਧਤਾ ਲਈ
- ਜਿਮ ਕੋਹਿਮਾ, ਸੀ.ਐਮ., ਰਿਚਮੰਡ, ਮਾਰਸ਼ਲ ਆਰਟਸ ਅਤੇ ਕਮਿਊਨਿਟੀ ਸਰਵਿਸ ਲਈ ਜੀਵਨ ਭਰ ਲਈ ਵਚਨਬੱਧਤਾ ਲਈ
- ਕ੍ਰਿਸਟੋਫਰ ਲੀ, ਵੈਨਕੂਵਰ, ਨੌਜਵਾਨਾਂ ਨੂੰ ਵਲੰਟੀਅਰ ਕਰਨ ਲਈ ਪ੍ਰੇਰਿਤ ਕਰਨ ਲਈ
- ਰੇਹਾਨਹ ਮਿਰਜਾਨੀ, ਕੋਕੁਇਟਲਮ, ਭੋਜਨ ਦੀ ਅਸੁਰੱਖਿਆ ਬਾਰੇ ਹੱਲ ਲੱਭਣ ਲਈ
- ਮਾਰਗਰੇਟ ਮੁਬਾਂਡਾ, ਸਰ੍ਹੀ, ਲੋਅਰ ਮੇਨਲੈਂਡ ਵਿੱਚ ਗਰੀਬੀ ਹਟਾਉਣ ਅਤੇ ਸਮਾਜਿਕ ਅਲਹਿਦਗੀ ਦੇ ਖਾਤਮੇ ਲਈ ਕੰਮ ਕਰਨ ਲਈ
- ਲਾਰੈਂਸ ਨੇਪੀਅਰ, ਮੈਕੇਂਜ਼ੀ, ਵਲੰਟਿਅਰਿਜ਼ਮ ਅਤੇ ਭਾਈਚਾਰੇ ਲਈ ਕੰਮ ਕਰਨ ਲਈ
- ਥੈਲਮਾ ਰੌਡਰਿਗਜ਼, ਪਿੱਟ ਮੈਡੋਜ਼, ਫਰੇਜ਼ਰ ਵੈਲੀ ਵਿੱਚ ਮਾਈਗਰੈਂਟ ਫ਼ਾਰਮ ਵਰਕਰਾਂ ਦੀ ਸਹਾਇਤਾ ਕਰਨ ਲਈ ਅਤੇ ਉਹਨਾਂ ਲਈ ਅਵਾਜ਼ ਉਠਾਉਣ ਲਈ
- ਕਾਰਲਾ ਸਟੀਵਨਸਨ, ਯਮੀਰ, ਕੂਟਨੀ ਵਿੱਚ ਕਲਾ ਅਤੇ ਭਾਈਚਾਰਕ ਸ਼ਮੂਲੀਅਤ ਦੀ ਹਿਮਾਇਤ ਕਰਨ ਲਈ
ਸੂਬੇ ਵਿੱਚ ਮੈਡਲ ਦੇ ਪੇਸ਼ਕਾਰੀ ਸਮਾਰੋਹ ਅਗਸਤ 2024 ਅਤੇ ਸਤੰਬਰ 2024 ਦੇ ਸ਼ੁਰੂ ਵਿੱਚ ਆਯੋਜਿਤ ਕੀਤੇ ਜਾਣਗੇ।
‘ਮੈਡਲ ਔਫ ਗੁੱਡ ਸਿਟੀਜ਼ਨਸ਼ਿਪ’ ਲਈ ਨਾਮਜ਼ਦਗੀਆਂ (nominations) ਸਾਲ ਭਰ ਸਵੀਕਾਰ ਕੀਤੀਆਂ ਜਾਂਦੀਆਂ ਹਨ। ਬੀ.ਸੀ. ਦੇ ਕੋਈ ਵੀ ਮੌਜੂਦਾ ਜਾਂ ਸਾਬਕਾ ਲੰਬੇ ਸਮੇਂ ਦੇ ਨਿਵਾਸੀ ਨਾਮਜ਼ਦਗੀ ਦੇ ਯੋਗ ਹੋ ਸਕਦੇ ਹਨ। ਨੌਜਵਾਨਾਂ ਲਈ ਅਤੇ ਮਰਨ ਉਪਰੰਤ ਨਾਮਜ਼ਦਗੀਆਂ ਦਾ ਵੀ ਸੁਆਗਤ ਹੈ।