Headlines

ਭਾਰਤ ਦੇ ਨੀਰਜ ਚੋਪੜਾ ਨੂੰ ਜੈਵਲਿਨ ਚ ਚਾਂਦੀ-ਪਾਕਿਸਤਾਨੀ ਖਿਡਾਰੀ ਅਰਸ਼ਦ ਨਦੀਮ ਬਣਿਆ ਨਵਾਂ ਚੈਂਪੀਅਨ

ਪੈਰਿਸ ( ਮੰਡੇਰ)- ਪੈਰਿਸ ਉਲੰਪਿਕ ਵਿਚ ਪੁਰਸ਼ਾਂ ਦੇ ਜੈਵਲਿਨ ਥਰੋਅ ਮੁਕਾਬਲੇ ਵਿਚ ਭਾਰਤ ਦੇ ਨੀਰਜ ਚੋਪੜਾ ਨੇ ਆਪਣੇ ਓਲੰਪਿਕ ਸੋਨ ਤਗ਼ਮੇ ਨੂੰ ਬਰਕਰਾਰ ਰੱਖਣ ਲਈ ਆਪਣੇ ਕਰੀਅਰ ਦਾ ਦੂਜਾ ਸਰਵੋਤਮ ਥਰੋਅ — 89.45 ਮੀਟਰ ਬਣਾਇਆ, ਪਰ ਇਹ ਕਾਫ਼ੀ ਨਹੀਂ ਸੀ। ਉਸਦੇ ਮੁਕਾਬਲੇ ਪਾਕਿਸਤਾਨ ਦੇ ਅਰਸ਼ਦ ਨਦੀਮ ਨੇ 92.97 ਮੀਟਰ ਦਾ ਨਵਾਂ ਓਲੰਪਿਕ ਰਿਕਾਰਡ ਕਾਇਮ ਕਰਕੇ ਸੋਨ ਤਗਮਾ ਜਿੱਤਿਆ ਲਿਆ। ਵੀਰਵਾਰ  ਨੂੰ ਹੋਏ ਮੁਕਾਬਲੇ ਦੌਰਾਨ ਨੀਰਜ ਚੋਪੜਾ ਨੇ ਓਲੰਪਿਕ ਚਾਂਦੀ ਦਾ  ਤਮਗਾ ਜਿੱਤਿਆ।  ਟੋਕੀਓ ਓਲੰਪਿਕ ਦਾ ਚੈਂਪੀਅਨ ਨੀਰਜ ਚੋਪੜਾ ਪੈਰਿਸ  ਓਲੰਪਿਕ ਵਿੱਚ ਤਗਮਾ ਜਿੱਤਣ ਵਾਲਾ ਭਾਰਤ ਦਾ  ਪੰਜਵਾਂ ਭਾਰਤੀ ਅਥਲੀਟ ਬਣਿਆ।

ਮੁੱਖ ਮੰਤਰੀ ਵੱਲੋਂ  ਨੀਰਜ ਚੋਪੜਾ ਨੂੰ ਵਧਾਈਆਂ-

ਚੰਡੀਗੜ੍ਹ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਭਾਰਤੀ ਅਥਲੀਟ ਨੀਰਜ ਚੋਪੜਾ ਨੂੰ ਪੈਰਿਸ ਉਲੰਪਿਕ ਖੇਡਾਂ ਵਿੱਚ ਜੈਵਲਿਨ ਥਰੋਅ ਵਿੱਚ ਚਾਂਦੀ ਦਾ ਤਗ਼ਮਾ ਜਿੱਤਣ ਉਤੇ ਵਧਾਈ ਦਿੱਤੀ।
ਆਪਣੇ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਨੀਰਜ ਚੋਪੜਾ ਨੇ ਆਪਣੀ ਵਿਲੱਖਣ ਤੇ ਇਤਿਹਾਸਕ ਪ੍ਰਾਪਤੀ ਰਾਹੀਂ ਸਮੁੱਚੇ ਮੁਲਕ ਨੂੰ ਮਾਣ ਮਹਿਸੂਸ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਚੋਪੜਾ ਨੇ ਟੋਕੀਓ ਉਲੰਪਿਕਸ ਵਿੱਚ ਸੋਨੇ ਦਾ ਤਮਗਾ ਜਿੱਤ ਕੇ ਇਤਿਹਾਸ ਸਿਰਜਿਆ ਸੀ ਅਤੇ ਹੁਣ ਪੈਰਿਸ ਉਲੰਪਿਕਸ ਵਿੱਚ ਚਾਂਦੀ ਦਾ ਤਗ਼ਮਾ ਜਿੱਤ ਕੇ ਦੇਸ਼ ਲਈ ਨਾਮਣਾ ਖੱਟਿਆ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਲੰਪਿਕਸ ਵਿੱਚ ਭਾਰਤੀ ਖਿਡਾਰੀਆਂ ਵੱਲੋਂ ਜਿੱਤੇ ਤਗ਼ਮੇ ਨਵੇਂ ਖਿਡਾਰੀਆਂ ਨੂੰ ਆਗਾਮੀ ਮੁਕਾਬਲਿਆਂ ਲਈ ਪ੍ਰੇਰਿਤ ਕਰਨਗੇ।