Headlines

ਭਾਰ ਵਧਣ ਕਾਰਣ ਪਹਿਲਵਾਨ ਵਿਨੇਸ਼ ਫੋਗਾਟ ਕੁਸ਼ਤੀ ਦੇ ਫਾਈਨਲ ਮੁਕਾਬਲੇ ਲਈ ਅਯੋਗ ਕਰਾਰ

ਪੈਰਿਸ ( ਸੰਤੋਖ ਸਿੰਘ ਮੰਡੇਰ)- ਉਲੰਪਿਕ ਫਰੀ ਸਟਾਈਲ ਕੁਸ਼ਤੀ ( 50 ਕਿਲੋਗਰਾਮ ਭਾਰ ਵਰਗ) ਦੇ ਫਾਈਨਲ ਮੁਕਾਬਲੇ ਵਿਚ ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਨੂੰ ਕੁਸ਼ਤੀ ਸ਼ੁਰੂ ਹੋਣ ਤੋਂ ਪਹਿਲਾਂ 100 ਗਰਾਮ ਭਾਰ ਵਧਣ ਕਾਰਣ ਆਯੋਗ ਕਰਾਰ ਦੇ ਦਿੱਤਾ ਗਿਆ। ਮੁਕਾਬਲਾ ਸ਼ੁਰੂ ਹੋਣ ਤੋਂ ਪਹਿਲਾਂ ਵਿਨੇਸ਼ ਵਲੋਂ ਆਪਣਾ ਭਾਰ ਮੁਕਾਬਲੇ ਮੁਤਾਬਿਕ ਕਰਨ ਦਾ ਪੂਰਾ ਯਤਨ ਕੀਤਾ ਗਿਆ। ਭਾਰਤੀ ਉਲੰਪਿਕ ਅਧਿਕਾਰੀਆਂ ਵਲੋਂ ਉਸਦਾ ਭਾਰ ਘਟਾਉਣ ਲਈ ਉਸਦੀ ਪੋਸ਼ਾਕ ਦਾ ਸਾਈਜ਼ ਤੇ ਵਾਲ ਤੱਕ ਕੱਟੇ ਗਏ। ਅਭਿਆਸ ਦੌਰਾਨ ਪਸੀਨਾ ਵਹਾਇਆ ਗਿਆ ਪਰ ਉਸਦਾ ਭਾਰ ਕੋਸ਼ਿਸ਼ਾਂ ਦੇ ਬਾਵਜੂਦ 100 ਗਰਾਮ ਵਧ ਗਿਆ। ਵਿਨੇਸ਼ ਦੇ ਮੁਕਾਬਲੇ ਚੋਂ ਬਾਹਰ ਹੋਣ ਕਾਰਣ ਕੁਸ਼ਤੀ ਪ੍ਰੇਮੀ ਭਾਰਤੀਆਂ ਨੂੰ ਭਾਰੀ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ। ਕਈ ਲੋਕ ਅਧਿਕਾਰੀਆਂ ਤੇ ਡਾਕਟਰ ਉਪਰ ਦੋਸ਼ ਲਗਾ ਰਹੇ ਹਨ। ਭਾਰਤੀ ਉਲੰਪਿਕ ਐਸੋਸੀਏਸ਼ਨ ਨੇ ਉਲੰਪਿਕ ਕੋਰਟ ਵਿਚ ਇਸ ਫੈਸਲੇ ਖਿਲਾਫ ਅਪੀਲ ਦਾਇਰ ਕੀਤੀ ਹੈ।

ਇਸੇ ਦੌਰਾਨ ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਨੇ ਓਲੰਪਿਕ ਤੋਂ ਅਯੋਗ ਕਰਾਰ ਦਿੱਤੇ ਮਗਰੋਂ ਸੰਨਿਆਸ ਦਾ ਐਲਾਨ ਕਰ ਦਿੱਤਾ ਹੈ। ਵਿਨੇਸ਼ ਨੇ ਕਿਹਾ ਕਿ ਉਸ ਵਿੱਚ ਹੁਣ ਹੋਰ ਤਾਕਤ ਨਹੀਂ ਬਚੀ ਹੈ।

ਵਿਨੇਸ਼ ਨੇ ਐਕਸ ‘ਤੇ ਇਕ ਪੋਸਟ ਵਿਚ ਆਪਣੀ ਮਾਂ ਪ੍ਰੇਮਲਤਾ ਨੂੰ ਸੰਬੋਧਿਤ ਕਰਦੇ ਹੋਏ ਲਿਖਿਆ, ”ਮਾਂ, ਕੁਸ਼ਤੀ ਜਿੱਤ ਗਈ, ਮੈਂ ਹਾਰ ਗਈ।  ਮੈਨੂੰ ਮਾਫ਼ ਕਰ ਦਿਓ, ਤੁਹਾਡੇ ਸੁਪਨੇ ਅਤੇ ਮੇਰੀ ਹਿੰਮਤ, ਸਭ ਕੁਝ ਟੁੱਟ ਗਿਆ ਹੈ। ਮੇਰੇ ਕੋਲ ਹੁਣ ਹੋਰ ਤਾਕਤ ਨਹੀਂ ਹੈ। ਅਲਵਿਦਾ ਕੁਸ਼ਤੀ 2001-2024। ਮੈਂ ਆਪ ਸਭ ਦੀ ਰਿਣੀ ਰਹਾਂਗੀ। ਮੈਨੂੰ ਮਾਫ਼ ਕਰ ਦਿਓ।”

ਉਧਰ ਵਿਨੇਸ਼ ਨੇ ਬੁੱਧਵਾਰ ਨੂੰ ਕੋਰਟ ਆਫ ਆਰਬਿਟਰੇਸ਼ਨ ਫਾਰ ਸਪੋਰਟਸ (ਸੀ.ਏ.ਐੱਸ.) ‘ਚ ਅਪੀਲ ਦਾਇਰ ਕਰਕੇ ਓਲੰਪਿਕ ਫਾਈਨਲ ‘ਚੋਂ ਅਯੋਗ ਠਹਿਰਾਏ ਜਾਣ ਦੇ ਫੈਸਲੇ ਨੂੰ ਚੁਣੌਤੀ ਦਿੰਦਿਆਂ ਸੰਯੁਕਤ ਚਾਂਦੀ ਦਾ ਤਗਮਾ ਦਿੱਤੇ ਜਾਣ ਦੀ ਮੰਗ ਕੀਤੀ ਹੈ।