Headlines

ਪਿੰਡ ਕਰਮੂੰਵਾਲਾ ਦਾ ਨੌਜਵਾਨ ਨਿਊਜ਼ੀਲੈਂਡ ਪੁਲਿਸ ਦਾ ਅਫਸਰ ਬਣਿਆ  

ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,6 ਅਗਸਤ -ਪਿੰਡ ਕਰਮੂੰਵਾਲਾ ਦੇ ਜੰਮਪਲ ਨੌਜਵਾਨ ਨੇ ਸਖ਼ਤ ਮਿਹਨਤ ਕਰਕੇ ਨਿਊਜ਼ੀਲੈਂਡ ਪੁਲਿਸ ਵਿੱਚ ਭਰਤੀ ਹੋ ਕੇ ਆਪਣੇ ਪਰਿਵਾਰ,ਪਿੰਡ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਪਿੰਡ ਕਰਮੂੰਵਾਲਾ ਦਾ ਜੰਮਪਲ ਨੌਜਵਾਨ ਹਰਪ੍ਰੀਤ ਸਿੰਘ ਪੁੱਤਰ ਸਵ.ਰਣਜੀਤ ਸਿੰਘ ਸ਼ਾਹ ਜਿਸਦੇ ਸਿਰ ਤੋਂ ਮਾਤਾ-ਪਿਤਾ ਦਾ ਸਾਇਆ ਬਚਪਨ ਤੋਂ ਹੀ ਉੱਠ ਗਿਆ ਸੀ।ਪਿੰਡ ਕਰਮੂੰਵਾਲਾ ਵਿਖੇ ਰਹਿੰਦਿਆਂ ਹੀ ਸੰਘਰਸ਼ਮਈ ਜੀਵਨ ਬਤੀਤ ਕਰਦਿਆਂ ਹਰਪ੍ਰੀਤ ਸਿੰਘ ਵਲੋਂ ਆਪਣੀ ਮੁੱਢਲੀ ਪੜ੍ਹਾਈ ਗੁਰੂ ਗੋਬਿੰਦ ਸਿੰਘ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਸਰਹਾਲੀ ਵਿਖੇ ਕਰਨ ਤੋਂ ਬਾਅਦ 2017 ਵਿੱਚ ਨਿਊਜ਼ੀਲੈਂਡ ਪੁੱਜਕੇ ਉਥੋਂ ਦੀ ਨਾਗਰਿਕਤਾ ਹਾਸਲ ਕੀਤੀ ਗਈ।ਨਿਊਜ਼ੀਲੈਂਡ ਵਿੱਚ ਵੀ ਸਖ਼ਤ ਮਿਹਨਤ ਕਰਦਿਆਂ ਹਰਪ੍ਰੀਤ ਸਿੰਘ ਉਥੋਂ ਦੀ ਪੁਲਿਸ ਫੋਰਸ ਵਿੱਚ ਭਰਤੀ ਹੋ ਕੇ ਅੱਜ ਮਾਣ ਮਹਿਸੂਸ ਕਰ ਰਿਹਾ ਹੈ। ਪਿੰਡ ਕਰਮੂੰਵਾਲਾ ਵਿਖੇ ਰਹਿੰਦੇ ਹਰਪ੍ਰੀਤ ਸਿੰਘ ਦੇ ਛੋਟੇ ਭਰਾ ਜਸਵਿੰਦਰ ਸਿੰਘ ਲਾਲੀ,ਲਖਵਿੰਦਰ ਸਿੰਘ ਅਤੇ ਭਰਾਵਾਂ ਵਰਗੇ ਦੋਸਤ ਬਲਰਾਜ ਸਿੰਘ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਹਰਪ੍ਰੀਤ ਸਿੰਘ ਦੇ ਨਿਊਜ਼ੀਲੈਂਡ ਪੁਲਿਸ ਵਿੱਚ ਭਰਤੀ ਹੋਣ ਦੀ ਖਬਰ ਮਿਲੀ ਤਾਂ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ।ਉਨ੍ਹਾਂ ਕਿਹਾ ਕਿ ਹਰਪ੍ਰੀਤ ਸਿੰਘ ਦੇ ਮਾਤਾ-ਪਿਤਾ ਅਤੇ ਦਾਦਾ ਜੀ ਸਵ.ਫੌਜਾ ਸਿੰਘ ਸ਼ਾਹ ਜੋ ਲੰਮਾ ਸਮਾਂ ਪਿੰਡ ਕਰਮੂੰਵਾਲਾ ਦੇ ਸਰਪੰਚ ਰਹੇ ਹਨ,ਦੀ ਦਿਲੀ ਇੱਛਾ ਸੀ ਕਿ ਹਰਪ੍ਰੀਤ ਸਿੰਘ ਪੁਲਿਸ ਵਿੱਚ ਵੱਡਾ ਅਫਸਰ ਬਣੇ। ਜਿਸਨੂੰ ਪੂਰਾ ਕਰਨ ਲਈ ਉਨ੍ਹਾਂ ਦੇ ਭਰਾ ਹਰਪ੍ਰੀਤ ਸਿੰਘ ਨੇ ਸਖ਼ਤ ਮਿਹਨਤ ਦੇ ਬਲਬੂਤੇ ਨਿਉਜੀਲੈਂਡ ਵਿੱਚ ਉਥੋਂ ਦੀ ਪੁਲਿਸ ਫੋਰਸ ਵਿੱਚ ਭਰਤੀ ਹੋ ਕੇ ਜਿਥੇ ਆਪਣੇ ਮਾਤਾ-ਪਿਤਾ ਅਤੇ ਦਾਦਾ ਜੀ ਦੀ ਇੱਛਾ ਨੂੰ ਪੂਰਾ ਕੀਤਾ ਹੈ,ਉਥੇ ਹੀ ਆਪਣੇ ਪਿੰਡ ਕਰਮੂੰਵਾਲਾ,ਸ਼ਾਹ ਪਰਿਵਾਰ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਗਿਆ ਹੈ।ਹਰਪ੍ਰੀਤ ਸਿੰਘ ਦੀ ਇਸ ਪ੍ਰਾਪਤੀ ‘ਤੇ ਪਿੰਡ ਕਰਮੂੰਵਾਲਾ ਦੇ ਸਰਪੰਚ ਬਲਬੀਰ ਸਿੰਘ ਸ਼ਾਹ,ਸੁਰਜੀਤ ਸਿੰਘ ਆੜਤੀ,ਕੈਪਟਨ ਨਿਰਮਲਜੀਤ ਸਿੰਘ,ਹਰਮੀਤ ਸਿੰਘ ਅਮਰੀਕਾ,ਪਰਮਜੀਤ ਸਿੰਘ ਕਰਮੂੰਵਾਲਾ,ਸਰਬਜੀਤ ਸਿੰਘ ਰਾਜਾ ਚੋਹਲਾ ਸਾਹਿਬ,ਸੁਖਚੈਨ ਸਿੰਘ ਕਰਮੂੰਵਾਲਾ,ਮਨਜੀਤ ਸਿੰਘ ਪ੍ਰਧਾਨ ਕਿਸਾਨ ਸੰਘਰਸ਼ ਕਮੇਟੀ,ਬਲਰਾਜ ਸਿੰਘ ਆਸਟ੍ਰੇਲੀਆ ਤੋਂ ਇਲਾਵਾ ਇਲਾਕੇ ਦੇ ਲੋਕਾਂ ਵਲੋਂ ਹਰਪ੍ਰੀਤ ਸਿੰਘ ਦੀ ਨਿਊਜ਼ੀਲੈਂਡ ਪੁਲਿਸ ਵਿੱਚ ਭਰਤੀ ਹੋਣ ਦੀ ਇਸ ਮਾਣਮੱਤੀ ਪ੍ਰਾਪਤੀ ‘ਤੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ ਹੈ।