Headlines

ਕੈਨੇਡਾ ਦੇ ਫਜ਼ੂਲ ਖਰਚੀ ਵਾਲੇ ਮਹਿੰਗੇ ਵਿਆਹ….

ਬਲਵੀਰ ਕੌਰ ਢਿੱਲੋਂ-
ਮੰਨਦੇ ਹਾਂ ਕਿ ਪੰਜਾਬੀਆਂ ਨੇ ਹਰ ਖੇਤਰ ਵਿੱਚ ਝੰਡੇ ਗੱਡੇ ਹਨ, ਪਰ ਅੱਡੀਆਂ ਚੁੱਕ ਚੁੱਕ ਕੇ ਫਾਹੇ ਲੈਣ ਵਿੱਚ ਵੀ ਸਾਡੇ ਪੰਜਾਬੀ ਸਭ ਤੋਂ ਅੱਗੇ ਹਨ। ਹਰ ਖੇਤਰ ਵਿੱਚ ਤਰੱਕੀ ਕਰਨ ਦੇ ਨਾਲ਼ ਨਾਲ਼ ਦਿਖਾਵਾ ਤੇ ਫੁਕਰਾਪੰਥੀ ਵਿੱਚ ਸਾਡੇ ਪੰਜਾਬੀ ਲੋਕ ਸਭ ਤੋਂ ਅੱਗੇ ਹਨ। ਸਾਦੇ ਕਲਚਰ ਤੋਂ ਕੋਹਾਂ ਦੂਰ, ਪੈਸੇ ਜਾਂ ਦਿਖਾਵੇ ਦੀ ਚਕਾਚੌਂਧ ਵਿੱਚ ਪੰਜਾਬੀਆਂ ਨੇ ਬਹੁਤ ਮੱਲਾਂ ਮਾਰੀਆਂ ਹਨ।
ਕੈਨੇਡਾ ਵਿੱਚ ਹੋ ਰਹੇ ਬਹੁਤੇ ਵਿਆਹਾਂ ਵਿੱਚ ਲੋੜ ਤੋਂ ਵੱਧ ਫਜੂਲ ਖਰਚੀ ਕੀਤੀ ਜਾਂਦੀ ਹੈ, ਲੋੜ ਤੋਂ ਵੱਧ ਦਿਖਾਵਾ ਕੀਤਾ ਜਾਂਦਾ ਹੈ। ਲੋਕ ਵਿੱਤੋਂ ਬਾਹਰ ਹੋ ਕੇ ਬੱਚਿਆਂ ਦੇ ਵਿਆਹਾਂ ਵਿੱਚ ਖਰਚਾ ਕਰਦੇ ਹਨ।
ਮੰਨਦੇ ਹਾਂ ਕਿ ਜਿਹਨਾਂ ਕੋਲ ਪੈਸਾ ਹੈ ਉਹ ਜਿੰਨਾ ਮਰਜ਼ੀ ਖਰਚ ਕਰ ਸਕਦੇ ਹਨ, ਪਰ ਆਮ ਲੋਕ ਜਿਹੜੇ ਅੱਜ ਦੀ ਮਹਿੰਗਾਈ ਵਿੱਚ ਲੋਕ ਪੇਅ ਚੈਕ ਟੂ ਪੇਅ ਚੈਕ ਨਾਲ਼ ਆਪਣਾ ਜੀਵਨ ਬਸਰ ਕਰ ਰਹੇ ਹਨ ਉਹ ਵੀ ਅੱਡੀਆਂ ਚੁੱਕ ਚੁੱਕ ਕੇ ਫਾਹੇ ਲੈ ਰਹੇ ਹਨ, ਆਪਣੇ ਘਰਾਂ ਤੇ ਕਰਜੇ ਚੁੱਕ ਕੇ ਸਿਰ ਤੇ ਲੱਖਾਂ ਡਾਲਰਾਂ ਦਾ ਕਰਜ਼ਾ ਚੜ੍ਹਾ ਕੇ ਬੱਚਿਆਂ ਦਾ ਵਿਆਹ ਕਰ ਰਹੇ ਹਨ।
ਕੀ ਲੋਕ ਦਿਖਾਵਾ ਏਨਾ ਜ਼ਰੂਰੀ ਹੈ ਕਿ, ਉਸੇ ਲੋਕ ਦਿਖਾਵੇ ਲਈ, ਤੁਸੀਂ ਅੱਡੀਆਂ ਚੁੱਕ ਚੁੱਕ ਕੇ ਫਾਹਾ ਲੈਣ ਲਈ ਮਜਬੂਰ ਹੋ…?
ਬਹੁਤੇ ਬੱਚੇ ਇਸ ਗੱਲ ਦੀ ਦਲੀਲ ਦਿੰਦੇ ਹਨ ਕਿ ਵਿਆਹ ਛੋਟਾ ਕਰਨਾ ਹੈ, ਬੱਚੇ ਚਾਹੁੰਦੇ ਹਨ ਕਿ ਜਿਹੜੇ ਰਿਸ਼ਤੇਦਾਰ ਮਿੱਤਰ ਤੁਸੀਂ ਕਦੇ ਦੇਖੇ ਹੀ ਨਹੀਂ ਉਹਨਾਂ ਨੂੰ ਵਿਆਹ ਤੇ ਬੁਲਾਉਣ ਦਾ ਕੀ ਤਰਕ, ਓਨੇ ਕੁ ਲੋਕ ਹੀ ਸੱਦੋ ਜੋ ਤੁਹਾਡੇ ਨਜ਼ਦੀਕ ਹਨ।
ਕਿੰਨੇ ਕਿੰਨੇ ਲੰਬੇ ਲੰਬੇ ਵਿਆਹ, ਮਾਈਆਂ ਪਾਰਟੀ, ਸੰਗੀਤ ਪਾਰਟੀ, ਮਹਿੰਦੀ, ਜਾਗੋ ਤੇ ਆਹ ਇੱਕ ਹੋਰ ਹੀ ਨਵਾਂ ਰਿਵਾਜ ਤੁਰ ਪਿਆ ਬੱਕਰਾ ਪਾਰਟੀ।
ਵਿਆਹਾਂ ਦੇ ਮਹਿੰਗੇ ਮਹਿੰਗੇ ਕੱਪੜੇ ਜਿੰਨੇ ਪਰਿਵਾਰ ਦੇ ਜੀਅ ਅਤੇ ਜਿੰਨੇ ਪਰੋਗਰਾਮ ਓਨੀਆਂ ਹੀ ਕੱਲੇ ਕੱਲੇ ਜੀਅ ਦੀਆਂ ਪੋਸ਼ਾਕਾਂ, ਹਰ ਇੱਕ ਪਰੋਗਰਾਮ ਲਈ ਨਵੀਂ ਪੋਸ਼ਾਕ, ਕਿਉਂਕਿ ਅੱਜਕੱਲ ਇਹ ਇੱਕ ਨਵਾਂ ਰਿਵਾਜ ਤੁਰ ਪਿਆ ਜੀ, ਅਸੀਂ ਕੱਪੜਾ ਇੱਕ ਫੰਕਸ਼ਨ ਤੇ ਪਾ ਕੇ ਦੁਬਾਰਾ ਨਹੀਂ ਪਾਉਂਦੇ। ਵਿਆਹ ਵਾਲ਼ੇ ਦਿਨ ਮੁੰਡੇ ਵਾਲਿਆਂ ਦੇ ਤੇ ਕੁੜੀ ਵਾਲ਼ਿਆਂ ਦੇ ਸਾਰਿਆਂ ਨੇ ਇੱਕੋ ਰੰਗ ਦੇ ਇੱਕੋ ਜਿਹੇ ਪਹਿਰਾਵੇ ਪਾਉਣ ਦਾ ਰਿਵਾਜ ਤੋਰ ਲਿਆ ਹੈ। ਜਿਹੜਾ ਨਾ ਵੀ ਲੈ ਕੇ ਪਾ ਸਕੇ ਮਤਲਬ ਉਹਦੇ ਗਲ਼ ਵਿੱਚ ਵੀ ਅੰਗੂਠਾ ਨਹੀਂ ਤੇ ਨੱਕ ਨਹੀਂ ਰਹਿੰਦਾ।
ਕੱਪੜਿਆਂ ਤੋਂ ਇਲਾਵਾ ਦੇਣ ਲੈਣ ਦਾ ਖਰਚਾ, ਮਹਿੰਗੇ ਮਹਿੰਗੇ ਤੋਹਫੇ, ਤੇ ਹੋਰ ਬਹੁਤ ਸਾਰਾ ਨਿਕ ਸੁਕ।
ਦਿਖਾਵਾ ਸਭ ਹੱਦਾਂ ਬੰਨੇ ਟੱਪ ਰਿਹਾ ਹੈ, ਜਿਸ ਇਨਸਾਨ ਦੀ ਹੈਸੀਅਤ ਨਹੀਂ ਉਹ ਵੀ ਇਸ ਭੇਡਚਾਲ ਦਾ ਹਿੱਸਾ ਬਣਨ ਲਈ ਕਤਾਰ ਵਿੱਚ ਲੱਗਾ ਹੈ। ਸਾਡਾ ਮਿਲਵਰਤਣ ਏਨਾ ਲੰਬਾ ਚੌੜਾ ਹੈ ਕਿ ਕੋਈ ਵੀ ਵਿਆਹ ਦਾ ਖਰਚਾ ਇੱਕ ਧਿਰ ਨੂੰ ਲੱਖ ਡੇਢ ਲੱਖ ਤੋਂ ਘੱਟ ਨਹੀਂ ਪੈਂਦਾ। ਫੇਰ ਅਸੀਂ ਵੱਡੇ ਵੱਡੇ ਲੋਕਾਂ ਨੂੰ ਖਾਸ ਸੱਦਣਾ ਹੁੰਦਾ, ਜ਼ਿਹਨਾਂ ਵਿੱਚ ਰਾਜਨੀਤਿਕ ਲੋਕ ਨਾ ਆਉਣ ਤਾਂ ਸਾਡੇ ਵਿਆਹ ਸਫਲ ਨਹੀਂ ਹੁੰਦੇ।
 20-25 ਫੋਟੋਗ੍ਰਾਫਰ ਦਾ ਖਰਚਾ, ਹਜਾਰਾਂ ਡਾਲਰ ਮੇਕਅੱਪ ਤੇ ਜੋ ਸਿਰਫ ਕੁਝ ਘੰਟਿਆਂ ਲਈ ਹੀ ਹੁੰਦਾ ਹੈ। ਜਿੰਨੇ ਦਿਨ ਵਿਆਹ ਚੱਲਦਾ ਓਨੇ ਦਿਨ ਕੇਟਰਿੰਗ ਚੱਲਦੀ ਹੈ। ਮਹਿਮਾਨਾਂ ਦੇ ਰਹਿਣ ਦਾ ਖਰਚਾ, ਧਮਾਤੜ ਬੰਦਾ ਜਾਵੇ ਤਾਂ ਜਾਵੇ ਕਿੱਥੇ।
ਨਿੱਤ ਨਵੇਂ ਰਿਵਾਜ ਵਿਆਹਾਂ ਵਿੱਚ ਬੰਦੂਕਾਂ ਤੇ ਪਿਸਤੌਲ਼ਾਂ ਦੀ ਵਰਤੋਂ ਪੰਜਾਬ ਵਿੱਚ ਤਾਂ ਕਰਦੇ ਸੀ, ਇੱਥੇ ਕਨੇਡਾ ਵਿੱਚ ਵੀ ਨਵੀਆਂ ਪਿਰਤਾਂ ਪਾ ਕੇ ਕਨੇਡਾ ਵਿੱਚ ਪੰਜਾਬੀਆਂ ਦਾ ਨਾਮ ਰੌਸ਼ਨ ਕਰ ਰਹੇ ਹਨ ਕੁਝ ਇੱਕ ਭੱਦਰ ਪੁਰਸ਼। ਸੰਭਲ਼ ਜਾਓ ਪੰਜਾਬੀਓ ਕੁਝ ਨਹੀਂ ਰੱਖਿਆ ਇਹਨਾਂ ਕੰਮਾਂ ਵਿੱਚ।
ਅੱਜ ਕੱਲ ਇੱਕ ਹੋਰ ਰਿਵਾਜ ਤੁਰ ਪਿਆ, ਅਸੀਂ ਗੁਰੂ ਘਰਾਂ ਨੂੰ ਵੀ ਗੁਰੂ ਘਰ ਨਹੀਂ ਰਹਿਣ ਦਿੱਤਾ। ਵਿਆਹ ਵਾਲ਼ੇ ਦਿਨ ਗੁਰੂ ਘਰ ਕਿਸੇ ਵੈਡਿੰਗ ਹਾਲ ਤੋਂ ਘੱਟ ਨਹੀਂ ਲੱਗਦਾ। ਲੰਗਰ ਹਾਲ ਦੀ ਸਜਾਵਟ ਤੋਂ ਇਲਾਵਾ ਭਾਂਤ ਭਾਂਤ ਦੇ ਖਾਣਿਆਂ ਦੀ ਬਾਹਰੋਂ ਕੇਟਰਿੰਗ ਕਰਵਾਈ ਜਾਂਦੀ ਹੈ। ਕਨੇਡਾ ਦੇ ਬਹੁਤੇ ਗੁਰੂ ਘਰ ਸਿਰਫ ਇੱਕ ਬਿਜ਼ਨਸ ਅਦਾਰੇ ਵਾਂਗ ਹਨ। ਗੁਰੂ ਘਰਾਂ ਦੇ ਪ੍ਰਬੰਧਕਾਂ ਨੂੰ ਇਸ ਰਿਵਾਜ ਖਿਲਾਫ ਸਖ਼ਤ ਐਕਸ਼ਨ ਲੈਣੇ ਚਾਹੀਦੇ ਹਨ ਤਾਂ ਜੋ ਗੁਰੂ ਘਰ ਦੀ ਮਰਿਆਦਾ ਦਾ ਖਾਸ ਖਿਆਲ ਰੱਖਿਆ ਜਾਵੇ।  ਗੁਰੂ ਘਰ ਦੀ ਲੰਗਰ ਤੇ ਪੰਗਤ ਦਾ ਸਤਿਕਾਰ ਬਣਿਆ ਰਹਿਣਾ ਚਾਹੀਦਾ ਹੈ ਨਾ ਕਿ ਗੁਰੂ ਘਰ ਨੂੰ ਕਿਸੇ ਪੈਲੇਸ ਵਾਂਗ ਵਰਤਿਆ ਜਾਵੇ।  ਜੇ ਤੁਸੀਂ ਗੁਰੂ ਘਰ ਦੀ ਮਰਿਆਦਾ ਨਹੀਂ ਨਿਭਾਅ ਸਕਦੇ ਤਾਂ ਵਿਆਹ ਵੈਡਿੰਗ ਹਾਲਾਂ ਜਾਂ ਪੱਧਰੇ ਖੁੱਲੀ ਜਗ੍ਹਾ ਕਰ ਲੈਣਾ ਚਾਹੀਦਾ ਹੈ।
ਇੱਕ ਗੱਲ ਹੋਰ ਅੱਜ ਕੱਲ ਜਦੋਂ ਬਰਾਤ ਗੁਰੂ ਘਰ ਦੀ ਪਾਰਕਿੰਗ ਲਾਟ ਵਿੱਚ ਗੱਡੀਆਂ ਪਾਰਕ ਕਰਕੇ ਗੁਰੂ ਘਰ ਮੂਹਰੇ ਢੋਲ ਤੇ ਬਰਾਤ ਨੱਚਦੀ ਆਉਂਦੀ ਹੈ, ਸ਼ਾਇਦ ਸਾਨੂੰ ਉਹ ਮਰਿਆਦਾ ਵੀ ਕਾਇਮ ਰੱਖਣੀ ਚਾਹੀਦੀ ਹੈ। ਨੱਚ ਟੱਪ ਤਾਂ ਤੁਸੀਂ ਹਾਲਾਂ ਵਾਲ਼ੀਆਂ ਪਾਰਟੀਆਂ ਵਿੱਚ ਵੀ ਸਕਦੇ ਹੋ, ਫੇਰ ਗੁਰੂ ਘਰ ਦੇ ਸਾਹਮਣੇ ਹੀ ਕਿਉਂ..?
ਲਿਸਟ ਤਾਂ ਬੜੀ ਲੰਬੀ ਹੈ, ਪਰ ਸੋਚਣ ਵਾਲ਼ੀ ਗੱਲ ਇਹ ਹੈ ਕਿ ਅਸੀਂ ਕਿੱਥੇ ਜਾ ਕੇ ਰੁਕਾਂਗੇ..?
ਇਹੋ ਹਾਲ ਅਸੀਂ ਜਿੱਥੋਂ ਆਏ ਹਾਂ, ਦਿਖਾਵੇ ਦੇ ਚੱਕਰ ਚ ਜ਼ਮੀਨਾਂ ਵੇਚ ਵੇਚ ਕੇ ਬੱਚਿਆਂ ਦੇ ਵਿਆਹ ਕਰਦੇ ਹਾਂ। ਫੇਰ ਕਰਜ਼ਾਈ ਹੋਏ ਮਾਪੇ ਕਰਜ਼ਾ ਨਾ ਦੇ ਸਕਣ ਤੇ ਖੁਦਕੁਸ਼ੀਆਂ ਦਾ ਰਾਹ ਫੜਦੇ ਹਨ।
ਜੇ ਅਸੀਂ ਪਹਿਲਾਂ ਹੀ, ਥੋੜਾ ਸੋਚ ਸਮਝ ਕੇ ਤੁਰੀਏ, ਸੋਚੀਏ ਵਿਚਾਰੀਏ ਕਿ ਕੋਈ ਫਾਇਦਾ ਹੈ, ਇਹ ਸਭ ਕਰਨ ਦਾ। ਜਿੰਨਾ ਕੁ ਕੋਲ ਹੈ ਉਸ ਹਿਸਾਬ ਨਾਲ਼ ਰਹਿਣ ਸਹਿਣ ਰੱਖੀਏ ਅਤੇ ਉਸੇ ਹਿਸਾਬ ਨਾਲ਼ ਵਰਤੀਏ। ਚਾਦਰ ਦੇਖ ਪੈਰ ਪਸਾਰ ਲਈਏ ਤਾਂ ਸ਼ਾਇਦ ਸਾਡਾ ਬੁਢਾਪਾ ਸੁਧਰ ਜਾਵੇ। ਨਹੀਂ ਰਿਟਾਇਰ ਹੋਣ ਦੀ ਉਮਰੇ ਵੀ ਦੋ ਦੋ ਸ਼ਿਫਟਾਂ ਕੰਮ ਕਰਕੇ ਕਰਜ਼ੇ ਲਾਹੁਣੇ ਪੈਣਗੇ ।
ਆਪਣੇ ਬੱਚਿਆਂ ਨੂੰ ਨਾਲ਼ ਲੈ ਕੇ ਚੱਲੀਏ, ਉਹਨਾਂ ਦੀ ਮੰਨਣਯੋਗ ਸਲਾਹ ਮੰਨੀਏ। ਬੱਚੇ ਸਮਝਦਾਰ ਹਨ, ਉਹ ਤੁਹਾਡਾ ਸਾਥ ਜ਼ਰੂਰ ਦੇਣਗੇ।
ਇੱਕ ਗੱਲ ਹੋਰ ਆਪਣੇ ਬੱਚਿਆਂ ਦਾ ਵਿਆਹ ਆਪਣੀ ਅਤੇ ਆਪਣੇ ਬੱਚਿਆਂ ਦੀ ਖੁਸ਼ੀ ਲਈ ਕਰੋ, ਨਾ ਕਿ ਲੋਕਾਂ ਨੂੰ ਖੁਸ਼ ਕਰਨ ਲਈ…!!
ਕੋਵਿਡ ਸਮੇਂ ਬਹੁਤ ਲੋਕਾਂ ਨੇ ਸਾਦੇ ਵਿਆਹ ਕੀਤੇ ਸਨ, ਜੇ ਮਜਬੂਰੀ ਵਿੱਚ ਵਿਆਹ ਸਾਡੇ ਹੋ ਸਕਦੇ ਹਨ ਤਾਂ ਹੁਣ ਕਿਉਂ ਨਹੀਂ ..?
ਆਓ ਆਪਾਂ ਸਾਰੇ ਆਪਣੇ ਘਰਾਂ ਤੋਂ ਸ਼ੁਰੂ ਕਰੀਏ ਬੱਚਿਆਂ ਦੇ ਸਾਦੇ ਵਿਆਹਾਂ ਦੀ ਪਿਰਤ ਪਾਈਏ। ਗੁਰੂ ਘਰਾਂ ਵਿੱਚ ਮਰਿਆਦਾ ਅਨੁਸਾਰ ਸਾਦੇ ਵਿਆਹ ਕਰੀਏ। ਜਿਹੜਾ ਪੈਸਾ ਵਾਧੂ ਫਜੂਲ ਖਰਚੀ ਤੇ ਲਾਉਣਾ ਉਹੀ ਬੱਚਿਆਂ ਦੇ ਭਵਿੱਖ ਨੂੰ ਸੰਵਾਰਨ ਲਈ ਲਾਈਏ..!!

Balvir kaur Dhillon