Headlines

ਦਰਸ਼ਨ ਸਿੰਘ ਕੈਨੇਡੀਅਨ ਦੀ ਕੈਨੇਡੀਅਨ -ਭਾਰਤੀ ਭਾਈਚਾਰੇ ਨੂੰ ਵੱਡਮੁੱਲੀ ਦੇਣ-ਮਨਿੰਦਰ ਗਿੱਲ

ਸਰੀ ( ਬਲਦੇਵ ਸਿੰਘ ਭੰਮ )- ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਰੀ ਦੇ ਵਿੱਚ ਗਦਰੀ ਬਾਬਿਆਂ ਦਾ ਮੇਲਾ ਬੜੀ ਸ਼ਾਨੋ ਸ਼ੌਕਤ ਦੇ ਨਾਲ ਮਨਾਇਆ ਗਿਆ ਹੈ। ਗਦਰੀ ਬਾਬਿਆਂ ਦਾ ਭਾਰਤ ਦੀ ਆਜ਼ਾਦੀ ਅਤੇ ਦੁਨੀਆ ਭਰ ਵਿੱਚ ਭਾਰਤੀ ਤੇ ਪੰਜਾਬੀ ਭਾਈਚਾਰੇ ਵਿੱਚ ਸਵੈਮਾਨ ਜਗਾਉਣ ਲਈ ਯੋਗਦਾਨ ਕਿਸੇ ਵੀ ਤਰਕ ਨਾਲ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ। ਇਸ ਵਾਰ ਮੇਲੇ ਦੇ ਪ੍ਰਬੰਧਕਾਂ ਨੇ ਭਾਰਤ ਅਤੇ ਕੈਨੇਡਾ ਵਿੱਚ ਗਦਰੀ ਬਾਬਿਆਂ ਦਾ ਮੇਲਾ ਕੈਨੇਡਾ ਦੇ ਇਤਿਹਾਸ ਵਿੱਚ ਇੱਕ ਵਿਲੱਖਣ ਸਥਾਨ ਰੱਖਣ ਵਾਲੇ ਦਰਸ਼ਨ ਸਿੰਘ ਕੈਨੇਡੀਅਨ ਸਮੇਤ ਹੋਰ ਸਖਸ਼ੀਅਤਾਂ ਨੂੰ ਸਮਰਪਿਤ ਕੀਤਾ ਗਿਆ ਸੀ।
ਪਰ ਕੁਝ ਫਿਰਕਪ੍ਰਸਤ ਲੋਕਾਂ ਵਲੋਂ ਦਰਸ਼ਨ ਸਿੰਘ ਕਨੇਡੀਅਨ ਨੂੰ ਗਦਰੀ ਬਾਬਿਆਂ ਦੇ ਮੇਲੇ ਦੌਰਾਨ ਉਹਨਾਂ ਦੀ ਤਸਵੀਰ ਲਗਾਉਣ ਅਤੇ ਸ਼ਰਧਾਂਜਲੀ ਦਿੱਤੇ ਜਾਣ ਦੇ ਕੀਤੇ ਗਏ ਵਿਰੋਧ ਅਤੇ ਮੇਲਾ ਪ੍ਰਬੰਧਕਾਂ ਨੂੰ ਧਮਕੀਆਂ ਦਿੱਤੇ ਜਾਣ ਦੀ ਸਖਤ ਨਿੰਦਾ ਕਰਦਿਆਂ ਰੇਡੀਓ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਸ ਮਨਿੰਦਰ ਸਿੰਘ ਗਿੱਲ ਨੇ ਇਥੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਦਰਸ਼ਨ ਸਿੰਘ ਕੈਨੇਡੀਅਨ ਇਕ ਅਜਿਹੀ  ਸ਼ਖਸ਼ੀਅਤ ਸੀ ਜਿਸ ਦਾ ਕੈਨੇਡਾ ਦਾ ਭਾਰਤੀ ਭਾਈਚਾਰੇ ਵਿੱਚ ਅਤੇ ਭਾਰਤ ਦੇ ਕਿਸਾਨਾਂ/ਮਜ਼ਦੂਰਾਂ ਨੂੰ ਸੰਗਠਿਤ ਕਰਨ ਵਿੱਚ ਵੱਡਾ ਯੋਗਦਾਨ ਰਿਹਾ ਹੈ, ਖਾਸ ਤੌਰ ਤੇ ਬ੍ਰਿਟਿਸ਼ ਕੋਲੰਬੀਆ ਵਿੱਚ ਜੇ ਮਜ਼ਦੂਰ ਹੱਕਾਂ ਅਤੇ ਉਸ ਤੋਂ ਵੀ ਵੱਧ ਕੇ ਭਾਰਤੀਆਂ ਨੂੰ ਵੋਟਿੰਗ ਦਾ ਅਧਿਕਾਰ ਦਵਾਉਣ ਦੀ ਗੱਲ ਕਰੀਏ ਤਾਂ ਦਰਸ਼ਨ ਸਿੰਘ ਕਨੇਡੀਅਨ ਦਾ ਯੋਗਦਾਨ ਲਾਸਾਨੀ ਹੈ। 1907 ਵਿੱਚ ਭਾਰਤੀਆਂ ਕੋਲੋਂ ਬ੍ਰਿਟਿਸ਼ ਕਲੰਬੀਆ ਵਿੱਚ ਵੋਟ ਪਾਉਣ ਦਾ ਅਧਿਕਾਰ ਖੋਹ ਲਿਆ ਗਿਆ ਸੀ, ਜੋ ਬੜੀ ਜੱਦੋਜਹਿਦ ਤੋਂ ਬਾਅਦ 1947 ਦੇ ਵਿੱਚ ਵਾਪਸ ਮਿਲਿਆ ਸੀ। ਇਸ ਇਤਿਹਾਸਕ ਜੱਦੋਜਹਿਦ  ਵਿੱਚ ਦਰਸ਼ਨ ਸਿੰਘ ਕਨੇਡੀਅਨ ਨੇ ਇੱਕ ਮਹੱਤਵਪੂਰਨ ਰੋਲ ਅਦਾ ਕੀਤਾ ਸੀ। ਦਰਸ਼ਨ ਸਿੰਘ ਕਨੇਡੀਅਨ ਜੋ 1937 ਵਿੱਚ ਕੈਨੇਡਾ ਆਏ ਸੀ ਤੇ 1947 ਤੱਕ ਇੱਥੇ ਰਹੇ ਸਨ ਨੇ ਇਨ੍ਹਾਂ 10 ਸਾਲਾਂ ਦੇ ਸਮੇਂ ਦੌਰਾਨ ਆਪਣਾ ਇੱਕ ਵਿਲੱਖਣ ਸਥਾਨ ਕਨੇਡੀਅਨ-ਭਾਰਤੀ ਭਾਈਚਾਰੇ ਅੰਦਰ ਬਣਾਉਣ ਵਿੱਚ ਕਾਮਯਾਬ ਰਹੇ। ਜੇ ਉਹ ਚਾਹੁੰਦੇ ਤਾਂ ਇਹਨਾਂ 10 ਸਾਲਾਂ ਵਿੱਚ ਉਹ ਖੁਦ ਅਤੇ ਆਪਣੇ ਪਰਿਵਾਰ ਨੂੰ ਸੈੱਟ ਕਰਨ ਦੇ ਸਮਰੱਥ ਸਨ ਪਰ ਉਨ੍ਹਾਂ ਨਿੱਜ ਦੀ ਬਜਾਇ ਭਾਈਚਾਰੇ ਦੀ ਬਿਹਤਰੀ ਨੂੰ ਪਹਿਲ ਦਿੱਤੀ ਅਤੇ ਆਪਣਾ ਸਾਰਾ ਕੀਮਤੀ ਸਮਾਂ ਕਮਿਊਨਿਟੀ ਦੇ ਕੰਮਾਂ ਦੇ ਵਿੱਚ ਬਤੀਤ ਕੀਤਾ। ਦਰਸ਼ਨ ਸਿੰਘ ਕਨੇਡੀਅਨ ਖੁਦ ਵੀ ਇੱਕ ਗਰੀਬ ਕਿਸਾਨ ਪਰਿਵਾਰ ਵਿੱਚੋਂ ਸੀ ਪਰ ਫਿਰ ਵੀ ਉਹਨਾਂ ਨੇ ਆਪਣੇ ਪਰਿਵਾਰ ਦੀ ਮਾਲੀ ਹਾਲਤ ਦੀ ਪਰਵਾਹ ਕੀਤੇ ਬਿਨਾਂ ਕੈਨੇਡਾ ਆਉਣ ਸਾਰ ਹੀ ਵਰਕਰ ਯੂਨੀਅਨਜ਼ ਤੇ ਵਰਕਰ ਅਧਿਕਾਰਾਂ ਲਈ ਚੱਲ ਰਹੀ ਜੱਦੋ ਜਹਿਦ ਵਿੱਚ ਪੰਜਾਬੀਆਂ ਨੂੰ ਲੇਬਰ ਯੂਨੀਅਨ ਦੀ ਮੁੱਖ ਧਾਰਾ ਵਿੱਚ ਲਿਆਉਣ, ਉਨ੍ਹਾਂ ਨੂੰ ਜਾਗਰੂਕ ਕਰਨ ਅਤੇ ਲੇਬਰ ਯੂਨੀਅਨ ਵਿੱਚ ਸ਼ਰੀਕ ਹੋਣ ਲਈ ਪ੍ਰੇਰਿਤ ਕਰਨ ਵਰਗਾ ਵੱਡਾ ਰੋਲ ਅਦਾ ਕੀਤਾ। ਭਾਰਤ ਵਾਪਸ ਜਾਣ ਤੋਂ ਬਾਅਦ ਵੀ ਉਹ ਸੰਘਰਸ਼ ਦੇ ਲੜ ਲੱਗੇ ਰਹੇ ਅਤੇ ਪੰਜਾਬ ਕਿਸਾਨ ਸਭਾ ਦੇ ਸਕੱਤਰ ਬਣੇ, ਤੇ ਕਮਿਊਨਿਸਟ ਪਾਰਟੀ ਦੇ ਨਾਲ ਜੁੜੇ ਰਹੇ। ਤਿੰਨ ਵਾਰ ਉਹ ਪੰਜਾਬ ਵਿਧਾਨ ਸਭਾ ਦੇ ਮੈਂਬਰ ਚੁਣੇ ਗਏ। ਜਦੋਂ ਪੰਜਾਬ ਦੇ ਵਿੱਚ  ਅੱਤਵਾਦ ਅਤੇ ਵੱਖਵਾਦ ਦੇ ਕਾਲੇ ਦੌਰ ਨੇ ਆਪਣਾ ਸਿਰ ਚੁੱਕਿਆ ਅਤੇ ਪੰਜਾਬ ਦੇ ਅਮਨ ਚੈਨ ਵਿੱਚ ਅੱਗ ਲਗਾਉਣ ਅਤੇ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਤੋੜਨ ਲਈ ਵਿਦੇਸ਼ੀ ਤਾਕਤਾਂ ਖਿਲਾਫ ਤਾਂ ਦਰਸ਼ਨ ਸਿੰਘ ਕਨੇਡੀਅਨ ਨੇ ਆਪਣੀਆਂ ਲਿਖਤਾਂ ਅਤੇ ਜ਼ੋਰਦਾਰ ਤਕਰੀਰਾਂ ਰਾਹੀਂ ਇਨ੍ਹਾਂ ਕਾਲੀਆਂ ਸ਼ਕਤੀਆਂ ਨੂੰ  ਮੂੰਹ ਤੋੜ ਜਵਾਬ ਦਿੱਤਾ। ਫਿਰਕਾਪ੍ਰਸਤ ਤਾਕਤਾਂ ਨੂੰ ਇਹ ਸਭ ਹਜਮ ਨਹੀਂ ਹੋਇਆ ਤੇ ਦਰਸ਼ਨ ਸਿੰਘ ਕੈਨੇਡੀਅਨ ਸਮੇਤ ਬਹੁਤ ਸਾਰੇ ਪੰਜਾਬ ਦੇ ਬੁੱਧੀਜੀਵੀਆਂ ਤੇ ਕਲਮਾਂ ਵਾਲਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਦਰਸ਼ਨ ਸਿੰਘ ਕਨੇਡੀਅਨ ਨੂੰ ਸਿਰਫ ਵਿਰੋਧੀ ਵਿਚਾਰ ਰੱਖਣ ਕਾਰਨ ਹੀ ਮੌਤ ਦੇ ਘਾਟ ਉਤਾਰਿਆ ਗਿਆ ਕਿਉਂਕਿ ਵਿਚਾਰਕ ਅਤੇ ਦਲੀਲ ਪੱਖੋਂ ਕਮਜ਼ੋਰ ਲੋਕ ਜਦੋਂ ਦਲੀਲ ਦਾ ਦਲੀਲ ਨਾਲ ਜਵਾਬ ਨਹੀਂ ਦੇ ਸਕਦੇ ਤਾਂ ਵਿਰੋਧੀ ਨੂੰ ਖਤਮ ਕਰਨ ਦੀ ਘਟੀਆ ਹਰਕਤ ਕਰਦੇ ਹਨ। ਸਤੰਬਰ 1986 ਦੇ ਵਿੱਚ ਕਨੇਡੀਅਨ ਦੀ ਹੱਤਿਆ ਉਪਰੰਤ ਉਨ੍ਹਾਂ ਦੇ ਪਿੰਡ ਲੰਗੇਰੀ (ਦੁਆਬੇ ਦਾ ਮਸ਼ਹੂਰ ਪਿੰਡ) ਵਿਖੇ ਇੱਕ ਵੱਡਾ ਇਕੱਠ ਹੋਇਆ ਜਿੱਥੇ ਲੋਕਾਂ ਨੇ ਦਰਸ਼ਨ ਸਿੰਘ ਕਨੇਡੀਅਨ ਇਕ ਮਹਾਨ ਆਗੂ ਵਜੋਂ ਮਾਣ ਦਿੱਤਾ ਤੇ ਉਹਨਾਂ ਦੀ ਯਾਦ ਵਿਚ  ਯਾਦਗਾਰ ਸਥਾਪਿਤ ਕੀਤੀ।
ਦਰਸ਼ਨ ਸਿੰਘ ਕੈਨੇਡੀਅਨ ਦੀ ਸ਼ਹਾਦਤ ਤੇ ਭਾਈਚਾਰਕ ਏਕਤਾ ਲਈ ਉਹਨਾਂ ਦੀ ਦੇਣ ਨੂੰ ਯਾਦ ਕਰਦਿਆਂ ਸ ਮਨਿੰਦਰ ਸਿੰਘ ਗਿੱਲ ਰੇਡੀਓ ਇੰਡੀਆ ਨੇ ਫਿਰਕਾਪ੍ਰਸਤ ਲੋਕਾਂ ਵਲੋਂ ਕੀਤੇ ਜਾ ਰਹੇ  ਕੂੜ ਪ੍ਰਚਾਰ ਦੀ ਨਿੰਦਾ ਕਰਦਿਆਂ ਕਿਹਾ ਹੈ ਕਿ ਇਹ ਬੜੇ ਖੇਦ ਨਾਲ ਇਹ ਗੱਲ ਕਹਿਣੀ ਪੈਂਦੀ ਹੈ ਕਿ ਕੈਨੇਡਾ ਵਰਗੇ ਆਜ਼ਾਦ ਮੁਲਕ ਜਿੱਥੇ ਬੋਲਣ ਦੀ ਆਜ਼ਾਦੀ, ਸਖਸ਼ੀ ਆਜ਼ਾਦੀ, ਧਾਰਮਿਕ ਆਜ਼ਾਦੀ ਅਤੇ ਸੰਗਠਿਤ ਹੋਣ ਦੀ ਆਜ਼ਾਦੀ ਇੱਕ ਚਾਰਟਰ ਰਾਈਟ ਹੈ, ਉਸ ਮੁਲਕ ਵਿੱਚ ਕੁਝ ਇਕ ਫਿਰਕਾਪ੍ਰਸਤ ਲੋਕ  ਵਿਰੋਧੀ ਵਿਚਾਰ ਰੱਖਣ ਵਾਲੀਆਂ ਧਿਰਾਂ ਨੂੰ ਡਰਾਉਣ ਧਮਕਾਉਣ ਦੀਆਂ ਕੋਸ਼ਿਸ਼ਾਂ ਕਰਦਿਆਂ ਕੈਨੇਡਾ ਦੇ ਬਹੁਸਭਿਆਚਾਰਕ ਤੇ ਆਜ਼ਾਦ ਖਾਸੇ ਨੂੰ ਵੀ ਚੁਣੌਤੀ ਦੇਣ ਤੋ ਬਾਜ ਨਹੀਂ ਆਉਂਦੇ।
ਕੈਨੇਡਾ ਵਰਗੇ ਆਜ਼ਾਦ ਅਤੇ ਸ਼ਾਂਤੀ ਪਸੰਦ ਮੁਲਕ ਵਿੱਚ ਕਿਸੇ ਵਿਰੋਧੀ ਧਿਰ ਦੇ ਸਮਾਗਮ ਦਾ ਬਾਈਕਾਟ ਜਾਂ ਈਵੈਂਟ ਰੱਦ ਕਰਵਾਕੇ ਮਾਹੌਲ ਖਰਾਬ ਕਰਨ ਤੋਂ ਇਹਨਾਂ ਧਿਰਾਂ ਨੂੰ ਬਾਜ਼ ਆਉਣਾ ਚਾਹੀਦਾ ਹੈ ਕਿਉਂਕਿ ਇਹ ਵਰਤਾਰਾ ਸਿੱਖ ਅਤੇ ਪੰਜਾਬੀ ਭਾਈਚਾਰੇ ਦੇ ਅਕਸ ਨੂੰ ਵੱਡੀ ਢਾਹ ਲਗਾਉਣ ਵਾਲਾ ਹੈ। ਉਹਨਾਂ ਕੈਨੇਡੀਅਨ ਪੰਜਾਬੀ ਭਾਈਚਾਰੇ ਵਿਚ ਵੰਡੀਆਂ ਪਾਉਣ ਦੀਆਂ ਕੋਸ਼ਿਸ਼ਾਂ ਕਰਨ ਵਾਲੀਆਂ ਤਾਕਤਾਂ ਤੋਂ ਸੁਚੇਤ ਹੋਣ ਤੇ ਭਾਈਚਾਰੇ ਨੂੰ ਕੈਨੇਡਾ ਵਿਚ ਆਪਣੇ ਸਿਹਤਮੰਦ ਭਵਿੱਖ ਪ੍ਰਤੀ ਚਿੰਤਤ ਹੋਣ ਦਾ ਸੱਦਾ ਦਿੱਤਾ ਹੈ।

ਮਈ 1946 ਵਿਚ ਵਿਕਟੋਰੀਆ ਵਿਧਾਨ ਸਭਾ ਦੇ ਬਾਹਰ ਇਕ ਰੋਸ ਪ੍ਰਦਰਸ਼ਨ ਦੌਰਾਨ ਦਰਸ਼ਨ ਸਿੰਘ ਕੈਨੇਡੀਅਨ।

1943 ਵਿਚ ਵੈਨਕੂਵਰ ਵਿਖੇ ਵਰਕਰਜ਼ ਯੂਨੀਅਨ ਦੀ ਇਕ ਮੀਟਿੰਗ ਦੌਰਾਨ ਦਰਸ਼ਨ ਸਿੰਘ ਕੈਨੇਡੀਅਨ ਵਰਕਰਜ ਆਗੂਆਂ ਨਾਲ ਦਿਖਾਈ ਦੇ ਰਹੇ ਹਨ।