Headlines

ਬਰਨਬੀ ਵਿੱਚ 160 ਤੋਂ ਵੱਧ ਕਿਫ਼ਾਇਤੀ ਘਰ ਅਤੇ 74 ‘ਚਾਈਲਡ ਕੇਅਰ’ ਥਾਵਾਂ ਉਪਲਬਧ ਹੋਣਗੀਆਂ

ਬਰਨਬੀ – ਬਰਨਬੀ ਵਿੱਚ ਪਰਿਵਾਰਾਂ ਅਤੇ ਬਜ਼ੁਰਗਾਂ ਨੂੰ ਜਲਦੀ ਹੀ 161 ਨਵੇਂ ਕਿਫ਼ਾਇਤੀ ਘਰਾਂ ਅਤੇ 74 ‘ਚਾਈਲਡ ਕੇਅਰ’ ਥਾਵਾਂ ਤੋਂ ਲਾਭ ਹੋਵੇਗਾ ਕਿਉਂਕਿ ਭਾਈਚਾਰੇ ਵਿੱਚ ਇੱਕ ਨਵੀਂ ਡਿਵੈਲਪਮੈਂਟ ਲਈ ਕੰਸਟ੍ਰਕਸ਼ਨ ਸ਼ੁਰੂ ਹੋਣ ਜਾ ਰਹੀ ਹੈ।

ਹਾਊਸਿੰਗ ਮੰਤਰੀ, ਰਵੀ ਕਾਹਲੋਂ ਨੇ ਇਕ ਬਿਆਨ ਰਾਹੀਂ ਦੱਸਿਆ ਹੈ ਕਿ ਅਸੀਂ ਅਜੇਹੇ ਪਰਿਵਾਰਾਂ ਦੀ ਮਦਦ ਕਰਨ ਲਈ ਕਾਰਵਾਈ ਕਰ ਰਹੇ ਹਾਂ ਜਿਨ੍ਹਾਂ ਨੂੰ ਕਿਫ਼ਾਇਤੀ ਰਿਹਾਇਸ਼ਾਂ ਅਤੇ ‘ਚਾਈਲਡ ਕੇਅਰ’ (ਬਾਲ- ਸੰਭਾਲ) ਦੀ ਭਾਲ ਕਰਨ ਵਿੱਚ ਮੁਸ਼ਕਲਾਂ ਆਉਂਦੀਆਂ ਹਨ ਅਤੇ ਅਸੀਂ ਉਹਨਾਂ ਨੂੰ ਆਪਣੀ ਕਮਿਊਨਿਟੀ ਵਿੱਚ ਵਧਣ-ਫੁੱਲਣ ਲਈ ਲੋੜੀਂਦੀ
ਸਹਾਇਤਾ ਪ੍ਰਦਾਨ ਕਰ ਰਹੇ ਹਾਂ।
ਇਸ ਛੇ ਮੰਜ਼ਿਲਾ ਇਮਾਰਤ ਵਿੱਚ (ਜੋ 3838 ਹੇਸਟਿੰਗਸ ਸਟ੍ਰੀਟ ‘ਤੇ ਬਣਨ ਜਾ ਰਹੀ ਹੈ), ਦੋ ਤੋਂ ਲੈਕੇ ਛੇ ਮੰਜ਼ਿਲਾ ਤੇ ਸਟੂਡੀਓ, ਇੱਕ, ਦੋ- ਅਤੇ
ਤਿੰਨ ਬੈੱਡਰੂਮ ਵਾਲੇ ਘਰਾਂ ਦਾ ਮਿਸ਼ਰਣ ਹੋਵੇਗਾ। ਉਹਨਾਂ ਵਿੱਚੋਂ ਨੌਂ ਘਰ ਪੂਰੀ ਤਰ੍ਹਾਂ ਪਹੁੰਚਯੋਗ ਅਤੇ 84 ਘਰ ਬਦਲਦੀਆਂ ਲੋੜਾਂ ਮੁਤਾਬਕ ਢੁਕਵੇਂ
ਹੋਣਗੇ। ਇਸ ਇਮਾਰਤ ਦਾ ਸੰਚਾਲਨ S.U.C.C.E.S.S. ਅਫੋਰਡੇਬਲ ਹਾਊਸਿੰਗ ਸੁਸਾਇਟੀ ਕਰੇਗੀ। ਗਰਾਊਂਡ ਫਲੋਰ ਤੇ ਚਾਈਲਡ ਕੇਅਰ
ਸੈਂਟਰ ਦਾ ਸੰਚਾਲਨ ਗ੍ਰੇਟਰ ਵੈਨਕੂਵਰ ਦੇ YMCA ਦੁਆਰਾ ਕੀਤਾ ਜਾਵੇਗਾ।
ਹਾਊਸਿੰਗ ਅਤੇ ਚਾਈਲਡ ਕੇਅਰ ਤੋਂ ਇਲਾਵਾ, ਇਸ ਇਮਾਰਤ ਦੀ ਗਰਾਊਂਡ ਫਲੋਰ ਤੇ ਇੱਕ ਕਮਰਸ਼ੀਅਲ ਜਗ੍ਹਾ ਵੀ ਹੋਵੇਗੀ, 139 ਪਾਰਕਿੰਗ
ਥਾਵਾਂ ਅਤੇ 224 ਸਾਈਕਲਾਂ ਲਈ ਥਾਂ ਬਣੀ ਹੋਵੇਗੀ। ਇਸ ਇਮਾਰਤ ਦੀ ਕੰਸਟ੍ਰਕਸ਼ਨ 2026 ਵਿੱਚ ਪੂਰੀ ਹੋਣ ਦੀ ਉਮੀਦ ਹੈ।
ਇਹ ਪ੍ਰੋਜੈਕਟ ਬੀ.ਸੀ. ਦੁਆਰਾ $19-ਬਿਲੀਅਨ ਦੇ ਰਿਹਾਇਸ਼ੀ ਨਿਵੇਸ਼ ਦਾ ਹਿੱਸਾ ਹੈ। 2017 ਤੋਂ ਲੈ ਕੇ ਹੁਣ ਤਕ, ਸੂਬੇ ਭਰ ਵਿੱਚ ਲਗਭਗ
80,000 ਘਰ ਉਪਲਬਧ ਕਰਵਾਏ ਜਾ ਚੁੱਕੇ ਹਨ ਜਾਂ ਕਰਵਾਏ ਜਾਣੇ ਹਨ, ਜਿਸ ਵਿੱਚ ਬਰਨਬੀ ਵਿੱਚ 3,500 ਤੋਂ ਵੱਧ ਘਰ ਸ਼ਾਮਲ ਹਨ।