Headlines

ਕੈਨੇਡਾ ਕਬੱਡੀ ਕੱਪ ’ਤੇ ਈਸਟ ਵਾਲਿਆਂ ਦਾ ਕਬਜਾ

ਯੰਗ ਕਬੱਡੀ ਕਲੱਬ ਨੇ ਕਰਵਾਇਆ ਸ਼ਾਨਦਾਰ ਕੈਨੇਡਾ ਕੱਪ-ਸਾਜੀ ਸ਼ੱਕਰਪੁਰ ਤੇ ਵਾਹਿਗੁਰੂ ਸੀਚੇਵਾਲ ਬਣੇ ਸਰਵੋਤਮ ਖਿਡਾਰੀ-
ਮੌਜੂਦਾ ਤੇ ਸਾਬਕਾ ਖਿਡਾਰੀਆਂ ਦਾ ਸੋਨ ਤਗਮਿਆਂ ਨਾਲ ਸਨਮਾਨ-
ਟੋਰਾਂਟੋ ( ਅਰਸ਼ਦੀਪ ਸ਼ੈਰੀ)- ਟੋਰਾਂਟੋ ਨੇੜਲੇ ਸ਼ਹਿਰ ਲੰਡਨ ਦੇ ਬੁਡਵਾਈਜ਼ਰ ਗਾਰਡਨ (ਇੰਡੋਰ ਸਟੇਡੀਅਮ) ’ਚ ਕਬੱਡੀ ਫੈਡਰੇਸ਼ਨ ਆਫ ਓਂਟਾਰੀਓ ਦੇ ਝੰਡੇ ਹੇਠ ਯੰਗ ਕਬੱਡੀ ਕਲੱਬ ਵੱਲੋਂ ਕਰਵਾਇਆ ਗਿਆ 31ਵਾਂ ਕੈਨੇਡਾ ਕਬੱਡੀ ਕੱਪ, ਕੈਨੇਡਾ ਈਸਟ ਦੀ ਟੀਮ ਨੇ ਜਿੱਤਣ ਦਾ ਮਾਣ ਪ੍ਰਾਪਤ ਕੀਤਾ ਹੈ ਜਦੋਂ ਕਿ ਭਾਰਤ ਦੀ ਟੀਮ ਉਪ ਜੇਤੂ ਰਹੀ। ਇਸ ਕੱਪ ਦੌਰਾਨ ਉਪ ਜੇਤੂ ਭਾਰਤੀ ਟੀਮ ਦਾ ਖਿਡਾਰੀ ਸਾਜੀ ਸ਼ੱਕਰਪੁਰ ਸਰਵੋਤਮ ਧਾਵੀ ਤੇ ਚੈਪੀਅਨ ਟੀਮ ਦਾ ਖਿਡਾਰੀ ਵਾਹਿਗੁਰੂ ਸੀਚੇਵਾਲ ਸਰਵੋਤਮ ਜਾਫੀ ਚੁਣਿਆ ਗਿਆ। ਅਮਰੀਕਾ ਦੇ ਟੀਮ ਦੇ ਧਾਵੀ ਸੁਲਤਾਨ ਸਮਸਪੁਰ ਨੂੰ ਲਗਾਤਾਰ ਦੂਸਰੇ ਸਾਲ ਮੋਸਟ ਵੈਲੂਏਬਲ ਖਿਡਾਰੀ ਚੁਣਿਆ ਗਿਆ। ਦਰਸ਼ਕਾਂ ਦੇ ਵੱਡੇ ਇਕੱਠ ਦੀ ਹਾਜ਼ਰੀ ਨੇ ਕੱਪ ਨੂੰ ਸਿਖਰ ’ਤੇ ਪਹੁੰਚਾ ਦਿੱਤਾ।
ਯੰਗ ਕਬੱਡੀ ਵੱਲੋਂ ਪ੍ਰਧਾਨ ਬਿੱਲਾ ਸਿੱਧੂ ਸਪਰੈਂਜਾ ਬੈਕੁਟ ਹਾਲ, ਰੈਂਬੋ ਸਿੱਧੂ, ਰਾਣਾ ਸਿੱਧੂ ਸਰਦਾਰੀ ਟੀਵੀ, ਚੇਅਰਮੈਨ ਕੁਲਵਿੰਦਰ ਸਿੰਘ ਪੱਤੜ ਸਰਬਲੋਹ ਡਿਜ਼ਾਇਨਰ, ਜੱਸੀ ਸਰਾਏ 5ਆਬ ਟੀਵੀ, ਦਲਜੀਤ ਮਾਂਗਟ, ਨਿੰਦਰ ਧਾਲੀਵਾਲ, ਸੁਖਪਾਲ ਡੁਲਟੂ ਨਿਊ ਟਾਪ ਕਿਚਨ ਕੈਬਨਿਟ, ਸੁੱਖੀ ਗਿੱਲ, ਸੁੱਖ ਚੀਮਾਂ, ਸੰਦੀਪ ਗੁਰਦਾਸਪੁਰੀਆ ਤੇ ਪ੍ਰਭਜੋਤ ਲੁੱਧਰ ਹੋਰਾਂ ’ਤੇ ਅਧਾਰਤ ਟੀਮ ਨੇ ਕਬੱਡੀ ਦਾ ਇਹ ਵੱਡਾ ਕੁੰਭ ਰਚਾਇਆ। ਇਸ ਕੱਪ ਦੀ ਸਫਲਤਾ ਲਈ ਦੇਸ਼-ਵਿਦੇਸ਼ ਦੇ ਕਬੱਡੀ ਪ੍ਰਮੋਟਰਾਂ ਨੇ ਵੱਡਾ ਯੋਗਦਾਨ ਪਾਇਆ।
ਇਸ ਕੱਪ ਦੇ ਪਹਿਲੇ ਮੈਚ ’ਚ ਟੀਮ ਬੀਸੀ ਨੇ ਭਾਰਤੀ ਟੀਮ ਨੂੰ 40-31.5 ਅੰਕਾਂ ਨਾਲ ਹਰਾਇਆ। ਦੂਸਰੇ ਮੈਚ ’ਚ ਕੈਨੇਡਾ ਈਸਟ ਦੀ ਟੀਮ ਨੇ ਕੈਨੇਡਾ ਵੈਸਟ ਦੀ ਟੀਮ ਨੂੰ 37-29.5 ਅੰਕਾਂ ਨਾਲ ਹਰਾਇਆ। ਤੀਸਰੇ ਬੇਹੱਦ ਰੋਚਕ ਮੈਚ ’ਚ ਅਮਰੀਕਾ ਦੀ ਟੀਮ ਨੇ ਇੰਗਲੈਂਡ ਨੂੰ 36-34.5 ਅੰਕਾਂ ਨਾਲ ਹਰਾਇਆ। ਚੌਥੇ ਮੈਚ ’ਚ ਕੈਨੇਡਾ ਵੈਸਟ ਨੇ ਬੇਹੱਦ ਰੋਮਾਂਚਕ ਮੈਚ ’ਚ ਪਾਕਿਸਤਾਨ ਨੂੰ 32.5-31 ਅੰਕਾਂ ਨਾਲ ਹਰਾਇਆ। ਪੰਜਵੇਂ ਮੈਚ ’ਚ ਟੀਮ ਬੀਸੀ ਨੇ ਇੰਗਲੈਂਡ ਨੂੰ 36.5-31 ਅੰਕਾਂ ਨਾਲ ਪਛਾੜਿਆ। ਛੇਵੇਂ ਮੈਚ ’ਚ ਭਾਰਤੀ ਟੀਮ ਨੇ ਅਮਰੀਕਾ ਨੂੰ ਸਿਰਫ ਅੱਧੇ (35.5-35) ਅੰਕ ਨਾਲ ਹਰਾਕੇ, ਸੈਮੀਫਾਈਨਲ ’ਚ ਥਾਂ ਬਣਾਈ।
ਪਹਿਲੇ ਸੈਮੀਫਾਈਨਲ ’ਚ ਕੈਨੇਡਾ ਈਸਟ ਨੇ ਟੀਮ ਬੀਸੀ ਨੂੰ 42-38.5 ਅੰਕਾਂ ਨਾਲ ਹਰਾਇਆ। ਦੂਸਰੇ ਸੈਮੀਫਾਈਨਲ ’ਚ ਭਾਰਤੀ ਟੀਮ ਨੇ ਕੈਨੇਡਾ ਵੈਸਟ ਨੂੰ 36.5-34 ਅੰਕਾਂ ਨਾਲ ਹਰਾਕੇ ਫਾਈਨਲ ’ਚ ਥਾਂ ਬਣਾਈ। ਰੋਚਕ ਫਾਈਨਲ ਮੁਕਾਬਲੇ ’ਚ ਕੈਨੇਡਾ ਈਸਟ ਦੀ ਟੀਮ ਨੇ ਭਾਰਤੀ ਟੀਮ ਨੂੰ 43.5-39 ਅੰਕਾਂ ਨਾਲ ਹਰਾਕੇ, ਕੈਨੇਡਾ ਕਬੱਡੀ ਕੱਪ ਜਿੱਤਣ ਦਾ ਮਾਣ ਪ੍ਰਾਪਤ ਕੀਤਾ। ਅੰਡਰ-21 ਵਰਗ ’ਚ ਅਮਰੀਕਾ ਦੀ ਟੀਮ ਨੇ ਕੈਨੇਡਾ ਨੂੰ ਹਰਾਕੇ ਗੁਰਜ ਜਿੱਤੀ।

ਇਸ ਕੱਪ ਦੌਰਾਨ ਫਾਈਨਲ ਮੈਚ ਦੇ ਅਧਾਰ ‘’ਤੇ ਚੁਣੇ ਗਏ ਸਰਵੋਤਮ ਖਿਡਾਰੀਆਂ ਤਹਿਤ ਤੇਜ਼-ਤਰਾਰ ਧਾਵੀ ਸਾਜੀ ਸ਼ੱਕਰਪੁਰ ਨੇ 22 ਧਾਵੇ ਬੋਲਕੇ, 20 ਅੰਕ ਹਾਸਲ ਕੀਤੇ ਅਤੇ ਸਰਵੋਤਮ ਧਾਵੀ ਦਾ ਖਿਤਾਬ ਆਪਣੇ ਨਾਮ ਕੀਤਾ। ਇਸੇ ਤਰ੍ਹਾਂ ਵਾਹਿਗੁਰੂ ਸੀਚੇਵਾਲ ਨੇ 14 ਕੋਸ਼ਿਸ਼ਾਂ ਤੋਂ 5 ਅੰਕ ਹਾਸਿਲ ਕਰਕੇ ਸਰਵੋਤਮ ਜਾਫੀ ਦਾ ਖਿਤਾਬ ਜਿੱਤਿਆ। ਅਮਰੀਕਾ ਦੀ ਟੀਮ ਦੇ ਖਿਡਾਰੀ ਸੁਲਤਾਨ ਸਮਸਪੁਰ ਨੂੰ ਟੂਰਨਾਮੈਂਟ ਦਾ ਲਗਾਤਾਰ ਦੂਸਰੀ ਵਾਰ ਮੋਸਟ ਵਾਲਿਯੂਏਬਲ ਖਿਡਾਰੀ ਚੁਣਿਆ ਗਿਆ।

ਇਸ ਕੱਪ ਦੌਰਾਨ ਸ਼ਾਨਦਾਰ ਸੇਵਾਵਾਂ ਬਦਲੇ ਕਬੱਡੀ ਫੈਡਰੇਸ਼ਨ ਆਫ ਓਂਟਾਰੀਓ ਦੇ ਪ੍ਰਧਾਨ ਜਸਵਿੰਦਰ ਸਿੰਘ ਜਸ ਸ਼ੋਕਰ, ਚੇਅਰਮੈਨ ਇੰਦਰਜੀਤ ਧੁੱਗਾ, ਮੀਤ ਪ੍ਰਧਾਨ ਸ਼ੇਰਾ ਮੰਡੇਰ, ਮੇਜਰ ਨੱਤ ਸਕੱਤਰ, ਰਾਣਾ ਸਿੱਧੂ ਖਜ਼ਾਨਚੀ, ਮਲਕੀਤ ਦਿਉਲ ਡਾਇਰੈਕਟਰ, ਸੁੱਖਾ ਰੰਧਾਵਾ ਡਾਇਰੈਕਟਰ ਨੂੰ ਸੋਨ ਤਗਮਿਆਂ ਨਾਲ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਦੋ ਦਰਜ਼ਨ ਦੇ ਕਰੀਬ ਸਾਬਕਾ ਕਬੱਡੀ ਖਿਡਾਰੀਆਂ ਦਾ ਸੋਨ ਤਗਮਿਆਂ ਨਾਲ ਸਨਮਾਨ ਕੀਤਾ ਗਿਆ। ਖੇਡ ਪ੍ਰਮੋਟਰ ਰੈਂਬੋ ਸਿੱਧੂ ਤੇ ਜੋਤੀ ਸਮਰਾ ਵੀ ਸੋਨ ਤਗਮੇ ਨਾਲ ਨਿਵਾਜ਼ੇ ਗਏ। ਕਬੱਡੀ ਦੇ ਬੁਲਾਰੇ ਅਮਨ ਲੋਪੋ ਦਾ ਯੰਗ ਕਲੱਬ, ਇੰਦਰਜੀਤ ਗਿੱਲ ਤੇ ਨਵੀ ਗਿੱਲ ਵੱਲੋਂ ਸੋਨ ਤਗਮੇ ਨਾਲ ਸਨਮਾਨ ਕੀਤਾ ਗਿਆ। ਨਾਮਵਰ ਧਾਵੀ ਜਸਮਨਪ੍ਰੀਤ ਸਿੰਘ ਰਾਜੂ ਦਾ ਟੋਰਾਂਟੋ ਪੰਜਾਬੀ ਸਪੋਰਟਸ ਕਲੱਬ ਦੇ ਪ੍ਰਧਾਨ ਹੈਰੀ ਮੰਡੇਰ ਤੇ ਹਰਮਨ ਕਾਲੜਾ ਵੱਲੋਂ ਸੋਨ ਤਗਮੇ ਨਾਲ ਸਨਮਾਨ ਕੀਤਾ ਗਿਆ। ਸਾਬਕਾ ਖਿਡਾਰੀ ਤਾਰੀ ਡੱਬ ਤੇ ਵਿੱਕੀ ਸ਼ੰਮੀਪੁਰੀਆ ਦਾ ਅਮਰੀਕਾ ਦੇ ਕਬੱਡੀ ਪ੍ਰਮੋਟਰ ਬਿੱਲਾ ਸੰਧੂ ਤੇ ਪਾਲਾ ਸਿੰਘ ਵੱਲੋਂ ਸੋਨ ਤਗਮੇ ਨਾਲ ਸਨਮਾਨ ਕੀਤਾ ਗਿਆ।

ਇਸ ਟੂਰਨਾਮੈਂਟ ਦੌਰਾਨ ਮੈਚਾਂ ਦਾ ਸੰਚਾਲਨ ਅੰਪਾਇਰ ਪੱਪੂ ਭਦੌੜ, ਬਲਵੀਰ ਨਿੱਝਰ, ਸਵਰਨਾ ਵੈਲੀ, ਬਿੰਨਾ ਮਲਿਕ, ਨੀਟੂ ਸਰਾਏ ਤੇ ਸਾਬੀ ਜੰਡਿਆਲੀ ਨੇ ਬਹੁਤ ਵਧੀਆ ਤਰੀਕੇ ਨਾਲ ਕੀਤਾ। ਟੀਵੀ ਅੰਪਾਇਰਾਂ ਦੀ ਜਿੰਮੇਵਾਰੀ ਸਾਬਕਾ ਖਿਡਾਰੀ ਬੀਰਾ ਸਿੱਧਵਾਂ ਤੇ ਅਜਮੇਰ ਜਲਾਲ, ਟਾਈਮਕੀਪਰ ਦੀ ਭੂਮਿਕਾ ਕਾਲਾ ਕੰਮੇਆਣਾ ਨੇ ਨਿਭਾਈ। ਪੂਰੇ ਮੈਚਾਂ ਦੇ ਹਰ ਇੱਕ ਅੰਕ ਦਾ ਵੇਰਵਾ ਜਸਵੰਤ ਖੜਗ ਤੇ ਮਨੀ ਖੜਗ ਨੇ ਇਕੱਤਰ ਕੀਤਾ। ਪ੍ਰੋ. ਮੱਖਣ ਸਿੰਘ ਹਕੀਮਪੁਰ, ਸੁਰਜੀਤ ਕਕਰਾਲੀ, ਛਿੰਦਰ ਧਾਲੀਵਾਲ, ਮੱਖਣ ਅਲੀ, ਹੈਰੀ ਬਨਭੌਰਾ, ਅਮਨ ਲੋਪੋ ਤੇ ਪ੍ਰਿਤਾ ਸ਼ੇਰਗੜ੍ਹ ਚੀਮਾ ਨੇ ਆਪਣੀ ਕੁਮੈਂਟਰੀ ਕਲਾ ਰਾਹੀਂ ਮੈਚਾਂ ਨੂੰ ਰੋਚਕ ਬਣਾਕੇ ਪੇਸ਼ ਕੀਤਾ।

ਕੈਨੇਡਾ ਕਬੱਡੀ ਕੱਪ ਨੂੰ ਦੇਖਣ ਲਈ ਦੂਰ-ਦੂਰ ਤੋਂ ਆਏ ਹਜ਼ਾਰਾਂ ਦਰਸ਼ਕਾਂ ਉੱਚਕੋਟੀ ਦੀ ਕਬੱਡੀ ਦਾ ਅਨੰਦ ਮਾਣਿਆ। ਦਸ ਮੈਚਾਂ ਵਾਲੇ ਇਸ ਕੱਪ ਦੇ ਅਖੀਰ ਤੱਕ ਦਰਸ਼ਕ ਜੁੜੇ ਰਹੇ। ਇਸ ਕੱਪ ਦੌਰਾਨ ਸਾਰੇ ਹੀ ਮੁਕਾਬਲੇ ਬੇਹੱਦ ਰੋਚਕ ਹੋਏ। ਪਾਕਿਸਤਾਨ ਤੇ ਕੈਨੇਡਾ ਵੈਸਟ ਦੀਆਂ ਟੀਮਾਂ ਦਰਮਿਆਨ ਹੋਏ ਕਾਂਟੇਦਾਰ ਮੈਚ ਨੇ ਕੱਪ ਨੂੰ ਸਿਖਰ ’ਤੇ ਪਹੁੰਚਾ ਦਿੱਤਾ। ਇਸ ਕੱਪ ਦੌਰਾਨ ਵੱਡੀ ਗਿਣਤੀ ’ਚ ਕਬੱਡੀ ਨਾਲ ਜੁੜੀਆਂ ਸ਼ਖਸ਼ੀਅਤਾਂ ਦਾ ਸੋਨ ਤਗਮਿਆਂ ਨਾਲ ਮਾਣ ਸਨਮਾਨ ਕੀਤਾ ਗਿਆ। ਕੱਪ ਦੌਰਾਨ ਯਾਦਾ ਸੁਰਖਪੁਰ ਚੋਟਗ੍ਰਸਤ ਹੋਣ ਕਾਰਨ ਪੂਰਾ ਫਾਈਨਲ ਮੈਚ ਨਾ ਖੇਡ ਸਕਿਆ।

ਟਾਈਟਲ ਫੋਟੋ ਕੈਪਸ਼ਨ- ਸਰਵੋਤਮ ਜਾਫੀ ਵਾਹਿਗੁਰੂ ਸੀਚੇਵਾਲ ਨੂੰ ਟਰਾਫੀ ਪ੍ਰਦਾਨ ਕਰਦੇ ਹੋਏ ਯੰਗ ਕਬੱਡੀ ਕਲੱਬ ਦੇ ਅਹੁਦੇਦਾਰ।