ਚੰਡੀਗੜ੍ਹ, 10 ਅਗਸਤ
ਕੇਂਦਰੀ ਮੰਤਰੀ ਨਿਤਿਨ ਗਡਕਰੀ ਵੱਲੋਂ ਪੰਜਾਬ ਸਰਕਾਰ ਨੂੰ ਲਿਖੇ ਪੱਤਰ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ-ਅੰਮ੍ਰਿਤਸਰ-ਕੱਟੜਾ ਐਕਸਪ੍ਰੈੱਸਵੇਅ ਲਈ ਜ਼ਮੀਨ ਐਕੁਆਇਰ ਕਰਨ ਪ੍ਰਤੀ ਜਾਣ ਬੁੱਝ ਕੇ ਅਣਗਹਿਲੀ ਵਰਤ ਕੇ ਪੰਜਾਬ ਦੇ ਵਿਕਾਸ ਨਾਲ ਸਮਝੌਤਾ ਕੀਤਾ ਹੈ। ਇਸ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਨੇ ਭਵਿੱਖ ਦੀਆਂ ਪੀੜ੍ਹੀਆਂ ਨੂੰ ਖ਼ਤਰੇ ਵਿੱਚ ਪਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਨੈਸ਼ਨਲ ਅਥਾਰਟੀ ਆਫ ਇੰਡੀਆ (ਐੱਨਐੱਚਏਆਈ) ਦੇ ਅਫਸਰਾਂ ਤੇ ਸਟਾਫ ਦੀ ਸੁਰੱਖਿਆ ਨਾ ਕਰਨ ਕਰਕੇ 3,263 ਕਰੋੜ ਰੁਪਏ ਦੇ 104 ਕਿਲੋਮੀਟਰ ਲੰਮੇ ਸੜਕੀ ਪ੍ਰਾਜੈਕਟ ਰੱਦ ਹੋ ਗਏ ਹਨ। ਇਸ ਤੋਂ ਇਲਾਵਾ 14,288 ਕਰੋੜ ਰੁਪਏ ਦੀ ਲਾਗਤ ਦੇ 293 ਕਿਲੋਮੀਟਰ ਦੇ 8 ਹੋਰ ਪ੍ਰਾਜੈਕਟ ਰੱਦ ਹੋਣ ਕੰਢੇ ਪਹੁੰਚ ਗਏ ਹਨ।
ਸੁਖਬੀਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਪੀਲ ਕੀਤੀ ਕਿ ਉਹ ਐਕਸਪ੍ਰੈੱਸਵੇਅ ਪ੍ਰਾਜੈਕਟ ਦੀ ਬਹਾਲੀ ਲਈ ਕਦਮ ਚੁੱਕਣ। ਕਿਸਾਨਾਂ ਨੂੰ ਉਨ੍ਹਾਂ ਦੀ ਮੰਗ ਮੁਤਾਬਕ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮਾਨ ਨੂੰ ਕਿਸਾਨ ਵਿਰੋਧੀ ਸਟੈਂਡ ਲੈਣਾ ਬੰਦ ਕਰ ਦੇਣਾ ਚਾਹੀਦਾ ਹੈ। ਸੁਖਬੀਰ ਨੇ ਕਿਹਾ ਕਿ ਮੁੱਖ ਮੰਤਰੀ ਵਿਰੋਧੀ ਧਿਰ ਖ਼ਿਲਾਫ਼ ਸਿਆਸੀ ਬਦਲਾਖੋਰੀ ਪ੍ਰੋਗਰਾਮਾਂ ਲਈ ਅਰਵਿੰਦ ਕੇਜਰੀਵਾਲ ਦੇ ਇਸ਼ਾਰਿਆਂ ’ਤੇ ਨੱਚਣਾ ਬੰਦ ਕਰਨ ਤੇ ਆਪਣਾ ਸਮਾਂ ਸੂਬੇ ਦੀ ਸੇਵਾ ਵਿੱਚ ਲਗਾਉਣ।
‘ਪ੍ਰਕਾਸ਼ ਬਾਦਲ ਤੋਂ ਕੁਝ ਸਿੱਖਣ ਮਾਨ’
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਸਾਬਕਾ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਤੋਂ ਸਿੱਖਣਾ ਚਾਹੀਦਾ ਹੈ ਜਿਨ੍ਹਾਂ ਨੇ ਪਟਿਆਲਾ ਵਿੱਚ ਦੱਖਣੀ ਬਾਈਪਾਸ ਲਈ ਐਕੁਆਇਰ ਜ਼ਮੀਨ ਦਾ 1.93 ਕਰੋੜ ਰੁਪਏ ਪ੍ਰਤੀ ਏਕੜ ਦਾ ਮੁਆਵਜ਼ਾ ਕਿਸਾਨਾਂ ਨੂੰ ਦਿੱਤਾ ਸੀ। ਹੁਣ 7 ਸਾਲਾਂ ਬਾਅਦ ‘ਆਪ’ ਸਰਕਾਰ ਕਿਸਾਨਾਂ ਨੂੰ ਉੱਤਰੀ ਬਾਈਪਾਸ ਵਾਸਤੇ ਸਿਰਫ 30 ਲੱਖ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇ ਰਹੀ ਹੈ। ਅਜਿਹੇ ਹਾਲਾਤ ਸੂਬੇ ਵਿੱਚ ਹੋਰ ਵਿਭਾਗਾਂ ਵਿੱਚ ਹਨ, ਜਿੱਥੇ ‘ਆਪ’ ਸਰਕਾਰ ਹਾਈਵੇਅ ਪ੍ਰਾਜੈਕਟਾਂ ਲਈ ਐਕੁਆਇਰ ਹੋਣ ਵਾਲੀ ਜ਼ਮੀਨ ਦੀ ਕੀਮਤ ਦੇ ਨਾਂ ’ਤੇ ਕਿਸਾਨਾਂ ਨੂੰ ਕੁਝ ਨਹੀਂ ਦੇ ਰਹੀ। ਇਹ ਪ੍ਰਾਜੈਕਟ ਸੂਬੇ ਦੇ ਵਿਕਾਸ ਲਈ ਬੇਹੱਦ ਅਹਿਮ ਹਨ।