ਹਾਲੈਂਡ ਸਰੀ ਵਿਚ ਹੋਏ ਮੇਲੇ ਦੌਰਾਨ ਪ੍ਰਧਾਨ ਮੰਤਰੀ ਟਰੂਡੋ, ਪ੍ਰੀਮੀਅਰ ਈਬੀ ਤੇ ਹੋਰ ਸ਼ਖਸੀਅਤਾਂ ਨੇ ਹਾਜ਼ਰੀ ਭਰੀ-
ਮਿਸ ਪੂਜਾ, ਸੁੱਖੀ, ਪ੍ਰਗਟ ਖਾਨ ਤੇ ਮੋਹਸਿਨ ਸ਼ੌਕਤ ਅਲੀ ਖਾਨ ਤੇ ਹੋਰ ਗਾਇਕਾਂ ਨੇ ਮੇਲੇ ਵਿਚ ਗਾਇਕੀ ਦੇ ਰੰਗ ਭਰੇ-
ਮੇਲੇ ਦੀ ਸਫਲਤਾ ਅਤੇ ਲਿਬਰਲ ਸਰਕਾਰ ਵਲੋਂ ਕਾਮਾਗਾਟਾਮਾਰੂ ਦੁਖਾਂਤ ਲਈ ਮੁਆਫੀ ਮੰਗੇ ਜਾਣ ਲਈ ਮੁੱਖ ਪ੍ਰਬੰਧਕ ਸਾਹਿਬ ਥਿੰਦ ਵਲੋਂ ਧੰਨਵਾਦ-
ਸਰੀ ( ਦੇ ਪ੍ਰ ਬਿ, ਹਰਦਮ ਮਾਨ, ਮਾਂਗਟ )-ਕੈਨੇਡਾ ਵਿੱਚ ਭਾਰਤੀਆਂ ਨੂੰ ਵੋਟ ਦਾ ਪਾਉਣ ਦਾ ਅਧਿਕਾਰ ਦਿਵਾਉਣ ਵਾਲੇ ਦੂਰ ਅੰਦੇਸ਼ ਸੰਘਰਸ਼ੀ ਯੋਧਿਆਂ ਦਰਸ਼ਨ ਸਿੰਘ ਕੈਨੇਡੀਅਨ, ਹੈਰਲਡ ਪ੍ਰਿਚਿਟ, ਲਾਰਾ ਜੈਮੀਸਨ ਤੇ ਸਰਦਾਰ ਨਗਿੰਦਰ ਸਿੰਘ ਗਿੱਲ ਦੀ ਯਾਦ ਨੂੰ ਸਮਰਪਿਤ ਪ੍ਰੋ. ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ ਸਰੀ ਕੈਨੇਡਾ ਵੱਲੋਂ ਇਸ ਸਾਲ 28ਵਾਂ ਗਦਰੀ ਬਾਬਿਆਂ ਦਾ ਮੇਲੇ ਹਾਲੈਂਡ ਪਾਰਕ ਸਰੀ ਵਿਖੇ ਧੂਮਧਾਮ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਕੈਨੇਡਾ ਦੇ ਪਹਿਲੇ ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ ਦੀ ਸ਼ਹਾਦਤ ਨੂੰ ਪ੍ਰਣਾਮ ਕਰਦਿਆਂ ਕੈਨੇਡਾ ਸਰਕਾਰ ਤੋਂ ਇਕ ਮਤੇ ਰਾਹੀ ਮੰਗ ਕੀਤੀ ਕਿ ਉਸ ਮਹਾਨ ਸ਼ਹੀਦ ਦਾ ਸਰਕਾਰੀ ਦਸਤਾਵੇਜਾਂ ਵਿਚ ਅਪਰਾਧਿਕ ਰਿਕਾਰਡ ਵਿਚ ਸੁਧਾਰ ਕਰਦਿਆਂ ਉਸਦੀ ਸ਼ਹਾਦਤ ਨੂੰ ਮਾਨਤਾ ਦਿੱਤੀ ਜਾਵੇ। ਇਸ ਮਤੇ ਦਾ ਹਜ਼ਾਰਾਂ ਦੀ ਗਿਣਤੀ ਵਿਚ ਜੁੜੇ ਲੋਕਾਂ ਨੇ ਹੱਥ ਖੜੇ ਕਰਕੇ ਸਮਰਥਨ ਕੀਤਾ।
ਮੇਲੇ ਦੌਰਾਨ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਲਿਬਰਲ ਐੱਮ ਪੀ ਸੁੱਖ ਧਾਲੀਵਾਲ, ਬੀ ਸੀ ਦੇ ਪ੍ਰੀਮੀਅਰ ਡੇਵਿਡ ਈਬੀ, ਕੈਬਨਿਟ ਮੰਤਰੀ ਹੈਰੀ ਬੈਂਸ, ਬਰੂਸ ਰਾਲਸਟਨ, ਗੈਰੀ ਬੈਗ, ਜਗਰੂਪ ਬਰਾੜ, ਸਿੱਖਿਆ ਮੰਤਰੀ ਰਚਨਾ ਸਿੰਘ, ਸਾਬਕਾ ਮੰਤਰੀ ਤੇ ਐਮ ਐਲ ਏ ਜਿੰਨੀ ਸਿਮਜ਼, ਐਮ ਐਲ ਏ ਅਮਨਦੀਪ ਸਿੰਘ ਤੇ ਕਈ ਹੋਰ ਪ੍ਰਮੁੱਖ ਸ਼ਖਸੀਅਤਾਂ ਨੇ ਵਿਸ਼ੇਸ਼ ਹਾਜ਼ਰੀ ਭਰੀ ਤੇ ਗਰਦੀ ਬਾਬਿਆਂ ਨੂੰ ਸ਼ਰਧਾਂਜਲੀ ਭੇਟ ਕੀਤੀ। ਫਾਊਂਡੇਸ਼ਨ ਵੱਲੋਂ ਸ਼ਹੀਦ ਮੇਵਾ ਸਿੰਘ ਲੋਪੋਕੇ ਦੀ ਸ਼ਹਾਦਤ ਸਬੰਧੀ ਰੀਕਾਰਡ ਸਹੀ ਕਰਨ ਲਈ ਮੰਗ ਪੱਤਰ ਪ੍ਰਧਾਨ ਮੰਤਰੀ ਨੂੰ ਸੌਂਪਿਆ ਗਿਆ।
ਬੀ ਸੀ ਦੇ ਪ੍ਰੀਮੀਅਰ ਡੇਵਿਡ ਈਬੀ ਨੇ ਮੰਚ ਤੇ ਬੋਲਦਿਆਂ ਗਦਰੀ ਬਾਬਿਆਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕੈਨੇਡਾ ਵਿਚ ਸਾਉਥ ਏਸ਼ੀਅਨ ਲੋਕਾਂ ਨੂੰ ਵੋਟ ਦਾ ਅਧਿਕਾਰ ਦਿਵਾਉਣ ਵਾਲੇ ਆਗੂਆਂ ਦੀ ਘਾਲਣਾ ਨੂੰ ਪ੍ਰਣਾਮ ਕਰਦਿਆਂ ਉਹਨਾਂ ਦੇ ਇਤਿਹਾਸਕ ਯੋਗਦਾਨ ਨੂੰ ਯਾਦ ਕਰਨ ਲਈ ਫਾਉਂਡੇਸ਼ਨ ਦਾ ਵਿਸ਼ੇਸ਼ ਧੰਨਵਾਦ ਕੀਤਾ। ਫਾਉਂਡੇਸ਼ਨ ਵਲੋਂ ਗਦਰੀ ਯੋਧਿਆਂ ਦੇ ਪਰਿਵਾਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਫਾਊਂਡੇਸ਼ਨ ਵਲੋਂ ਪ੍ਰੀਮੀਅਰ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ।ਦੁਪਹਿਰ ਸਮੇਂ ਮੇਲੇ ਵਿਚ ਪੁੱਜੇ ਪ੍ਰਧਾਨ ਮੰਤਰੀ ਟਰੂਡੋ ਦਾ ਪ੍ਰੋ. ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ ਦੇ ਪ੍ਰਧਾਨ ਸਾਹਿਬ ਥਿੰਦ ਤੇ ਉਹਨਾਂ ਦੇ ਸਾਥੀਆਂ ਨੇ ਭਰਵਾਂ ਸਵਾਗਤ ਕੀਤਾ। ਭਾਰਤੀ ਲੋਕ ਸਭਾ ਦੇ ਸਾਬਕਾ ਡਿਪਟੀ ਸਪੀਕਰ ਸ ਚਰਨਜੀਤ ਸਿੰਘ ਅਟਵਾਲ ਦੀ ਬੇਟੀ ਤ੍ਰਿਪਤ ਅਟਵਾਲ ਨੇ ਆਪਣੇ ਪਿਤਾ ਦੀ ਤਰਫੋਂ ਮੰਚ ਤੋਂ ਗਦਰੀ ਬਾਬਿਆਂ ਨੂੰ ਸ਼ਰਧਾਂਜਲੀ ਦਿੰਦਿਆਂ ਕੈਨੇਡਾ ਵਿਚ ਪੰਜਾਬੀਆਂ ਦੀਆਂ ਪ੍ਰਾਪਤੀਆਂ ਨੂੰ ਮਾਣਮੱਤਾ ਦੱਸਿਆ। ਫਾਉਂਡੇਸ਼ਨ ਵਲੋਂ ਤ੍ਰਿਪਤ ਅਟਵਾਲ ਦੀ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ।
ਮੇਲੇ ਵਿੱਚ ਪ੍ਰਸਿਧ ਗਾਇਕਾ ਮਿਸ ਪੂਜਾ, ਸੁਖਵਿੰਦਰ ਸੁੱਖੀ, ਪਰਗਟ ਖਾਂ ਤੇ ਪਾਕਿਸਤਾਨੀ ਗਾਇਕ ਮੋਹਸਿਨ ਸ਼ੌਕਤ ਅਲੀ ਖਾਨ ਤੋਂ ਇਲਾਵਾ ਕਈ ਹੋਰ ਗਾਇਕਾਂ ਨੇ ਹਾਜ਼ਰੀ ਭਰਦਿਆਂ ਦਰਸ਼ਕਾਂ ਸਰੋਤਿਆਂ ਦਾ ਮਨੋਰੰਜਨ ਕੀਤਾ ਤੇ ਉਸਾਰੂ ਤੇ ਸਭਿਆਚਾਰਕ ਗਾਇਕੀ ਦਾ ਚੰਗਾ ਰੰਗ ਬੰਨਿਆਂ। ਗਾਇਕੀ ਦੌਰਾਨ ਮਿਸ ਪੂਜਾ ਦੀ ਮੰਚ ਤੇ ਆਮਦ ਮੇਲੇ ਦੀ ਸਿਖਰ ਹੋ ਨਿਬੜੀ। ਮੰਚ ਸੰਚਾਲਕਾ ਉਘੀ ਰੇਡੀਓ ਹੋਸਟ ਮਨਜੀਤ ਕੌਰ ਕੰਗ ਨੇ ਜਿਵੇਂ ਹੀ ਮਿਸ ਪੂਜਾ ਨੂੰ ਮੰਚ ਤੇ ਆਉਣ ਦਾ ਸੱਦਾ ਦਿੱਤਾ ਤਾਂ ਤਿੱਖੀ ਧੁੱਪ ਦੇ ਗਰਮੀ ਦੇ ਬਾਵਜੂਦ ਹਜ਼ਾਰਾਂ ਸਰੋਤਿਆਂ ਨੇ ਮੰਚ ਨੇੜੇ ਝੁਰਮਟ ਪਾ ਲਿਆ। ਮਿਸ ਪੂਜਾ ਨੇ ਆਪਣੀ ਦਮਦਾਰ ਤੇ ਸੁਰੀਲੀ ਆਵਾਜ਼ ਦਾ ਜਾਦੂ ਕਰਦਿਆਂ ਸਰੋਤਿਆਂ ਦੀ ਫਰਮਾਇਸ਼ ਤੇ ਆਪਣੇ ਚਰਚਿਤ ਗੀਤਾਂ ਨਾਲ ਮੇਲੇ ਨੂੰ ਯਾਦਗਾਰੀ ਬਣਾ ਦਿੱਤਾ।
ਪ੍ਰੋ. ਮੋਹਨ ਸਿੰਘ ਫਾਉਂਡੇਸ਼ਨ ਦੇ ਪ੍ਰਧਾਨ ਸ. ਸਾਹਿਬ ਸਿੰਘ ਥਿੰਦ ਨੇ ਗਰਮੀ ਦੇ ਬਾਵਜੂਦ ਮੇਲੇ ਵਿੱਚ ਵੱਡੀ ਗਿਣਤੀ ਵਿਚ ਪੁੱਜੇ ਪੰਜਾਬੀਆਂ ਅਤੇ ਲਿਬਰਲ ਸਰਕਾਰ ਵਲੋਂ ਕਾਮਾਗਾਟਾਮਾਰੂ ਦੁਖਾਂਤ ਲਈ ਫਾਉਂਡੇਸ਼ਨ ਦੀ ਮੰਗ ਉਪਰ ਹਾਊਸ ਆਫ ਕਾਮਨਜ਼ ਵਿਚ ਮੁਆਫੀ ਮੰਗੇ ਜਾਣ ਲਈ ਪ੍ਰਧਾਨ ਮੰਤਰੀ ਟਰੂਡੋ ਦਾ ਵਿਸ਼ੇਸ਼ ਧੰਨਵਾਦ ਕੀਤਾ। ਮੇਲੇ ਦੌਰਾਨ ਵੱਖ -ਵੱਖ ਸਟਾਲਾਂ ਤੋਂ ਇਲਾਵਾ ਚੇਤਨਾ ਪ੍ਰਕਾਸ਼ਨ ਲੁਧਿਆਣਾ ਦੇ ਸਤੀਸ਼ ਗੁਲਾਟੀ ਵਲੋਂ ਕਿਤਾਬਾਂ ਦੀ ਵਿਸ਼ੇਸ਼ ਪ੍ਰਦਰਸ਼ਨੀ ਲਗਾਈ ਗਈ ਜਿਸਨੂੰ ਲੋਕਾਂ ਨੇ ਭਰਵਾਂ ਹੁੰਗਾਰਾ ਦਿੱਤਾ।
ਉੱਘੇ ਵਿਦਵਾਨ ਡਾ. ਸਾਧੂ ਬਿੰਨਿੰਗ ਤੇ ਸੁਖਵੰਤ ਹੁੰਦਲ ਵਲੋਂ ਭਾਰਤੀਆਂ ਨੇ ਕੈਨੇਡਾ ਵਿਚ ਵੋਟ ਦਾ ਹੱਕ ਕਿਸ ਤਰਾਂ ਲਿਆ, ਬਾਰੇ ਛਾਪਿਆ ਗਿਆ ਲੀਫਲੈਟ ਲੋਕਾਂ ਨੂੰ ਵੱਡੀ ਗਿਣਤੀ ਵਿਚ ਵੰਡਿਆ ਗਿਆ।