ਮੁਹਾਲੀ- ਪੰਜਾਬੀ ਅਖ਼ਬਾਰ ‘ਰੋਜ਼ਾਨਾ ਸਪੋਕਸਮੈਨ’ ਦੇ ਬਾਨੀ ਸੰਪਾਦਕ ਜੋਗਿੰਦਰ ਸਿੰਘ (83) ਦੇ ਅਕਾਲ ਚਲਾਣੇ ਦੀ ਦੁਖਦਾਈ ਖਬਰ ਹੈ। ਉਹ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਸਨ ਅਤੇ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਜ਼ੇਰੇ ਇਲਾਜ ਸਨ। ਜੋਗਿੰਦਰ ਸਿੰਘ ਪੇਸ਼ੇ ਤੋਂ ਇੱਕ ਵਕੀਲ ਸਨ। ਉਨ੍ਹਾਂ ਨੇ ਆਪਣੀ ਅਤੇ ਪਰਿਵਾਰ ਦੀ ਸਖ਼ਤ ਮਿਹਨਤ ਨਾਲ ਪਹਿਲੀ ਜਨਵਰੀ 1994 ਨੂੰ ‘ਸਪੋਕਸਮੈਨ’ ਮਾਸਕ ਰਸਾਲਾ ਸ਼ੁਰੂ ਕੀਤਾ ਸੀ ਅਤੇ 1 ਦਸੰਬਰ 2005 ਨੂੰ ਸਪੋਕਸਮੈਨ ਨਾਂ ਦੇ ਰੋਜ਼ਾਨਾ ਅਖ਼ਬਾਰ ਵਿੱਚ ਬਦਲ ਦਿੱਤਾ। ਅਦਾਰੇ ਨਾਲ ਜੁੜੇ ਪੱਤਰਕਾਰਾਂ ਨੇ ਦੱਸਿਆ ਕਿ ਜੋਗਿੰਦਰ ਸਿੰਘ ਦੀ ਦੇਹ ਸੋਮਵਾਰ ਸਵੇਰੇ ਫੋਰਟਿਸ ਹਸਪਤਾਲ ਤੋਂ ਘਰ ਲਿਜਾਈ ਜਾਵੇਗੀ ਅਤੇ 5 ਅਗਸਤ ਨੂੰ ਬਾਅਦ ਦੁਪਹਿਰ ਤਿੰਨ ਵਜੇ ਉਨ੍ਹਾਂ ਦਾ ਸਸਕਾਰ ਕੀਤਾ ਜਾਵੇਗਾ।