Headlines

ਐਬਸਫੋਰਡ ਦੇ ਪਹਾੜਾਂ ਦੀ ਗੋਦ ’ਚ ਲੱਗਾ ‘ਤੀਆਂ ਦਾ ਮੇਲਾ’

*ਖੀਰ—ਪੂੜਿਆਂ ਦੇ ਸੁਆਦ ਨੇ ਦੁਆਈ ਪੰਜਾਬ ਦੀ ਯਾਦ-ਪੰਜਾਬਣਾਂ ਨੇ ਪੁਰਾਤਨ ਸਭਿਆਚਾਰਕ ਵਸਤਾਂ ਨਾਲ ਲਈਆਂ ‘ਸੈਲਫੀਆਂ-

ਵੈਨਕੂਵਰ, 11 ਅਗਸਤ (ਮਲਕੀਤ ਸਿੰਘ)—ਬੀਸੀ ਦੇ ਖੂਬਸੂਰਤ ਸ਼ਹਿਰ ਐਬਸਫੋਰਡ ਦੇ ਬਾਹਰਵਾਰ 4582, ਬੈਲ ਰੋਡ ਦੇ ਹਰਿਆਵਾਲੇ ਪਹਾੜਾਂ ਦੀ ਗੋਦ ’ਚ ਖੁੱਲ੍ਹੇ ਅਸਮਾਨ ਹੇਠਾਂ ਸਜਾਏ ਇਕ ਵੱਡ ਅਕਾਰੀ ਪੰਡਾਲ ’ਚ ‘ਤੀਆਂ ਦਾ ਮੇਲਾ’ ਆਯੋਜਿਤ ਕਰਵਾਇਆ ਗਿਆ।ਜਿਸ ’ਚ ਵੱਖ—ਵੱਖ ਉਮਰ ਦੀਆਂ ਔਰਤਾਂ ਨੇ ਬੜੇ ਉਤਸ਼ਾਹ ਨਾਲ ਸ਼ਿਰਕਤ ਕੀਤੀ।
‘ਵਿਰਸਾ ਫਾਊਂਡੇਸ਼ਨ’ ਵੱਲੋਂ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਐਤਕੀਂ ਵੀ ਧੂਮ—ਧੜ੍ਹੱਕੇ ਨਾਲ ਕਰਵਾਏ ਇਸ ਮੇਲੇ ’ਚ ਹੋਰਨਾਂ ਕਲਾਕਾਰਾਂ ਤੋਂ ਇਲਾਵਾ ਪ੍ਰਸਿੱਧ ਪੰਜਾਬੀ ਗਾਇਕਾ ਅਮਨ ਰੋਜ਼ੀ, ਬਲਜਿੰਦਰ ਕੌਰ, ਮਨਜੀਤ ਗਿੱਲ ਵੱਲੋਂ ਆਪਣੇ ਚੋਣਵੇਂ ਗੀਤਾਂ ਦੀ ਝੜੀ ਲਗਾ ਕੇ ਮੇਲੇ ’ਚ ਮੌਜ਼ੂਦ ਬਹੁਗਿਣਤੀ ਮੁਟਿਆਰਾਂ ਨੂੰ ਨੱਚਣ ਲਗਾਈ ਰੱਖਿਆ ਗਿਆ, ਉਥੇ ਉਘੇ ਪੰਜਾਬੀ ਗਾਇਕ ਜੌਹਨ ਬੇਦੀ ਅਤੇ ਲਾਟੀ ਔਲਖ ਵੱਲੋਂ ਕੀਤੀ ਗਈ ਗੀਤਾਂ ਦੀ ਪੇਸ਼ਕਾਰੀ ਦੌਰਾਨ ਵੀ ਕੁਝ ਮੁਟਿਆਰਾਂ ਝੂਮਦੀਆਂ ਨਜ਼ਰੀ ਆਈਆਂ।
ਇਸ ਮੇਲੇ ਦਾ ਦਿਲਚਸਪ ਤੱਥ ਇਹ ਸੀ ਕਿ ਮੇਲੇ ਵਾਲੇ ਘਰ ਦੇ ਖੁੱਲ੍ਹੇ ਵਿਹੜੇ ਦੇ ਵੱਖ—ਵੱਖ ਕੋਨਿਆਂ ’ਤੇ ਪੁਰਾਤਨ ਵਿਰਸੇ ਨਾਲ ਜੁੜੀਆਂ ਵਸਤਾਂ—ਪੰਘੂੜਾ, ਸੰਦੂਕ, ਨਲਕਾ, ਚਰਖਾ, ਸੰਧਾਰੇ ਵਾਲਾ ਸਾਈਕਲ, ਛੱਜ, ਪੁਰਾਤਨ ਚੁੱਲ੍ਹਾ ਚੌਕਾਂ, ਪੀਂਘ, ਨਕਲੀ ਖੂਹ ਆਦਿ ਦੇਖਣ ਲਈ ਉਥੇ ਮੌਜ਼ੂਦ ਔਰਤਾਂ ਅਤੇ ਬਾਕੀ ਲੋਕਾਂ ਦੀਆਂ ਭੀੜ ਲੱਗੀ ਰਹੀ।ਬਹੁਗਿਣਤੀ ਪੰਜਾਬਣਾਂ ਇਨ੍ਹਾਂ ਪੁਰਾਤਨ ਚੀਜ਼ਾਂ ਨਾਲ ‘ਸੈਲਫੀਆਂ’ ਲੈਣ ’ਚ ਮਸ਼ਰੂਫ ਨਜ਼ਰੀ ਪਈਆਂ।ਇਸ ਤੋਂ ਇਲਾਵਾ ਮੇਲੇ ਦੇ ਇਕ ਵੱਖਰੇ ਪੰਡਾਲ ’ਚ ਲਗਾਈਆਂ ਗਈਆਂ ਆਰਜ਼ੀ ਦੁਕਾਨਾਂ ਤੋਂ ਵੀ ਕੁਝ ਮੁਟਿਆਰਾਂ ਵੱਲੋਂ ਕੀਤੀ ਗਈ ਖਰੀਦਦਾਰੀ ਦੇ ਦ੍ਰਿਸ਼ ਤੋਂ ਇਕੇਰਾਂ ਪੰਜਾਬ ਦੇ ਕਿਸੇ ਮੇਲੇ ਵਰਗਾ ਮਾਹੌਲ ਸਿਰਜਿਆ ਮਹਿਸੂਸ ਹੋਇਆ।
ਮੇਲੇ ਦੇ ਅਖੀਰਲੇ ਪੜਾਅ ’ਚ ਮੇਲੇ ਦੀ  ਆਯੋਜਿਕ ਧਰਮਵੀਰ ਧਾਲੀਵਾਲ, ਪਰਮ ਮਾਨ ਅਤੇ ਉਨ੍ਹਾਂ ਦੀ ਬਾਕੀ ਟੀਮ ਵੱਲੋਂ ਮੁੱਖ ਮਹਿਮਾਨ ਨਾਇਬ ਬਰਾੜ, ਮਨਜੀਤ ਕੌਰ (ਸਿਆਟਲ) ਅਤੇ ਡਾ. ਬਲਵਿੰਦਰ ਕੌਰ ਬਰਾੜ (ਕੈਲਗਰੀ), ਡਾ ਗੁਰਮਿੰਦਰ ਸਿੱਧੂ, ਪ੍ਰੋ ਹਰਿੰਦਰ ਕੌਰ ਸੋਹੀ ਸਮੇਤ ਬਾਕੀ ਪਤਵੰਤਿਆਂ ਨੂੰ ਸਨਮਾਨ ਚਿੰਨ੍ਹ ਵੀ ਭੇਂਟ ਕੀਤੇ ਗਏ। ਮੇਲੇ ਦਾ ਆਨੰਦ ਮਾਣਨ ਆਏ ਸਾਰੇ ਮਹਿਮਾਨਾਂ ਵੱਲੋਂ ਪਹਿਲਾਂ ਚਾਹ—ਪਕੌੜੇ ਅਤੇ ਸ਼ਾਮੀਂ ਖੀਰ—ਪੂੜਿਆਂ ਸਮੇਤ ਬਾਕੀ ਪਕਵਾਨਾਂ ਨੂੰ ਬੜੇ ਚਾਅ ਅਤੇ ਸਵਾਦ ਨਾਲ ਛੱਕਿਆ ਗਿਆ।ਮੇਲੇ ਦੌਰਾਨ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਸੁੱਖੀ ਰੰਧਾਵਾ ਵੱਲੋਂ ਬਾਖੂਬੀ ਨਿਭਾਈ ਗਈ।  ਇਸ ਮੇਲੇ ’ਚ ਪਹੁੰਚੀਆਂ ਸਿਆਸੀ ਹਸਤੀਆਂ ’ਚ ਸਾਬਕਾ ਮੰਤਰੀ ਮਾਈਕ. ਡੀ ਜੌਂਗ, ਮਾਰਕਸ ਡੈਲਵਿਸ, ਐਮ ਪੀ ਬਰੈਡ ਵਿਸ, ਮੈਰਿਕ ਮੈਟਿਜੀ, ਪਵਨ ਨਿਰਵਾਨ, ਸੀਮਾ ਤੁੰਬਰ, ਕੈਟਰੀਨਾ ਅਨੈਸਟੈਸਿਡਿਸ, ਤਮੈਸ ਜੈਨਸਿਨ ਆਦਿ ਦੇ ਨਾਮ ਜ਼ਿਕਰਯੋਗ ਹਨ।
ਕੈਪਸ਼ਨ:
‘ਤੀਆਂ ਦੇ ਮੇਲੇ ਦੀਆਂ ਵੱਖ-ਵੱਖ ਝਲਕੀਆਂ।