Headlines

ਪੈਰਿਸ ਉਲੰਪਿਕ-ਭਾਰਤੀ ਹਾਕੀ ਟੀਮ ਨੇ ਸਪੇਨ ਨੂੰ 2-1 ਨਾਲ ਹਰਾਕੇ ਕਾਂਸੀ ਦਾ ਤਗਮਾ ਜਿੱਤਿਆ

ਪੈਰਿਸ ( ਸੰਤੋਖ ਸਿੰਘ ਮੰਡੇਰ)-

ਭਾਰਤ ਦੀ ਪੁਰਸ਼ ਹਾਕੀ ਟੀਮ ਨੇ  ਇਥੇ ਪੈਰਿਸ ਓਲੰਪਿਕ ਵਿਚ ਤੀਜੇ ਸਥਾਨ ਦੇ ਮੁਕਾਬਲੇ ਲਈ ਸਪੇਨ ਨੂੰ 2-1 ਨਾਲ ਹਰਾ ਕੇ ਕਾਂਸੀ ਦਾ ਤਗ਼ਮਾ ਜਿੱਤਕੇ ਲਗਾਤਾਰ ਦੋ ਉਲੰਪਿਕਸ ਵਿਚ ਕਾਂਸੇ ਦਾ ਤਗਮਾ ਜਿਤਣ ਦਾ ਨਵਾਂ ਇਤਿਹਾਸ ਰਚ ਦਿੱਤਾ। ਭਾਰਤ ਲਈ ਕਪਤਾਨ ਹਰਮਨਪ੍ਰੀਤ ਸਿੰਘ ਨੇ 30ਵੇਂ ਤੇ 33ਵੇਂ ਮਿੰਟ ਵਿਚ  ਦੋ ਗੋਲ ਕੀਤੇ। ਹਰਮਨਪ੍ਰੀਤ, ਜੋ ‘ਸਰਪੰਚ’ ਦੇ ਨਾਂ ਨਾਲ ਵੀ ਮਕਬੂਲ ਹੈ, ਪੰਜਾਬ ਦੇ ਜਿਲਾ ਅੰਮ੍ਰਿਤਸਰ ਦੇ ਪਿੰਡ ਤਿੰਮੋਵਾਲ ਦਾ ਜੰਮਪਲ ਹੈ, ਨੇ ਪੈਰਿਸ ਓਲੰਪਿਕ ਵਿਚ ਕੁੱਲ 11 ਗੋਲ ਕੀਤੇ ਹਨ। ਭਾਰਤ ਲਈ ਪੈਰਿਸ ਓਲੰਪਿਕ ਦਾ ਇਹ ਚੌਥਾ ਤਗ਼ਮਾ ਹੈ। ਸੈਮੀਫਾਈਨਲ ਵਿਚ ਭਾਰਤ ਜਰਮਨੀ ਹੱਥੋ ਸਖਤ ਮੁਕਾਬਲੇ ਦੌਰਾਨ ਹਾਰ ਗਿਆ ਸੀ। ਪਰ ਭਾਰਤੀ ਟੀਮ ਨੇ ਤੀਸਰੇ ਸਥਾਨ ਦੇ ਮੁਕਾਬਲੇ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਭਾਰਤੀਆਂ ਲਈ ਪੈਰਿਸ ਉਲੰਪਿਕ ਨੂੰ ਯਾਦਗਾਰੀ ਬਣਾ ਦਿੱਤਾ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਵਧਾਈ ਦਿੱਤੀ। ਇਸ ਦੌਰਾਨ ਹਾਕੀ ਇੰਡੀਆ ਨੇ ਕਾਂਸੀ ਦਾ ਤਗ਼ਮਾ ਜੇਤੂ ਭਾਰਤੀ ਟੀਮ ਦੇ ਖਿਡਾਰੀਆਂ ਨੂੰ 15-15 ਲੱਖ ਰੁਪਏ ਅਤੇ ਸਹਾਇਕ ਸਟਾਫ ਦੇ ਹਰੇਕ ਮੈਂਬਰ ਨੂੰ 7.5 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਪੰਜਾਬ ਸਰਕਾਰ ਨੇ ਹਾਕੀ ਟੀਮ ਦੇ ਪੰਜਾਬੀ ਖਿਡਾਰੀਆਂ ਨੂੰ 1-1 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ।