Headlines

ਗ਼ਜ਼ਲ ਮੰਚ ਸਰੀ ਵੱਲੋਂ ਡਾ. ਸਾਹਿਬ ਸਿੰਘ ਅਤੇ ਤਰਲੋਚਨ ਤਰਨ ਤਾਰਨ ਨਾਲ ਸਾਹਿਤਕ ਮਿਲਣੀ

ਸਰੀ, 6 ਅਗਸਤ (ਹਰਦਮ ਮਾਨ)-ਗ਼ਜ਼ਲ ਮੰਚ ਸਰੀ ਵੱਲੋਂ ਰੰਗਮੰਚ ਦੇ ਪ੍ਰਸਿੱਧ ਹਸਤਾਖ਼ਰ ਡਾ. ਸਾਹਿਬ ਸਿੰਘ ਅਤੇ ਸਾਹਿਤ ਦਾ ਡੂੰਘਾ ਅਧਿਐਨ ਕਰਨ ਕਰਨ ਵਾਲੇ ਤਰਲੋਚਨ ਤਰਨਤਾਰਨ ਨਾਲ ਵਿਸ਼ੇਸ਼ ਮਿਲਣੀ ਕੀਤੀ ਗਈ। ਇਸ ਵਿਚ ਪੰਜਾਬੀ ਸਾਹਿਤ ਦੀਆਂ ਵੱਖ ਵੱਖ ਵਿਧਾਵਾਂ ਅਤੇ ਖਾਸ ਕਰ ਕੇ ਗ਼ਜ਼ਲ ਤੇ ਨਾਟਕ ਬਾਰੇ ਬਹੁਤ ਉਸਾਰੂ ਵਿਚਾਰ ਚਰਚਾ ਹੋਈ।
ਡਾ. ਸਾਹਿਬ ਸਿੰਘ ਨੇ ਅਦਾਕਾਰ ਤੋਂ ਨਾਟਕਕਾਰ ਬਣਨ ਦੇ ਆਪਣੇ ਸਫ਼ਰ ਬਾਰੇ ਸੰਖੇਪ ਵਿਚ ਦੱਸਿਆ ਅਤੇ ਇਸ ਸਫ਼ਰ ਦੌਰਾਨ ਹੋਏ ਵੱਖ ਵੱਖ ਅਨੁਭਵ ਸਾਂਝੇ ਕੀਤੇ। ਆਪਣੀ ਅਦਾਕਾਰੀ ਬਾਰੇ ਉਨ੍ਹਾਂ ਦਾ ਕਹਿਣਾ ਸੀ ਕਿ ‘ਮੈਨੂੰ ਪੂਰਨ ਵਿਸ਼ਵਾਸ ਹੁੰਦਾ ਹੈ ਕਿ ਸਟੇਜ ਉੱਪਰ ਮੈਂ ਜੋ ਕਹਿ ਰਿਹਾ ਹਾਂ, ਜੋ ਕਰ ਰਿਹਾ ਹਾਂ, ਮੇਰੇ ਲਈ ਉਹ ਸੱਚ ਹੈ ਅਤੇ ਉਸ ਨੂੰ ਪੂਰੀ
ਈਮਾਨਦਾਰੀ ਨਾਲ ਨਿਭਾਉਂਦਾ ਹਾਂ। ਮੈਂ ਕਰੈਕਟਰ ਨੂੰ ਆਤਮਸਾਤ ਕਰ ਲੈਂਦਾ ਹਾਂ’। ਉਨ੍ਹਾਂ ਇਹ ਵੀ ਕਿਹਾ ਕਿ ਕਲਾਕਾਰ ਨੂੰ ਆਪਣੇ ਕਰੈਕਟਰ ਵਿਚ ਲੀਨ ਹੋ ਜਾਣਾ ਚਾਹੀਦਾ ਹੈ ਅਤੇ ਸਟੇਜ ‘ਤੇ ਉਸ ਦੀ ਐਕਟਿੰਗ ਨਜ਼ਰ ਨਹੀਂ ਆਉਣੀ ਚਾਹੀਦੀ। ਮੰਚ ਦੇ ਸ਼ਾਇਰਾਂ ਵੱਲੋਂ ਵੀ ਉਨ੍ਹਾਂ ਦੀ ਪੇਸ਼ਕਾਰੀ ਦੀ ਪ੍ਰਸੰਸਾ ਕੀਤੀ।

ਪੰਜਾਬੀ ਸਾਹਿਤ ਦਾ ਡੂੰਘਾ ਗਿਆਨ ਰੱਖਣ ਵਾਲੇ ਤਰਲੋਚਨ ਤਰਨਤਾਰਨ ਨੇ ਵੀ ਸਾਹਿਤ ਅਤੇ ਕਲਾ ਨਾਲ ਸੰਬੰਧਤ ਵੱਡਮੁੱਲੀਆਂ ਗੱਲਾਂ ਕੀਤੀਆਂ। ਇਸ ਦੌਰਾਨ ਗ਼ਜ਼ਲ ਮੰਚ ਦੇ ਸ਼ਾਇਰਾਂ ਜਸਵਿੰਦਰ, ਕ੍ਰਿਸ਼ਨ ਭਨੋਟ, ਦਸ਼ਮੇਸ਼ ਗਿੱਲ ਫਿਰੋਜ਼, ਰਾਜਵੰਤ ਰਾਜ, ਪ੍ਰੀਤ ਮਨਪ੍ਰੀਤ, ਦਵਿੰਦਰ ਗੌਤਮ ਅਤੇ ਹਰਦਮ ਮਾਨ ਨੇ ਆਪਣੀਆਂ ਗ਼ਜ਼ਲਾਂ ਰਾਹੀਂ ਕਾਵਿਕ ਮਾਹੌਲ ਸਿਰਜਿਆ। ਗ਼ਜ਼ਲ ਮੰਚ ਵੱਲੋਂ ਦੋਹਾਂ ਮਹਿਮਾਨ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਸ਼ਾਇਰ ਜੱਗੀ ਜੌਹਲ ਦੀ ਪੁਸਤਕ ‘ਪੰਛੀ ਤੇ ਦਰਵੇਸ਼’ ਵੀ ਰਿਲੀਜ਼ ਕੀਤੀ ਗਈ।