Headlines

ਬੰਗਲਾਦੇਸ਼ ਵਿਚ ਰਾਜ ਪਲਟਾ-ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਦੇਸ਼ ਛੱਡਕੇ ਭੱਜਣਾ ਪਿਆ

ਫੌਜ ਨੇ ਦੇਸ਼ ਦੀ ਵਾਗਡੋਰ ਸੰਭਾਲੀ-

ਢਾਕਾ-ਦੇਸ਼ ਭਰ ਵਿਚ ਜਾਰੀ ਹਿੰਸਕ ਪ੍ਰਦਰਸ਼ਨਾਂ ਦਰਮਿਆਨ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਨੇ ਅਹੁਦੇ ਤੋਂ ਅਸਤੀਫ਼ਾ ਦੇਣ ਮਗਰੋਂ ਚੋਰੀ ਛੁਪੇ ਪਹਿਲਾਂ ਹੈਲੀਕਾਪਟਰ ਰਾਹੀਂ ਅਗਰਤਲਾ ਤੇ ਉਥੋਂ ਹਵਾਈ ਸੈਨਾ ਦੇ ਮਾਲਵਾਹਕ ਜਹਾਜ਼ (ਸੀ-130ਜੇ) ’ਤੇ ਸਵਾਰ ਹੋ ਕੇ ਭਾਰਤ ਦੇ ਹਿੰਡਨ ਏਅਰਬੇਸ ਪੁੱਜ ਗਏ। ਉਨ੍ਹਾਂ ਦੇ ਅੱਗੇ ਲੰਡਨ ਜਾਣ ਦੀਆਂ ਕਨਸੋਆਂ ਹਨ। ਉਧਰ ਬੰਗਲਾਦੇਸ਼ ਦੀ ਫੌਜ ਨੇ ਅੰਤਰਿਮ ਸਰਕਾਰ ਦੀ ਕਮਾਨ ਆਪਣੇ ਹੱਥਾਂ ਵਿਚ ਲੈ ਲਈ ਹੈ। ਥਲ ਸੈਨਾ ਮੁਖੀ ਵਕਾਰ-ਉਜ਼-ਜ਼ਮਾਨ ਨੇ ਫੌਜ ਤੇ ਪੁਲੀਸ ਨੂੰ ਮੁਜ਼ਾਹਰਾਕਾਰੀਆਂ ’ਤੇ ਗੋਲੀ ਨਾ ਚਲਾਉਣ ਦੇ ਹੁਕਮ ਦਿੱਤੇ ਹਨ। ਬੰਗਲਾਦੇਸ਼ ਵਿਚ ਪ੍ਰਦਰਸ਼ਨਾਂ ਦੇ ਲੰਘੇ ਦਿਨ ਹਿੰਸਕ ਰੂਪ ਧਾਰਨ ਮਗਰੋਂ ਪਿਛਲੇ ਦੋ ਦਿਨਾਂ ਵਿਚ 100 ਤੋਂ ਵੱਧ ਲੋਕਾਂ ਦੀ ਜਾਨ ਜਾਂਦੀ ਰਹੀ ਹੈ। ਮੁਲਕ ਦੀ ਸਾਬਕਾ ਪ੍ਰਧਾਨ ਮੰਤਰੀ ਖ਼ਾਲਿਦਾ ਜ਼ਿਆ ਨੇ ਦੇਸ਼ ਦੀ ਅਵਾਮ ਨੂੰ ਸ਼ਾਂਤੀ ਬਣਾ ਕੇ ਰੱਖਣ ਦੀ ਅਪੀਲ ਕੀਤੀ ਹੈ। ਬੰਗਲਾਦੇਸ਼ ਦੇ ਰਾਸ਼ਟਰਪਤੀ ਮੁਹੰਮਦ ਸ਼ਹਾਬੂਦੀਨ ਨੇ ਜੇਲ੍ਹ ’ਚ ਬੰਦ ਵਿਰੋਧੀ ਧਿਰ ਦੀ ਆਗੂ ਤੇ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ਿਆ ਨੂੰ ਰਿਹਾਅ ਕਰਨ ਦੇ ਹੁਕਮ ਦਿੱਤੇ ਹਨ। ਇਸ ਦੌਰਾਨ ਲੰਡਨ ਜਾਂਦਿਆਂ ਹਸੀਨਾ ਦਾ ਜਹਾਜ਼ ਸ਼ਾਮੀਂ ਸਾਢੇ ਪੰਜ ਵਜੇ ਦੇ ਕਰੀਬ ਨਵੀਂ ਦਿੱਲੀ ਨੇੜੇ ਗਾਜ਼ੀਆਬਾਦ ਵਿਚ ਹਿੰਡਨ ਏਅਰਬੇਸ ’ਤੇ ਉੱਤਰਿਆ। ਕੂਟਨੀਤਕ ਸੂਤਰਾਂ ਨੇ ਕਿਹਾ ਕਿ ਹਸੀਨਾ ਦਿੱਲੀ ਅਧਾਰਿਤ ਆਪਣੀ ਧੀ ਸਾਇਮਾ ਵਾਜ਼ਿਦ, ਜੋ ਦੱਖਣ-ਪੂਰਬ ਏਸ਼ੀਆ ਲਈ ਕੌਮੀ ਸਿਹਤ ਸੰਸਥਾ (ਡਬਲਿਊਐੱਚਓ) ਦੀ ਖੇਤਰੀ ਡਾਇਰੈਕਟਰ ਹੈ, ਨੂੰ ਮਿਲਣ ਲਈ ਆਈ ਹੈ। ਦਿੱਲੀ ਪਹੁੰਚਣ ’ਤੇ ਹਸੀਨਾ ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੂੰ ਵੀ ਮਿਲੀ। ਉਨ੍ਹਾਂ ਡੋਵਾਲ ਨਾਲ ਬੰਗਲਾਦੇਸ਼ ਦੇ ਮੌਜੂਦਾ ਹਾਲਾਤ ਤੇ ਆਪਣੀ ਭਵਿੱਖੀ ਯੋਜਨਾ ਬਾਰੇ ਚਰਚਾ ਕੀਤੀ। ਭਾਰਤੀ ਹਵਾਈ ਸੈਨਾ ਤੇ ਹੋਰਨਾਂ ਸੁਰੱਖਿਆ ਏਜੰਸੀਆਂ ਵੱਲੋਂ ਹਸੀਨਾ ਨੂੰ ਸੁਰੱਖਿਆ ਮੁਹੱਈਆ ਕੀਤੀ ਜਾ ਰਹੀ ਹੈ ਤੇ ਸੂਤਰਾਂ ਮੁਤਾਬਕ ਹਸੀਨਾ ਨੂੰ ਸੁਰੱਖਿਅਤ ਟਿਕਾਣੇ ’ਤੇ ਤਬਦੀਲ ਕੀਤਾ ਜਾ ਰਿਹਾ ਹੈ। ਉਧਰ ਹਸੀਨਾ ਦੇ ਪੁੱਤਰ ਤੇ ਸਾਬਕਾ ਅਧਿਕਾਰਤ ਸਲਾਹਕਾਰ ਸਾਜੀਬ ਵਾਜ਼ਿਦ ਜੋਏ ਨੇ ਕਿਹਾ ਕਿ ਉਨ੍ਹਾਂ ਦੀ ਮਾਂ ਨੂੰ ਪਰਿਵਾਰ ਦੇ ਜ਼ੋਰ ਪਾਉਣ ’ਤੇ ਆਪਣੀ ਸੁਰੱਖਿਆ ਕਰਕੇ ਦੇਸ਼ ਛੱਡਣਾ ਪਿਆ ਹੈ। ਇਸ ਤੋਂ ਪਹਿਲਾਂ ਅੱਜ ਦਿਨੇ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਵੱਲੋਂ ਢਾਕਾ ਛੱਡਣ ਮਗਰੋਂ ਬੰਗਲਾਦੇਸ਼ ਦੇ ਥਲ ਸੈਨਾ ਮੁਖੀ ਨੇ ਟੈਲੀਵਿਜ਼ਨ ’ਤੇ ਆਪਣੇ ਸੰਬੋਧਨ ਦੌਰਾਨ ਕਿਹਾ, ‘‘ਮੈਂ (ਦੇਸ਼ ਦੀ) ਸਾਰੀ ਜ਼ਿੰਮੇਵਾਰੀ ਲੈ ਰਿਹਾ ਹਾਂ। ਕ੍ਰਿਪਾ ਕਰਕੇ ਸਹਿਯੋਗ ਦਿਓ।’’ ਥਲ ਸੈਨਾ ਮੁਖੀ ਨੇ ਕਿਹਾ ਕਿ ਉਨ੍ਹਾਂ ਸਿਆਸੀ ਆਗੂਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਦੱਸ ਦਿੱਤਾ ਹੈ ਕਿ ਫੌਜ ਨੇ ਦੇਸ਼ ਦੇ ਅਮਨ ਤੇ ਕਾਨੂੰਨ ਦੀ ਜ਼ਿੰਮੇਵਾਰੀ ਲੈ ਲਈ ਹੈ। ਹਾਲਾਂਕਿ ਇਸ ਬੈਠਕ ਵਿਚ ਹਸੀਨਾ ਦੀ ਅਵਾਮੀ ਲੀਗ ਪਾਰਟੀ ਦਾ ਕੋਈ ਵੀ ਆਗੂ ਮੌਜੂਦ ਨਹੀਂ ਸੀ। ਬੰਗਲਾਦੇਸ਼ ਦੇ ਬਾਨੀ ਸ਼ੇਖ ਮੁਜੀਬੁਰ ਰਹਿਮਾਨ ਦੀ ਧੀ ਹਸੀਨਾ (76) ਇਸ ਦੱਖਣ ਏਸ਼ਿਆਈ ਮੁਲਕ ’ਤੇ 2009 ਤੋਂ ਰਾਜ ਕਰ ਰਹੀ ਹੈ। ਇਸ ਸਾਲ ਜਨਵਰੀ ਵਿਚ ਹੋਈਆਂ 12ਵੀਆਂ ਆਮ ਚੋਣਾਂ ਦੌਰਾਨ ਉਹ ਲਗਾਤਾਰ ਰਿਕਾਰਡ ਚੌਥੀ ਵਾਰ ਤੇ ਕੁੱਲ ਮਿਲਾ ਕੇ 5ਵੀਂ ਵਾਰ ਚੁਣੀ ਗਈ ਸੀ। ਇਨ੍ਹਾਂ ਚੋਣਾਂ ਦਾ ਸਾਬਕਾ ਪ੍ਰਧਾਨ ਮੰਤਰੀ ਖ਼ਾਲਿਦਾ ਜ਼ਿਆ ਦੀ ਮੁੱਖ ਵਿਰੋਧੀ ਪਾਰਟੀ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀਐੱਨਪੀ) ਤੇ ਉਸ ਦੇ ਭਾਈਵਾਲਾਂ ਨੇ ਬਾਈਕਾਟ ਕੀਤਾ ਸੀ।

ਪਿਛਲੇ ਦੋ ਦਿਨਾਂ ਵਿਚ ਹਸੀਨਾ ਸਰਕਾਰ ਖਿਲਾਫ਼ ਜਾਰੀ ਪ੍ਰਦਰਸ਼ਨਾਂ ਵਿਚ ਸੌ ਤੋਂ ਵੱਧ ਲੋਕਾਂ ਦੀ ਜਾਨ ਜਾਂਦੀ ਰਹੀ ਹੈ। 1971 ਵਿਚ ਬੰਗਲਾਦੇਸ਼ ਦੀ ਆਜ਼ਾਦੀ ਲਈ ਜੰਗ ਲੜਨ ਵਾਲਿਆਂ ਦੇ ਸਕੇ-ਸਬੰਧੀਆਂ ਨੂੰ ਸਰਕਾਰੀ ਨੌਕਰੀਆਂ ਵਿਚ 30 ਫੀਸਦ ਰਾਖਵਾਂਕਰਨ ਦੇਣ ਦੇ ਵਿਵਾਦਿਤ ਫੈਸਲੇ ਖਿਲਾਫ਼ ਦੇਸ਼ ਵਿਚ ਜਾਰੀ ਰੋਸ ਪ੍ਰਦਰਸ਼ਨਾਂ ਨੇ ਹਿੰਸਕ ਰੂਪ ਧਾਰ ਲਿਆ ਸੀ। ਪੂਰੇ ਦੇਸ਼ ਵਿਚ ਜਾਰੀ ਪ੍ਰਦਰਸ਼ਨਾਂ ਦਰਮਿਆਨ ਥਲ ਸੈਨਾ ਮੁਖੀ ਨੇ ਥਲ ਸੈਨਾ ਤੇ ਪੁਲੀਸ ਨੂੰ ਗੋਲੀ ਨਾ ਚਲਾਉਣ ਦੀ ਹਦਾਇਤ ਕੀਤੀ ਹੈ। ਜ਼ਮਾਨ ਨੇ ਪ੍ਰਦਰਸ਼ਨਕਾਰੀਆਂ ਨੂੰ ਵੀ ਜ਼ਾਬਤੇ ਵਿਚ ਰਹਿਣ ਤੇ ਹਿੰਸਾ ਖ਼ਤਮ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਵਾਅਦਾ ਕੀਤਾ ਕਿ ਸਾਰਿਆਂ ਨੂੰ ‘ਨਿਆਂ’ ਮਿਲੇਗਾ। ਥਲ ਸੈਨਾ ਮੁਖੀ ਵੱਲੋਂ ਹਸੀਨਾ ਦੇ ਅਸਤੀਫ਼ੇ ਦੇ ਕੀਤੇ ਐਲਾਨ ਮਗਰੋਂ ਸੈਂਕੜੇ ਪ੍ਰਦਰਸ਼ਨਕਾਰੀ ਪ੍ਰਧਾਨ ਮੰਤਰੀ ਦੀ ਸਰਕਾਰੀ ਰਿਹਾਇਸ਼ ‘ਗਣਭਵਨ’ ਵਿਚ ਦਾਖ਼ਲ ਹੋ ਗਏ। ਤਸਵੀਰਾਂ ਵਿਚ ਪ੍ਰਦਰਸ਼ਨਕਾਰੀ ਹਸੀਨਾ ਦੀ ਸਰਕਾਰੀ ਰਿਹਾਇਸ਼ ਵਿਚ ਲੁੱਟ-ਮਾਰ ਕਰਦੇ ਨਜ਼ਰ ਆਏ। ਕੁਝ ਲੋਕ ਤਾਂ ਕੁਰਸੀਆਂ ਤੇ ਸੋਫੇ ਚੁੱਕ ਕੇ ਲਿਜਾਂਦੇ ਵੀ ਦਿਸੇ। ਸਥਾਨਕ ਮੀਡੀਆ ਰਿਪੋਰਟਾਂ ਵਿਚ ਕਿਹਾ ਗਿਆ ਕਿ ਪ੍ਰਦਰਸ਼ਨਕਾਰੀਆਂ ਨੇ ਰਾਜਧਾਨੀ ਢਾਕਾ ਵਿਚ ਹਸੀਨਾ ਦੇ 3/ਏ ਧਾਨਮੰਡੀ ਸਥਿਤ ਦਫ਼ਤਰ ਨੂੰ ਅੱਗ ਲਾ ਦਿੱਤੀ। ਮੁਜ਼ਾਹਰਾਕਾਰੀਆਂ ਨੇ ਗ੍ਰਹਿ ਮੰਤਰੀ ਅਸਦੂਜ਼ਮਾਨ ਖ਼ਾਨ ਦੇ ਘਰ ਵਿਚ ਦਾਖ਼ਲ ਹੋ ਕੇ ਭੰਨ-ਤੋੜ ਕੀਤੀ। ਪ੍ਰਦਰਸ਼ਨਕਾਰੀਆਂ ਨੇ ਹਸੀਨਾ ਦੇ ਦੇਸ਼ ਛੱਡ ਕੇ ਜਾਣ ਦਾ ਜਸ਼ਨ ਮਨਾਉਂਦਿਆਂ ਉਨ੍ਹਾਂ ਦੇ ਪਿਤਾ ਮੁਜੀਬੁਰ ਰਹਿਮਾਨ ਦੇ ਬੁੱਤ ਦੀ ਹਥੌੜੇ ਨਾਲ ਭੰਨ-ਤੋੜ ਕੀਤੀ। ਹਜੂਮ ਨੇ ਹਸੀਨਾ ਦੇ ਸ਼ੌਹਰ ਡਾ. ਵਾਜਿਦ ਮੀਆਂ ਦੇ ਘਰ ਨੂੰ ਵੀ ਨਹੀਂ ਛੱਡਿਆ। ਹਿੰਸਾ ਉੱਤੇ ਉਤਾਰੂ ਹਜੂਮ ਨੇ ਢਾਕਾ ਵਿਚ ਭਾਰਤੀ ਕਲਚਰਲ ਸੈਂਟਰ ਦੀ ਵੀ ਭੰਨ-ਤੋੜ ਕੀਤੀ ਤੇ ਪੂਰੇ ਦੇਸ਼ ਵਿਚ ਚਾਰ ਹਿੰਦੂ ਮੰਦਿਰਾਂ ਨੂੰ ‘ਮਾਮੂਲੀ’ ਨੁਕਸਾਨ ਪੁੱਜਾ। ਹਿੰਦੂ ਬੋੋਧੀ ਕ੍ਰਿਸਚੀਅਨ ਯੂਨਿਟੀ ਕੌਂਸਲ ਦੇ ਆਗੂ ਕਾਜੋਲ ਦੇਬਨਾਥ ਨੇ ਕਿਹਾ ਕਿ ਉਨ੍ਹਾਂ ਨੂੰ ਬੰਗਲਾਦੇਸ਼ ਵਿਚ ਘੱਟੋ ਘੱਟ ਚਾਰ ਹਿੰਦੂ ਮੰਦਿਰ ਨੁਕਸਾਨੇ ਜਾਣ ਦੀਆਂ ਰਿਪੋਰਟਾਂ ਮਿਲੀਆਂ ਹਨ।